Connect with us

Mohali

ਪੰਜਾਬ ਵਿੱਚ ਪੁਲੀਸ ਵਲੋਂ ਬੇਕਸੂਰ ਲੋਕਾਂ ਤੇ ਕੀਤਾ ਜਾ ਰਿਹਾ ਹੈ ਜੁਲਮ : ਹਰਭਜਨ ਸਿੰਘ ਬਜਹੇੜੀ

Published

on

ਬਲੌਂਗੀ ਥਾਣੇ ਵਿੱਚ ਤਿੰਨ ਨੌਜਵਾਨਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ, ਡੀ ਐਸ ਪੀ ਇਸ਼ਨ ਸਿੰਗਲਾ ਵਲੋਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਬਹੁਜਨ ਸਮਾਜ ਪਾਰਟੀ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਪੁਲੀਸ ਵਲੋਂ ਬੇਕਸੂਰ ਲੋਕਾਂ ਤੇ ਜੁਲਮ ਢਾਹਿਆ ਜਾ ਰਿਹਾ ਹੈ ਅਤੇ ਪੁਲੀਸ ਬੇਕਸੂਰਾਂ ਨੂੰ ਥਾਣੇ ਲਿਜਾ ਕੇ ਉਹਨਾਂ ਤੇ ਅਣਮਨੁੱਖੀ ਤਸਦੱਦ ਢਾਹ ਰਹੀ ਹੈ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਹਰਭਜਨ ਸਿੰਘ ਬਜਹੇੜੀ, ਅਤੇ ਜ਼ਿਲ੍ਹਾ ਪ੍ਰਧਾਨ ਹਲਕਾਦਾਸ ਧਾਲੀਵਾਲ ਅਤੇ ਹੋਰ ਆਗੂਆਂ ਨੇ ਇਲਜਾਮ ਲਗਾਇਆ ਕਿ ਮੁਹਾਲੀ ਦੇ ਥਾਣਾ ਬਲੌਂਗੀ ਦੀ ਪੁਲੀਸ ਵਲੋਂ ਇੱਕ ਮਾਮੂਲੀ ਝਗੜੇ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ ਗਿਆ, ਨਕਦੀ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਣ ਤੇ ਇਲਾਜ ਕਰਵਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਇਸ ਮਾਮਲੇ ਵਿੱਚ ਜਿੰਮੇਵਾਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।

ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਦੱਸਿਆ ਕਿ ਬੀਤੀ 18 ਜੁਲਾਈ ਦੀ ਰਾਤ ਨੂੰ ਬਲੌਂਗੀ ਦਾ ਵਸਨੀਕ ਅਜੈ ਕੁਮਾਰ ਅਤੇ ਉਸਦਾ ਮਾਮੇ ਦਾ ਲੜਕਾ ਕੈਲਾਸ਼ ਬਲੌਂਗੀ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਗਏ ਸਨ। ਇਸ ਦੌਰਾਨ ਇੱਕ ਰੇਹੜੀ ਵਾਲੇ ਨਾਲ ਉਹਨਾਂ ਦੀ ਬਹਿਸ ਹੋ ਗਈ ਅਤੇ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲੀਸ ਟੀਮ ਦੋਵਾਂ ਨੂੰ ਥਾਣਾ ਬਲੌਂਗੀ ਲੈ ਗਈ। ਉਹਨਾਂ ਦੋਸ਼ ਲਗਾਇਆ ਕਿ ਥਾਣੇ ਵਿੱਚ ਉਨ੍ਹਾਂ ਦੋਵਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਇਹਨਾਂ ਦੇ ਮੁਹੱਲੇ ਦਾ ਸੋਨੂੰ ਨਾਮ ਦਾ ਨੌਜਵਾਨ ਉਹਨਾਂ ਦੀ ਜਾਣਕਾਰੀ ਲੈਣ ਲਈ ਥਾਣੇ ਪਹੁਚਿਆ ਤਾਂ ਉਸਨੂੰ ਵੀ ਉੱਥੇ ਹੀ ਬਿਠਾ ਲਿਆ ਗਿਆ ਅਤੇ ਫਿਰ ਉਸ ਨਾਲ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਉਹਨਾਂ ਇਲਜਾਮ ਲਗਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਗਹਿਣੇ, ਮੋਬਾਈਲ ਅਤੇ ਹੋਰ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ। ਨਾਲ ਹੀ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਪਰਿਵਾਰ ਵੱਲੋਂ 16 ਹਜ਼ਾਰ ਰੁਪਏ ਦੇਣ ਤੋਂ ਬਾਅਦ ਰਾਤ ਕਰੀਬ ਦੋ ਵਜੇ ਉਨ੍ਹਾਂ ਨੂੰ ਛੱਡਿਆ ਗਿਆ। ਪੀੜਤਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਖਰੜ ਪਹੁੰਚੇ ਤਾਂ ਡਾਕਟਰਾਂ ਨੇ ਵੀ ਉਨ੍ਹਾਂ ਦਾ ਤੁਰੰਤ ਇਲਾਜ ਨਹੀਂ ਕੀਤਾ ਅਤੇ ਇਹ ਸਾਰਾ ਕੁਝ ਪੁਲੀਸ ਦੀ ਮਿਲੀਭੁਗਤ ਨਾਲ ਹੀ ਕੀਤਾ ਗਿਆ।

ਉਨਾਂ ਮੰਗ ਕੀਤੀ ਕਿ ਜਿੰਮੇਵਾਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਤੋਂ ਲਏ ਗਏ ਪੈਸੇ ਵਾਪਸ ਕਰਵਾਏ ਜਾਣ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ , ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਬਹੁਜਨ ਸਮਾਜ ਪਾਰਟੀ ਪੁਲੀਸ ਦੇ ਖ਼ਿਲਾਫ਼ ਸੰਘਰਸ਼ ਕਰੇਗੀ।

ਇਸ ਸੰਬੰਧੀ ਸਪੰਰਕ ਕਰਨ ਤੇ ਖਰੜ ਸਬ ਡਿਵੀਜਰਨ 1 ਦੇ ਡੀ ਐਸ ਪੀ ਸ੍ਰੀ ਇਸ਼ਾਨ ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੀੜਤ ਉਹਨਾਂ ਨੂੰ ਮਿਲੇ ਸੀ ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੁਲੀਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Continue Reading

Mohali

ਮੁਹਾਲੀ ਦੇ ਜੁਡੀਸ਼ਿਅਲ ਕੋਰਟ ਸਮੇਤ ਅੱਧਾ ਦਰਜਨ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Published

on

By

ਪੁਲੀਸ ਪ੍ਰਸ਼ਾਸ਼ਨ ਹਾਈ ਅਲਰਟ ਤੇ, ਪੁਲੀਸ ਦੀ ਜਾਂਚ ਦੌਰਾਨ ਕੋਈ ਇਤਰਾਜਯੋਗ ਵਸਤੂ ਨਹੀਂ ਮਿਲੀ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਦੇ ਜੁਡੀਸ਼ੀਅਲ ਕੋਰਟ ਕਾਂਪਲੈਕਸ ਸਮੇਤ ਸ਼ਹਿਰ ਦੇ ਲਗਭਗ ਅੱਧ ਦਰਜਨ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਸੰਬੰਧੀ ਈ ਮੇਲ ਪ੍ਰਾਪਤ ਹੋਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ, ਐਸਏਐਸ ਨਗਰ (ਮੁਹਾਲੀ) ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 6 ਵਿੱਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ 69 ਵਿੱਚ ਸਥਿਤ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਤੋਂ ਇਲਾਵਾ ਰੇਆਨ ਸਕੂਲ, ਗੁਰੂਕੁਲ ਸਕੂਲ, ਆਰਕਿਜ ਇੰਟਨੈਸ਼ਨਲ ਸਕੂਲ ਸਮੇਤ ਕੁੱਝ ਹੋਰ ਸਕੂਲਾਂ ਨੂੰ ਧਮਕੀ ਵਾਲੀ ਈ ਮੇਲ ਮਿਲਣ ਤੋਂ ਬਾਅਦ ਇਹਨਾਂ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸਤੋਂ ਬਾਅਦ ਪੁਲੀਸ ਵਲੋਂ ਇਹਨਾਂ ਸਕੂਲਾਂ ਅਤੇ ਕੋਰਟ ਕਾਂਪਲੈਕਸ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐਂਟੀ ਸਾਬੋਤਾਜ ਟੀਮਾਂ ਅਤੇ ਬੰਬ ਸਕੂਐਡ ਵਲੋਂ ਇਹਨਾਂ ਥਾਵਾਂ ਦੀ ਤਲਾਸ਼ੀ ਲਈ ਗਈ ਪਰੰਤੂ ਕੁੱਝ ਵੀ ਇਤਰਾਜ ਯੋਗ ਨਹੀਂ ਮਿਲਿਆ।

ਇਸ ਦੌਰਾਨ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਸੂਚਨਾ ਦੇ ਕੇ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਸੁਰਖਿਤ ਬਾਹਰ ਕੱਢ ਕੇ ਘਰ ਭੇਜ ਦਿੱਤਾ ਗਿਆ। ਇਸ ਦੌਰਾਨ ਛੋਟੇ ਬੱਚਿਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੇ ਮਾਧਿਅਮ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਹਨਾਂ ਸਕੂਲਾਂ ਨੂੰ ਮਿਲੀ ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਅੱਗੇ ਦੀ ਕਾਰਵਾਈ ਜਾਰੀ ਹੈ।

ਇਸ ਦੌਰਾਨ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਇਸ ਸੰਬੰਧੀ ਅਧਿਕਾਰਤ ਹੁਕਮ ਜਾਰੀ ਕਰਕੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ, ਡਿਪਟੀ ਕਮਿਸ਼ਨਰ ਮੁਹਾਲੀ, ਐਸ ਐਸ ਪੀ ਮੁਹਾਲੀ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਿਲ੍ਹਾ ਅਟਾਰਨੀ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਅਦਾਲਤ ਦੀ ਆਫੀਸ਼ੀਅਲ ਈ ਮੇਲ ਤੇ ਅਦਾਲਤੀ ਕਾਂਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਆਈ ਹੈ ਜਿਸਤੋਂ ਬਾਅਦ ਅਦਾਲਤਾਂ ਨੂੰ ਖਾਲੀ ਕਰਵਾ ਕੇ ਸੁਰਖਿਆ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਉੱਥੇ ਮੌਜੂਦ ਵਕੀਲਾਂ, ਅਦਾਲਤੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਘਟਨਾ ਵਾਲੀ ਥਾਂ ਤੇ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਕੋਰਟ ਕੰਪਲੈਕਸ ਦੇ ਚੱਪੇ-ਚੱਪੇ, ਦਫ਼ਤਰਾਂ ਅਤੇ ਖੁੱਲ੍ਹੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਪੂਰੇ ਅਦਾਲਤ ਪਰਿਸਰ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਅਤੇ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਆਮ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਧਮਕੀ ਦੇ ਸਰੋਤ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਡਰਨ ਦੀ ਬਜਾਏ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।

Continue Reading

Mohali

ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ

Published

on

By

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਐਸ.ਏ.ਐਸ. ਨਗਰ (ਮੁਹਾਲੀ) ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4, 2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬੈਂਸ ਨੈ ਦੱਸਿਆ ਕਿ ਕਾਲਜ ਦੇ ਬੀ. ਏ. ਸਮੈਸਟਰ-5 ਦੇ ਵਿਦਿਆਰਥੀ ਸੰਜੀਵ ਗਿਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸਪਨਾ ਨੇ 1500 ਮੀਟਰ ਅਤੇ 5000 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਦੂਜਾ ਸਥਾਨ, ਭੰਨਾ ਨੇ 800 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਹਾਸਲ ਕੀਤਾ, ਦਿੱਵਿਆ ਨੇ 1500 ਮੀਟਰ ਵਿੱਚ ਦੂਜਾ ਅਤੇ 800 ਮੀਟਰ ਵਿੱਚ ਤੀਜਾ ਸਥਾਨ ਅਤੇ ਕਾਜਲ ਨੇ 400 ਮੀਟਰ ਅਤੇ 5000 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ, ਸ਼ਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਸਿਮਰਪ੍ਰੀਤ ਕੌਰ, ਪ੍ਰੋ. ਜਗਤਾਰ ਸਿੰਘ ਵਲੋਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Continue Reading

Mohali

ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਾ ਪ੍ਰਸ਼ਾਸਨ ਦੀ ਪਹਿਲੀ ਜਿੰਮੇਵਾਰੀ : ਡਾ. ਅੰਕਿਤਾ ਕਾਂਸਲ

Published

on

By

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੈਅਰਮੈਨ ਰਣਜੀਤ ਪਾਲ ਸਿੰਘ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਚਲ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਅਤੇ ਕਾਰੋਬਾਰ ਲਈ ਅਨੁਕੂਲ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਪਾਰੀ ਨੁਮਾਇੰਦਿਆਂ ਨੇ ਭਾਗ ਲਿਆ।

ਇਸ ਮੌਕੇ ਚੇਅਰਮੈਨ ਰਣਜੀਤ ਪਾਲ ਸਿੰਘ ਨੇ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਰਹਿੰਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਕੋਲ ਪ੍ਰਾਪਤ ਵੱਖ-ਵੱਖ ਸ਼ਿਕਾਇਤਾਂ ਅਤੇ ਲੰਬਿਤ ਮਾਮਲਿਆਂ ਦੀ ਵਿਭਾਗ ਵਾਰ ਸਮੀਖਿਆ ਕੀਤੀ ਗਈ। ਸਹਾਇਕ ਕਮਿਸ਼ਨਰ (ਜਨਰਲ) ਨੇ ਗਮਾਡਾ, ਪਾਵਰਕਾਮ, ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੋਂ ਲੰਬਿਤ ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋੜ ਅਨੁਸਾਰ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਡਾ. ਅੰਕਿਤਾ ਕਾਂਸਲ ਨੇ ਕਿਹਾ ਕਿ ਵਪਾਰੀ ਵਰਗ ਜ਼ਿਲ੍ਹੇ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇਸ ਲਈ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਨੂੰ ਬੇਲੋੜੀ ਦੇਰੀ ਕਾਰਨ ਲੰਬਿਤ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਰ ਵਿਭਾਗ ਆਪਣੇ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਏ।

ਮੀਟਿੰਗ ਵਿੱਚ ਜਿਲ੍ਹਾ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ, ਖਰੜ ਦੇ ਹਲਕਾ ਚੇਅਰਮੈਨ ਯਸ਼ਪਾਲ ਬਾਂਸਲ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਵਪਾਰੀ ਨੁਮਾਇੰਦੇ ਹਾਜ਼ਰ ਸਨ।

Continue Reading

Latest News

Trending