Editorial
ਜਿਮਣੀ ਚੋਣਾਂ ਵਿੱਚ ਫਸਣਗੇ ਸਿਆਸੀ ਪਾਰਟੀਆਂ ਦੇ ਸਿੰਗ
ਨਿਗਮ ਚੋਣਾਂ ਤੇ ਵੀ ਪੈ ਸਕਦਾ ਹੈ ਜਿਮਣੀ ਚੋਣਾਂ ਦਾ ਪ੍ਰਭਾਵ
ਪੰਜਾਬ ਵਿੱਚ ਇਸ ਸਮੇਂ ਸਿਆਸੀ ਸਰਗਰਮੀਆਂ ਦਿਨੋਂ ਦਿਨ ਤੇਜ ਹੋ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿਮਣੀ ਚੋਣ ਹੋਣੀ ਹੈ। ਉਸ ਤੋਂ ਬਾਅਦ ਪੰਜਾਬ ਵਿੱਚ ਨਿਗਮ ਚੋਣਾਂ ਅਤੇ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ। ਇਹ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਹੁਣੇ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਸਭ ਤੋਂ ਜਿਆਦਾ ਸਰਗਰਮੀਆਂ ਇਸ ਸਮੇਂ ਗਿਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਹੋ ਰਹੀਆਂ ਹਨ। ਅਕਾਲੀ ਆਗੂ ਰਹੇ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਿੱਦੜਬਾਹਾ ਹਲਕਾ ਸੁਰਖੀਆਂ ਵਿੱਚ ਆ ਗਿਆ ਹੈ। ਜਿਮਣੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਾਸਤੇ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਨੇ ਹੁਣ ਤਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ ਪਰੰਤੂ ਗਿੱਦੜਬਾਹਾ ਹਲਕੇ ਵਿੱਚ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।
ਸੂਬੇ ਦੇ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ (ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ) ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਇਹ ਸੀਟਾਂ ਖਾਲੀ ਹੋਈਆਂ ਹਨ। ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ, ਜਦੋਂਕਿ ਬਰਨਾਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸੇ ਤਰ੍ਹਾਂ ਚੱਬੇਵਾਲ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਡਾ. ਰਾਜਕੁਮਾਰ ਚੱਬੇਵਾਲ ਵੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਡੇਰਾ ਬਾਬਾ ਨਾਨਕ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਚੋਣ ਕਮਿਸ਼ਨ ਵੱਲੋਂ ਭਾਵੇਂ ਇਹਨਾਂ ਚਾਰ ਵਿਧਾਨਸਭਾ ਹਲਕਿਆਂ ਵਿੱਚ ਕਰਵਾਈਆਂ ਜਾਣ ਵਾਲੀਆਂ ਜਿਮਣੀ ਚੋਣਾਂ ਬਾਰੇ ਭਾਵੇਂ ਮਿਤੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰੰਤੂ ਇਹਨਾਂ ਵਾਸਤੇ ਸਰਗਰਮੀਆਂ ਜੋਰ ਫੜ ਰਹੀਆਂ ਹਨ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਸਿੰਗ ਫਸਣੇ ਤੈਅ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਇਹ ਚੋਣਾਂ ਜਿੱਤਣ ਲਈ ਪੂਰਾ ਜੋਰ ਲਗਾ ਰਹੀਆਂ ਹਨ ਅਤੇ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਇਹ ਚੋਣਾਂ ਜਿੱਤਣ ਲਈ ਦਿਨ ਰਾਤ ਇੱਕ ਕਰ ਦੇਣਗੀਆਂ। ਇਹਨਾਂ ਚੋਣਾਂ ਦਾ ਅਗਲੀਆਂ ਨਿਗਮ ਚੋਣਾਂ ਤੇ ਵੀ ਪ੍ਰਭਾਵ ਪੈਣਾ ਹੈ ਅਤੇ ਇਸ ਗੱਲ ਨੂੰ ਸਾਰੀਆਂ ਪਾਰਟੀਆਂ ਸਮਝਦੀਆਂ ਹਨ। ਇਸੇ ਕਾਰਨ ਜਿਮਣੀ ਚੋਣਾਂ ਲਈ ਮਿਤੀਆਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ।
ਬਿਊਰੋ
Editorial
ਮੁੱਖ ਸੜਕਾਂ ਕਿਨਾਰੇ ਖੜ੍ਹਦੇ ਵਾਹਨਾਂ ਤੇ ਸਖਤੀ ਨਾਲ ਕਾਬੂ ਕਰੇ ਪ੍ਰਸ਼ਾਸ਼ਨ
ਸਰਦੀ ਦਾ ਮੌਸਮ ਆਰੰਭ ਹੋ ਗਿਆ ਹੈ ਅਤੇ ਸਵੇਰੇ ਸ਼ਾਮ ਥੋੜ੍ਹੀ ਧੁੰਦ ਵੀ ਪੈਣ ਲੱਗ ਗਈ ਹੈ। ਅੱਜਕੱਲ ਦਿਨ ਵੀ ਛੇਤੀ ਛੁਪ ਜਾਂਦਾ ਹੈ ਅਤੇ ਇਸ ਨਾਲ ਸੜਕਾਂ ਤੇ ਦੇਖਣ ਦੀ ਸਮਰਥਾ ਵੀ ਕਾਫੀ ਘੱਟ ਹੋ ਗਈ ਹੈ। ਅਜਿਹੇ ਸਮੇਂ ਦੌਰਾਨ ਜਦੋਂ ਸੜਕ ਤੇ ਵੇਖਣ ਦੀ ਸਮਰਥਾ ਘੱਟ ਜਾਂਦੀ ਹੈ, ਸੜਕ ਹਾਦਸਿਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਅਤੇ ਸੜਕ ਤੇ ਕਿਸੇ ਕਿਸਮ ਦੀ ਰੁਕਾਵਟ ਵੀ ਖਤਰੇ ਦਾ ਕਾਰਨ ਬਣਦੀ ਹੈ। ਪਰੰਤੂ ਸਾਡੇ ਸ਼ਹਿਰ ਦੀ ਹਾਲਤ ਹੈ ਕਿ ਇੱਥੇ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਲੋਕਾਂ ਵਲੋਂ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਹਨਾਂ ਕਾਰਨ ਜਿੱਥੇ ਵਾਹਨਾਂ ਦੇ ਲਾਂਘੇ ਲਈ ਰਾਹ ਘੱਟ ਹੋ ਜਾਂਦਾ ਹੈ ਉੱਥੇ ਇਸ ਕਾਰਨ ਅਜਿਹੇ ਹਾਦਸਿਆਂ ਦੀ ਆਸ਼ੰਕਾ ਹੋਰ ਵੀ ਵੱਧ ਜਾਂਦੀ ਹੈ।
ਲੋਕਾਂ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦੀ ਸਮੱਸਿਆ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਉਹਨਾਂ ਥਾਵਾਂ ਤੇ ਜਿਆਦਾ ਦਿਖਦੀ ਹੈ ਜਿੱਥੇ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਫੇਜ਼ 5 ਦੇ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ, ਫੇਜ਼ 7 ਦੀ ਮਾਰਕੀਟ ਦਾ ਉਹ ਹਿੱਸਾ ਜਿੱਥੇ ਵਿੱਚ ਵੱਡੀ ਗਿਣਤੀ ਬੈਂਕ ਮੌਜੂਦ ਹਨ, ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਅਤੇ ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਇਹ ਸਮੱਸਿਆ ਕਾਫੀ ਜਿਆਦਾ ਹੈ।
ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਅਜਿਹੀਆਂ ਗੱਡੀਆਂ ਨੂੰ ਕ੍ਰੇਨ ਨਾਲ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਫਿਰ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹਨਾਂ ਨੂੰ ਛੱਡਿਆ ਜਾਂਦਾ ਸੀ, ਪਰੰਤੂ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੈ ਅਤੇ ਇਸ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸ਼ਹਿਰ ਦੀਆਂ ਸੜਕਾਂ ਕਿਨਾਰੇ ਲੋਕਾਂ ਵਲੋਂ ਆਪਣੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਵੀ ਅਜਿਹੀ ਹੀ ਹੈ ਜਿਸ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਜਿਹਾ ਹੀ ਕਰਦੇ ਦਿਖਦੇ ਹਨ। ਸ਼ਹਿਰ ਵਾਸੀ ਕਿਸੇ ਹੋਰ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾ ਤੇ ਤਾਂ ਇਤਰਾਜ ਕਰਦੇ ਦਿਖਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ‘ਬਸ ਦੋ ਮਿਨਟ ਦਾ ਕੰਮ ਹੈ’ ਵਰਗੇ ਬਹਾਨੇ ਬਣਾ ਕੇ ਖੁਦ ਨੂੰ ਜਾਇਜ ਕਰਾਰ ਦੇਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਕੁੱਝ ਅਜਿਹੀ ਹੋ ਗਈ ਜਾਪਦੀ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸ਼ਹਿਰਵਾਸੀ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ।
ਸਥਾਨਕ ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਛਹਿਰ ਦੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰਯਕੀਨੀ ਬਣਾਇਆ ਜਾਵੇ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਾਰਨ ਪੇਸ਼ ਆਉਂਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋ ਸਕੇ।
Editorial
ਰੂਸ ਅਤੇ ਯੂਕਰੇਨ ਵਿਚਾਲੇ ਪਰਮਾਣੂ ਜੰਗ ਛਿੜਨ ਦੀ ਸੰਭਾਵਨਾ ਵਧੀ
ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਦੌਰਾਨ ਦੋਵਾਂ ਵਿਚਾਲੇ ਹੁਣ ਪਰਮਾਣੂ ਜੰਗ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਇਸ ਸੰਬੰਧੀ ਜਿੱਥੇ ਰੂਸ ਵੱਲੋਂ ਯੂਕਰੇਨ ਵਿਰੁੱਧ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿਤੀ ਜਾ ਰਹੀ ਹੈ, ਉਥੇ ਹੁਣ ਅਮਰੀਕਾ ਵੱਲੋਂ ਯੂਕਰੇਨ ਨੂੰ ਰੂਸ ਵਿਰੁੱਧ ਵਰਤਣ ਲਈ ਪਰਮਾਣੂ ਹਥਿਆਰ ਦੇਣ ਦੀ ਯੋਜਨਾ ਬਣਾਈ ਗਈ ਹੈ, ਜਿਸ ਕਾਰਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੋਰ ਭੜਕਣ ਦੀ ਸੰਭਾਵਨਾ ਹੈ।
ਯੂਕਰੇਨ ਕਿਸੇ ਸਮੇਂ ਰੂਸ ਦਾ ਹੀ ਹਿੱਸਾ ਹੁੰਦਾ ਹੈ ਪਰ ਹੁਣ ਵੱਖਰਾ ਦੇਸ਼ ਹੈ। ਰੂਸ ਨੂੰ ਘੇਰਨ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਯੂਕਰੇਨ ਨੂੰ ਹਮਾਇਤ ਦੇਣੀ ਆਰੰਭ ਕਰ ਦਿੱਤੀ ਅਤੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਸ ਨੂੰ ਰੂਸ ਵਿਰੁੱਧ ਖੜਾ ਕਰ ਦਿੱਤਾ, ਜਿਸ ਕਾਰਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ। ਇਸ ਜੰਗ ਨੂੰ ਹੁਣ ਕਾਫੀ ਸਮਾਂ ਬੀਤ ਗਿਆ ਹੈ ਪਰ ਅਜੇ ਵੀ ਇਹ ਜੰਗ ਜਾਰੀ ਹੈ, ਜੋ ਕਿ ਹੁਣ ਪਰਮਾਣੂ ਹਥਿਆਰਾਂ ਦੀ ਲੜਾਈ ਤਕ ਪਹੁੰਚ ਸਕਦੀ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਿੱਚ ਦੋਵਾਂ ਦੇਸ਼ਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਦੋਵਾਂ ਵਿਚੋਂ ਕੋਈ ਵੀ ਦੇਸ਼ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਰੂਸ ਨੂੰ ਜਿਥੇ ਆਪਣੀ ਫ਼ੌਜੀ ਸਮਰਥਾ ਅਤੇ ਪਰਮਾਣੂ ਸ਼ਕਤੀ ਤੇ ਭਰੋਸਾ ਹੈ, ਉਥੇ ਯੂਕਰੇਨ ਨੂੰ ਆਪਣੇ ਦੋਸਤ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਪੂਰੀ ਸਹਾਇਤਾ ਪ੍ਰਾਪਤ ਹੈ। ਯੂਕਰੇਨ ਅਮਰੀਕਾ ਦੇ ਸਹਾਰੇ ਹੀ ਰੂਸ ਨੂੰ ਲਲਕਾਰ ਰਿਹਾ ਹੈ ਜਦੋਂਕਿ ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ਾਂ ਨੇ ਰੂਸ ਨੂੰ ਯੂਕਰੇਨ ਰਾਹੀਂ ਘੇਰਿਆ ਹੋਇਆ ਹੈ ਜਿਸ ਦਾ ਰੂਸ ਸਖ਼ਤ ਵਿਰੋਧ ਕਰਦਾ ਹੈ। ਇਸਦਾ ਨਤੀਜਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਿੱਚ ਨਿਕਲਿਆ ਹੈ।
ਕਿਹਾ ਜਾਂਦਾ ਹੈ ਕਿ ਇੱਕ ਪਾਸੇ ਜਿੱਥੇ ਅਮਰੀਕਾ ਹਰ ਹੀਲੇ ਰੂਸ ਨੂੰ ਖਤਮ ਕਰਨਾ ਚਾਹੁੰਦਾ ਹੈ ਉੱਥੇ ਦੂਜੇ ਪਾਸੇ ਰੂਸ ਵੀ ਆਪਣੇ ਸਟੈਂਡ ਤੇ ਡਟਿਆ ਹੋਇਆ ਹੈ ਅਤੇ ਅਮਰੀਕਾ ਤੇ ਹੋਰ ਮੁਲਕਾਂ ਦਾ ਸਖ਼ਤ ਮੁਕਾਬਲਾ ਕਰ ਰਿਹਾ ਹੈ। ਅਮਰੀਕਾ ਤੇ ਉਸ ਦੇ ਮਿੱਤਰ ਦੇਸ਼ਾਂ ਨੂੰ ਅਜਿਹਾ ਲੱਗਦਾ ਸੀ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਰੂਸ ਕਮਜੋਰ ਹੋ ਗਿਆ ਹੈ ਪਰ ਰੂਸ ਨੇ ਆਪਣੀ ਸ਼ਕਤੀ ਨਾਲ ਦਿਖਾ ਦਿਤਾ ਹੈ ਕਿ ਰੂਸ ਕਮਜੋਰ ਨਹੀਂ ਹੋਇਆ ਅਤੇ ਉਹ ਅਮਰੀਕਾ ਦਾ ਮੁਕਾਬਲਾ ਕਰਨ ਲਈ ਤਰ੍ਹਾਂ ਤਿਆਰ ਹੈ।
ਇਸ ਗੱਲ ਤੋਂ ਸਾਰੇ ਹੀ ਜਾਣੂ ਹਨ ਕਿ ਅਮਰੀਕਾ ਅਤੇ ਰੂਸ ਕੋਲ ਵੱਡੀ ਗਿਣਤੀ ਵਿੱਚ ਪਰਮਾਣੂ ਹਥਿਆਰ ਹਨ। ਜੇ ਅਮਰੀਕਾ ਯੂਕਰੇਨ ਨੂੰ ਪਰਮਾਣੂ ਹਥਿਆਰ ਦਿੰਦਾ ਹੈ ਤਾਂ ਇਸ ਜੰਗ ਵਿੱਚ ਇਹਨਾਂ ਹਥਿਆਰਾਂ ਦੀ ਵਰਤੋਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸਦੇ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕਣ ਲਈ ਵੀ ਭਾਵੇਂ ਕਈ ਦੇਸ਼ ਸਰਗਰਮ ਹਨ ਪਰ ਉਹਨਾਂ ਦੀਆਂ ਕੋਸ਼ਿਸਾਂ ਨੂੰ ਬੂਰ ਨਹੀਂ ਪਿਆ। ਇਸ ਜੰਗ ਦੇ ਹੁਣ ਤਕ ਬਹੁਤ ਮਾੜੇ ਨਤੀਜੇ ਸਾਹਮਣੇ ਆਏ ਹਨ। ਇਸ ਕਾਰਨ ਜਿੱਥੇ ਦੁਨੀਆਂ ਵਿੱਚ ਮਹਿੰਗਾਈ ਬਹੁਤ ਵੱਧ ਗਈ ਹੈ ਉੱਥੇ ਇਸ ਕਾਰਨ ਦੁਨੀਆਂ ਨੂੰ ਹੋਰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਜਿਸ ਤਰੀਕੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਜੰਗ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ, ਉਸ ਨਾਲ ਵੱਡੀ ਤਬਾਹੀ ਹੋਣ ਦਾ ਖਤਰਾ ਬਣ ਗਿਆ ਹੈ।
ਬਿਊਰੋ
Editorial
ਇੰਟਰਨੈਟ ਤੇ ਲੋਕਾਂ ਨੂੰ ਘਟੀਆ ਅਤੇ ਨਕਲੀ ਸਾਮਾਨ ਵੇਚਣ ਵਾਲੇ ਠੱਗਾਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ
ਪਿਛਲੇ ਕੁੱਝ ਸਾਲਾਂ ਦੌਰਾਨ ਆਮ ਲੋਕਾਂ ਵਲੋਂ ਵੱਖ ਵੱਖ ਤਰ੍ਹਾਂ ਦਾ ਸਾਮਾਨ ਆਨ ਲਾਈਨ ਮੰਗਵਾਉਣ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਲੋਕਾਂ ਵਲੋਂ ਆਪਣੀ ਹਰ ਤਰ੍ਹਾਂ ਦੀ ਛੋਟੀ ਵੱਡੀ ਲੋੜ ਦਾ ਸਮਾਨ ਲੈਣ ਲਈ ਆਨ ਲਾਈਨ ਖਰੀਦਦਾਰੀ ਤੇ ਜੋਰ ਦਿੰਦਿਆਂ ਇੰਟਰਨੈਟ ਤੇ ਸਾਮਾਨ ਵੇਚਣ ਵਾਲੀਆਂ ਵੈਬਸਾਈਟਾਂ ਤੋਂ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਵਧਾ ਦਿੱਤੀ ਗਈ ਹੈ। ਇਸਦੇ ਨਾਲ ਹੀ ਆਨਲਾਈਨ ਸਾਮਾਨ ਦੀ ਖਰੀਦ ਦੌਰਾਨ ਘਟੀਆ ਕੁਆਲਟੀ ਦੇ ਮਾਲ ਦੀ ਸਪਲਾਈ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਵੱਧ ਗਈਆਂ ਹਨ ਅਤੇ ਕਿਸੇ ਸਾਮਾਨ ਦਾ ਆਨਲਾਈਨ ਆਰਡਰ ਕਰਨ ਵਾਲੇ ਲੋਕ ਸਾਮਾਨ ਦੀ ਘਟੀਆ ਕੁਆਲਟੀ ਦੀ ਸ਼ਿਕਾਇਤ ਕਰਦੇ ਆਮ ਦਿਖ ਜਾਂਦੇ ਹਨ।
ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਆਨਲਾਈਨ ਸਾਮਾਨ ਵੇਚਣ ਵਾਲੀਆਂ ਜਿਆਦਾਤਾਰ ਵੈਬਸਾਈਟਾਂ ਵਲੋਂ ਬ੍ਰਾਂਡਿਡ ਸਾਮਾਨ ਦੇ ਨਾਮ ਤੇ ਗ੍ਰਾਹਕਾਂ ਨੂੰ ਨਕਲੀ ਸਾਮਾਨ ਵੇਚ ਕੇ ਠੱਗਿਆ ਜਾਂਦਾ ਹੈ। ਅਜਿਹੀਆਂ ਵੈਬਸਾਈਟਾ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ ਉਹ ਬ੍ਰਾਂਡਿਡ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਅਸਲੀ ਸਾਮਾਨ ਹੀ ਹੁੰਦਾ ਹੈ ਅਤੇ ਆਮ ਲੋਕ ਵੈਬਸਾਈਟ ਤੇ ਇਸ ਸਾਮਾਨ ਦੀਆਂ ਤਸਵੀਰਾਂ ਵੇਖ ਕੇ ਇਹ ਸਾਮਾਨ ਖਰੀਦਣ ਦਾ ਆਰਡਰ ਵੀ ਕਰਦੇ ਹਨ ਪਰੰਤੂ ਬਾਅਦ ਵਿੱਚ ਇਹਨਾਂ ਕੰਪਨੀਆਂ ਵਲੋਂ ਲੋਕਾਂ ਦੇ ਘਰਾਂ ਵਿੱਚ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ।
ਇਸ ਤਰੀਕੇ ਨਾਲ ਆਮ ਲੋਕਾਂ ਨੂੰ ਅਸਲੀ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹਨਾਂ ਵੈਬਸਾਈਟਾਂ ਦੀ ਇਹ ਕਾਰਵਾਈ ਨਵੀਂ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਹੋਰ ਤਾਂ ਹੋਰ ਕਈ ਨਾਮੀ ਈ ਕਾਮਰਸ ਕੰਪਨੀਆਂ ਤਕ ਵਲੋਂ ਆਮ ਲੋਕਾਂ ਨੂੰ ਅਜਿਹਾ ਨਕਲੀ ਸਾਮਾਨ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਾਮਾਨ ਖਰੀਦਣ ਵਾਲਾ ਵਿਅਕਤੀ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹਨਾਂ ਈ ਕਾਮਰਸ ਕੰਪਨੀਆਂ ਦੇ ਪਲੇਟਫਾਰਮ ਤੇ ਅੱਗੇ ਕਈ ਹੋਰ ਛੋਟੇ ਵੱਡੇ ਦੁਕਾਨਦਾਰ ਆਪਣਾ ਸਾਮਾਨ ਵੇਚਦੇ ਹਨ ਜਿਹਨਾਂ ਤੋਂ ਇਹ ਈ ਕਾਮਰਸ ਕੰਪਨੀਆਂ ਕਮਿਸ਼ਨ ਲੈਂਦੀਆਂ ਹਨ।
ਲੋਕਾਂ ਨੂੰ ਇਸ ਤਰੀਕੇ ਨਾਲ ਵੱਡੀਆਂ ਕੰਪਨੀਆਂ ਦੇ ਸਾਮਾਨ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਉਹਨਾਂ ਨਾਲ ਸਿੱਧੀ ਠੱਗੀ ਹੈ ਪਰੰਤੂ ਇਸ ਤਰੀਕੇ ਨਾਲ ਖਪਤਕਾਰਾਂ ਦੀ ਹੁੰਦੀ ਲੁੱਟ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਸਖਤ ਨਿਯਮਾਂ ਦੀ ਅਣਹੋਂਦ ਕਾਰਨ ਇਹ ਲੁੱਟ ਲਗਾਤਾਰ ਚਲਦੀ ਰਹਿੰਦੀ ਹੈ। ਅਜਿਹਾ ਵੀ ਨਹੀਂ ਹੈ ਕਿ ਆਨਲਾਈਨ ਵਿਕਰੀ ਦੇ ਨਾਮ ਤੇ ਠੱਗੀ ਦੀ ਇਹ ਕਾਰਵਾਈ ਸਿਰਫ ਭਾਰਤ ਵਿੱਚ ਹੀ ਹੁੰਦੀ ਹੈ, ਬਲਕਿ ਪੂਰੇ ਵਿਸ਼ਵ ਵਿੱਚ ਅਜਿਹਾ ਆਮ ਹੁੰਦਾ ਹੈ ਪਰੰਤੂ ਵਿਸ਼ਵ ਦੇ ਜਿਆਦਾਤਰ ਵਿਕਸਿਤ ਮੁਲਕਾਂ ਵਿੱਚ ਨਕਲੀ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਆਨਲਾਈਨ ਕੰਪਨੀਆਂ ਵਲੋਂ ਕੀਤੀ ਜਾਂਦੀ ਆਮ ਖਪਤਕਾਰਾਂ ਦੀ ਲੁੱਟ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਲਾਗੂ ਹਨ ਅਤੇ ਕਿਸੇ ਵੀ ਕੰਪਨੀ ਵਲੋਂ ਗ੍ਰਾਹਕਾਂ ਨੂੰ ਵੇਚੇ ਗਏ ਸਾਮਾਨ ਦੇ ਖਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਸਾਮ੍ਹਣੇ ਆਉਣ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ।
ਪਰੰਤੂ ਸਾਡੇ ਦੇਸ਼ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਇਹਨਾਂ ਆਨ ਲਾਈਨ ਕੰਪਨੀਆਂ ਵਲੋਂ ਆਮ ਲੋਕਾਂ ਦੀ ਧੜ੍ਹਲੇ ਨਾਲ ਲੁੱਟ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਹਾਲ ਹੈ ਕਿ ਝੂਠੇ ਦਾਅਵੇ ਕਰਕੇ ਆਪਣਾ ਮਾਲ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਗ੍ਰਾਹਕ ਨੂੰ ਘਟੀਆ ਸਾਮਾਨ ਵੇਚਣ ਤੋਂ ਬਾਅਦ ਉਸਦੀ ਗੱਲ ਤਕ ਸੁਣਨ ਲਈ ਤਿਆਰ ਨਹੀਂ ਹੁੰਦੀਆਂ ਅਤੇ ਖਪਤਕਾਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਵਿੱਚ ਵਿਕਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਕੁਆਲਟੀ ਦੇ ਮਿਆਰ ਤੈਅ ਕਰਕੇ ਅਜਿਹੇ ਸਾਮਾਨ ਦਾ ਉਤਪਾਦਨ ਜਾਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਗੱਲ ਲਈ ਪਾਬੰਦ ਕੀਤਾ ਜਾਵੇ ਕਿ ਜੇਕਰ ਕਿਸੇ ਕੰਪਨੀ ਵਲੋਂ ਤਿਆਰ ਕੀਤਾ ਗਿਆ ਸਾਮਾਨ ਘਟੀਆ ਪੱਧਰ ਦਾ ਨਿਕਲਦਾ ਹੈ ਤਾਂ ਕੰਪਨੀਆਂ ਨਾ ਸਿਰਫ ਮਾਰਕੀਟ ਵਿੱਚ ਵੇਚਿਆ ਗਿਆ ਆਪਣਾ ਪੂਰਾ ਸਾਮਾਨ ਵਾਪਿਸ ਲੈਣਗੀਆਂ ਬਲਕਿ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਦਾ ਹਰਜਾਨਾ ਵੀ ਅਦਾ ਕਰਨਗੀਆਂ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਖਪਤਕਾਰਾਂ ਨੂੰ ਠੱਗੀ ਦੀ ਇਸ ਕਾਰਵਾਈ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਏ ਅਤੇ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਜਾਵੇ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਸੰਬੰਧੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਦੀ ਇਸ ਤਰਕੇ ਨਾਲ ਕੀਤੀ ਜਾਂਦੀ ਲੁੱਟ ਤੋਂ ਬਚਾਇਆ ਜਾ ਸਕੇ।
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ