Chandigarh
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਈਕੋਰਟ ਕੰਪਲੈਕਸ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਕੇ ਕੀਤੀ ਗਈ ਸੁਰਖਿਆ ਜਾਂਚ
ਚੰਡੀਗੜ, 25 ਸਤੰਬਰ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੀ ਸੂਚਨਾ ਮਿਲਦਿਆਂ ਸਾਰ ਹੀ ਪ੍ਰਸ਼ਾਸਨ ਅਤੇ ਪੁਲੀਸ ਹਰਕਤ ਵਿੱਚ ਆ ਗਏ ਅਤੇ ਬਿਨਾਂ ਕਿਸੇ ਦੇਰੀ ਦੇ ਹਾਈਕੋਰਟ ਕੰਪਲੈਕਸ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਕੇ ਸੁਰੱਖਿਆ ਜਾਂਚ ਕੀਤੀ ਗਈ। ਧਮਕੀ ਮਿਲਣ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਕੰਟਰੋਲ ਰੂਮ ਦੇ ਵਾਹਨ, ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਬੰਬ ਨਿਰੋਧਕ ਦਸਤਾ ਅਤੇ ਹੋਰ ਵਿਸ਼ੇਸ਼ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਕੰਪਲੈਕਸ ਅੰਦਰ ਬਾਰੀਕੀ ਨਾਲ ਜਾਂਚ ਕੀਤੀ ਗਈ।
ਸੁਰੱਖਿਆ ਬਲਾਂ ਵੱਲੋਂ ਹਾਈਕੋਰਟ ਕੰਪਲੈਕਸ ਦੇ ਅੰਦਰ ਮੌਜੂਦ ਹਰੇਕ ਸ਼ੱਕੀ ਵਸਤੂ, ਲਾਵਾਰਿਸ ਸਾਮਾਨ ਅਤੇ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਜਾਂਚ ਦੌਰਾਨ ਪੁਲੀਸ ਨੂੰ ਅਦਾਲਤ ਕੰਪਲੈਕਸ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਹੈ।
ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਅਤੇ ਕਾਲ ਦੇ ਸਰੋਤ ਸੰਬੰਧੀ ਅਜੇ ਤੱਕ ਪੁਲੀਸ ਜਾਂ ਸੁਰੱਖਿਆ ਏਜੰਸੀਆਂ ਵੱਲੋਂ ਕੋਈ ਅਧਿਕਾਰਤ ਜਾਂ ਵਿਸਤ੍ਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਤਾਜ਼ਾ ਧਮਕੀ ਭਰੀ ਕਾਲ ਦੇ ਸਾਹਮਣੇ ਆਉਣ ਤੋਂ ਬਾਅਦ ਸਾਈਬਰ ਸੈਲ ਅਤੇ ਪੁਲੀਸ ਟੀਮਾਂ ਕਾਲ ਦੇ ਅਸਲ ਸਰੋਤ ਦਾ ਪਤਾ ਲਗਾਉਣ ਅਤੇ ਮੁਲਜ਼ਮ ਦੀ ਪਛਾਣ ਕਾਇਮ ਕਰਨ ਵਿੱਚ ਜੁੱਟ ਗਈਆਂ ਹਨ।
ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਅਦਾਲਤੀ ਖੇਤਰ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਇਹਤਿਆਤ ਵਜੋਂ ਵਾਧੂ ਸੁਰੱਖਿਆ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ।
Chandigarh
6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਐਸ ਆਈ ਟੀ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤਲਬ
ਬਿਕਰਮ ਸਿੰਘ ਮਹੀਠੀਆ ਅਤੇ ਜਗਦੀਸ਼ ਭੋਲਾ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ
ਚੰਡੀਗੜ੍ਹ, 30 ਸਤੰਬਰ (ਸ.ਬ.) 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਵਿੱਚ ਐਸ. ਆਈ. ਟੀ. ਵੱਲੋਂ ਡਰੱਗ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਾਂਚ ਟੀਮ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿੱਚ ਉਭਰਿਆ ਸੀ। ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਦੌਰਾਨ ਇਸ ਮਨੀ ਲਾਂਡਰਿੰਗ ਅਤੇ ਡਰੱਗ ਰੈਕੇਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦਾ ਦੱਸਿਆ ਸੀ। ਇਸ ਮਾਮਲੇ ਵਿੱਚ ਭੋਲਾ ਨੇ 2014 ਵਿੱਚ ਮਜੀਠੀਆ ਦਾ ਨਾਂ ਲਿਆ ਸੀ।
ਪੰਜਾਬ ਪੁਲੀਸ ਨੇ ਐਂਟੀ-ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫ਼ਾਰਸ਼ ਦੇ ਆਧਾਰ ਤੇ ਦਸੰਬਰ 2021 ਵਿੱਚ ਮਜੀਠੀਆ ਵਿਰੁੱਧ ਐਨ. ਡੀ. ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾਗਿਆ ਸੀ।
Chandigarh
ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ
ਚੰਡੀਗੜ੍ਹ, 29 ਸਤੰਬਰ (ਸ.ਬ.) ਪੰਜਾਬ ਦੀਆਂ ਆਂਗਣਵਾੜੀ ਵਰਕਰ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ‘ਨਸ਼ਾ ਮੁਕਤੀ ਮਿੱਤਰ’ ਵਜੋਂ ਜੁੜ ਕੇ ਰਿਵਾਰਾਂ ਅਤੇ ਭਾਈਚਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ਤੇ ਇੱਕ ਨੈਟਵਰਕ ਤਿਆਰ ਕਰ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ‘ਨਸ਼ਾ ਮੁਕਤੀ ਮਿੱਤਰ’ ਵਜੋਂ ਸੇਵਾਵਾਂ ਨਿਭਾਅ ਰਹੀਆਂ 20 ਆਂਗਣਵਾੜੀ ਵਰਕਰਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।
ਬੁਲਾਰੇ ਨੇ ਕਿਹਾ ਕਿ ਪਰਿਵਾਰਾਂ ਅਤੇ ਬੱਚਿਆਂ ਦੇ ਨਾਲ ਨਿਯਮਿਤ ਸੰਪਰਕ ਵਿੱਚ ਰਹਿਣ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਭਾਈਚਾਰਕ ਪੱਧਰ ਤੇ ਜਾਗਰੂਕਤਾ ਦੂਤ ਵਜੋਂ ਭੂਮਿਕਾ ਦਿੱਤੀ ਜਾ ਰਹੀ ਹੈ। ਉਹ ਲੋਕਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਕਰਨ, ਸਮੇਂ ਸਿਰ ਦਖ਼ਲ ਲਈ ਪ੍ਰੇਰਿਤ ਕਰਨ ਅਤੇ ਲੋੜਵੰਦ ਲੋਕਾਂ ਨੂੰ ਸਰਕਾਰ ਦੀਆਂ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕਰਨਗੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਸਿਹਤਮੰਦ ਵਿਕਲਪ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਰੀਬ 3,000 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਜਨਵਰੀ ਵਿੱਚ 500 ਪਿੰਡ ਜਿੰਮਾਂ ਦਾ ਉਦਘਾਟਨ ਕੀਤਾ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਠਿੰਡਾ ਤੋਂ ਸ਼ੁਰੂ ਹੋਏ ਸਾਲਾਨਾ ਖੇਡ ਮਹੋਤਸਵ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਰਾਹੀਂ ਵੀ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Chandigarh
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਰਿਪੋਰਟ ਤਲਬ
ਚੰਡੀਗੜ੍ਹ, 28 ਸਤੰਬਰ (ਸ.ਬ.) ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਾਲ ਹੀ ਵਿੱਚ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਵਿੱਚ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਵੇਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵਾਪਰੇ ਮਾਮਲਿਆਂ ਦਾ ਸੂ ਮੋਟੋ ਨੋਟਿਸ ਲਿਆ ਹੈ ਅਤੇ ਇਸ ਬਾਬਤ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਯੂਨੀਵਰਸਿਟੀਆਂ ਵਿੱਚ ਉੱਪਰੋਥਲੀ ਵਾਪਰੀਆਂ ਘਟਨਾਵਾਂ ਕਾਰਨ ਸੂਬਾ ਸਰਕਾਰ ਦੀ ਕਿਰਕਿਰੀ ਹੋਈ ਹੈ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਵਿਗਾੜ ਨੂੰ ਲੈ ਕੇ ‘ਆਪ’ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਅਤੇ ਸਰਕਾਰ ਤੇ ਸਵਾਲ ਚੁੱਕੇ ਗਏ ਹਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕਮਿਸ਼ਨ ਵੱਲੋਂ ਇਨ੍ਹਾਂ ਘਟਨਾਵਾਂ ਦੇ ਮਾਮਲੇ ਤੇ ਦੋਵੇਂ ਯੂਨੀਵਰਸਿਟੀਆਂ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ, ਵਾਪਰੀਆਂ ਘਟਨਾਵਾਂ ਬਾਰੇ ਸਪਸ਼ਟੀਕਰਨ ਅਤੇ ਪੰਜਾਬ ਪੁਲੀਸ ਵੱਲੋਂ ਦਰਜ ਕੀਤੇ ਪੁਲੀਸ ਕੇਸਾਂ ਦੇ ਸਬੰਧ ਵਿੱਚ ਵੇਰਵੇ ਤਲਬ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਅਹਿਮ ਹੈ ਅਤੇ ਕਮਿਸ਼ਨ ਲਈ ਵਿਦਿਆਰਥੀਆਂ ਦੀ ਸੁਰੱਖਿਆ ਤਰਜੀਹ ਹੈ। ਮਹਿਲਾ ਕਮਿਸ਼ਨ ਨੇ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਮਾਣ-ਸਨਮਾਨ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ।
-
National2 months ago
ਨਾਸਿਕ ਅਤੇ ਚੰਬਾ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਅਫ਼ਗਾਨਿਸਤਾਨ ਵਿੱਚ ਵੀ ਆਇਆ ਭੂਚਾਲ
-
Punjab2 months agoਪੁਰਾਣੀ ਰੰਜਿਸ਼ ਕਾਰਨ ਗੋਲੀਬਾਰੀ ਦੌਰਾਨ ਨੌਜਵਾਨ ਦੀ ਮੌਤ, ਛੋਟਾ ਭਰਾ ਗੰਭੀਰ ਜ਼ਖ਼ਮੀ
-
Mohali1 month ago
ਮਨਿਸਟੀਰੀਅਲ ਕਾਮਿਆਂ ਦੀ ਦੋ ਰੋਜ਼ਾ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਸ਼ੁਰੂ
-
International3 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
National2 months agoਫਰਨੀਚਰ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 1 ਵਿਅਕਤੀ ਦੀ ਮੌਤ, 1 ਗੰਭੀਰ
-
National1 month agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
National2 months agoਇਮਾਰਤ ਦੀ 11ਵੀਂ ਮੰਜਲ ਤੇ ਅੱਗ ਲੱਗਣ ਕਾਰਨ 2 ਵਿਅਕਤੀਆਂ ਦੀ ਮੌਤ, 4 ਜ਼ਖ਼ਮੀ
-
National2 months agoਬੇਕਾਬੂ ਹੋ ਕੇ ਖੇਤ ਵਿੱਚ ਪਲਟੀ ਟਰੈਕਟਰ-ਟਰਾਲੀ, 3 ਵਿਅਕਤੀਆਂ ਦੀ ਮੌਤ, 2 ਗੰਭੀਰ ਜ਼ਖ਼ਮੀ
