Connect with us

Mohali

ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵੱਲੋਂ ਈ ਐਸ ਆਈ ਦੇ ਖਿਲਾਫ ਸੰਘਰਸ਼ ਦੀ ਚਿਤਾਵਨੀ

Published

on

ਕਰਮਚਾਰੀਆਂ ਨੂੰ ਬਣਦਾ ਇਲਾਜ ਅਤੇ ਵਿੱਤੀ ਲਾਭ ਨਾ ਦੇਣ ਦਾ ਇਲਜਾਮ ਲਗਾਇਆ

ਐਸ ਏ ਐਸ ਨਗਰ, 7 ਅਗਸਤ (ਸ.ਬ.) ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਨੇ ਈ ਐਸ ਆਈ ਤੇ ਇਲਜਾਮ ਲਗਾਇਆ ਹੈ ਕਿ ਉਸ ਵਲੋਂ ਇਲਾਜ ਅਧੀਨ ਮਜਦੂਰਾਂ ਅਤੇ ਉਦਯੋਗਿਕ ਕਾਮਿਆਂ ਦੇ ਬਣਦੇ ਕਲੇਮਾਂ ਦੀ ਅਦਾਇਗੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਖੇਤਰੀ ਦਫ਼ਤਰ, ਚੰਡੀਗੜ੍ਹ ਵਲੋਂ ਦਾਅਵਿਆਂ ਨੂੰ ਗੈਰਵਾਜਬ ਤੌਰ ਤੇ ਰੱਦ ਕਰਕੇ ਸਹੀ ਡਾਕਟਰੀ ਦਾਅਵਿਆਂ ਅਤੇ ਵਿੱਤੀ ਲਾਭਾਂ ਨੂੰ ਯੋਜਨਾਬੱਧ ਢੰਗ ਨਾਲ ਇਨਕਾਰ ਕੀਤਾ ਜਾ ਰਿਹਾ ਹੈ।

ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ, ਜਨਰਲ ਸਕੱਤਰ ਰਾਕੇਸ਼ ਵਿਗ ਅਤੇ ਐਸੋਸੀਏਸ਼ਨ ਦੀ ਈ ਐਸ ਆਈ, ਪੀ ਐਫ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਕਰਮਚਾਰੀ ਰਾਜ ਬੀਮਾ ਨਿਗਮ (ਈ ਐਸ ਆਈ ਸੀ) 10 ਜਾਂ ਵੱਧ ਕਾਮਿਆਂ ਵਾਲੀਆਂ ਕੰਪਨੀਆਂ ਅਤੇ ਫੈਕਟਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਮਾਰੀ, ਜਣੇਪਾ ਅਤੇ ਰੁਜ਼ਗਾਰ ਸੱਟ ਦੀ ਸਥਿਤੀ ਵਿੱਚ ਕੁੱਝ ਇਲਾਜ ਅਤੇ ਹੋਰ ਲਾਭ ਪ੍ਰਦਾਨ ਕਰਦੀ ਹੈ ਅਤੇ ਇਸਦੇ ਬਦਲੇ ਈ ਐਸ ਆਈ ਸੀ ਮਾਲਕਾਂ ਸਮੇਤ ਕਰਮਚਾਰੀਆਂ ਦੇ ਹਿੱਸੇ ਤੋਂ 4 ਫੀਸਦੀ ਯੋਗਦਾਨ ਵਸੂਲਦਾ ਹੈ।

ਉਹਨਾਂ ਕਿਹਾ ਕਿ ਕਾਮਿਆਂ ਅਤੇ ਐਮ ਐਸ ਐਮ ਈ ਮਾਲਕਾਂ ਵੱਲੋਂ ਯੋਗਦਾਨ ਦੇ ਬਾਵਜੂਦ, ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਖੇਤਰੀ ਦਫ਼ਤਰ, ਚੰਡੀਗੜ੍ਹ ਦਾਅਵਿਆਂ ਨੂੰ ਗੈਰ-ਵਾਜਬ ਤੌਰ ਤੇ ਰੱਦ ਕਰਕੇ ਸਹੀ ਡਾਕਟਰੀ ਦਾਅਵਿਆਂ ਅਤੇ ਵਿੱਤੀ ਲਾਭਾਂ ਨੂੰ ਯੋਜਨਾਬੱਧ ਢੰਗ ਨਾਲ ਇਨਕਾਰ ਕਰ ਰਿਹਾ ਹੈ।

ਉਹਨਾਂ ਇਲਜਾਮ ਲਗਾਇਆ ਕਿ ਜਾਇਜ਼ ਡਾਕਟਰੀ ਅਦਾਇਗੀ ਬਿੱਲਾਂ ਨੂੰ ਨਿਯਮਤ ਤੌਰ ਤੇ ਕਮਜ਼ੋਰ ਤਕਨੀਕੀ ਆਧਾਰਾਂ ਤੇ ਰੱਦ ਕੀਤਾ ਜਾ ਰਿਹਾ ਹੈ। ਨਿਰਭਰ ਲਾਭਾਂ ਦੇ ਮਾਮਲਿਆਂ ਨੂੰ ਮਨਜ਼ੂਰੀ ਦੇਣ ਵਿੱਚ ਗੰਭੀਰ ਪ੍ਰਸ਼ਾਸਕੀ ਦੇਰੀ ਸੋਗਮਈ ਪਰਿਵਾਰਾਂ ਨੂੰ ਜ਼ਰੂਰੀ ਵਿੱਤੀ ਸਹਾਇਤਾ ਤੋਂ ਵਾਂਝਾ ਕਰ ਰਹੀ ਹੈ। ਈ ਐਸ ਆਈ ਸੀ ਅਧਿਕਾਰੀ ਬਹੁਤ ਜ਼ਿਆਦਾ ਅਤੇ ਬੇਲੋੜੇ ਕਾਗਜ਼ਾਤ ਦੀ ਮੰਗ ਕਰ ਰਹੇ ਹਨ, ਜਿਸ ਨਾਲ ਮੈਡੀਕਲ ਬਿੱਲਾਂ ਦੇ ਨਿਪਟਾਰੇ ਦੀ ਮੰਗ ਕਰਨ ਵਾਲੇ ਕਰਮਚਾਰੀਆਂ ਤੰਗ ਹੋ ਰਹੇ ਹਨ। ਇਸ ਸਾਰੇ ਕੁੱਝ ਕਾਰਨ ਕਾਮਿਆਂ ਅਤੇ ਮਾਲਕਾਂ ਦੇ ਨੁਮਾਇੰਦਿਆਂ ਨੂੰ ਈ ਐਸ ਆਈ ਸੀ ਅਧਿਕਾਰੀਆਂ ਦੇ ਗੈਰ ਸਹਿਯੋਗੀ ਅਤੇ ਗੈਰ ਪੇਸ਼ੇਵਰ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਕੇ ਸੰਸਥਾ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਇਲਜਾਮ ਲਗਾਇਆ ਕਿ ਅਪ੍ਰੈਲ-2026 ਵਿੱਚ ਸ਼੍ਰੀ ਦੀਪਕ ਮਲਿਕ ਦੇ ਈ ਐਸ ਆਈ ਸੀ, ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਈ ਐਸ ਆਈ ਸੀ ਸੇਵਾਵਾਂ ਬਦ ਤੋਂ ਬਦਤਰ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਰੁਝਾਨ ਬੀਮਾਯੁਕਤ ਕਾਮਿਆਂ ਦੇ ਅਸਲ ਕੇਸਾਂ ਨੂੰ ਕਿਸੇ ਵੀ ਤਰੀਕੇ ਨਾਲ ਰੱਦ ਕਰਨ ਦਾ ਹੈ। ਉਹਨਾਂ ਕਿਹਾ ਕਿ ਰੁਜ਼ਗਾਰ ਦੀ ਸੱਟ ਕਾਰਨ ਡਿਊਟੀ ਦੌਰਾਨ ਮਰਨ ਵਾਲੇ ਮਰਹੂਮ ਬੀਮਾਯੁਕਤ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਾਖਿਲ ਕੀਤੇ ਨਿਰਭਰ ਲਾਭਾਂ ਦੇ 10 ਤੋਂ ਵੱਧ ਕੇਸ ਪਿਛਲੇ ਪੈਂਡਿੰਗ ਪਏ ਹਨ ਜਿਹਨਾਂ ਵਿੱਚ ਸਵਰਗੀ ਰਾਮਨਾਥ ਪਾਸਵਾਨ (ਆਈਪੀ ਨੰ. 1214222305), ਸਵਰਗੀ ਦਰਸ਼ਨ ਸਿੰਘ (ਆਈਪੀ ਨੰਬਰ 1216233996) ਅਤੇ ਸਵਰਗੀ ਮੁਰਾਰੀ ਯਾਦਵ (ਆਈਪੀ ਨੰਬਰ 1215304840) ਦੇ ਕੇਸ ਵੀ ਸ਼ਾਮਿਲ ਹਨ।

ਉਹਨਾਂ ਕਿਹਾ ਕਿ ਮੁਹਾਲੀ ਖੇਤਰ ਵਿੱਚ ਬੀਮਾਯੁਕਤ ਵਿਅਕਤੀਆਂ ਦੀ ਗਿਣਤੀ ਲਗਭਗ 3,85,000 ਹੈ ਜਦੋਂਕਿ ਮੁਹਾਲੀ ਦਾ ਈ ਐਸ ਆਈ ਹਸਪਤਾਲ ਸਿਰਫ 30 ਬਿਸਤਰਿਆਂ ਦਾ ਹੈ ਜੋ 3,85,000 ਆਈਪੀ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਛੋਟਾ ਹੈ ਅਤੇ ਈ ਐਸ ਆਈ ਸੀ ਹੈਡਕੁਆਰਟਰ ਨਵੀਂ ਦਿੱਲੀ ਦੀਆਂ 11-07-2022 ਦੀਆਂ ਹਦਾਇਤਾਂ ਦੇ ਅਨੁਸਾਰ, ਜਿੱਥੇ ਕੈਚਮੈਂਟ ਖੇਤਰ ਵਿੱਚ ਬੀਮਾਯੁਕਤ ਵਿਅਕਤੀਆਂ ਦੀ ਘੱਟੋ-ਘੱਟ ਗਿਣਤੀ 3,50,000 ਹੈ ਉੱਥੇ 400 ਬਿਸਤਰਿਆਂ ਵਾਲਾ ਹਸਪਤਾਲ ਲੋੜੀਂਦਾ ਹੈ, ਪਰੰਤੂ ਈ ਐਸ ਆਈ ਸੀ ਮੁਹਾਲੀ ਦੇ ਈ ਐਸ ਆਈ ਹਸਪਤਾਲ ਮੁਹਾਲੀ ਨੂੰ ਅਪਗ੍ਰੇਡ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ।

ਉਹਨਾਂ ਕਿਹਾ ਕਿ ਮੁਹਾਲੀ ਖੇਤਰ ਵਿੱਚ ਜਿਹੜੀਆਂ 9 ਈ ਐਸ ਆਈ ਡਿਸਪੈਂਸਰੀਆਂ ਹਨ, ਉਹ ਵੀ ਖਸਤਾਹਾਲ ਇਮਾਰਤਾਂ ਵਿੱਚ ਹਨ ਅਤੇ ਬੁਨਿਆਦੀ ਡਾਕਟਰੀ ਸਹੂਲਤਾਂ ਤੋਂ ਵੀ ਸੱਖਣੀਆਂ ਹਨ। ਇਹਨਾਂ ਡਿਸਪੈਂਸਰੀਆਂ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਹੈ ਅਤੇ ਜ਼ਿਆਦਾਤਰ ਡਿਸਪੈਂਸਰੀਆਂ ਸਿਰਫ਼ ਫਾਰਮਾਸਿਸਟਾਂ ਦੁਆਰਾ ਚਲਾਈਆਂ ਜਾਂਦੀਆਂ ਹਨ।

ਉਹਨਾਂ ਕਿਹਾ ਕਿ ਮੁਹਾਲੀ ਦਾ ਈ ਐਸ ਆਈ ਹਸਪਤਾਲ ਅਤੇ 9 ਡਿਸਪੈਂਸਰੀਆਂ ਐਂਬੂਲੈਂਸ ਸਹੂਲਤਾਂ ਤੋਂ ਬਿਨਾਂ ਹਨ ਅਤੇ ਇਹ ਹਸਪਤਾਲ ਮੁਹਾਲੀ, ਰੁਜ਼ਗਾਰ ਦੀ ਸੱਟ ਅਤੇ ਸੈਕੰਡਰੀ ਦੇਖਭਾਲ ਲਈ ਬੀਮਾਯੁਕਤ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਹੈ। ਗੰਭੀਰ ਸੱਟ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ ਨੂੰ ਹੋਰਨਾਂ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਬੀਮਿਤ ਕਾਮਿਆਂ ਨੂੰ ਡਾਕਟਰੀ ਇਲਾਜ ਲਈ ਜੇਬ ਵਿੱਚੋਂ ਭੁਗਤਾਨ ਕਰਨਾ ਪੈਂਦਾ ਹੈ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਸੀ ਜੀ ਐਚ ਐਸ ਦਰਾਂ ਤੇ ਅਦਾਇਗੀ ਮਿਲਦੀ ਹੈ।

ਸੰਸਥਾ ਦੇ ਜਨਰਲ ਸਕੱਤਰ ਸ਼੍ਰੀ ਰਾਕੇਸ਼ ਵਿਗ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦਿਆਂ ਨੇ ਇੱਕ ਮਹੀਨਾ ਪਹਿਲਾਂ ਐਮ ਆਈ ਏ ਭਵਨ ਵਿਖੇ ਈ ਐਸ ਆਈ ਸੀ ਦੇ ਖੇਤਰੀ ਨਿਰਦੇਸ਼ਕ ਸ਼੍ਰੀ ਦੀਪਕ ਮਲਿਕ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਬੀਮਾਯੁਕਤ ਵਿਅਕਤੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਦਫ਼ਤਰ ਵਿੱਚ ਪਏ ਆਸ਼ਰਿਤ ਲਾਭ ਦੇ ਕੇਸਾਂ ਬਾਰੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਪਰੰਤੂ ਐਮ ਆਈ ਏ ਨੂੰ ਕੋਈ ਸਕਾਰਾਤਮਕ ਜਵਾਬ ਦੇਣ ਦੀ ਬਜਾਏ ਉਹਨਾਂ ਕਿਹਾ ਕਿ ਉਹਨਾਂ ਦੇ ਦਫ਼ਤਰ ਭੇਜੇ ਗਏ ਕੇਸ ਅਧੂਰੇ ਹਨ ਅਤੇ ਉਹਨਾਂ ਵਿੱਚ ਲੋੜੀਂਦੀ ਸੋਧ ਕਰਕੇ ਦੁਬਾਰਾ ਜਮ੍ਹਾਂ ਕਰਵਾਇਆ ਜਾਵੇ।

ਐਮ ਆਈ ਏ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ ਨੇ ਕਿਹਾ ਕਿ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਵਿੱਚੋਂ ਐਮ ਆਈ ਏ ਐਕਸ਼ਨ ਟਾਸਕਫੋਰਸ ਬਣਾਈ ਹੈ ਜਿਸਦਾ ਉਦੇਸ਼ ਮੁਹਾਲੀ ਇੰਡਸਟਰੀਜ਼ ਦੁਆਰਾ ਦਰਪੇਸ਼ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਮਜਬੂਰ ਕਰਨਾ ਹੈ। ਉਹਨਾਂ ਈ ਐਸ ਆਈ ਸੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ 15 ਦਿਨਾਂ ਦੇ ਅੰਦਰ ਉੱਪਰ ਦੱਸੇ ਗਏ ਮ੍ਰਿਤਕ ਬੀਮਾਯੁਕਤ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਰੂਪ ਵਿੱਚ ਆਸ਼ਰਿਤ ਲਾਭ ਵੰਡਣ, ਨਹੀਂ ਤਾਂ ਐਮ ਆਈ ਏ ਐਕਸ਼ਨ ਟਾਸਕ ਫੋਰਸ ਵਲੋਂ ਈ ਐਸ ਆਈ ਸੀ ਦੇ ਖੇਤਰੀ ਡਾਇਰੈਕਟਰ ਸੰਘਰਸ਼ ਕੀਤਾ ਜਾਵੇਗਾ।

ਇਸ ਸੰਬੰਧੀ ਸੰਪਰਕ ਕਰਨ ਤੇ ਈ ਐਸ ਆਈ ਸੀ ਦੇ ਖੇਤਰੀ ਡਾਇਰੈਕਟਰ ਦੀਪਕ ਮਲਿਕ ਨੇ ਕਿਹਾ ਕਿ ਉਹਨਾਂ ਉੱਪਰ ਲਗਾਏ ਗਏ ਇਲਜਾਮ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਇੱਥੇ ਚਾਰਜ ਲਿਆ ਨੂੰ ਬਹੁਤ ਘੱਟ ਸਮਾਂ ਹੋਇਆ ਹੈ ਅਤੇ ਇਸ ਦੌਰਾਨ ਉਹਨਾਂ 800 ਤੋਂ ਵੱਧ ਪੈਂਡਿਗ ਕੇਸਾਂ ਵਿੱਚੋਂ ਜਿਆਦਾਤਰ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਸਿਰਫ 50 ਦੇ ਕਰੀਬ ਕੇਸ ਪੈਂਡਿੰਗ ਹਨ। ਉਹਨਾਂ ਕਿਹਾ ਕਿ ਨਿਰਭਰ ਲਾਭ ਦੇ ਕੇਸਾਂ ਵਿੱਚ ਉਹਨਾਂ ਕਾਮਿਆਂ ਦੇ ਪਰਿਵਾਰਾਂ ਨੂੰ ਹੀ ਲਾਭ ਮਿਲਦਾ ਹੈ ਜਿਹਨਾਂ ਦੀ ਮੌਤ ਕੰਮ ਤੇ ਹੋਏ ਹਾਦਸੇ ਕਾਰਨ ਹੋਈ ਹੋਵੇ ਅਤੇ ਜੇਕਰ ਰੂਟੀਨ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੁੰਦੀ ਹੈ ਤਾਂ ਨਿਰਭਰਤਾ ਲਾਭ ਨਹੀਂ ਮਿਲਦਾ। ਉਹਨਾਂ ਕਿਹਾ ਕਿ ਐਮ ਆਈ ਏ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਉਹਨਾਂ ਨੂੰ ਦੱਸੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜਦੋਂ ਤਕ ਰੁਜਗਾਰ ਦੇ ਹਾਦਸੇ ਨਾਲ ਜੁੜੀ ਮੌਤ ਦਾ ਮਾਮਲਾ ਨਹੀਂ ਹੋਵੇਗਾ ਨਿਰਭਰਤਾ ਕਲੇਮ ਹਾਸਿਲ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਸਵਰਗੀ ਰਾਮਨਾਥ ਪਾਸਵਾਨ (ਆਈਪੀ ਨੰ. 1214222305) ਦੀ ਫਾਈਲ ਉਹਨਾਂ ਵਲੋਂ ਹੈਡਕੁਆਟਰ ਭੇਜੀ ਗਈ ਹੈ ਅਤੇ ਉੱਪਰੋਂ ਜੋ ਵੀ ਹਿਦਾਇਤਾਂ ਮਿਲਣਗੀਆਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਜਿੰਨੇ ਵੀ ਪੈਡਿਗ ਕੇਸ ਹਨ ਉਹ ਇੱਕ ਹਫਤੇ ਵਿਚ ਕਲੀਅਰ ਕਰ ਦਿੱਤੇ ਜਾਣਗੇ।

Continue Reading

Mohali

ਗਮਾਡਾ ਨੇ ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਕੀਤੀ ਕਾਰਵਾਈ

Published

on

By

ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹੀ, ਸੀਵਰੇਜ ਦੀਆਂ ਲਾਈਨਾਂ ਪੁੱਟੀਆਂ

ਐਸ ਏ ਐਸ ਨਗਰ, 29 ਅਕਤੂਬਰ (ਪਵਨ ਰਾਵਤ) ਪਿੰਡ ਰਾਏਪੁਰ ਵਿੱਚ ਬਾਗ਼ ਦੀ ਜ਼ਮੀਨ ਤੇ ਕਥਿਤ ਤੌਰ ਤੇ ਨਾਜਾਇਜ਼ ਕਲੋਨੀ ਕੱਟਣ ਅਤੇ ਹਰੇ-ਭਰੇ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਗਮਾਡਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੇ ਬੁਲਡੋਜ਼ਰ ਚਲਾ ਕੇ ਚਾਰਦੀਵਾਰੀ ਢਾਹ ਦਿੱਤੀ ਗਈ ਅਤੇ ਸੀਵਰੇਜ ਦੀਆਂ ਲਾਈਨਾਂ ਪੁੱਟ ਦਿੱਤੀਆਂ ਗਈਆਂ।

ਗਮਾਡਾ ਦੀ ਰੈਗੁਲੇਟਰੀ ਬ੍ਰਾਂਚ ਦੇ ਐਸ ਡੀ ਓ ਸz. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਨਾਲ ਨਾਜਾਇਜ਼ ਤੌਰ ਤੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਕੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੇ ਲੋੜੀਂਦੀਆਂ ਮਨਜ਼ੂਰੀਆਂ ਲਏ ਬਿਨਾਂ ਉਸਾਰੀ ਕੀਤੀ ਹੈ, ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ ਕਿ ਮਕਾਨ ਬਣ ਜਾਣ ਤੋਂ ਬਾਅਦ ਗਮਾਡਾ ਕੋਈ ਕਾਰਵਾਈ ਨਹੀਂ ਕਰ ਸਕਦਾ। ਜੇਕਰ ਕਿਸੇ ਨੇ ਬਿਨਾਂ ਮਨਜ਼ੂਰੀ ਮਕਾਨ ਬਣਾਇਆ ਹੈ, ਤਾਂ ਗਮਾਡਾ ਵੱਲੋਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Continue Reading

Mohali

ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਰੋਸ ਧਰਨਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਮੰਗਵਾਉਣ ਲਈ ਸz. ਲਛਮਣ ਸਿੰਘ ਗਰੇਵਾਲ ਅਤੇ ਰਾਜਵਿੰਦਰ ਸਿੰਘ ਤਰਸਿੱਕਾ ਦੀ ਅਗਵਾਈ ਵਿੱਚ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ (ਵਿਕਾਸ ਭਵਨ ਮੁਹਾਲੀ) ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਅਤੇ ਵਿਭਾਗ ਉਨ੍ਹਾਂ ਨਾਲ ਮਤਰੇਈ ਮਾਂ ਜਿਹਾ ਸਲੂਕ ਕਰ ਰਿਹਾ ਹੈ। ਪੇ-ਕਮਿਸ਼ਨ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ, ਬੁਢਾਪਾ ਭੱਤਾ ਪੂਰਾ ਨਹੀਂ ਦਿੱਤਾ ਜਾ ਰਿਹਾ, ਐਲ. ਟੀ. ਸੀ. ਦੀ ਸਹੂਲਤ ਲਾਗੂ ਨਹੀਂ ਕੀਤੀ ਜਾ ਰਹੀ, ਪੈਨਸ਼ਨ ਲਾਉਣ ਲਈ ਕੋਈ ਸਮਾਂ ਸੀਮਾਂ ਨਹੀਂ, ਪੈਨਸ਼ਨ ਸਮੇਂ ਸਿਰ ਨਹੀਂ ਦਿੱਤੀ ਜਾਂਦੀ, ਅਦਾਲਤੀ ਫੈਸਲਿਆਂ ਨੂੰ ਅਪੀਲਾਂ ਰਾਹੀਂ ਲਟਕਾਇਆ ਜਾ ਰਿਹਾ ਹੈ ਅਤੇ ਪੈਨਸ਼ਨ ਸੈਲ ਨੂੰ ਸੂਚਾਰੂ ਬਣਾਉਣ ਲਈ ਯਤਨ ਨਹੀਂ ਕੀਤੇ ਜਾਂਦੇ।

ਉਨ੍ਹਾਂ ਕਿਹਾ ਕਿ ਜੇ ਇਸ ਧਰਨੇ ਉਪਰੰਤ ਵੀ ਕਾਰਗਰ ਕਦਮ ਨਾ ਚੁੱਕੇ ਗਏ ਤਾਂ 25 ਨਵੰਬਰ ਨੂੰ ਮੁੜ ਧਰਨਾ ਲਗਾਇਆ ਜਾਵੇਗਾ। ਧਰਨੇ ਨੂੰ ਪੈਨਸ਼ਨਰ ਆਗੂਆਂ ਲਛਮਣ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਤਰਸਿੱਕਾ, ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਸੁਰਿੰਦਰ ਹਾਟਾ, ਸ਼ੇਰ ਮੁਹੰਮਦ, ਲਖਵਿੰਦਰ ਸਿੰਘ, ਰਾਜਵੰਤ ਸਿੰਘ, ਦਰਸ਼ਨ ਸਿੰਘ, ਮਾਨ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ਭੰਗੂ, ਭਗਵਾਨ ਸਿੰਘ ਤੇ ਜਾਗੀਰ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ।

Continue Reading

Mohali

ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸਕੱਤਰ ਫੂਡ ਸਪਲਾਈ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ

Published

on

By

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਕੱਤਰ ਫੂਡ ਸਪਲਾਈ ਪੰਜਾਬ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਮੰਗ ਪੱਤਰ ਦੇ ਕੇ ਝੋਨੇ ਦੇ ਖਰੀਦ ਜਾਰੀ ਰੱਖਣ ਸਬੰਧੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਖਰੀਦ ਦਾ ਟੀਚਾ ਪੂਰਾ ਹੋ ਜਾਣ ਕਾਰਨ ਸਰਕਾਰ ਵੱਲੋਂ ਖਰੀਦ ਬੰਦ ਕਰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਕੁਝ ਮੰਡੀਆਂ ਵਿੱਚ ਬਾਰਦਾਨਾ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਕੁਝ ਮੰਡੀਆਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਈ-ਕਈ ਦਿਨਾਂ ਤੋਂ ਖਰੀਦ ਨਹੀਂ ਕੀਤੀ ਜਾ ਰਹੀ। ਉਹਨਾਂ ਲਿਖਿਆ ਹੈ ਕਿ ਸੀਜਨ ਦੇ ਪਹਿਲੇ ਦਿਨ ਤੋਂ ਹੀ ਸਰਕਾਰ ਕਹਿ ਰਹੀ ਹੈ ਕਿ ਝੋਨਾ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ, ਇਸ ਕਰਕੇ ਖਰੀਦ ਬੰਦ ਨਹੀਂ ਕਰਨੀ ਚਾਹੀਦੀ।

ਉਹਨਾਂ ਲਿਖਿਆ ਹੈ ਕਿ ਖੇਤੀਬਾੜੀ ਵਿਭਾਗ ਦੇ ਸਰਵੇ ਅਨੁਸਾਰ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਸੀਜਨਾਂ ਦੇ ਝਾੜ ਮੁਤਾਬਕ ਖਰੀਦ ਕੀਤੀ ਜਾਵੇਗੀ ਜਦ ਕਿ ਇਸ ਸਾਲ ਝਾੜ ਜਿਆਦਾ ਹੈ। ਪਿਛਲੇ ਸੀਜ਼ਨ ਵਿੱਚ ਤਾਂ ਹੜ੍ਹਾਂ ਅਤੇ ਬਿਮਾਰੀਆਂ ਕਾਰਨ ਫਸਲ ਘੱਟ ਹੁੰਦੀ ਰਹੀ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਿਰਵਿਘਨ ਖਰੀਦ ਕੀਤੀ ਜਾਵੇ ਕਿਉਂਕਿ ਜੇਕਰ ਕਿਸਾਨ ਨੂੰ ਮੰਡੀਆਂ ਵਿੱਚ ਵਾਧੂ ਟਾਈਮ ਲੱਗੇਗਾ ਤਾਂ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਅਤੇ ਹੋਰ ਖਾਦਾਂ ਦਾ ਪ੍ਰਬੰਧ ਕਰਨ ਲਈ ਵਾਧੂ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਪਰੋਕਤ ਮੰਗਾਂ ਤੇ ਤੁਰੰਤ ਧਿਆਨ ਦਿੱਤਾ ਜਾਵੇ ਕਿਸੇ ਵੀ ਦਾਣਾ ਮੰਡੀ ਵਿੱਚ ਖਰੀਦ ਬੰਦ ਨਾ ਕੀਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਹਰ ਸਿੰਘ ਥੇੜੀ ਪ੍ਰੈਸ ਸਕੱਤਰ ਪੰਜਾਬ, ਹਕੀਕਤ ਸਿੰਘ ਘੜੂੰਆਂ ਜ਼ਿਲ੍ਹਾ ਪ੍ਰੈਸ ਸਕੱਤਰ, ਬਹਾਦਰ ਸਿੰਘ ਨਿਆਮੀਆਂ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਜਲਾਲਪੁਰ ਬਲਾਕ ਡੇਰਾਬੱਸੀ, ਜਰਨੈਲ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਡੇਰਾਬੱਸੀ, ਬਲਵਿੰਦਰ ਸਿੰਘ ਮਲਕਪੁਰ ਡੇਰਾਬੱਸੀ, ਪ੍ਰੇਮ ਸਿੰਘ ਮੀਰਪੁਰ ਡੇਰਾਬੱਸੀ, ਤਲਵਿੰਦਰ ਸਿੰਘ ਡੇਰਾਬੱਸੀ ਹਾਜ਼ਰ ਸਨ।

Continue Reading

Latest News

Trending