Editorial
ਵਿਸਾਖੀ : ਖਾਲਸਾ ਸਾਜਨਾ ਦਿਵਸ
ਵਿਸਾਖੀ ਦਾ ਪਿਛੋਕੜ:
‘ਵਿਸਾਖੀ’ ਸ਼ਬਦ ਦਾ ਮੂਲ ਸੰਸਕ੍ਰਿਤ ਦੇ ‘ਵੈਸਾਖ’ ਮਹੀਨੇ ਨਾਲ ਜੁੜਿਆ ਹੋਇਆ ਹੈ। ਭਾਰਤੀ ਸੂਰਜੀ ਕੈਲੰਡਰ ਅਨੁਸਾਰ, ‘ਵੈਸਾਖ’ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਕੈਲੰਡਰ ਵਿੱਚ ਇਹ ਦਿਨ ਅਪ੍ਰੈਲ ਮਹੀਨੇ ਦੇ ਮੱਧ ਵਿੱਚ ਆਉਂਦਾ ਹੈ, ਜਦੋਂ ਰਬੀ ਦੀ ਫਸਲ, ਖ਼ਾਸ ਕਰਕੇ ਕਣਕ, ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।
ਸੰਨ 1699ਈ. ਤੋਂ ਪਹਿਲਾਂ ਵੀ, ਵਿਸਾਖੀ ਆਮ ਪੰਜਾਬੀ ਲੋਕਾਂ ਲਈ ਇੱਕ ਮਹੱਤਵਪੂਰਨ ਤਿਉਹਾਰ ਸੀ। ਪਿੰਡਾਂ ਵਿੱਚ ਮੇਲੇ ਲੱਗਦੇ ਸਨ, ਲੋਕ ਗੀਤ ਗਾਏ ਜਾਂਦੇ ਸਨ ਅਤੇ ਭੰਗੜਾ-ਗਿੱਧਾ ਪਾਇਆ ਜਾਂਦਾ ਸੀ। ਇਹ ਤਿਉਹਾਰ ਸਮੂਹਕ ਜੀਵਨ, ਸਾਂਝੀ ਖੁਸ਼ੀ ਅਤੇ ਆਪਸੀ ਭਰੋਸੇ ਨੂੰ ਮਜ਼ਬੂਤ ਕਰਦਾ ਸੀ। ਵਿਸਾਖੀ ਦੇ ਮੇਲੇ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਹੁੰਦੇ ਸਨ, ਸਗੋਂ ਇਹ ਪਿੰਡ ਦੀ ਆਰਥਿਕ ਅਤੇ ਸਮਾਜਿਕ ਜ਼ਿੰਦਗੀ ਦਾ ਕੇਂਦਰ ਹੁੰਦੇ ਸਨ। ਵਪਾਰ, ਵਿਆਹ-ਸਬੰਧ ਅਤੇ ਸਮਾਜਿਕ ਫੈਸਲੇ, ਅਕਸਰ ਇਨ੍ਹਾਂ ਮੇਲਿਆਂ ਨਾਲ ਜੁੜੇ ਹੁੰਦੇ ਸਨ।
ਅੱਜ ਵੀ ਅਰਥਵਿਵਸਥਾ ਅਤੇ ਸੱਭਿਆਚਾਰਕ ਪੱਖੋਂ ਵਿਸਾਖੀ ਦੀ ਆਪਣੀ ਇੱਕ ਅਹਿਮੀਅਤ ਹੈ। ਵਿਸਾਖੀ ਕਿਸਾਨੀ ਜੀਵਨ ਦਾ ਕੇਂਦਰ ਹੈ। ਇਹ ਮਨੁੱਖ ਅਤੇ ਕੁਦਰਤ ਦੇ ਸਾਂਝੇ ਰਿਸ਼ਤੇ ਨੂੰ ਉਜਾਗਰ ਕਰਦੀ ਹੈ। ਪੰਜਾਬ ਦੀ ਖੇਤੀਬਾੜੀ ਆਧਾਰਿਤ ਜੀਵਨ-ਪ੍ਰਣਾਲੀ ਵਿੱਚ ਵਿਸਾਖੀ ਖੁਸ਼ਹਾਲੀ, ਸੰਤੋਖ ਅਤੇ ਸ਼ੁਕਰਾਨੇ ਦਾ ਪ੍ਰਤੀਕ ਹੈ। ਖੇਤਾਂ ਵਿੱਚ ਲਹਿਰਾਂ ਮਾਰਦੀ ਸੋਨੇ ਵਰਗੀ ਕਣਕ ਕਿਸਾਨ ਦੀ ਸਾਲ ਭਰ ਦੀ ਮਿਹਨਤ, ਆਸ ਅਤੇ ਧੀਰਜ ਦਾ ਫਲ ਹੁੰਦੀ ਹੈ। ਇਸ ਦਿਨ ਕਿਸਾਨ ਕੁਦਰਤ ਅਤੇ ਅਕਾਲਪੁਰਖ ਦਾ ਧੰਨਵਾਦ ਕਰਦਾ ਹੈ। ਸੱਭਿਆਚਾਰਕ ਤੌਰ ਤੇ, ਪੰਜਾਬੀ ਪਹਿਰਾਵਾ, ਲੋਕਨਾਚ, ਲੋਕਗੀਤ ਅਤੇ ਮੇਲੇ ਵਿਸਾਖੀ ਨੂੰ ਰੰਗੀਨ ਅਤੇ ਜੀਵੰਤ ਬਣਾਉਂਦੇ ਹਨ। ਇਹ ਤਿਉਹਾਰ ਪੀੜ੍ਹੀ-ਦਰ-ਪੀੜ੍ਹੀ ਸੱਭਿਆਚਾਰਕ ਵਿਰਾਸਤ ਨੂੰ ਸਾਂਭ ਕੇ ਰੱਖਦਾ ਹੈ।
ਖ਼ਾਲਸਾ ਸਾਜਨਾ ਦਿਵਸ:
ਸੰਨ 1699ਈ. ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ, ਨਾ ਸਿਰਫ਼ ਸਿੱਖ ਕੌਮ ਨੂੰ ਨਵਾਂ ਸਰੂਪ ਬਖ਼ਸ਼ਿਸ਼ ਕੀਤਾ ਸਗੋਂ ਸਮੁੱਚੀ ਮਨੁੱਖਤਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ”ਖ਼ਾਲਸਾ ਸਾਜਨਾ ਦਿਵਸ ਮਨੁੱਖੀ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਹੋ ਨਿਬੜੀ ਹੈ। ਇਸ ਇਤਿਹਾਸਕ ਘਟਨਾ ਨੂੰ ਸਮਝਣ ਲਈ, ਉਸ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਉਸ ਸਮੇਂ ਦੇ ਹਾਲਾਤ ਹੇਠ ਲਿੱਖੇ ਅਨੁਸਾਰ ਸਨ –
ਸਮਕਾਲੀ ਹਾਲਾਤ :
17ਵੀਂ ਸਦੀ ਦੇ ਅੰਤਲੇ ਦੌਰ ਵਿੱਚ ਭਾਰਤ ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਸਦੀ ਧਾਰਮਿਕ ਨੀਤੀ ਬਹੁਤ ਕਠੋਰ ਅਤੇ ਅਸਹਿਣਸ਼ੀਲ ਮੰਨੀ ਜਾਂਦੀ ਹੈ। ਜ਼ਜ਼ੀਆ ਟੈਕਸ ਦੀ ਮੁੜ ਸ਼ੁਰੂਆਤ (ਸੰਨ 1679ਈ.), ਜ਼ਮੀਂਦਾਰੀ ਪ੍ਰਣਾਲੀ ਅਤੇ ਕਈ ਹਿੰਦੂ ਧਾਰਮਿਕ ਕੇਂਦਰਾਂ ਦੀ ਤਬਾਹੀ ਨੇ ਸਮਾਜ ਵਿੱਚ ਅਸੰਤੋਸ਼ ਵਧਾਇਆ।
ਇਸ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਲਈ, ਸੰਨ 1675ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਵੱਡਾ ਮੋੜ ਲਿਆਂਦਾ ਸੀ। ਇਸ ਘਟਨਾ ਨੇ ਸਿੱਖ ਕੌਮ ਵਿੱਚ ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਜਾਗਰੂਕਤਾ ਅਤੇ ਜੁਝਾਰੂ ਭਾਵਨਾ ਨੂੰ ਮਜ਼ਬੂਤ ਕੀਤਾ ਸੀ।
ਮੁਗਲ ਸੱਤਾ ਨਾਲ ਸਿੱਖਾਂ ਦੇ ਟਕਰਾਅ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਮੀਰੀ-ਪੀਰੀ ਦਾ ਸਿਧਾਂਤ ਮੁਖਰ ਰੂਪ ਵਿੱਚ ਸਥਾਪਿਤ ਹੋ ਗਿਆ ਸੀ, ਜਿਸ ਅਨੁਸਾਰ ਆਤਮਿਕ ਅਤੇ ਸੰਸਾਰੀ ਸ਼ਕਤੀ ਦਾ ਸੁਮੇਲ ਤੇ ਸੰਤੁਲਨ ਜ਼ਰੂਰੀ ਕਰ ਦਿੱਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰੰਪਰਾ ਨੂੰ ਹੋਰ ਪਕੇਰਾ ਤੇ ਮਜ਼ਬੂਤ ਕੀਤਾ।
ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਸਨ। ਇਹ ਰਾਜੇ ਸਿੱਖਾਂ ਦੀ ਵਧਦੀ ਤਾਕਤ ਤੋਂ ਚਿੰਤਤ ਸਨ। ਕਈ ਵਾਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਦੇ ਖ਼ਿਲਾਫ਼ ਜੰਗਾਂ ਲੜੀਆਂ। ਇਸ ਕਰਕੇ ਸਿੱਖ ਕੌਮ ਨੂੰ ਸੰਗਠਿਤ ਕਰਕੇ, ਜੰਗਾਂ ਲਈ ਹੋਰ ਮਜ਼ਬੂਤ ਬਣਾਉਣ ਦੀ ਲੋੜ ਮਹਿਸੂਸ ਹੋਈ। ਖ਼ਾਲਸੇ ਦੀ ਸਾਜਨਾ ਨਾਲ ਸਿੱਖਾਂ ਨੂੰ ਇੱਕ ਵਿਲੱਖਣ ਤੇ ਨਿਵੇਕਲੀ ਪਛਾਣ ਮਿਲੀ, ਜਿਸ ਨਾਲ ਉਹ ਕਿਸੇ ਵੀ ਜ਼ੁਲਮ ਦੇ ਖ਼ਿਲਾਫ਼, ਇਕੱਠੇ ਖੜ੍ਹੇ ਹੋ ਕੇ ਟਾਕਰਾ ਕਰਨ ਦੇ ਸਮਰੱਥ ਹੋ ਗਏ ਸਨ।
ਭਾਰਤੀ ਸਮਾਜ ਜਾਤ-ਪਾਤ, ਉੱਚ-ਨੀਚ ਅਤੇ ਛੂਆਛੂਤ ਵਰਗੀਆਂ ਬੁਰਾਈਆਂ ਨਾਲ ਪੀੜਤ ਸੀ। ਧਾਰਮਿਕ ਰਸਮਾਂ ਅਤੇ ਪਖੰਡ ਦਾ ਬੋਲਬਾਲਾ ਸੀ। ਸਮਾਜ ਵਿੱਚ ਨੈਤਿਕ ਕਮਜ਼ੋਰੀ ਅਤੇ ਡਰ ਦਾ ਮਾਹੌਲ ਸੀ। ਖ਼ਾਲਸੇ ਦੀ ਸਾਜਨਾ ਨਾਲ ਗੁਰੂ ਸਾਹਿਬ ਜੀ ਨੇ ਜਾਤੀ-ਭੇਦ ਨੂੰ ਨਕਾਰ ਦਿੱਤਾ। ਗੁਰੂ ਸਾਹਿਬ ਜੀ ਵੱਲੋਂ ਸਾਜੇ ਗਏ ਪੰਜ ਪਿਆਰੇ ਵੱਖ-ਵੱਖ ਜਾਤਾਂ ਅਤੇ ਖੇਤਰਾਂ ਨਾਲ ਸੰਬੰਧਤ ਸਨ। ਇਹ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸੀ। ਗੁਰੂ ਸਾਹਿਬ ਜੀ ਨੇ ਸਿੰਘ ਅਤੇ ਕੌਰ ਨਾਮ ਦੀ ਬਖ਼ਸ਼ਿਸ਼ ਕਰਕੇ, ਸਭ ਨੂੰ ਸਮਾਨਤਾ ਦੀ ਪਛਾਣ ਦਿੱਤੀ।
ਧਾਰਮਿਕ ਪੱਧਰ ਤੇ ਵੀ ਵੱਡੇ ਬਦਲਾਅ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਨੂੰ ਸਿਰਫ਼ ਸਿਪਾਹੀ ਹੀ ਨਹੀਂ, ਸਗੋਂ ਆਤਮਿਕ ਰੂਪ ਵਿੱਚ ਵੀ ਮਜ਼ਬੂਤ ਬਣਾਇਆ। ਸੰਤ-ਸਿਪਾਹੀ ਦਾ ਆਦਰਸ਼ ਇੱਕ ਅਜਿਹਾ ਮਾਡਲ ਸੀ, ਜਿਸ ਵਿੱਚ ਭਗਤੀ ਅਤੇ ਸ਼ਕਤੀ ਦੋਹਾਂ ਦਾ ਸੁਮੇਲ ਸੀ। ਖ਼ਾਲਸਾ ਸਾਜਨਾ ਦਿਵਸ ਸਮੇਂ ਕੀਤੇ ਗਏ ਅੰਮ੍ਰਿਤ ਸੰਚਾਰ ਨੇ, ਸਿੱਖਾਂ ਨੂੰ ਇੱਕ ਅਨੁਸ਼ਾਸਿਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਪੰਜ ਕਕਾਰਾਂ ਨੇ, ਸਿੱਖਾਂ ਨੂੰ ਹਮੇਸ਼ਾਂ ਆਪਣੇ ਆਦਰਸ਼ਾਂ ਦੀ ਯਾਦ ਦਿਵਾਈ।
ਸੰਨ 1699ਈ. ਦੀ ਵਿਸਾਖੀ ਤੋਂ ਬਾਅਦ, ਸਿੱਖ ਕੌਮ ਦੀ ਪਛਾਣ ਵਿਲੱਖਣ ਹੋ ਗਈ ਸੀ। ਇਸ ਨਾਲ ਸਿੱਖਾਂ ਵਿੱਚ ਆਤਮ-ਵਿਸ਼ਵਾਸ ਵਧਿਆ ਅਤੇ ਉਹ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹੇ ਹੋਏ। ਅਗਲੇ ਸਮਿਆਂ ਵਿੱਚ ਇਹੀ ਖ਼ਾਲਸਾ ਪੰਥ, ਸਿੱਖ ਮਿਸਲਾਂ ਅਤੇ ਆਖ਼ਿਰਕਾਰ ਸਿੱਖ ਰਾਜ ਦੀ ਸਥਾਪਨਾ ਦਾ ਅਧਾਰ ਬਣਿਆ।
ਖ਼ਾਲਸਾ ਸਾਜਨਾ ਦਿਵਸ ਦੇ ਸਮਕਾਲੀ ਹਾਲਾਤ ਰਾਜਨੀਤਿਕ ਅਸਥਿਰਤਾ, ਧਾਰਮਿਕ ਦਬਾਅ ਅਤੇ ਸਮਾਜਿਕ ਅਸਮਾਨਤਾ ਨਾਲ ਭਰੇ ਹੋਏ ਸਨ। ਇਸ ਪ੍ਰਸੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਇੱਕ ਆਤਮਿਕ ਅਤੇ ਸਮਾਜਿਕ ਕ੍ਰਾਂਤੀ ਸੀ। ਇਹ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਮਾਨਤਾ ਦੀ ਰੱਖਿਆ ਲਈ ਇਕ ਇਤਿਹਾਸਕ ਕਦਮ ਸੀ, ਜਿਸ ਨੇ ਸਿੱਖ ਕੌਮ ਨੂੰ ਨਵੀਂ ਤੇ ਵਿਲੱਖਣ ਪਛਾਣ ਦਿੱਤੀ।
ਸੰਨ 1699ਈ. ਦੀ ਵਿਸਾਖੀ, ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਦਿਨ ਵਜੋਂ ਦਰਜ ਹੈ। ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਘਟਨਾ ਕੇਵਲ ਧਾਰਮਿਕ ਨਹੀਂ, ਸਗੋਂ ਸਮਾਜਿਕ, ਰਾਜਨੀਤਕ ਅਤੇ ਨੈਤਿਕ ਕ੍ਰਾਂਤੀ ਸੀ। ਉਸ ਸਮੇਂ ਭਾਰਤ ਵਿੱਚ ਜਾਤ-ਪਾਤ, ਉੱਚ-ਨੀਚ ਅਤੇ ਧਾਰਮਿਕ ਅੰਧਵਿਸ਼ਵਾਸ ਵਿਆਪਕ ਸਨ। ਜ਼ੁਲਮੀ ਸ਼ਾਸਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆਮ ਗੱਲ ਸੀ। ਕਲਗੀਧਰ ਪਾਤਸ਼ਾਹ ਨੇ ਵਿਸਾਖੀ ਦੇ ਦਿਨ, ਮਨੁੱਖੀ ਗੌਰਵ ਅਤੇ ਆਜ਼ਾਦੀ ਲਈ ਇੱਕ ਨਵਾਂ ਮਾਰਗ ਦਰਸਾਇਆ ਸੀ।
ਖ਼ਾਲਸੇ ਦੀ ਸਾਜਨਾ :
ਕਲਗੀਧਰ ਪਾਤਸ਼ਾਹ ਨੇ ਸੰਨ 1699ਈ. ਦੀ ਵਿਸਾਖੀ ਦੇ ਮੌਕੇ ਤੇ ਖ਼ਾਲਸੇ ਦੀ ਸਾਜਨਾ ਕੀਤੀ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ ਸੀ। ਗੁਰੂ ਸਾਹਿਬ ਜੀ ਨੇ ਇੱਕ ਕੌਤਕ ਵਰਤਾਇਆ। ਆਪ ਜੀ ਹੱਥ ਵਿੱਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ੍ਹ ਕੇ, ਭਰੇ ਦਰਬਾਰ ਵਿੱਚ ਆਏ ਅਤੇ ਸੀਸ ਦੀ ਮੰਗ ਕੀਤੀ। ਸਾਰੇ ਪਾਸੇ ਚੁੱਪ ਛਾ ਗਈ ਸੀ। ਅਖ਼ੀਰ, ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠੇ ਅਤੇ ਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਆਪਣਾ ਸੀਸ ਝੁਕਾ ਕੇ ਕਹਿਣ ਲੱਗੇ ਕਿ ਸਤਿਗੁਰੂ ਜੀ! ਮੇਰਾ ਸੀਸ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਾਰੀ ਵਾਰੀ ਪੰਜ ਸਿੱਖਾਂ ਦੇ ਸੀਸ ਦੀ ਮੰਗ ਕੀਤੀ। ਗੁਰੂ ਸਾਹਿਬ ਵੱਲੋਂ ਸੰਗਤ ਅੱਗੇ ਸੀਸ ਦੀ ਮੰਗ ਕਰਨਾ ਕੋਈ ਆਮ ਘਟਨਾ ਨਹੀਂ ਸੀ। ਸਗੋਂ ਇਹ ਤਾਂ ਸਿੱਖਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਦੀ ਇੱਕ ਜੁਗਤਿ ਸੀ। ਭਾਈ ਦਇਆ ਰਾਮ ਜੀ ਤੋਂ ਬਾਅਦ, ਹਸਤਿਨਾਪੁਰ (ਉੱਤਰ ਪ੍ਰਦੇਸ਼) ਨਿਵਾਸੀ ਭਾਈ ਧਰਮ ਦਾਸ ਜੀ, ਜਗਨਨਾਥ ਪੁਰੀ (ਉੜੀਸਾ) ਨਿਵਾਸੀ ਭਾਈ ਹਿੰਮਤ ਰਾਇ ਜੀ, ਦੁਆਰਕਾ (ਗੁਜਰਾਤ) ਨਿਵਾਸੀ ਭਾਈ ਮੋਹਕਮ ਚੰਦ ਜੀ ਅਤੇ ਬਿਦਰ (ਕਰਨਾਟਕਾ) ਨਿਵਾਸੀ ਭਾਈ ਸਾਹਿਬ ਚੰਦ ਜੀ ਨੇ ਆ ਕੇ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੇ ਸੀਸ ਭੇਟ ਕੀਤੇ। ਇਹ ਮਨੁੱਖੀ ਮਨ ਦੀ ਕਸੌਟੀ ਸੀ। ਪੰਜ ਸਿੱਖਾਂ ਦਾ ਅੱਗੇ ਆਉਣਾ ਸ਼ਹਾਦਤ, ਨਿਡਰਤਾ ਅਤੇ ਪੂਰਨ ਸਮਰਪਣ ਦਾ ਪ੍ਰਤੀਕ ਸੀ।
ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਇਹਨਾਂ ਸਿੱਖਾਂ ਨੂੰ ”ਪੰਜ ਪਿਆਰਿਆਂ ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ। ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਸਾਹਿਬ ਜੀ ਨੇ ਜਾਤਾਂ-ਪਾਤਾਂ ਦਾ ਭੇਦ ਮਿਟਾ ਕੇ, ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਨਾਲ ”ਸਿੰਘ ਲਗਾ ਦਿੱਤਾ ਅਤੇ ਇਹਨਾਂ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਬਣਾ ਦਿੱਤਾ। ਇਹ ਪੰਜੇ ਸਿੱਖ ਵੱਖ-ਵੱਖ ਜਾਤਾਂ ਅਤੇ ਖੇਤਰਾਂ ਤੋਂ ਸਨ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਖਾਲਸਾ ਪੰਥ ਜਾਤ-ਪ੍ਰਥਾ ਦੇ ਖ਼ਿਲਾਫ਼ ਇੱਕ ਮਜ਼ਬੂਤ ਐਲਾਨ ਸੀ।
ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਸਾਹਿਬ ਜੀ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਜਾਚਨਾ ਕੀਤੀ ਅਤੇ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਨ ਲਈ ਬੇਨਤੀ ਕੀਤੀ। ਇੰਝ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰਕੇ, ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ। ਇਹ ਇੱਕ ਵਿਲੱਖਣ ਤੇ ਨਿਵੇਕਲੀ ਇਤਿਹਾਸਕ ਘਟਨਾ ਸੀ ਜਦੋਂ ਇੱਕ ਗੁਰੂ ਨੇ ਆਪਣੇ ਹੀ ਸਿੱਖਾਂ ਪਾਸੋਂ ਇੱਕ ਜਾਚਕ ਦੀ ਤਰ੍ਹਾਂ ਅੰਮ੍ਰਿਤ ਛਕਣ ਦੀ ਜਾਚਨਾ ਕੀਤੀ ਸੀ ਅਤੇ ”ਗੁਰੂ – ਚੇਲੇ ਦੀ ਪਰੰਪਰਾ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਸੀ।
‘ਖੰਡੇ ਦੀ ਪਾਹੁਲ’ ਰਾਹੀਂ ਅੰਮ੍ਰਿਤ ਸੰਸਕਾਰ ਦੀ ਸ਼ੁਰੂਆਤ, ਸਿੱਖ ਧਰਮ ਨੂੰ ਵਿਹਾਰਕ ਰੂਪ ਵਿੱਚ ਸੰਗਠਿਤ ਕਰਦੀ ਹੈ। ‘ਸਿੰਘ’ ਅਤੇ ‘ਕੌਰ’ ਦੀ ਉਪਾਧੀ ਰਾਹੀਂ ਗੁਰੂ ਸਾਹਿਬ ਨੇ ਨਾਰੀ-ਪੁਰਖ ਸਮਾਨਤਾ ਨੂੰ ਮਜ਼ਬੂਤ ਕੀਤਾ। ਪੰਜ ਕਕਾਰ ਸਿੱਖ ਜੀਵਨ ਦੇ ਆਤਮਿਕ ਅਤੇ ਨੈਤਿਕ ਅਨੁਸ਼ਾਸਨ ਦਾ ਪ੍ਰਤੀਕ ਹਨ। ਇਹ ਸਿਰਫ਼ ਨਿਸ਼ਾਨ ਨਹੀਂ, ਸਗੋਂ ਇੱਕ ਜੀਵਨ-ਦਰਸ਼ਨ ਹਨ।
ਇੰਝ ਵਿਸਾਖੀ ਸਿੱਖ ਧਰਮ, ਪੰਜਾਬੀ ਸਭਿਆਚਾਰ ਅਤੇ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਮਹਾਨ ਤਿਉਹਾਰ ਬਣ ਗਿਆ ਹੈ। ਇਹ ਸਿਰਫ਼ ਇੱਕ ਮੌਸਮੀ ਜਾਂ ਖੇਤੀਬਾੜੀ ਦਾ ਤਿਉਹਾਰ ਨਹੀਂ ਸਗੋਂ ਆਤਮਿਕ ਜਾਗਰੂਕਤਾ, ਸਮਾਜਿਕ ਕ੍ਰਾਂਤੀ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦਾ ਪ੍ਰਤੀਕ ਹੈ। ਵਿਸਾਖੀ ਦਾ ਦਿਨ ਖ਼ਾਲਸਾ ਪੰਥ ਦੀ ਸਾਜਨਾ, ਸਿੱਖ ਦਰਸ਼ਨ ਦੀ ਵਿਹਾਰਕ ਅਭਿਵਿਅਕਤੀ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ।
ਚੋਣਵੀਆਂ ਪ੍ਰੇਰਨਾਵਾਂ:
ਸੰਨ 1699 ਈ. ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਿਸ਼ਾਹ ਨੇ ਖ਼ਾਲਸੇ ਦੀ ਸਾਜਨਾ ਕੀਤੀ। ਇਸ ਸਮੁੱਚੇ ਬ੍ਰਿਤਾਂਤ ਵਿੱਚੋਂ ਸਾਨੂੰ ਬਹੁਤ ਸਾਰੀਆਂ ਪ੍ਰੇਰਨਾਵਾਂ ਮਿਲਦੀਆ ਹਨ। ਇਹਨਾਂ ਵਿੱਚੋਂ ਚੋਣਵੀਆਂ ਪ੍ਰੇਰਨਾਵਾਂ ਪਾਠਕਾਂ ਦੇ ਸਨਮੁੱਖ ਰੱਖਣ ਦਾ ਯਤਨ ਕਰ ਰਿਹਾ ਹਾਂ ਜੀ।
ਜਦੋਂ ਕਲਗੀਧਰ ਪਾਤਿਸ਼ਾਹ ਨੇ ਹੱਥ ਵਿੱਚ ਨੰਗੀ ਸ਼ਮਸ਼ੀਰ ਫੜ ਕੇ, ਭਰੇ ਦਰਬਾਰ ਵਿੱਚ ਪਹਿਲੇ ਸੀਸ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਜੀ ਸੀਸ ਦੇਣ ਲਈ ਨਿੱਤਰੇ। ਭਾਈ ਦਇਆ ਰਾਮ ਜੀ ਦਾ ਕਿੰਨਾਂ ਵੱਡਾ ਜਿਗਰਾ ਹੋਵੇਗਾ ਜੋ ਕਿ ਸਾਹਮਣੇ ਮੌਤ ਦੇਖ ਕੇ ਵੀ ਆਪਣਾ ਸੀਸ ਭੇਟ ਕਰਨ ਲਈ ਨਿੱਤਰੇ। ਦੂਜਾ, ਭਾਈ ਦਇਆ ਰਾਮ ਜੀ ਦਾ ਕਲਗੀਧਰ ਪਾਤਿਸ਼ਾਹ ‘ ਤੇ ਕਿੰਨਾਂ ਭਰੋਸਾ ਹੋਵੇਗਾ, ਕਲਗੀਧਰ ਪਾਤਿਸ਼ਾਹ ਪ੍ਰਤੀ ਕਿੰਨਾਂ ਪਿਆਰ ਤੇ ਸਤਿਕਾਰ ਹੋਵੇਗਾ ਜੋ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਸੀਸ ਭੇਟ ਕਰਨ ਲਈ ਤਿਆਰ ਹੋ ਗਏ। ਇਸੇ ਤਰ੍ਹਾਂ ਭਾਈ ਧਰਮ ਦਾਸ ਜੀ, ਹਿੰਮਤ ਰਾਇ ਜੀ, ਭਾਈ ਮੋਹਕਮ ਚੰਦ ਜੀ ਅਤੇ ਭਾਈ ਸਾਹਿਬ ਚੰਦ ਜੀ ਨੇ ਬਹਾਦਰੀ ਅਤੇ ਕਲਗੀਧਰ ਪਾਤਿਸ਼ਾਹ ਤੇ ਆਪਣੇ ਭਰੋਸੇ ਦਾ ਪ੍ਰਗਟਾਵਾ ਕਰਦੇ ਹੋਏ, ਆਪਣੇ ਸੀਸ ਗੁਰੂ ਸਾਹਿਬ ਜੀ ਨੂੰ ਭੇਟ ਕਰ ਦਿੱਤੇ।
ਕਲਗੀਧਰ ਪਾਤਿਸ਼ਾਹ ਨੇ ਤਾਂ ਫਿਰ ਕਮਾਲ ਹੀ ਕਰ ਦਿੱਤੀ। ਸਿੱਖਾਂ ਨੂੰ ਨਵਾਂ ਰੂਪ ਬਖ਼ਸ਼ ਕੇ, ਨਾ ਸਿਰਫ਼ ਖਾਲਸੇ ਦੀ ਸਾਜਨਾ ਹੀ ਕੀਤੀ ਸਗੋਂ ਆਪ ਓਹਨਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਮੰਗ ਕੇ, ਸਮੁੱਚੀ ਖ਼ਲਕਤ ਦੇ ਸਾਹਮਣੇ, ਅੰਮ੍ਰਿਤ ਦੀ ਮਹਾਨਤਾ ਅਤੇ ਪੰਜ ਪਿਆਰਿਆਂ ਦਾ ਰੁਤਬਾ, ਦੋਹਾਂ ਦਾ ਪ੍ਰਗਟਾਵਾ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਦੀ ਜਾਚਨਾ ਕਰਕੇ, ਗੁਰੂ – ਚੇਲੇ ਦੀ ਪਰੰਪਰਾ ਨੂੰ ਨਵਾਂ ਰੂਪ ਦੇ ਦਿੱਤਾ। ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਹੋਰ ਨਹੀਂ ਮਿਲਦੀ। ਖ਼ਾਲਸੇ ਦੀ ਸਾਜਨਾ ਇੱਕ ਅਜਿਹੀ ਘਟਨਾ ਸੀ, ਜਿਸ ਨੇ ਸਮਾਜ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਇੱਕ ਐਸਾ ਕਰਿਸ਼ਮਾ ਹੋਇਆ ਕਿ ਸਮਾਜ ਅੰਦਰ ਅਣਖ ਜਾਗ ਗਈ। ਆਮ ਲੋਕਾਂ ਅੰਦਰ ਐਸੀ ਊਰਜਾ ਦਾ ਸੰਚਾਰ ਹੋਇਆ ਕਿ ਵੈਰੀ ਥਰ-ਥਰ ਕੰਬਣ ਲੱਗਾ। ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।
ਸਾਰ :
ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਜੀਵਨ-ਦਰਸ਼ਨ ਹੈ। ਇਹ ਸਾਨੂੰ ਆਪਣੇ ਇਤਿਹਾਸ, ਧਰਮ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਦੀ ਹੈ। ਖਾਲਸਾ ਪੰਥ ਦੀ ਸਾਜਨਾ ਰਾਹੀਂ ਮਿਲਿਆ ਸੰਦੇਸ਼, ਅੱਜ ਵੀ ਉਤਨਾ ਹੀ ਪ੍ਰਾਸੰਗਿਕ ਹੈ, ਜਿੰਨਾ ਸੰਨ 1699 ਵਿੱਚ ਸੀ। ਖਾਲਸਾ ਸਾਜਨਾ ਦਿਵਸ, ਸਿੱਖ ਨੂੰ ਸੰਤ-ਸਿਪਾਹੀ ਬਣਨ ਦੀ ਪ੍ਰੇਰਣਾ ਕਰਦਾ ਹੈ। ਇਹ ਪਾਵਨ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਸੱਚ, ਨਿਆਂ ਅਤੇ ਸਰਬੱਤ ਦੇ ਭਲੇ ਲਈ ਖੜ੍ਹਾ ਹੋਣਾ ਹੀ ਮਨੁੱਖੀ ਜੀਵਨ ਦੀ ਸਾਰਥਕਤਾ ਹੈ। ਅੱਜ ਦੇ ਸਮੇਂ ਵਿੱਚ ‘ਖ਼ਾਲਸਾ ਸਾਜਨਾ ਦਿਵਸ’ ਸਾਨੂੰ ਮਨੁੱਖੀ ਅਧਿਕਾਰਾਂ, ਸਮਾਨਤਾ ਅਤੇ ਨਿਆਂ ਲਈ ਸਰਗਰਮ ਹੋਣ ਦੀ ਪ੍ਰੇਰਣਾ ਦਿੰਦਾ ਹੈ। ‘ਸਰਬੱਤ ਦਾ ਭਲਾ’ ਖ਼ਾਲਸਾ ਸਾਜਨਾ ਦਿਵਸ ਦਾ ਕੇਂਦਰੀ ਸੰਦੇਸ਼ ਹੈ। ਇਹ ਸੰਕਲਪ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਏਕਤਾ ਲਈ ਬਹੁਤ ਮਹੱਤਵਪੂਰਨ ਹੈ। ਇਹ ਦਿਵਸ ਸਾਨੂੰ ਨਿਡਰਤਾ, ਸੇਵਾ, ਤਿਆਗ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਇਸ ਦਿਵਸ ਦੀ ਮਹਾਨਤਾ ਨੂੰ ਸੰਸਾਰ ਪੱਧਰ ਤੇ ਪ੍ਰਚਾਰਤ ਤੇ ਪ੍ਰਸਾਰਤ ਕਰਨਾ, ਸਾਡਾ ਸਭਨਾਂ ਦਾ ਮੁੱਢਲਾ ਫ਼ਰਜ਼ ਹੈ।
ਪਰਮਜੀਤ ਸਿੰਘ ਸੁਚਿੰਤਨ
9779124500
Editorial
ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਸਖਤੀ ਨਾਲ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ
ਪਿਛਲੀ ਵਾਰ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਪੰਜਾਬ ਦੀ ਜਨਤਾ ਨਾਲ ਨਸ਼ਿਆਂ ਦੇ ਕਾਲੇ ਕਾਰੋਬਾਰ ਦਾ ਮੁਕੰਮਲ ਖਾਤਮਾ ਕਰਨ ਦਾ ਵਾਇਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਤੇ ਆਪਣੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰੋਬਾਰ ਦੌਰਾਨ ਭਾਵੇਂ ਇਸ ਸਰਕਾਰ ਵਲੋਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਕਾਬੂ ਕਰਨ ਲਈ ਲਗਾਤਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਆਏ ਦਿਨ ਕਿਤੇ ਨਾ ਕਿਤੇ ਨਸ਼ਿਆਂ ਦੇ ਛੋਟੇ ਵੱਡੇ ਸਪਲਾਇਰਾਂ ਨੂੰ ਕਾਬੂ ਕੀਤੇ ਜਾਣ ਦੀ ਗੱਲ ਵੀ ਸਾਮ੍ਹਣੇ ਆਉਂਦੀ ਹੈ ਪਰੰਤੂ ਨਸ਼ਿਆਂ ਦਾ ਇਹ ਕਾਰੋਬਾਰ ਕਾਬੂ ਹੁੰਦਾ ਨਜਰ ਨਹੀਂ ਆਉਂਦਾ। ਇਸ ਦੌਰਾਨ ਪੁਲੀਸ ਵਲੋਂ ਆਏ ਦਿਨ ਨਸ਼ਾ ਸਪਲਾਇਰਾਂ ਨੂੰ ਕਾਬੂ ਕੀਤੇ ਜਾਣ ਨਾਲ ਹੀ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਸੂਬੇ ਵਿੱਚ ਨਸ਼ਿਆਂ ਦਾ ਇਹ ਕਾਲਾ ਕਾਰੋਬਾਰ ਜੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ।
ਪੰਜਾਬ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਸੂਬੇ ਵਿੱਚ ਨਸ਼ਿਆਂ ਦੀ ਲਗਾਤਰ ਵੱਧਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਇਸਦਾ ਇੱਕ ਸਰਹੱਦੀ ਸੂਬਾ ਹੋਣਾ ਵੀ ਹੈ ਅਤੇ ਦੂਜੇ ਦੇਸ਼ ਦੇ ਨਸ਼ਾ ਤਸਕਰਾਂ ਵਲੋਂ ਸਮੇਂ ਸਮੇਂ ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਵੱਡੀ ਖੇਪ ਪੰਜਾਬ ਭੇਜੀ ਜਾਂਦੀ ਹੈ, ਜਿਹੜੀ ਇੱਥੋਂ ਹੋਰਨਾਂ ਥਾਵਾਂ ਤੇ ਸਪਲਾਈ ਕੀਤੀ ਜਾਣੀ ਹੁੰਦੀ ਹੈ। ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਇਹ ਸਪਲਾਈ ਸੂਬੇ ਵਾਸਤੇ ਇਕ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਇਸਦੀ ਸਾਨੂੰ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ। ਇਹਨਾਂ ਨਸ਼ਾ ਤਸਕਰਾਂ ਦੇ ਤਾਰ ਅੰਤਰਰਾਸ਼ਟਰੀ ਪੱਧਰ ਤੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਨਸ਼ੇ ਦਾ ਇਹ ਵਪਾਰ ਪੂਰੀ ਤਰ੍ਹਾਂ ਯੋਜਨਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ।
ਇਹਨਾਂ ਨਸ਼ਾ ਤਸਕਰਾਂ ਵਲੋਂ ਪੰਜਾਬ ਦੇ ਰਾਹ ਅੱਗੇ ਭੇਜੀ ਜਾਣ ਵਾਲੀ ਨਸ਼ਿਆਂ ਦੀ ਖੇਪ ਦਾ ਇੱਕ ਹਿੱਸਾ ਪੰਜਾਬ ਵਿੱਚ ਹੀ ਖਪਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ। ਇਸ ਸੰਬੰਧੀ ਪੰਜਾਬ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਵੱਡੇ ਅਫਸਰਸ਼ਾਹਾਂ ਉੱਪਰ ਨਸ਼ਿਆਂ ਦੇ ਇਸ ਕਾਰੋਬਾਰ ਦੀ ਪੁਸ਼ਤਪਨਾਹੀ ਦੇ ਇਲਜਾਮ ਵੀ ਲੱਗਦੇ ਰਹੇ ਹਨ ਅਤੇ ਲੋਕਾਂ ਵਲੋਂ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਨਸ਼ਿਆਂ ਦਾ ਇਹ ਕਾਰੋਬਾਰ ਇਹਨਾਂ ਸਿਆਸੀ ਆਗੂਆਂ ਅਤੇ ਵੱਡੇ ਅਫਸਰਾਂ ਦੀ ਸਰਪਰਸਤੀ ਵਿੱਚ ਹੀ ਚਲਾਇਆ ਜਾਂਦਾ ਹੈ। ਹਾਲਾਂਕਿ ਇਹ ਤਮਾਮ ਆਗੂ ਅਤੇ ਅਫਸਰ ਭਾਵੇਂ ਇਸ ਸਾਰੇ ਕੁੱਝ ਤੋਂ ਸਾਫ ਇਨਕਾਰ ਕਰਦੇ ਹਨ ਪਰੰਤੂ ਪੰਜਾਬ ਵਿੱਚ ਜਿਸ ਤਰੀਕੇ ਨਾਲ ਹਰ ਪਾਸੇ ਨਸ਼ਿਆਂ ਦੀ ਸਪਲਾਈ ਹੁੰਦੀ ਹੈ ਉਸ ਨਾਲ ਜਾਹਿਰ ਹੁੰਦਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਅਜਿਹੇ ਵੱਡੇ ਲੋਕਾਂ ਦੀ ਸਰਪਰਸਤੀ ਹਾਸਲ ਹੈ।
ਪੰਜਾਬੀਆਂ ਬਾਰੇ ਤਾਂ ਵੈਸੇ ਵੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਬਚਪਣ ਵਿੱਚ ਹੀ ਨਸ਼ੇ ਨਾਲ ਵਾਹ ਪੈ ਜਾਂਦਾ ਹੈ। ਪੰਜਾਬ ਵਿੱਚ ਅਜਿਹੇ ਵੱਡੀ ਗਿਣਤੀ ਪਰਿਵਾਰ ਹਨ ਜਿਹਨਾਂ ਦੀਆਂ ਔਰਤਾਂ ਆਪਣੇ ਘਰ ਵਿੱਚ ਥੋੜ੍ਹੀ ਬਹੁਤ ਅਫੀਮ ਜਰੂਰ ਰਖਦੀਆਂ ਹਨ। ਇਹ ਔਰਤਾਂ ਭਾਵੇਂ ਖੁਦ ਨਸ਼ਾ ਨਹੀਂ ਕਰਦੀਆਂ ਪਰ ਜਦੋਂ ਇਹਨਾਂ ਦੇ ਘਰ ਵਿੱਚ ਕੋਈ ਬੱਚਾ ਬਿਮਾਰ ਹੁੰਦਾ ਹੈ, ਕਿਸੇ ਦਾ ਪੇਟ ਦਰਦ ਹੁੰਦਾ ਹੈ, ਜਾਂ ਕੋਈ ਬੱਚਾ ਸੋਣ ਦੀ ਥਾਂ ਲਗਾਤਾਰ ਰੋਂਦਾ ਰਹਿੰਦਾ ਹੈ ਤਾਂ ਇਹ ਉਸਨੂੰ ਥੋੜ੍ਹੀ ਜਿਹੀ ਅਫੀਮ ਦੇ ਦਿੰਦੀਆਂ ਹਨ। ਬੱਚਾ ਜਦੋਂ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਚਾਚੇ ਜਾਂ ਦਾਦੇ ਕੋਲ ਬੈਠ ਕੇ ਦੋ ਘੁੱਟ ਸ਼ਰਾਬ ਦਾ ਸਵਾਦ ਵੀ ਲੈ ਲੈਂਦਾ ਹੈ ਅਤੇ ਉਸਨੂੰ ਬਚਪਨ ਤੋਂ ਹੀ ਨਸ਼ੇ ਦਾ ਜਿਹੜਾ ਸਵਾਦ ਲੱਗਦਾ ਹੈ ਉਹ ਵੱਡਾ ਹੋਣ ਤੇ ਉਸਨੂੰ ਨਸ਼ੇੜੀ ਬਣਾਉਣ ਦੇ ਰਾਹ ਪਾ ਦਿੰਦਾ ਹੈ।
ਇਸ ਵੇਲੇ ਹਾਲਾਤ ਇਹ ਹੋ ਗਏ ਹਨ ਕਿ ਸਾਡੇ ਵੱਡੀ ਗਿਣਤੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਉਹਨਾਂ ਦੇ ਸ਼ਰੀਰ ਅੰਦਰ ਹੀ ਅੰਦਰ ਖੋਖਲੇ ਹੁੰਦੇ ਜਾ ਰਹੇ ਹਨ। ਹੁਣ ਤਾਂ ਪੰਜਾਬ ਦੀਆਂ ਜਵਾਨ ਕੁੜੀਆਂ ਅਤੇ ਸਕੂਲੀ ਬੱਚੇ ਵੀ ਨਸ਼ੇ ਦੀ ਲਪੇਟ ਵਿੱਚ ਹਨ ਅਤੇ ਵੱਡੇ ਸ਼ਹਿਰਾਂ ਵਿਚ ਅਕਸਰ ਅੱਧੀ ਰਾਤ ਤਕ ਨੌਜਵਾਨ ਮੁੰਡੇ ਕੁੜੀਆਂ ਵਾਹਨਾਂ ਵਿੱਚ ਬੈਠ ਕੇ ਮਹਿੰਗੀਆਂ ਨਸ਼ੀਲੀਆਂ ਸਿਗਰਟਾਂ ਅਤੇ ਹੋਰ ਨਸ਼ੇ ਕਰਦੇ ਆਮ ਦਿਖ ਜਾਂਦੇ ਹਨ। ਪੰਜਾਬ ਵਿੱਚ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋਣ ਦੀਆਂ ਖਬਰਾਂ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਭੇਜਣ ਵਿੱਚ ਆਪਣੀ ਭਲਾਈ ਸਮਝਦੇ ਹਨ।
ਸੂਬਾ ਸਰਕਾਰ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਨਸ਼ਿਆਂ ਦੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰੇ। ਇਸ ਸੰਬੰਧੀ ਪੁਲੀਸ ਵਲੋਂ ਕੁਝ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ, ਪਰੰਤੂ ਇਹ ਸਾਰੇ ਇਸ ਕਾਰੋਬਾਰ ਦੇ ਛੋਟੇ ਮੋਹਰੇ ਹਨ ਅਤੇ ਵੱਡੀਆਂ ਮੱਛੀਆਂ ਹੁਣੇ ਵੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਜਾਹਿਰ ਹੈ ਕਿ ਜਦੋਂ ਤਕ ਨਸ਼ੇ ਦੇ ਕਾਰੋਬਾਰ ਦੀਆਂ ਇਹਨਾਂ ਵੱਡੀਆਂ ਮੱਛੀਆਂ ਨੂੰ ਨੱਥ ਨਹੀਂ ਪਾਈ ਜਾਵੇਗੀ ਨਸ਼ਿਆਂ ਦੇ ਇਸ ਕਾਰੋਬਾਰ ਤੇ ਰੋਕ ਨਹੀਂ ਲੱਗ ਸਕਦੀ। ਇਸ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।
Editorial
ਖੇਡਾਂ ਦੇ ਖੇਤਰ ਵਿੱਚ ਭਾਰਤੀ ਟੀਮਾਂ ਦੀ ਸ਼ਾਨਦਾਰ ਕਾਰਗੁਜਾਰੀ
ਪਿਛਲੇ ਦਿਨੀਂ ਆਈਆਂ ਤਿੰਨ ਮੁੱਖ ਖ਼ਬਰਾਂ ਕਾਰਨ ਭਾਰਤ ਦੇ ਖੇਡ ਜਗਤ ਵਿੱਚ ਖੁਸ਼ੀ ਵਾਲਾ ਮਾਹੌਲ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਜੂਨੀਅਰ ਵੂਮੈਨਜ਼ ਏਸ਼ੀਆ ਕੱਪ ਦਾ ਖ਼ਿਤਾਬ ਜਿੱਤ ਲਿਆ ਹੈ। ਇਸੇ ਤਰ੍ਹਾਂ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਰਿਕਾਰਡ ਛੇਵੀਂ ਵਾਰ ਜਿੱਤ ਲਿਆ ਹੈ। ਇਸੇ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਵਿਮੈਨ ਏਸ਼ੀਆ ਕੱਪ ਜਿੱਤ ਲਿਆ ਹੈ।
ਭਾਰਤ ਦੇ ਖਿਡਾਰੀਆਂ ਅਤੇ ਖਿਡਾਰਨਾਂ ਵੱਲੋਂ ਕੀਤੀਆਂ ਗਈਆਂ ਇਹਨਾਂ ਮਹੱਤਵਪੂਰਨ ਪ੍ਰਾਪਤੀਆਂ ਨਾਲ ਭਾਰਤ ਦੇ ਖੇਡ ਪ੍ਰਬੰਧਕਾਂ ਤੋਂ ਲੈ ਕੇ ਆਮ ਖੇਡ ਪ੍ਰੇਮੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਭਾਰਤ ਦੀਆਂ ਜੂਨੀਅਰ ਟੀਮਾਂ ਵੱਲੋਂ ਏਸ਼ੀਆ ਕੱਪ ਜਿੱਤਣਾ ਕੋਈ ਆਮ ਗੱਲ ਨਹੀਂ ਬਲਕਿ ਇਹ ਇਸ ਗੱਲ ਦਾ ਸੂਚਕ ਹੈ ਕਿ ਭਾਰਤ ਵਿੱਚ ਜੂਨੀਅਰ ਖਿਡਾਰੀਆਂ ਦੀ ਤਜਰਬੇਕਾਰ ਫ਼ੌਜ ਤਿਆਰ ਹੋ ਰਹੀ ਹੈ, ਜੋ ਕਿ ਜਵਾਨ ਹੋ ਕੇ ਭਾਰਤ ਲਈ ਵੱਡੇ ਮੁਕਾਬਲੇ ਜਿੱਤੇਗੀ।
ਜਦੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵਿਮੈਨ ਏਸ਼ੀਆ ਕੱਪ ਜਿੱਤਿਆ ਤਾਂ ਇਹ ਟੀਮ ਪੂਰੇ ਭਾਰਤੀ ਮੀਡੀਆ ਵਿੱਚ ਛਾ ਗਈ। ਇਸ ਟੀਮ ਨੂੰ ਸਰਕਾਰ ਵੱਲੋਂ ਮੋਟੇ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਟੀਮ ਨੂੰ ਪ੍ਰਿੰਟ ਮੀਡੀਆ ਵਿੱਚ ਵੀ ਚੰਗੀ ਕਵਰੇਜ ਦਿੱਤੀ ਗਈ। ਦੂਜੇ ਪਾਸੇ ਭਾਰਤ ਦੀਆਂ ਦੋਵੇਂ ਜੂਨੀਅਰ ਹਾਕੀ ਟੀਮਾਂ ਮਹਿਲਾ ਅਤੇ ਪੁਰਸ਼ ਵੱਲੋਂ ਜੂਨੀਅਰ ਹਾਕੀ ਏਸ਼ੀਆ ਕੱਪ ਜਿੱਤਣ ਦੇ ਬਾਵਜੂਦ ਇਹਨਾਂ ਦੋਵੇਂ ਹਾਕੀ ਟੀਮਾਂ ਨੂੰ ਕ੍ਰਿਕਟ ਟੀਮ ਵਰਗੀ ਮੀਡੀਆ ਕਵਰੇਜ ਨਹੀਂ ਮਿਲੀ ਤੇ ਨਾ ਹੀ ਭਾਰਤ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਨੂੰ ਕ੍ਰਿਕਟ ਖਿਡਾਰਨਾਂ ਵਾਂਗ ਵੱਡੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ।
ਇੱਥੇ ਹਿੰਦੀ ਫ਼ਿਲਮ ‘ਚੱਕ ਦੇ ਇੰਡੀਆ’ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਭਾਰਤੀ ਮਹਿਲਾ ਹਾਕੀ ਟੀਮ ਬਾਰੇ ਬਣਾਈ ਗਈ ਫਿਲਮ ਦੇ ਨਿਰਮਾਤਾ ਨੇ ਕਿਹਾ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਕੋਈ ਅੰਤਰਾਸ਼ਟਰੀ ਮੁਕਾਬਲਾ ਜਿੱਤ ਗਈ ਸੀ ਪਰ ਉਸ ਦੀ ਖਬਰ ਮੀਡੀਆ ਵਿੱਚ ਅੰਦਰਲੇ ਸਫ਼ੇ ਤੇ ‘ਮੰਡੀਆਂ ਦੇ ਭਾਅ’ ਹੇਠਾਂ ਲੱਗੀ ਹੋਈ ਸੀ। ਉਸ ਨਿਰਮਾਤਾ ਦਾ ਕਹਿਣਾ ਸੀ ਕਿ ਹਾਕੀ ਟੀਮ ਦੀ ਜਿੱਤ ਨੂੰ ਮੀਡੀਆ ਵੱਲੋਂ ਅਣਗੌਲਿਆ ਕੀਤਾ ਗਿਆ ਅਤੇ ਸਹੀ ਕਵਰੇਜ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਦੇ ਮਨ ਵਿੱਚ ਹਾਕੀ ਦੇ ਉਭਾਰ ਲਈ ਫਿਲਮ ਬਣਾਉਣ ਦਾ ਵਿਚਾਰ ਆਇਆ। ਇਹ ਫਿਲਮ ਖੇਡ ਪ੍ਰੇਮੀਆਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ।
ਭਾਰਤ ਦੀਆਂ ਜੂਨੀਅਰ ਟੀਮਾਂ ਨੇ ਆਲਮੀ ਮੁਕਾਬਲੇ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ ਅਤੇ ਵਿਸ਼ਵ ਪੱਧਰ ਤੇ ਭਾਰਤ ਦਾ ਨਾਮ ਚਮਕਾਉਣ ਲਈ ਬਿਲਕੁਲ ਤਿਆਰ ਹਨ। ਭਾਰਤ ਸਰਕਾਰ ਵੱਲੋਂ ਵੀ ਜੂਨੀਅਰ ਟੀਮਾਂ ਨੂੰ ਚੰਗੀ ਟ੍ਰੇਨਿੰਗ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਚੰਗੇ ਖਿਡਾਰੀ ਤਰਾਸ਼ ਕੇ ਉਭਰਨ ਲੱਗੇ ਹਨ। ਭਾਰਤ ਵਿੱਚ ਖਿਡਾਰੀਆਂ ਤੇ ਖਿਡਾਰਨਾਂ ਦੀ ਕੋਈ ਕਮੀ ਹੈ। ਲੋੜ ਤਾਂ ਇਹਨਾਂ ਉਭਰਦੇ ਖਿਡਾਰੀਆਂ ਨੂੰ ਯੋਗ ਟ੍ਰੇਨਿੰਗ ਦੇ ਕੇ ਉਭਾਰਨ ਦੀ ਹੈ।
ਆਉਣ ਵਾਲੇ ਸਮੇਂ ਵਿੱਚ ਉਲੰਪਿਕ ਖੇਡਾਂ ਦੇ ਨਾਲ ਹੋਰ ਵੀ ਕਈ ਮਹੱਤਵਪੂਰਨ ਵਿਸ਼ਵ ਪੱਧਰੀ ਮੁਕਾਬਲੇ ਹੋਣੇ ਹਨ। ਜਿਹਨਾਂ ਲਈ ਭਾਰਤੀ ਖਿਡਾਰੀਆਂ ਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਭਾਰਤ ਦੀਆਂ ਜੂਨੀਅਰ ਟੀਮਾਂ ਨੂੰ ਏਸ਼ੀਆ ਕੱਪ ਜਿੱਤ ਕੇ ਅਵੇਸਲੇ ਨਹੀਂ ਹੋਣਾ ਚਾਹੀਦਾ ਬਲਕਿ ਆਉਣ ਵਾਲੇ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਹੁਣੇ ਤੋਂ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਭਾਰਤੀ ਖਿਡਾਰੀਆਂ ਵਿੱਚ ਯੋਗਤਾ ਦੀ ਕੋਈ ਕਮੀ ਨਹੀਂ ਹੈ। ਭਾਰਤ ਦੇ ਹਰ ਇਲਾਕੇ ਵਿੱਚ ਚੰਗੇ ਖਿਡਾਰੀ ਉਭਰ ਰਹੇ ਹਨ। ਲੋੜ ਤਾਂ ਇਸ ਗੱਲ ਦੀ ਹੈ ਕਿ ਭਾਰਤ ਦੀਆਂ ਸੀਨੀਅਰ ਖੇਡ ਟੀਮਾਂ ਦੇ ਨਾਲ ਜੂਨੀਅਰ ਟੀਮਾਂ ਨੂੰ ਵੀ ਚੰਗੇ ਕੋਚਾਂ ਤੋਂ ਟ੍ਰੇਨਿੰਗ ਦਿਵਾਈ ਜਾਵੇ, ਜਿਸ ਨਾਲ ਇਹ ਟੀਮਾਂ ਹੋਰ ਵੀ ਅੰਤਰਰਾਸ਼ਟਰੀ ਮਹੱਤਵਪੂਰਨ ਖੇਡ ਮੁਕਾਬਲੇ ਜਿੱਤ ਸਕਣ।
ਬਿਊਰੋ
Editorial
ਚੰਗਾ ਅਕਸ ਕੰਮ ਆਉਂਦਾ ਹੈ
ਇਹ ਗੱਲ ਸਾਲ 2015 ਦੀ ਹੈ, ਜਦੋਂ ਮੈਂ ਡੀ. ਪੀ. ਆਈ. (ਸਕੂਲਜ਼), ਪੰਜਾਬ ਵਜੋਂ ਸੇਵਾ ਨਿਭਾ ਰਿਹਾ ਸੀ। ਹਮੇਸ਼ਾ ਵਾਂਗ, ਮੈਂ ਆਪਣੇ ਦਫ਼ਤਰ ਵਿੱਚ ਬੈਠਾ ਕੁਝ ਆਏ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਸੀ। ਇਸੇ ਦੌਰਾਨ, ਇੱਕ ਬੀਬੀ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਵਿਧਾਇਕਾ ਦੱਸਿਆ। ਮੈਂ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਇੱਕ ਪਾਸੇ ਪਏ ਸੋਫ਼ੇ ਤੇ ਬੈਠਣ ਦਾ ਇਸ਼ਾਰਾ ਕੀਤਾ। ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸਦੇ ਹੱਥ ਵਿੱਚ ਡਾਇਰੀ ਸੀ, ਜਿਸਨੂੰ ਮੈਂ ਉਨ੍ਹਾਂ ਦਾ ਪੀ. ਏ. ਸਮਝਿਆ।
ਮੈਂ ਉਨ੍ਹਾਂ ਲਈ ਪਾਣੀ ਮੰਗਵਾਉਣ ਵਾਸਤੇ ਘੰਟੀ ਵਜਾਈ ਅਤੇ ਸਾਹਮਣੇ ਬੈਠੇ ਲੋਕਾਂ ਦੀ ਸੁਣਵਾਈ ਫਟਾਫਟ ਖਤਮ ਕੀਤੀ ਤਾਂ ਜੋ ਸੋਫ਼ੇ ਕੋਲ ਜਾ ਕੇ ਵਿਧਾਇਕ ਸਾਹਿਬਾ ਨਾਲ ਗੱਲ ਕਰ ਸਕਾਂ। ਮੈਂ ਸਮਝਿਆ ਕਿ ਮੈਡਮ ਲੋਕਾਂ ਦੇ ਨੁਮਾਇੰਦੇ ਹਨ ਅਤੇ ਮੇਰੀ ਇਸ ਕਾਰਗੁਜਾਰੀ ਤੋਂ ਖੁਸ਼ ਹੋਣਗੇ। ਇਸ ਤਰ੍ਹਾਂ ਮੇਰੀ ਮੇਜ਼ ਦੇ ਬਿਲਕੁਲ ਸਾਹਮਣੇ ਵਾਲੀਆਂ ਕੁਰਸੀਆਂ ਖਾਲੀ ਹੋ ਗਈਆਂ। ਜਿਵੇਂ ਹੀ ਉਹ ਖੜ੍ਹੇ ਹੋ ਕੇ ਮੇਰੀ ਮੇਜ਼ ਦੇ ਸਾਹਮਣੇ ਆ ਕੇ ਬੈਠਣ ਲੱਗੇ, ਮੈਂ ਉਨ੍ਹਾਂ ਨੂੰ ਸੋਫ਼ੇ ਤੇ ਹੀ ਬੈਠੇ ਰਹਿਣ ਦੀ ਬੇਨਤੀ ਕੀਤੀ ਅਤੇ ਆਪ ਉਨ੍ਹਾਂ ਵੱਲ ਵਧਣ ਲੱਗਾ।
ਇਸਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਉਨ੍ਹਾਂ ਨੇ ਮੇਰੀ ਮੇਜ਼ ਦੇ ਸਾਹਮਣੇ ਵਾਲੀਆਂ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ, ”ਇੱਕ ਐਮ. ਐਲ. ਏ. ਇੱਥੇ ਕਿਉਂ ਨਹੀਂ ਬੈਠ ਸਕਦਾ? ਇਹ ਕੁਰਸੀਆਂ ਕਿਸ ਲਈ ਹਨ? ਮੈਂ ਨਿਮਰਤਾ ਨਾਲ ਜਵਾਬ ਦਿੱਤਾ, ”ਮੈਡਮ, ਇਹ ਤੁਹਾਡੇਲਈ ਨਹੀਂ ਹਨ ਕਿਉਂਕਿ ਤੁਹਾਡਾ ਅਹੁਦਾ ਬਹੁਤ ਉੱਚਾ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਆਪਣੇ ਬਿਲਕੁਲ ਸਾਹਮਣੇ ਨਹੀਂ ਬਿਠਾ ਸਕਦਾ, ਆਓ ਸੋਫ਼ੇ ਤੇ ਬੈਠਕੇਗੱਲ ਕਰਦੇ ਹਾਂ। ਇਸੇ ਦੌਰਾਨ ਉਨ੍ਹਾਂ ਦੇ ਨਾਲ ਆਇਆ ਵਿਅਕਤੀ ਬੋਲਣ ਲੱਗ ਪਿਆ। ਮੈਂ ਵਿਚਾਲੇ ਟੋਕਦਿਆਂ ਕਿਹਾ, ”ਜਨਾਬ, ਤੁਸੀਂ ਇਸ ਮਾਮਲੇ ਵਿੱਚ ਨਾ ਬੋਲੋ। ”ਇਹ ਕਿਉਂ ਨਾ ਬੋਲਣ, ਇਹ ਮੇਰੇ ਪਤੀ ਹਨ, ਐਮ. ਐਲ. ਏ. ਸਾਹਿਬਾ ਨੇ ਤੁਰੰਤ ਕਿਹਾ। ”ਅੱਛਾ, ਫਿਰ ਠੀਕ ਹੈ ਮੈਂ ਗੱਲ ਮੁਕਾਣੀ ਚਾਹੀ।
ਮੈਂ ਉਨ੍ਹਾਂ ਨੂੰ ਫਿਰ ਤੋਂ ਸੋਫ਼ੇ ਤੇ ਬੈਠਣ ਲਈ ਕਿਹਾ, ਪਰ ਉਹ ਮੇਰੀ ਮੇਜ਼ ਦੇ ਸਾਹਮਣੇ ਵਾਲੀਆਂ ਕੁਰਸੀਆਂ ਤੇ ਹੀ ਬੈਠ ਗਏ। ਸ਼ਾਇਦ ਉਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਮੈਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕਮਰੇ ਵਿੱਚ ਮੌਜੂਦ ਲੋਕਾਂ ਨੂੰ ਸੁਣਨਾ ਜਾਰੀ ਰੱਖਿਆ। ਉਹ ਲੋਕ ਦੂਰ-ਦੁਰਾਡੇ ਤੋਂ ਆਏ ਹੋਏ ਸਨ ਅਤੇ ਡਰ ਸੀ ਕਿ ਕਿਤੇ ਉਨ੍ਹਾਂ ਦੀ ਵਾਪਸੀ ਦੀ ਆਖਰੀ ਬੱਸ ਨਾ ਛੁੱਟ ਜਾਵੇ। ਮੈਂ ਕਦੇ ਵੀ ਕਿਸੇ ਨੂੰ ਬਿਨਾਂ ਵਜ੍ਹਾ ਉਡੀਕ ਨਹੀਂ ਕਰਵਾਉਂਦਾ ਸੀ। ਆਮ ਤੌਰ ਤੇ ਸਰਕਾਰੀ ਦਫ਼ਤਰਾਂ ਵਿੱਚ ਜਨਤਾ ਨੂੰ ਮਿਲਣ ਲਈ ਖਾਸ ਦਿਨ/ਸਮਾਂ ਨਿਸ਼ਚਿਤ ਹੁੰਦੇ ਹਨ, ਪਰ ਮੇਰਾ ਅਸੂਲ ਸੀ ਕਿ ਜੇ ਮੈਂ ਦਫਤਰ ਹਾਂ ਤਾਂ ਜਦੋਂ ਮਰਜੀ ਮਿਲ ਲੈਣ।
ਜਦੋਂ ਮੈਂ ਉਨ੍ਹਾਂ ਦੇ ਕੰਮ ਬਾਰੇ ਪੁੱਛਿਆ, ਤਾਂ ਉਹ ਤਲਖ਼ੀ ਨਾਲ ਬੋਲੇ, ”ਹੁਣ ਮੈਂ ਇਹ ਕੰਮ ਇੱਥੋਂ ਨਹੀਂ, ਸਿੱਧਾ ਮੁੱਖ ਮੰਤਰੀ ਤੋਂ ਕਰਵਾਵਾਂਗੀ। ਆਪਣੇ ਸੁਭਾਅ ਮੁਤਾਬਕ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਉਣ/ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਮੈਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਦੋਂ ਕਮਰੇ ਵਿੱਚ ਸਿਰਫ਼ ਉਹ ਦੋਵੇਂ ਅਤੇ ਮੈਂ ਹੀ ਸੀ। ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, ”ਜੇਕਰ ਤੁਸੀਂ ਚੰਗੇ ਮੂਡ ਨਾਲ ਇਸ ਕਮਰੇ ਤੋਂ ਬਾਹਰ ਜਾਓਗੇ, ਤਾਂ ਮੈਂ ਆਪ ਸਤਿਕਾਰ ਵਜੋਂ ਤੁਹਾਨੂੰ ਲਿਫ਼ਟ ਤੱਕ ਛੱਡਣ ਜਾਵਾਂਗਾ। ਪਰ ਜੇਕਰ ਤੁਹਾਡਾ ਮੂਡ ਖਰਾਬ ਹੀ ਰਹਿੰਦਾ ਹੈ, ਤਾਂ ਮੈਂ ਤੁਹਾਨੂੰ ਬਾਹਰ ਛੱਡਣ ਨਹੀਂ ਜਾ ਸਕਾਂਗਾ, ਕਿਉਂਕਿ ਜੇਕਰ ਤੁਸੀਂ ਮੇਰੇ ਸਟਾਫ਼ ਦੇ ਸਾਹਮਣੇ ਕੋਈ ਅਣਉਚਿਤ ਗੱਲ ਕਹੀ, ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ।
ਉਹ ਕਮਰੇ ਵਿੱਚੋਂ ਚਲੇ ਗਏ ਅਤੇ ਮੈਂ ਆਪਣੀ ਕੁਰਸੀ ਤੇਬੈਠ ਗਿਆ। ਉਸ ਵੇਲੇ ਦੁਪਹਿਰ ਦੇ ਲਗਭਗ 1 ਵਜੇ ਦਾ ਸਮਾਂ ਸੀ। ਕੁਝ ਹੀ ਦੇਰ ਬਾਅਦ ਮੈਂ ਦੁਪਹਿਰ ਦੇ ਖਾਣੇ ਲਈ ਘਰ ਚਲਾ ਗਿਆ, ਕਿਉਂਕਿ ਮੇਰੀ ਰਿਹਾਇਸ਼ ਡੀ. ਪੀ. ਆਈ. ਦਫ਼ਤਰ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਤੇ ਸੀ।
ਜਿਵੇਂ ਹੀ ਮੈਂ ਘਰ ਪਹੁੰਚਿਆ, ਮੈਨੂੰ ਮੁੱਖ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਕਿ 3 ਵਜੇਤੱਕ ਮੁੱਖ ਮੰਤਰੀ ਜੀ ਦੇ ਰਹਾਇਸ਼ੀ ਦਫਤਰ ਪਹੁੰਚੋ। ਮੈਂ ਜਿਵੇਂ ਕਿਵੇਂ ਖਾਣਾ ਖਾਧਾ ਅਤੇ 2.30 ਵਜੇ ਤੱਕ ਉੱਥੇ ਪਹੁੰਚ ਗਿਆ। ਮੈਨੂੰ ਸ਼੍ਰੀ ਅਜੋਏ ਸ਼ਰਮਾ, ਆਈ.ਏ.ਐਸ., ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਵੱਲੋਂ ਫ਼ੋਨ ਆਇਆ ਸੀ, ਇਸ ਲਈ ਮੈਂ ਸਿੱਧਾ ਉਨ੍ਹਾਂ ਦੇ ਦਫ਼ਤਰੀ ਕਮਰੇ ਵਿੱਚ ਗਿਆ।
ਐਮ. ਐਲ. ਏ. ਸਾਹਿਬਾ ਅਤੇ ਉਨ੍ਹਾਂ ਦੇ ਪਤੀ ਦੂਜੇ ਕਮਰੇ ਵਿੱਚ ਬੈਠੇ ਸਨ। ਮੈਂ ਸ਼ਰਮਾ ਜੀ ਨੂੰ ਪੂਰੀ ਗੱਲ ਦੱਸੀ ਤਾਂ ਜੋ ਮਾਮਲੇ ਨੂੰ ਬਿਨਾਂ ਵਜ੍ਹਾ ਵਧਾ ਚੜ੍ਹਾ ਕੇ ਪੇਸ਼ ਨਾ ਕੀਤਾ ਗਿਆ ਹੋਵੇ। ਚੰਡੀਗੜ੍ਹ ਪ੍ਰਸ਼ਾਸਨ ਵਿੱਚ ਆਪਣੇ ਕਾਰਜਕਾਲ ਦੌਰਾਨ ਸ਼ਰਮਾ ਜੀ ਦੇਅਧੀਨ ਕੰਮ ਕਰਨ ਕਰਕੇ, ਉਨ੍ਹਾਂ ਨਾਲ ਮੇਰਾ ਇੱਕ ਪੇਸ਼ੇਵਰ ਰਿਸ਼ਤਾ ਅਤੇ ਸਾਖ਼ ਬਣੀ ਹੋਈ ਸੀ। ਇਸ ਲਈ, ਮੈਨੂੰ ਬਹੁਤੀਆਂ ਸਫ਼ਾਈਆਂ ਦੇਣ ਦੀ ਲੋੜ ਨਹੀਂ ਪਈ। ਉਨ੍ਹਾਂ ਨੇ ਆਪ ਹੀ ਕਿਹਾ, ”ਮੈਂ ਐਮ. ਐਲ. ਏ. ਮੈਡਮ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਢੋਲ ਜੀ ਇੱਕ ਬਹੁਤ ਹੀ ਵਧੀਆ ਅਧਿਕਾਰੀ ਹਨ ਅਤੇ ਉਹ ਕਦੇ ਵੀ ਅਜਿਹਾ ਵਿਵਹਾਰ ਨਹੀਂ ਕਰ ਸਕਦੇ। ਮੁੱਖ ਮੰਤਰੀ ਸਾਹਿਬ ਵੀ ਮੇਰੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਸਨ। ਅਸਲ ਵਿੱਚ ਸ਼੍ਰੀ ਅਜੋਏ ਸ਼ਰਮਾ ਪਹਿਲਾਂ ਹੀ ਉਨ੍ਹਾਂ ਨਾਲ ਗੱਲ ਸਾਂਝੀ ਕਰ ਚੁੱਕੇ ਸਨ।
ਮੁੱਖ ਮੰਤਰੀ ਸਾਹਿਬ ਵੱਲੋਂ ਸ਼੍ਰੀ ਸ਼ਰਮਾ ਜੀ ਨੂੰ ਇਸ ਮਾਮਲੇ ਨੂੰ ਆਪਣੇ ਪੱਧਰ ਤੇ ਹੀ ਨਿਬੇੜਨ ਦੀ ਹਦਾਇਤ ਕੀਤੀ ਗਈ ਸੀ। ਮੁੱਖ ਮੰਤਰੀ ਜੀ ਨਾਲ ਮੁਲਾਕਾਤ ਸਿਰਫ਼ ਜ਼ਰੂਰਤ ਪੈਣ ਤੇ ਹੀ ਕਰਵਾਉਣ ਲਈ ਕਿਹਾ ਗਿਆ ਸੀ। ਸ਼ਰਮਾ ਜੀ ਨੇ ਮੈਨੂੰ ਆਪਣੇ ਦਫ਼ਤਰ ਤੋਂ ਬਾਹਰ ਭੇਜ ਦਿੱਤਾ ਅਤੇ ਐਮ. ਐਲ. ਏ. ਸਾਹਿਬਾ ਨੂੰ ਅੰਦਰ ਬੁਲਾ ਲਿਆ। ਮੈਨੂੰ ਨਹੀਂ ਪਤਾ ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ, ਫਿਰ ਮੈਨੂੰ ਵੀ ਕਮਰੇ ਵਿੱਚ ਬੁਲਾਲਿਆ ਗਿਆ। ਸ਼ਿਕਾਇਤ ਨੂੰ ਅੱਗੇਵਧਾਉਣ ਦੀ ਬਜਾਏ, ਐਮ. ਐਲ. ਏ.ਦੇ ਸੁਰ ਪੂਰੀ ਤਰ੍ਹਾਂ ਬਦਲ ਚੁੱਕੇ ਸਨ। ਉਨ੍ਹਾਂ ਕਿਹਾ, ”ਡੀ ਪੀ ਆਈ ਸਾਹਿਬ, ਐਵੇਂ ਗ਼ਲਤ ਫ਼ਹਿਮੀ ਹੋ ਗਈ ਸਾਡੇ ਹੋਣ ਵਾਲੇ ਕੰਮ, ਜੋ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਤੁਸੀਂ ਹੀ ਕਰਨੇ ਹਨ।
ਲਗਦਾ ਮੁੱਖ ਮੰਤਰੀ ਦਫਤਰ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ। ਮੈਨੂੰ ਵੀ ਮਹਿਸੂਸ ਹੋਇਆ ਕਿ ਮੁੱਖ ਮੰਤਰੀ ਦਫਤਰ ਵਿਖੇ ਮੇਰੇ ਅਕਸ ਨੇ ਉਸ ਦਿਨ ਮੈਨੂੰ ਬਚਾ ਲਿਆ ਵਰਨਾ ਵਿਧਾਇਕਾ ਦੀ ਸ਼ਿਕਾਇਤ ਉਤੇ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਹੋ ਸਕਦੀ ਸੀ।
ਬਲਬੀਰ ਸਿੰਘ ਢੋਲ
94171 53819
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
