Connect with us

International

ਕਤਰ ਵਿੱਚ ਗੈਸ ਪਲਾਂਟ ਵਿੱਚ ਧਮਾਕਾ ਹੋਣ ਕਾਰਨ 54 ਵਿਅਕਤੀ ਜ਼ਖ਼ਮੀ, ਕਈ ਲਾਪਤਾ

Published

on

ਦੋਹਾ, 22 ਜੂਨ (ਸ.ਬ.) ਕਤਰ ਵਿੱਚ ਬੀਤੀ ਰਾਤ ਇੱਥੋਂ ਦੇ ਮੁੱਖ ਕੁਦਰਤੀ ਗੈਸ ਐਕਸਪੋਰਟ ਟਰਮੀਨਲ ‘ਰਾਸ ਲੱਫਾਨ’ ਵਿੱਚ ਅਚਾਨਕ ਭਿਆਨਕ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਸਰਕਾਰੀ ਸੂਤਰਾਂ ਮੁਤਾਬਕ, ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਮਜ਼ਦੂਰ ਅਤੇ ਇੰਜੀਨੀਅਰ ਪਲਾਂਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਧਮਾਕੇ ਵਿੱਚ 54 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਦੋਂਕਿ 18 ਕਰਮਚਾਰੀ ਹਾਦਸੇ ਦੇ ਕਈ ਘੰਟਿਆਂ ਬਾਅਦ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਕੌਮਾਂਤਰੀ ਪੱਧਰ ਤੇ ਊਰਜਾ (ਗੈਸ) ਬਾਜ਼ਾਰਾਂ ਵਿੱਚ ਵੱਡੀ ਹਲਚਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਕਤਰ ਦੁਨੀਆ ਦੇ ਸਭ ਤੋਂ ਵੱਡੇ ਗੈਸ ਉਤਪਾਦਕਾਂ ਵਿੱਚੋਂ ਇੱਕ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਸਰਕਾਰੀ ਕੰਪਨੀ ‘ਕਤਰ ਐਨਰਜੀ’ ਦੇ ਅਧੀਨ ਆਉਂਦੇ ‘ਬਰਜ਼ਾਨ ਗੈਸ ਸਪਲਾਈ’ ਪਲਾਂਟ ਵਿੱਚ ਹੋਇਆ। ਜੰਗ ਦੌਰਾਨ ਇਰਾਨ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਇਸ ਟਰਮੀਨਲ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਤੋਂ ਬਾਅਦ ਇੱਥੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਹਾਲ ਹੀ ਵਿੱਚ ਜੰਗ ਨੂੰ ਪੱਕੇ ਤੌਰ ਤੇ ਖ਼ਤਮ ਕਰਨ ਲਈ ਚੱਲ ਰਹੀਆਂ ਗੱਲਬਾਤਾਂ ਅਤੇ ਨਵੀਂਆਂ ਸੰਧੀਆਂ ਤੋਂ ਬਾਅਦ ਜਦੋਂ ਹਾਲਾਤ ਥੋੜ੍ਹੇ ਸੁਧਰੇ, ਤਾਂ ਕਤਰ ਨੇ ਆਪਣੇ ਇਸ ਸਭ ਤੋਂ ਅਹਿਮ ਟਰਮੀਨਲ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਦਾ ਕੰਮ ਸ਼ੁਰੂ ਕੀਤਾ। ਪਰ ਬੀਤੀ ਰਾਤ ਕੰਮ ਦੌਰਾਨ ਅਚਾਨਕ ਹੋਈ ਚੰਗਿਆੜੀ ਜਾਂ ਤਕਨੀਕੀ ਖਰਾਬੀ ਕਾਰਨ ਇਹ ਵੱਡਾ ਧਮਾਕਾ ਹੋ ਗਿਆ।

ਸ਼ੁਰੂਆਤੀ ਦੌਰ ਵਿੱਚ ਕਤਰ ਦੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਹਾਦਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮਹਿਜ਼ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ। ਪਰ ਹਾਦਸੇ ਦੇ ਕੁਝ ਘੰਟਿਆਂ ਬਾਅਦ ਜਦੋਂ ਸਥਿਤੀ ਬੇਕਾਬੂ ਹੋ ਗਈ, ਤਾਂ ਕਤਰ ਦੇ ਗ੍ਰਹਿ ਮੰਤਰਾਲੇ ਨੇ ਅਸਲ ਅੰਕੜੇ ਜਾਰੀ ਕੀਤੇ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਪਲਾਂਟ ਨੂੰ ਕਿੰਨਾ ਵੱਡਾ ਢਾਂਚਾਗਤ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਤੱਕ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਂਝਾ ਨਹੀਂ ਕੀਤਾ ਗਿਆ। ਲਾਪਤਾ ਹੋਏ 18 ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।

ਜ਼ਿਕਰਯੋਗ ਹੈ ਕਿ ਜੰਗ ਦੌਰਾਨ ਜਦੋਂ ਈਰਾਨ ਨੇ ਸਮੁੰਦਰੀ ਵਪਾਰ ਦੇ ਮੁੱਖ ਰਸਤੇ ‘ਹੋਰਮੁਜ਼ ਜਲਡਮਰੂ’ ਤੇ ਆਪਣਾ ਸ਼ਿਕੰਜਾ ਕੱਸ ਲਿਆ ਸੀ, ਤਾਂ ਕਤਰ ਨੂੰ ਮਜ਼ਬੂਰਨ ਆਪਣਾ ਗੈਸ ਉਤਪਾਦਨ ਬੰਦ ਕਰਨਾ ਪਿਆ ਸੀ, ਕਿਉਂਕਿ ਉਹ ਆਪਣੇ ਕੌਮਾਂਤਰੀ ਗਾਹਕਾਂ ਤੱਕ ਗੈਸ ਦੀਆਂ ਸਪਲਾਈਆਂ ਨਹੀਂ ਭੇਜ ਪਾ ਰਿਹਾ ਸੀ। ਹੁਣ ਜਦੋਂ ਈਰਾਨ ਨੇ ਸਮਝੌਤਿਆਂ ਤਹਿਤ ਉਸ ਸਮੁੰਦਰੀ ਰਸਤੇ ਤੋਂ ਆਪਣੀ ਪਕੜ ਥੋੜ੍ਹੀ ਢਿੱਲੀ ਕੀਤੀ, ਤਾਂ ਕਤਰ ਨੇ ਤੁਰੰਤ ਗੈਸ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਇਸ ਹਾਦਸੇ ਦੇ ਰੂਪ ਵਿੱਚ ਅਸਫ਼ਲ ਸਾਬਤ ਹੋਈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਧਮਾਕੇ ਕਾਰਨ ਦੁਨੀਆ ਭਰ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰ ਫਿਰ ਅਸਮਾਨ ਨੂੰ ਛੂਹ ਸਕਦੀਆਂ ਹਨ।

Continue Reading

International

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਕੰਮਕਾਜ ਫੈਲੇਗਾ ਅਤੇ ਨਵੀਂ ਜਾਣ-ਪਛਾਣ ਬਣੇਗੀ। ਜੇਕਰ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਹੋਵੇ ਤਾਂ ਪਲੰਬਰ ਅੱਜ ਹੀ ਬੁਲਾਓ। ਅਹਿਮ ਕੰਮ ਵੇਲੇ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ। ਸਾਥੀ ਦੀਆਂ ਭਾਵਨਾਵਾਂ ਦਾ ਮਾਣ ਰੱਖੋ।

ਬ੍ਰਿਖ : ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਸਿਫ਼ਾਰਸ਼ ਲਈ ਫ਼ੋਨ ਕਰਨ ਵਿੱਚ ਸੰਕੋਚ ਨਾ ਕਰੋ। ਦੋਸਤਾਂ ਨਾਲ ਨਵਾਂ ਕੰਮ ਸ਼ੁਰੂ ਕਰੋ ਤਾਂ ਹਿੱਸੇਦਾਰੀ ਪਹਿਲਾਂ ਤੈਅ ਕਰ ਲਓ। ਸਵੇਰੇ ਭਿੱਜੇ ਹੋਏ ਬਦਾਮ ਖਾਓ।

ਮਿਥੁਨ : ਸੀਨੀਅਰ ਅਫ਼ਸਰ ਦਾ ਤਜਰਬਾ ਕੰਮ ਆਵੇਗਾ। ਨਿਵੇਸ਼ ਛੋਟੀ ਐਸ.ਆਈ.ਪੀ. ਤੋਂ ਸ਼ੁਰੂ ਕਰੋ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ। ਮਾਤਾ-ਪਿਤਾ ਨਾਲ ਸਫ਼ਰ ਹੋਵੇ ਤਾਂ ਸਟੇਸ਼ਨ ਤੇ ਵ੍ਹੀਲਚੇਅਰ ਪਹਿਲਾਂ ਬੁੱਕ ਕਰੋ। ਬਜ਼ੁਰਗਾਂ ਦੀਆਂ ਰਿਪੋਰਟਾਂ ਇੱਕ ਫਾਈਲ ਵਿੱਚ ਰੱਖੋ।

ਕਰਕ : ਮਿਹਨਤ ਮੁਨਾਫ਼ੇ ਵਿੱਚ ਬਦਲੇਗੀ ਅਤੇ ਦਫ਼ਤਰ ਵਿੱਚ ਭੂਮਿਕਾ ਵਧੇਗੀ। ਕਿਸੇ ਖ਼ਾਸ ਨਾਲ ਗੱਲਬਾਤ ਰਿਸ਼ਤੇ ਤੇ ਨਵੀਂ ਸੋਚ ਦੇਵੇਗੀ। ਭਾਰੀ ਸਿਲੰਡਰ ਜਾਂ ਬਾਲਟੀ ਇਕੱਲੇ ਨਾ ਚੁੱਕੋ, ਲੱਕ ਤੇ ਜ਼ੋਰ ਪਵੇਗਾ।

ਸਿੰਘ : ਆਮਦਨ ਦਾ ਨਵਾਂ ਜ਼ਰੀਆ ਮਿਲੇਗਾ ਅਤੇ ਸਮਾਜਿਕ ਦਾਇਰਾ ਵਧੇਗਾ। ਕਈ ਬਦਲਾਂ ਵਿੱਚ ਉਲਝੋ ਤਾਂ ਫ਼ਾਇਦੇ-ਨੁਕਸਾਨ ਕਾਗਜ਼ ਤੇ ਲਿਖੋ। ਖ਼ਰੀਦਦਾਰੀ ਲਿਸਟ ਤੋਂ ਬਾਹਰ ਨਾ ਜਾਓ। ਅੱਖਾਂ ਦਾ ਧਿਆਨ ਰੱਖੋ, ਸਕ੍ਰੀਨ ਦੀ ਬ੍ਰਾਈਟਨੈਸ ਘੱਟ ਰੱਖੋ।

ਕੰਨਿਆ : ਨਵੀਂ ਨੌਕਰੀ ਲਈ ਅਰਜ਼ੀ ਭੇਜੋ, ਹਰ ਥਾਂ ਦੇ ਹਿਸਾਬ ਨਾਲ ਬਾਇਓਡਾਟਾ ਬਦਲੋ। ਰੋਜ਼ ਪੰਦਰਾਂ ਮਿੰਟ ਪਹਿਲਾਂ ਘਰੋਂ ਨਿਕਲੋ। ਨਾਸ਼ਤਾ ਛੱਡਣ ਦੀ ਗ਼ਲਤੀ ਨਾ ਕਰੋ, ਐਸੀਡਿਟੀ ਹੋ ਸਕਦੀ ਹੈ।

ਤੁਲਾ : ਨਵੀਂ ਰਣਨੀਤੀ ਦੇ ਚੰਗੇ ਨਤੀਜੇ ਦਿਖਣਗੇ ਅਤੇ ਸ਼ੇਅਰਾਂ ਤੋਂ ਮੁਨਾਫ਼ਾ ਹੋਵੇਗਾ। ਕਿਸੇ ਪਾਰਟੀ ਵਿੱਚ ਵਿਜ਼ਿਟਿੰਗ ਕਾਰਡ ਨਾਲ ਰੱਖੋ। ਰਸੋਈ ਦੇ ਤੌਲੀਏ ਰੋਜ਼ ਬਦਲੋ। ਪਿਆਰ ਦੇ ਮਾਮਲਿਆਂ ਵਿੱਚ ਗੁਆਂਢੀਆਂ ਦੀ ਰਾਏ ਤੇ ਨਾ ਚੱਲੋ।

ਬ੍ਰਿਸਚਕ : ਪ੍ਰਾਪਰਟੀ ਦੇ ਕਾਰੋਬਾਰ ਵਿੱਚ ਚੰਗੇ ਮੌਕੇ ਹਨ, ਪਰ ਕਾਗਜ਼-ਪੱਤਰ ਜਾਂਚੇ ਬਿਨਾਂ ਸੌਦਾ ਨਾ ਕਰੋ। ਦੋਸਤਾਂ ਅਤੇ ਵੱਡਿਆਂ ਵਿਚਕਾਰ ਸੰਤੁਲਨ ਰੱਖੋ। ਖਾਣੇ ਦਾ ਡੱਬਾ ਨਾਲ ਰੱਖੋ। ਮਹਿਮਾਨਾਂ ਕਾਰਨ ਰੌਣਕ ਰਹੇਗੀ।

ਧਨੁ : ਕੰਮ ਦੇ ਸਿਲਸਿਲੇ ਵਿੱਚ ਸਫ਼ਰ ਹੋਵੇਗਾ ਅਤੇ ਨਵੇਂ ਲੋਕ ਮਿਲਣਗੇ। ਜਲਦਬਾਜ਼ੀ ਦੇ ਚੱਕਰ ਵਿੱਚ ਫਾਰਮ ਜਾਂ ਹਿਸਾਬ-ਕਿਤਾਬ ਬਿਨਾਂ ਜਾਂਚੇ ਨਾ ਭੇਜੋ। ਬੱਚਿਆਂ ਨੂੰ ਠੰਢ ਤੋਂ ਬਚਾਓ। ਵੱਡੇ ਨਿਵੇਸ਼ ਤੇ ਫ਼ੈਸਲਾ ਟਾਲ ਦਿਓ।

ਮਕਰ ; ਜਿਨ੍ਹਾਂ ਤੋਂ ਮਦਦ ਦੀ ਆਸ ਸੀ ਉਹ ਪਿੱਛੇ ਹਟਣਗੇ, ਜਿਸ ਨਾਲ ਕੰਮ ਲਟਕੇਗਾ। ਜ਼ਿੰਮੇਵਾਰੀ ਸੌਂਪੋ ਤਾਂ ਪ੍ਰਗਤੀ ਖ਼ੁਦ ਦੇਖੋ। ਬਾਹਰੀ ਲੋਕਾਂ ਨੂੰ ਰਿਸ਼ਤੇ ਵਿੱਚ ਦਖ਼ਲ ਨਾ ਦੇਣ ਦਿਓ। ਕੋਸਾ ਪਾਣੀ ਪੀਂਦੇ ਰਹੋ।

ਕੁੰਭ : ਨਵਾਂ ਟੈਂਡਰ ਜਾਂ ਸੌਦਾ ਮਿਲ ਸਕਦਾ ਹੈ, ਕਾਗਜ਼-ਪੱਤਰ ਸਮੇਂ ਤੋਂ ਪਹਿਲਾਂ ਤਿਆਰ ਰੱਖੋ। ਸੁਭਾਅ ਵਿੱਚ ਚਿੜਚਿੜਾਪਨ ਨਾ ਆਉਣ ਦਿਓ ਅਤੇ ਜਲਦਬਾਜ਼ੀ ਨਾ ਕਰੋ। ਸਵੇਰੇ ਧੁੱਪ ਵਿੱਚ ਸੈਰ ਕਰੋ ਅਤੇ ਫ਼ਜ਼ੂਲ ਖ਼ਰਚੀ ਤੋਂ ਬਚੋ। ਕਿਸੇ ਖ਼ਾਸ ਨੂੰ ਮਿਲ ਕੇ ਮਨ ਖ਼ੁਸ਼ ਹੋਵੇਗਾ।

ਮੀਨ : ਦੂਰੋਂ ਨਵਾਂ ਮੌਕਾ ਆ ਸਕਦਾ ਹੈ, ਬਾਹਰਲੇ ਮੁਲਕ ਜਾਣ ਦਾ ਮੌਕਾ ਬਣੇ ਤਾਂ ਪਾਸਪੋਰਟ ਦੀ ਤਾਰੀਖ਼ ਜਾਂਚ ਲਓ। ਜੀਵਨ ਸਾਥੀ ਨਾਲ ਛੋਟੀ ਗੱਲ ਤੇ ਬਹਿਸ ਟਾਲੋ। ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖੋ। ਦੂਰੋਂ ਆਇਆ ਕਿਸੇ ਦਾ ਫ਼ੋਨ ਖ਼ੁਸ਼ੀ ਦੇਵੇਗਾ ਅਤੇ ਪਿਆਰ ਵਿੱਚ ਪਹਿਲ ਹੋ ਸਕਦੀ ਹੈ।

Continue Reading

International

ਥਾਈਲੈਂਡ ਵਿੱਚ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਜਿਊਂਦਾ ਸੜੇ 11 ਵਿਅਕਤੀ, ਕਈ ਜ਼ਖਮੀ

Published

on

By

ਬੈਕਾਂਕ, 16 ਨਵੰਬਰ (ਸ.ਬ.) ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਫੁਕੇਟ ਵਿੱਚ ਅੱਜ ਸਵੇਰੇ ਤੜਕੇ ਇੱਕ ਚਾਰ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਅੱਗ ਅੱਜ ਸਵੇਰੇ ਲੱਗੀ। ਫੁਕੇਟ ਦੇ ਪਾਟੋਂਗ ਖੇਤਰ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਪਾਰਕ ਇਮਾਰਤ ਵਿੱਚ ਸਵੇਰੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਫਾਇਰਫਾਈਟਰ ਤੁਰੰਤ ਮੌਕੇ ਤੇ ਪਹੁੰਚੇ। ਅਧਿਕਾਰੀ ਨੇ ਕਿਹਾ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਨੂੰ ਦੋ ਘੰਟੇ ਲੱਗ ਗਏ।

ਜ਼ਿਕਰਯੋਗ ਹੈ ਕਿ ਅੱਗ ਇੱਕ ਇਮਾਰਤ ਵਿੱਚ ਲੱਗੀ, ਜਿੱਥੇ ਵਾਹਨ ਕਿਰਾਏ ਤੇ ਲੈਣ ਦਾ ਕਾਰੋਬਾਰ ਸੀ ਅਤੇ ਬਾਅਦ ਵਿੱਚ ਨੇੜਲੀਆਂ ਕਈ ਹੋਰ ਇਮਾਰਤਾਂ ਵਿੱਚ ਫੈਲ ਗਈ। ਥਾਈ ਅਧਿਕਾਰੀਆਂ ਦੇ ਅਨੁਸਾਰ, ਅੱਗ ਸਵੇਰੇ 3:17 ਵਜੇ ਦੇ ਕਰੀਬ ਲੱਗੀ ਅਤੇ ਇਸ ਤੇ ਕਾਬੂ ਪਾਉਣ ਵਿੱਚ ਫਾਇਰਫਾਈਟਰਾਂ ਨੂੰ ਲਗਭਗ ਦੋ ਘੰਟੇ ਲੱਗੇ।

ਹੁਣ ਤੱਕ, ਇਮਾਰਤ ਦੇ ਅੰਦਰੋਂ 11 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਥਾਈ ਅਤੇ ਮਿਆਂਮਾਰ ਦੇ ਨਾਗਰਿਕ ਦੱਸੇ ਜਾਂਦੇ ਹਨ। ਹਾਦਸੇ ਵਿੱਚ 16 ਲੋਕ ਜ਼ਖਮੀ ਹੋਏ ਹਨ। ਦਮ ਘੁੱਟਣ ਅਤੇ ਸ਼ੀਸ਼ੇ ਦੀਆਂ ਸੱਟਾਂ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਵਿੱਚ ਪਹਿਲਾਂ ਵੀ ਕਈ ਵੱਡੀਆਂ ਅੱਗਾਂ ਲੱਗੀਆਂ ਹਨ।

Continue Reading

International

ਦਰਿਆ ਵਿੱਚ ਡਿੱਗੀ ਯਾਤਰੀ ਵੈਨ, 11 ਵਿਅਕਤੀਆਂ ਦੀ ਮੌਤ

Published

on

By

ਇਸਲਾਮਾਬਾਦ, 13 ਨਵੰਬਰ (ਸ.ਬ.) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਇੱਕ ਯਾਤਰੀ ਵੈਨ ਦੇ ਦਰਿਆ ਵਿੱਚ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਬੀਤੀ ਸ਼ਾਮ ਵਾਪਰਿਆ, ਜਦੋਂ ਵੈਨ ਗਿਲਗਿਤ ਤੋਂ ਘਿਜ਼ਰ ਜ਼ਿਲ੍ਹੇ ਦੀ ਯਾਸੀਨ ਘਾਟੀ ਵੱਲ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਮੋਰਕਾਹ ਪੁਲ ਨੇੜੇ ਡਰਾਈਵਰ ਦਾ ਵਾਹਨ ਤੇ ਕਾਬੂ ਨਹੀਂ ਰਿਹਾ, ਜਿਸ ਕਾਰਨ ਵੈਨ ਯਾਸੀਨ ਦਰਿਆ ਵਿੱਚ ਜਾ ਡਿੱਗੀ। ਬਚਾਅ ਟੀਮਾਂ ਨੇ 10 ਯਾਤਰੀਆਂ (ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਸਨ) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਤਿੰਨ ਜ਼ਖਮੀ ਯਾਤਰੀਆਂ ਨੂੰ ਬਚਾਇਆ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਇਲਾਜ ਲਈ ਗੁਪਿਸ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਦੀ ਵੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਮ੍ਰਿਤਕ ਅਤੇ ਜ਼ਖਮੀ ਪਾਕਿ-ਕਬਜ਼ੇ ਵਾਲੇ ਕਸ਼ਮੀਰ ਦੀ ਯਾਸੀਨ ਘਾਟੀ ਦੇ ਰਹਿਣ ਵਾਲੇ ਸਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਖੇਤਰ ਵਿੱਚ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।

Continue Reading

Latest News

Trending