Connect with us

Punjab

2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਭਾਜਪਾ : ਅਮਿਤ ਸ਼ਾਹ

Published

on

ਪਰਾਗਪੁਰ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਖਰੀ ਪੜ੍ਹਾਅ ਦੀ ਮਹਾਰੈਲੀ ਵਿੱਚ ਕੀਤੀ ਸ਼ਮੂਲੀਅਤ

ਜਲੰਧਰ, 30 ਸਤੰਬਰ (ਸ.ਬ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿੱਚ ਸਿਰਫ ਨਸ਼ੇ ਦੇ ਮੁੱਦੇ ਤੇ ਹੀ ਚੋਣ ਲੜੇਗੀ ਅਤੇ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰ ਦਿੱਤਾ ਜਾਵੇਗਾ। ਜਲੰਧਰ ਨੇੜੇ ਪਰਾਗਪੁਰ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਖਰੀ ਪੜ੍ਹਾਅ ਦੀ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚਿੱਟੇ ਦੇ ਕਾਰੋਬਾਰ ਨੂੰ ਸ਼ਰੇਆਮ ਚੱਲਣ ਦਿੱਤਾ। ਅੱਜ ਪੰਜਾਬ ਚਿੱਟੇ ਦੇ ਰੰਗ ਰੰਗਿਆ ਗਿਆ ਹੈ ਪਰ ਹੁਣ ਸਮਾਂ ਆ ਗਿਆ ਹੈ ਪੰਜਾਬ ਨੂੰ ਚਿੱਟਾ ਮੁਕਤ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਅਤੇ ਮਾਵਾਂ ਨੂੰ ਕਹਿਣ ਆਏ ਹਨ ਕਿ 31 ਦਸੰਬਰ 2029 ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਚਿੱਟਾ ਉਪਲੱਬਧ ਕਰਵਾਉਣ ਵਾਲਾ ਕੋਈ ਨਹੀਂ ਬਚੇਗਾ।

ਇਸਤੋਂ ਪਹਿਲਾਂ ਗੁਰੂਆਂ ਦੀ ਧਰਤੀ ਨੂੰ ਪ੍ਰਣਾਮ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬ ਨੇ ਦਿੱਤੀਆਂ ਹਨ। ਸਾਡੇ ਸੂਰਬੀਰਾਂ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਕੀਤੀ ਹੈ। ਅਸੀਂ ਜੋ ਕਿਹਾ ਕਿ ਉਹ ਕਰਕੇ ਵਿਖਾਇਆ ਹੈ, ਕਮਸ਼ੀਰ ਨੂੰ ਅੱਤਵਾਦ ਤੋਂ ਮੁਕਤ ਕੀਤਾ ਹੈ। ਅਸੀਂ ਅੱਤਵਾਦ, ਨਕਸਲਵਾਦ ਦਾ ਖ਼ਾਤਮਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਹੈ ਜੋ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰ ਸਕਦੀ ਹੈ। ਨਸ਼ੇ ਨੂੰ ਖ਼ਤਮ ਕਰਨਾ ਸਾਡੀ ਤਰਜੀਹ ਰਹੇਗੀ। ਉਹਨਾਂ ਕਿਹਾ ਕਿ ਉਹ ਇੱਥੇ ਕਰਨ ਨਹੀਂ ਆਏ ਹਨ ਬਲਕਿ ਲੋਕਾਂ ਨੂੰ ਅਪੀਲ ਕਰਨ ਆਏ ਹਨ ਕਿ ਤੁਸੀਂ ਭਾਜਪਾ ਦਾ ਸਮਰਥਨ ਕਰੋ, ਅਸੀਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਮੁਕਤ ਕਰਾਂਗੇ। ਉਹਨਾਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨੂੰ ਮਿਲਣ ਆਏ ਹਨ। ਭਾਜਪਾ ਦੀ ਸਰਕਾਰ ਆਉਣ ਤੇ ਨੌਜਾਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਪੰਜਾਬ ਦੇ ਪਿੰਡ-ਪਿੰਡ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖ਼ਤਮ ਹੋਵੇਗਾ।

ਐਮ. ਐਸ. ਪੀ. ਮੁੱਦੇ ਤੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਐਮ. ਐਸ. ਪੀ. ਵਾਲਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਵੇਗਾ। ਹਰਿਆਣਾ ਵਿੱਚ ਕਿਸਾਨਾਂ ਨੂੰ ਐਮ. ਐਸ. ਪੀ. ਦਿੱਤੀ ਜਾ ਰਹੀ। ਪੰਜਾਬ ਦੀ ਵਿੱਤੀ ਹਾਲਤ ਨੂੰ ਠੀਕ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਜਲੰਧਰ ਸਥਿਤ ਇਤਿਹਾਸਕ ਸ਼੍ਰੀ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਰੈਲੀ ਲਈ ਰਵਾਨਾ ਹੋਏ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਖ਼ਾਲਿਸਤਾਨੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲੀਸ ਵੱਲੋਂ ਮੰਦਿਰ ਪਰਿਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

Mohali

ਜ਼ਿਲ੍ਹੇ ਵਿੱਚ 18 ਖਰੀਦ ਕੇਂਦਰਾਂ ਰਾਹੀਂ 2,06,148 ਮੀਟ੍ਰਿਕ ਟਨ ਝੋਨਾ ਖਰੀਦਣ ਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

Published

on

By

ਝੋਨੇ ਦੀ ਸਰਕਾਰੀ ਖਰੀਦ ਲਈ ਮੰਡੀਆਂ ਦੀ ਅਲਾਟਮੈਂਟ ਤੇ ਰਾਈਸ ਮਿੱਲਾਂ ਨਾਲ ਲਿੰਕੇਜ ਦੀ ਪ੍ਰਕਿਰਿਆ ਮੁਕੰਮਲ

ਐਸ ਏ ਐਸ ਨਗਰ, 30 ਸਤੰਬਰ (ਸ.ਬ.) ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਸਾਉਣੀ ਸੀਜ਼ਨ 2026-27 ਦੌਰਾਨ ਝੋਨੇ ਦੀ ਸਰਕਾਰੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 18 ਖਰੀਦ ਕੇਂਦਰਾਂ ਰਾਹੀਂ ਲਗਭਗ 2,06,148 ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਈਸ ਮਿੱਲਾਂ ਦੀ ਅਲਾਟਮੈਂਟ ਅਤੇ ਖਰੀਦ ਕੇਂਦਰਾਂ ਨਾਲ ਲਿੰਕੇਜ ਦੀ ਪ੍ਰਕਿਰਿਆ ਵੀ ਨਿਯਮਾਂ ਅਨੁਸਾਰ ਜਾਰੀ ਹੈ।

ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ ਅਤੇ ਸਰਕਾਰੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁੱਕਿਆ ਹੋਇਆ ਝੋਨਾ ਹੀ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਮੰਡੀ ਬੋਰਡ ਅਤੇ ਵੱਖ-ਵੱਖ ਖਰੀਦ ਏਜੰਸੀਆਂ ਨਾਲ ਤਾਲਮੇਲ ਕਰਕੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 33 ਰਾਈਸ ਮਿੱਲਾਂ ਦੀ ਅਲਾਟਮੈਂਟ ਹੋ ਚੁੱਕੀ ਹੈ, ਜਦਕਿ ਬਾਕੀ ਰਾਈਸ ਮਿੱਲਾਂ ਦੀ ਅਲਾਟਮੈਂਟ ਅਤੇ ਲਿੰਕੇਜ ਦੀ ਪ੍ਰਕਿਰਿਆ ਵੀ ਨਿਰਧਾਰਤ ਨਿਯਮਾਂ ਅਨੁਸਾਰ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਸਾਰੀਆਂ ਸਬੰਧਤ ਮੰਡੀਆਂ ਵਿੱਚ ਲੋੜੀਂਦਾ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਖਰੀਦ, ਲਿਫ਼ਟਿੰਗ ਅਤੇ ਸਟੋਰੇਜ ਨਾਲ ਸਬੰਧਤ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਅਤੇ ਸੁਚਾਰੂ ਖਰੀਦ ਸਹੂਲਤ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਨਿਪਟਾਰਾ ਖੇਤੀਬਾੜੀ ਮਸ਼ੀਨਰੀ ਅਤੇ ਵਿਗਿਆਨਕ ਤਰੀਕਿਆਂ ਰਾਹੀਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਨਾਲ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।

Continue Reading

Chandigarh

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਐਸ ਆਈ ਟੀ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤਲਬ

Published

on

By

ਬਿਕਰਮ ਸਿੰਘ ਮਹੀਠੀਆ ਅਤੇ ਜਗਦੀਸ਼ ਭੋਲਾ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ

ਚੰਡੀਗੜ੍ਹ, 30 ਸਤੰਬਰ (ਸ.ਬ.) 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਵਿੱਚ ਐਸ. ਆਈ. ਟੀ. ਵੱਲੋਂ ਡਰੱਗ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਾਂਚ ਟੀਮ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿੱਚ ਉਭਰਿਆ ਸੀ। ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਦੌਰਾਨ ਇਸ ਮਨੀ ਲਾਂਡਰਿੰਗ ਅਤੇ ਡਰੱਗ ਰੈਕੇਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦਾ ਦੱਸਿਆ ਸੀ। ਇਸ ਮਾਮਲੇ ਵਿੱਚ ਭੋਲਾ ਨੇ 2014 ਵਿੱਚ ਮਜੀਠੀਆ ਦਾ ਨਾਂ ਲਿਆ ਸੀ।

ਪੰਜਾਬ ਪੁਲੀਸ ਨੇ ਐਂਟੀ-ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫ਼ਾਰਸ਼ ਦੇ ਆਧਾਰ ਤੇ ਦਸੰਬਰ 2021 ਵਿੱਚ ਮਜੀਠੀਆ ਵਿਰੁੱਧ ਐਨ. ਡੀ. ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾਗਿਆ ਸੀ।

Continue Reading

Mohali

ਲੋਕਾਂ ਦੇ ਸਹਿਯੋਗ ਨਾਲ ਸਾਕਾਰ ਹੋਵੇਗਾ ਮੁਹਾਲੀ ਨੂੰ ਸਵੱਛ, ਸੁੰਦਰ ਅਤੇ ਹਰਿਆ ਭਰਿਆ ਬਣਾਉਣ ਦਾ ਟੀਚਾ : ਕੁਲਵੰਤ ਸਿੰਘ

Published

on

By

ਸਵੱਛਤਾ ਹੀ ਸੇਵਾ-2026 ਤਹਿਤ ਮੁਹਾਲੀ ਵਿੱਚ ਸਵੱਛਤਾ ਰੈਲੀ ਨੂੰ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 30 ਸਤੰਬਰ (ਸ.ਬ.) ਨਗਰ ਨਿਗਮ ਮੁਹਾਲੀ ਵੱਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਸੈਕਟਰ-69 ਵਿੱਚ ਵਿਸ਼ਾਲ ਸਵੱਛਤਾ ਰੈਲੀ ਕਰਵਾਈ ਗਈ। ਰੈਲੀ ਨੂੰ ਵਿਧਾਇਕ ਮੁਹਾਲੀ ਸ. ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸੈਕਟਰ-69 ਦੀ ਮੁੱਖ ਮਾਰਕੀਟ ਤੋਂ ਸ਼ੁਰੂ ਹੋਈ ਸਵੱਛਤਾ ਰੈਲੀ ਸੈਕਟਰ-69 ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਕਮਿਊਨਿਟੀ ਸੈਂਟਰ-69 ਵਿਖੇ ਪਹੁੰਚੀ, ਜਿੱਥੇ ਮੁੱਖ ਸਮਾਗਮ ਕਰਵਾਇਆ ਗਿਆ।

ਸਵੱਛਤਾ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਸਫ਼ਾਈ ਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਇਆ। ਇਸ ਮੌਕੇ ‘ਸਵੱਛਤਾ ਪ੍ਰਦਰਸ਼ਨੀ’ ਵੀ ਲਗਾਈ ਗਈ, ਜਿਸ ਵਿੱਚ ਸਫ਼ਾਈ ਅਤੇ ਕੂੜਾ ਪ੍ਰਬੰਧਨ ਨਾਲ ਸਬੰਧਤ ਪ੍ਰਦਰਸ਼ਨੀਆਂ ਦੇ ਨਾਲ ਵਿਸ਼ੇਸ਼ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਨਗਰ ਨਿਗਮ ਵੱਲੋਂ ਸਫ਼ਾਈ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਸਫ਼ਾਈ ਸੈਨਾਨੀਆਂ ਨੂੰ ਦਰਸਾਉਂਦੀਆਂ ਤਖ਼ਤੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।

ਇਸ ਮੌਕੇ ਗੱਲ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਨਿਰਧਾਰਤ ਥਾਵਾਂ ਤੇ ਹੀ ਕੂੜਾ ਸੁੱਟਿਆ ਜਾਵੇ ਅਤੇ ਕੂੜੇ ਦੀ ਸਹੀ ਢੰਗ ਨਾਲ ਛਾਂਟੀ ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ।

ਸz. ਕੁਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਸਫ਼ਾਈ ਮੁਹਿੰਮ ਦੀ ਸਫ਼ਲਤਾ ਲੋਕਾਂ ਦੇ ਸਹਿਯੋਗ ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਪਰ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਕੇ ਸਵੈ-ਇੱਛਾ ਨਾਲ ਸਫ਼ਾਈ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੈ। ਉਹਨਾਂ ਦੱਸਿਆ ਕਿ ਮੁਹਾਲੀ ਵਿੱਚ ਲਗਭਗ 8,000 ਪਰਿਵਾਰ ਕੂੜੇ ਨੂੰ ਘਰ ਵਿੱਚ ਹੀ ਖਾਦ ਆਦਿ ਦੇ ਰੂਪ ਵਿੱਚ ਵਰਤ ਕੇ ਇਸ ਦਾ ਸਹੀ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਹੋਰ ਲੋਕ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਘਰ ਪੱਧਰ ਤੇ ਕੂੜੇ ਦੇ ਢੁਕਵੇਂ ਪ੍ਰਬੰਧਨ ਨੂੰ ਅਪਣਾਉਣ।

ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ. ਸੰਦੀਪ ਸਿੰਘ ਗਾੜ੍ਹਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ ਸ੍ਰੀ ਹਰਪਾਲ ਸਿੰਘ ਚੰਨਾ, ਐਸ. ਈ. ਸ੍ਰੀ ਕਮਲਦੀਪ ਸਿੰਘ ਤੋਂ ਇਲਾਵਾ ਮਿਉਂਸਪਲ ਕੌਂਸਲਰ ਸ੍ਰੀਮਤੀ ਅਰੁਣਾ ਸ਼ਰਮਾ, ਸ੍ਰੀ ਰਾਜੀਵ ਵਸ਼ਿਸ਼ਟ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਕੁਲਦੀਪ ਸਿੰਘ ਸਮਾਣਾ, ਸ੍ਰੀ ਜਸਪਾਲ ਸਿੰਘ ਮਟੌਰ, ਸ੍ਰੀ ਦਰਸ਼ਨ ਸਿੰਘ ਮਟੌਰ ਅਤੇ ਸ੍ਰੀ ਅਮਰਜੀਤ ਸਿੰਘ ਸਿੱਧੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Continue Reading

Latest News

Trending