Connect with us

National

ਟਰੱਕ ਅਤੇ ਬੱਸ ਦੀ ਟੱਕਰ ਕਾਰਨ 5 ਯਾਤਰੀਆਂ ਦੀ ਮੌਤ, 5 ਗੰਭੀਰ ਜ਼ਖਮੀ

Published

on

ਅਹਿਮਦਾਬਾਦ, 30 ਸਤੰਬਰ (ਸ.ਬ.) ਗੁਜਰਾਤ ਦੇ ਆਣੰਦ ਜ਼ਿਲ੍ਹੇ ਵਿੱਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈਸਵੇਅ ਤੇ ਅੱਜ ਤੜਕੇ ਸੂਰਤ ਤੋਂ ਰਾਜਸਥਾਨ ਜਾ ਰਹੀ ਇੱਕ ਲਗਜ਼ਰੀ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 5 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਗਹਿਰੀ ਨੀਂਦ ਵਿੱਚ ਸਨ।

ਪ੍ਰਾਪਤ ਜਾਣਕਾਰੀ ਮੁਤਾਬਕ ਸਾਈ ਦਰਸ਼ਨ ਟ੍ਰੈਵਲਜ਼ ਦੀ ਲਗਜ਼ਰੀ ਬੱਸ ਯਾਤਰੀਆਂ ਨੂੰ ਲੈ ਕੇ ਸੂਰਤ ਤੋਂ ਰਾਜਸਥਾਨ ਜਾ ਰਹੀ ਸੀ। ਅੱਜ ਸਵੇਰੇ ਕਰੀਬ 4 ਵਜੇ ਜਦੋਂ ਬੱਸ ਵਡੋਦਰਾ-ਅਹਿਮਦਾਬਾਦ ਐਕਸਪ੍ਰੈਸਵੇਅ ਤੇ ਆਣੰਦ ਤੋਂ ਨਡਿਆਦ ਵੱਲ ਜਾ ਰਹੀ ਸੀ ਤਾਂ ਅਚਾਨਕ ਬੱਸ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਤੇ ਐਂਬੂਲੈਂਸ ਦੀਆਂ ਰਾਹਤ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 5 ਯਾਤਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਮ੍ਰਿਤਕ 5 ਲੋਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਹਾਦਸੇ ਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਮੁੱਢਲੀ ਜਾਂਚ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਓਵਰਟੇਕਿੰਗ ਦੌਰਾਨ ਡਰਾਈਵਰ ਵੱਲੋਂ ਵਾਹਨ ਤੇ ਕਾਬੂ ਗੁਆਉਣ ਜਾਂ ਤੜਕੇ ਅਚਾਨਕ ਨੀਂਦ ਦੀ ਝਪਕੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।

Continue Reading

National

ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ਵਿੱਚ ਪੁੱਜਾ ਭਾਰਤ, ਪਾਕਿਸਤਾਨ ਨਾਲ ਹੋਵੇਗਾ ਸਾਮ੍ਹਣਾ

Published

on

By

ਨਵੀਂ ਦਿੱਲੀ, 1 ਅਕਤੂਬਰ (ਸ.ਬ.) ਭਾਰਤ ਨੇ ਏਸ਼ੀਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਹੁਣ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਅੱਜ ਟੀਮ ਇੰਡੀਆ ਨੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ।

ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ਤੇ 169 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਚ, ਸ਼੍ਰੀਲੰਕਾ 9.5 ਓਵਰਾਂ ਵਿੱਚ 45 ਦੌੜਾਂ ਤੇ ਆਲ ਆਊਟ ਹੋ ਗਿਆ।

ਭਾਰਤ ਲਈ ਈਸ਼ਾਨ ਕਿਸ਼ਨ ਨੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਵੈਭਵ ਸੂਰਿਆਵੰਸ਼ੀ ਨੇ ਵੀ 21 ਗੇਂਦਾਂ ਤੇ 38 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਅਤੇ ਅਭਿਸ਼ੇਕ ਸ਼ਰਮਾ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਸ਼੍ਰੀਲੰਕਾ ਦੇ 6 ਬੱਲੇਬਾਜ਼ ਆਪਣਾ ਖਾਤਾ ਨਹੀਂ ਖੋਲ੍ਹ ਸਕੇ।

Continue Reading

National

ਮੰਦਰ ਵਿੱਚ ਦੋ ਸਾਧੂਆਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਸਾੜੀਆਂ

Published

on

By

ਸ਼ਾਹਜਹਾਂਪੁਰ, 1 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਮੰਦਰ ਵਿੱਚ ਰਹਿਣ ਵਾਲੇ 2 ਸਾਧੂਆਂ ਦਾ ਇਕ ਵਿਅਕਤੀ ਨੇ ਭਾਰੀ ਵਸਤੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਤੇ ਜਲਣਸ਼ੀਲ ਪਦਾਰਥ ਨਾਲ ਪਾ ਕੇ ਸਾੜ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਸੁਪਰਡੈਂਟ ਸੌਰਭ ਦੀਕਸ਼ਿਤ ਨੇ ਅੱਜ ਕਿਹਾ ਕਿ ਖੁਦਾਗੰਜ ਥਾਣਾ ਖੇਤਰ ਦੇ ਅਧੀਨ ਆਉਂਦੇ ਸੂਥਾ ਪਿੰਡ ਵਿੱਚ ਇਕ ਧਾਰਮਿਕ ਸਥਾਨ ਹੈ, ਜਿੱਥੇ ਸਾਧੂ ਬਿਹਾਰੀ ਦਾਸ (60) ਅਤੇ ਗੋਪਾਲ ਦਾਸ (70) ਲੰਬੇ ਸਮੇਂ ਤੋਂ ਇਸ ਦੀ ਦੇਖਭਾਲ ਲਈ ਰਹਿ ਰਹੇ ਹਨ। ਮੰਦਰ ਦੇ ਨੇੜੇ ਜ਼ਮੀਨ ਹੈ, ਜੋ ਸਾਧੂ ਗੋਪਾਲ ਦਾਸ ਦੇ ਨਾਮ ਤੇ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਸੁਮਿਤ ਸਿੰਘ, ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਹੈ, ਅਗਸਤ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਮੰਦਰ ਵਿੱਚ ਹੀ ਸਾਧੂਆਂ ਨਾਲ ਬੈਠਣਾ ਲੱਗਾ।

ਉਹ ਮੰਦਰ ਵਿੱਚ ਖੁਦ ਰਹਿਣਾ ਚਾਹੁੰਦਾ ਸੀ ਅਤੇ ਇਸ ਮਕਸਦ ਲਈ ਸੁਮਿਤ ਨੇ ਅੱਜ ਸਵੇਰੇ ਕਥਿਤ ਤੌਰ ਤੇ ਸਾਧੂਆਂ ਨੂੰ ਮਾਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਲਣਸ਼ੀਲ ਪਦਾਰਥ ਨਾਲ ਸਾੜ ਦਿੱਤਾ। ਦੀਕਸ਼ਿਤ ਨੇ ਕਿਹਾ ਕਿ ਇਕ ਪਿੰਡ ਵਾਸੀ ਨੇ ਪੁਲੀਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਪਹੁੰਚੀ ਅਤੇ ਸਾਧੂਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪੁਲੀਸ ਨੇ ਦੋਸ਼ੀ ਸੁਮਿਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਪਹਿਲਾਂ 2 ਸਾਧੂਆਂ ਨੂੰ ਭਾਰੀ ਚੀਜ਼ ਨਾਲ ਵਾਰ ਕਰਕੇ ਮਾਰਿਆ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ। ਉਹ ਮੰਦਰ ਨੂੰ ਆਪਣੀ ਸੁਰੱਖਿਆ ਹੇਠ ਲੈਣਾ ਚਾਹੁੰਦਾ ਸੀ। ਪੁਲੀਸ ਨੇ ਸੁਮਿਤ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਦੋਵਾਂ ਸਾਧੂਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continue Reading

National

ਅਦਾਲਤ ਵਿੱਚ ਵੜ੍ਹ ਕੇ ਵਕੀਲ ਤੇ ਜਾਨਲੇਵਾ ਹਮਲਾ

Published

on

By

ਪਾਣੀਪਤ, 1 ਅਕਤੂਬਰ (ਸ.ਬ.) ਪਾਣੀਪਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਅੰਦਰ ਇਕ ਵਕੀਲ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਅਦਾਲਤ ਦੇ ਗੇਟ ਦੇ ਬਿਲਕੁਲ ਨੇੜੇ ਹੋਇਆ, ਜਿਸ ਵਿੱਚ ਵਕੀਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਕੀਲ ਕੰਮਕਾਜ ਮੁਅੱਤਲ ਕਰਨ ਤੋਂ ਬਾਅਦ ਅਦਾਲਤ ਦੇ ਗੇਟ ਤੇ ਬੈਠੇ ਹੋਏ ਸਨ।

ਵਕੀਲਾਂ ਨੇ ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹਮਲੇ ਵਿਚ ਜ਼ਖ਼ਮੀ ਹੋਏ ਵਕੀਲ ਨਵੀਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੇ ਪਿਸਤੌਲ ਤਾਣਿਆ, ਚਾਕੂ ਨਾਲ ਉਸ ਦੀ ਗਰਦਨ ਤੇ ਵਾਰ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੇ ਰਵਿੰਦਰ ਗੋਇਲ ਅਤੇ ਉਸ ਦੇ ਭਰਾ ਪੰਕਜ ਤੇ ਇਹ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।

ਜ਼ਖ਼ਮੀ ਵਕੀਲ ਦੇ ਭਰਾ ਪ੍ਰਵੀਨ ਰਾਵਲ ਨੇ ਦੱਸਿਆ ਕਿ ਨਵੀਨ ਅਦਾਲਤ ਵਿੱਚ ਆਪਣੀ ਹਾਜ਼ਰੀ ਲਗਵਾਉਣ ਆਇਆ ਸੀ ਜਦੋਂ ਮੁਲਜ਼ਮਾਂ ਨੇ ਉਸ ਤੇ ਹਮਲਾ ਕਰ ਦਿੱਤਾ।

Continue Reading

Latest News

Trending