Connect with us

Mohali

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ

Published

on

ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਪੰਜਾਬ ਇਕਾਈ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਸੰਬੰਧੀ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੀ ਇੱਕ ਅਹਿਮ ਮੀਟਿੰਗ ਸੂਬੇ ਦੇ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਉਸਦੇ ਖਿਲਾਫ ਦੇਸ਼-ਧਰੋਹ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਐਸ.ਆਈ.ਆਰ. ਦੀ ਪ੍ਰਕਿਰੀਆ ਤੁਰੰਤ ਰੋਕੀ ਜਾਵੇ ਅਤੇ ਪੁਰਾਣੀਆਂ ਵੋਟਰ ਸੂਚੀਆਂ ਨੂੰ ਬਹਾਲ ਕਰਕੇ ਦੇਸ਼ ਦੇ ਸਾਰਿਆਂ ਰਾਜਾਂ ਵਿੱਚ ਇਸਨੂੰ ਲਾਗੂ ਕੀਤਾ ਜਾਵੇ।

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿੱਚ ਕਿਸੇ ਵੀ ਜਾਇਜ ਵਿਅਕਤੀ ਦੀ ਵੋਟ ਕੱਟਣਾ ਕਾਨੂੰਨੀ ਜੁਰਮ ਹੈ ਕਿਉਂਕਿ ਹਰ ਇੱਕ ਦੇਸ਼ ਵਾਸੀ ਨੂੰ ਵੋਟ ਪਾਉਣ ਦਾ ਅਧਿਕਾਰ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਕੀਲ ਭਾਈਚਾਰੇ ਨੂੰ ਇਸ ਪ੍ਰਕਿਰੀਆ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਨਾਗਰਿਕਾਂ ਦਾ ਵੋਟ ਪਾਉਣ ਦਾ ਅਧਿਕਾਰ ਅਤੇ ਆਪਣੇ ਹੱਕਾਂ ਲਈ ਵਿਰੋਧ ਕਰਨ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਕਹਿਣ ਤੇ ਦਿੱਲੀ ਪੁਲੀਸ ਵੱਲੋਂ ਜੋ ਵਿਰੋਧ ਕਰ ਰਹੇ ਦੇਸ਼ ਵਾਸੀਆਂ ਖਾਸ ਕਰ ਨੌਜਵਾਨਾਂ, ਔਰਤਾਂ ਅਤੇ ਸਮਾਜਸੇਵੀਆਂ ਤੇ ਜੋ ਤਸ਼ੱਦਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬੰਦੀ ਬਣਾਇਆ ਗਿਆ ਹੈ ਉਸ ਸਬੰਧੀ ਗ੍ਰਹਿ ਮੰਤਰੀ ਨੂੰ ਇਸਦੀ ਜਿੰਮੇਵਾਰੀ ਲੈ ਕੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਇਸ ਮੌਕੇ ਐਡਵੋਕੇਟ ਸ਼੍ਰੀ ਅਨਿਲ ਕੌਸ਼ਿਕ ਅਤੇ ਅਮਰਜੀਤ ਸਿੰਘ ਲੌਂਗੀਆ ਨੇ ਕਿਹਾ ਕਿ ਵੋਟਾਂ ਦੇ ਇਸ ਘਪਲੇ ਸਬੰਧੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਤੋਂ ਪੜਤਾਲ ਕਰਵਾ ਕੇ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਸੁਰੀਆ ਕਾਂਤ ਨੂੰ ਤੁਰੰਤ ਇਸ ਮਾਮਲੇ ਬਾਰੇ ਨੋਟਿਸ ਲੈ ਕੇ ਐਸ. ਆਈ. ਆਰ. ਦੀ ਪ੍ਰਕਿਰਿਆ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਤਾਂ ਕਿ ਦੇਸ਼ ਵਿੱਚ ਲੋਕਤੰਤਰ ਅਤੇ ਜਮਹੂਰੀਅਤ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਲੋਕਤੰਤਰ ਅਤੇ ਅਦਾਲਤਾਂ ਤੋ ਵਿਸ਼ਵਾਸ਼ ਖਤਮ ਹੋ ਗਿਆ ਤਾਂ ਦੇਸ਼ ਵਿੱਚ ਨੇਪਾਲ ਅਤੇ ਸ਼੍ਰੀਲੰਕਾ ਵਗੈਰਾ ਦੇਸ਼ਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ, ਖਾਸਕਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਦੀ ਹੋਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ), ਗੁਰਵਿੰਦਰ ਸਿੰਘ ਔਲਖ, ਗੁਰਜਿੰਦਰ ਸਿੰਘ, ਪਰਮਪ੍ਰੀਤ ਸਿੰਘ, ਲਲਿਤ ਸੂਦ, ਬੀਰ ਦਵਿੰਦਰ ਸਿੰਘ, ਅਲਤਮਸ, ਅੰਚਲਾ, ਅਮਿਤ ਕੁੰਡਲੇਸ਼, ਹਾਰਤਿਕ ਮਾਰਵਾ, ਰਿਚਾ ਗਰਗ, ਨਿਪਨ ਕੌਸ਼ਿਕ, ਹਰਮਨ ਸਿੰਘ, ਮਨੋਜ਼ ਕੁਮਾਰ, ਮਨਿੰਦਰ ਸਿੰਘ, ਪਰਮੀਤ ਸਿੰਘ, ਪੰਕਜ ਸ਼ਰਮਾ ਅਤੇ ਹਰਪ੍ਰੀਤ ਪਾਠਕ ਵੀ ਹਾਜਰ ਸਨ।

Continue Reading

Mohali

ਗ੍ਰੀਨ ਬੈਲਟ ਵਿੱਚ ਲਗਾਏ ਬੂਟੇ ਪੁੱਟੇ, ਟੈਂਟ ਵੀ ਚੋਰੀ ਕੀਤਾ

Published

on

By

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀ ਮਾਜਰਾ ਦੇ ਵਿਚਕਾਰ ਸਥਿਤ ਗ੍ਰੀਨ ਬੈਲਟ ਵਿੱਚ ਬੀਤੇ ਦਿਨ ਵਸਨੀਕਾਂ ਵਲੋਂ ਲਗਾਏ ਗਏ 35 ਦੇ ਕਰੀਬ ਬੂਟੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਜੇ ਸੀ ਬੀ ਮਸ਼ੀਨ ਚਲਾ ਜਮੀਂਦੋਜ ਕਰ ਦਿੱਤੇ ਗਏ। ਇਸਦੇ ਨਾਲ ਹੀ ਤੜਕਸਾਰ ਇੱਥੇ ਆਏ ਕੁੱਝ ਵਿਅਕਤੀਆਂ ਵਲੋਂ ਇੱਥੇ ਲੱਗਿਆ ਟੈਂਟ ਅਤੇ ਪਾਈਪਾਂ ਵੀ ਚੋਰੀ ਕਰ ਲਈਆਂ ਗਈਆਂ ਅਤੇ ਇਹ ਸਾਰਾ ਸਾਮਾਨ ਇੱਕ ਜੀਪ ਨੁਮਾ ਗੱਡੀ ਵਿੱਚ ਲੱਦ ਕੇ ਲੈ ਗਏ।

ਵਾਰਡ ਨੰਬਰ 9 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ, ਸਮਾਜ ਸੇਵੀ ਐਨ ਐਸ ਕਲਸੀ ਅਤੇ ਸਥਾਨਕ ਵਸਨੀਕਾਂ ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਇਹ ਸਾਰਾ ਕੁੱਝ ਵਸਨੀਕਾਂ ਤੇ ਦਬਾਅ ਪਾਉਣ ਦੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਕਿਉਂਕਿ ਵਸਨੀਕਾਂ ਵਲੋਂ ਇੱਥੇ ਟੈਂਟ ਲਗਾ ਕੇ ਧਰਨਾ ਲਗਾਇਆ ਗਿਆ ਸੀ ਅਤੇ ਇੱਥੇ ਹਫਤਾਵਾਰੀ ਸਬਜੀ ਮੰਡੀ ਲਗਾਉਣ ਦਾ ਵਿਰੋਧ ਕਰ ਰਹੇ ਹਨ।

ਉਹਨਾਂ ਕਿਹਾ ਕਿ ਜਾਹਿਰ ਤੌਰ ਤੇ ਇਹ ਕੰਮ ਇਸ ਲਈ ਕੀਤਾ ਗਿਆ ਹੈ ਤਾਂ ਜੋ ਇੱਥੇ ਜਬਰੀ ਮੰਡੀ ਲਗਵਾਈ ਜਾ ਸਕੇ।

ਉਹਨਾਂ ਕਿਹਾ ਕਿ ਵਸਨੀਕ ਇੱਥੇ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਇਸ ਕਾਰਵਾਈ ਦੇ ਖਿਲਾਫ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।

Continue Reading

Mohali

ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਪਸ਼ਚਾਤਾਪ ਕਰਨ ਦੀ ਥਾਂ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ : ਪਰਮਜੀਤ ਸਿੰਘ ਕਾਹਲੋਂ

Published

on

By

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਪੰਥਕ ਆਗੂ ਅਤੇ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਕਾਂਗਰਸ ਪਾਰਟੀ ਪਸ਼ਚਾਤਾਪ ਕਰਨ ਅਤੇ ਮਾਫੀ ਮੰਗਣ ਦੀ ਥਾਂ ਤੇ ਦਿੱਲੀ ਅਤੇ ਪੰਜਾਬ ਅੰਦਰ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਅਤੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।

ਉਹਨਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ। ਪਹਿਲਾਂ ਆਪਰੇਸ਼ਨ ਬਲੂ ਸਟਾਰ ਵੇਲੇ ਪੰਜਾਬ ਵਿੱਚ 35 ਗੁਰੂ ਧਾਮਾਂ ਤੇ ਫੌਜ ਤੋਂ ਹਮਲਾ ਕਰਵਾਇਆ ਜਦੋਂ ਸਿੱਖ ਨੌਜਵਾਨਾਂ ਨੇ ਇਸ ਦਾ ਬਦਲਾ ਲਿਆ ਤਾਂ ਨਵੰਬਰ ਦੇ ਪਹਿਲੇ ਹਫਤੇ ਤੇ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ ਕਰਵਾਈ, ਜਿਸ ਦਾ ਇਨਸਾਫ ਲੈਣ ਲਈ ਕੌਮ ਅੱਜ 42 ਸਾਲਾਂ ਬਾਅਦ ਵੀ ਦਰ ਦਰ ਭਟਕ ਰਹੀ ਹੈ ਅਤੇ ਕਾਂਗਰਸ ਪਾਰਟੀ ਪੀੜਿਤ ਪਰਿਵਾਰਾਂ ਦੇ ਜ਼ਖਮਾਂ ਤੇ ਮਰਹਮ ਲਗਾਉਣ ਦੀ ਥਾਂ ਆਪਣੇ ਦੋਸ਼ੀ ਲੀਡਰ ਬਚਾ ਰਹੀ ਹੈ। ਉਹਨਾਂ ਨੂੰ ਉੱਚ ਅਹੁਦੇ ਤੇ ਸਨਮਾਨਿਤ ਕਰ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਆਗੂ ਆਪਣੀ ਜਮੀਰ ਮਾਰ ਕੇ ਦੋਸ਼ੀ ਲੀਡਰਾਂ ਸਾਹਮਣੇ ਝੁੱਕ ਝੁੱਕ ਕੇ ਸਲਾਮ ਕਰਕੇ ਆਪਣਾ ਮਨ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹਲਾਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਭਾਈਚਾਰਕ ਸਾਂਝ ਤੋੜਨ ਦੀਆਂ ਪੁਰਾਣੀਆਂ ਚਾਲਾਂ ਨੂੰ ਨਕਾਰ ਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ।

Continue Reading

Mohali

ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਲੱਗੀ ਅੱਗ ਨਾਲ 22 ਸ਼ੈਡ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

Published

on

By

ਜ਼ੀਰਕਪੁਰ, 4 ਨਵੰਬਰ (ਸ.ਬ.) ਜ਼ੀਰਕਪੁਰ ਦੀ ਮਸ਼ਹੂਰ ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਲੱਗੀ ਭਿਆਨਕ ਅੱਗ ਕਾਰਨ ਟੀਨ ਦੇ 22 ਟੀਨ ਸ਼ੈਡ ਸੜ ਕੇ ਸੁਆਹ ਹੋ ਗਏ। ਅੱਜ ਸਵੇਰੇ 4 ਵਜੇ ਦੇ ਕਰੀਬ ਲੱਗੀ ਇਹ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਇਹਨਾਂ ਦੁਕਾਨਾਂ ਵਿੱਚ ਪਿਆ ਲੱਖਾਂ ਰੁਪਏ ਦਾ ਕੀਮਤੀ ਫ਼ਰਨੀਚਰ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ।

ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਤੜਕੇ 4 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਮੌਕੇ ਤੇ ਜ਼ੀਰਕਪੁਰ ਤੋਂ ਇਲਾਵਾ ਮੁਹਾਲੀ, ਡੇਰਾਬੱਸੀ, ਪੰਚਕੂਲਾ ਅਤੇ ਏਅਰ ਫੋਰਸ ਸਟੇਸ਼ਨ ਤੋਂ ਫਾਇਰ ਟੈਂਡਰ ਸੱਦੇ ਗਏ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਸਮਾਨ ਛੂੰਹਦੀਆਂ ਅੱਗ ਦੀਆਂ ਲਪਟਾਂ ਇੱਕ ਸ਼ੈਡ ਤੋਂ ਦੂਜੇ ਸ਼ੈਡ ਤੱਕ ਫੈਲਦੀਆਂ ਦੇਖ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕ ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਫਾਇਰ ਕਰਮੀਆਂ ਦੀ ਮਦਦ ਲਈ ਅੱਗੇ ਆਏ।

ਸਥਾਨਕ ਵਸਨੀਕਾਂ ਅਨੁਸਾਰ ਅੱਗ ਬਹੁਤ ਭਿਆਨਕ ਸੀ। ਸ਼ੁਰੂਆਤ ਵਿੱਚ ਲੋਕਾਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਂਬੜ ਇੰਨੇ ਤੇਜ਼ ਸਨ ਕਿ ਦੁਕਾਨਦਾਰ ਆਪਣੇ ਮਾਲ ਨੂੰ ਸੁਆਹ ਹੁੰਦਾ ਦੇਖ ਬੇਵੱਸ ਨਜ਼ਰ ਆਏ। ਇੱਕ ਦੁਕਾਨਦਾਰ ਨੇ ਕਿਹਾ ਕਿ ਘਟਨਾ ਦੇ ਪੰਜ ਘੰਟੇ ਬਾਅਦ ਵੀ ਸਾਮਾਨ ਬਚਾਉਣ ਦਾ ਕੰਮ ਜਾਰੀ ਸੀ ਅਤੇ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਮੁੱਢਲੇ ਤੌਰ ਤੇ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ। ਇੱਥੇ ਨਾਜਾਇਜ਼ ਤੌਰ ਤੇ ਬਣੇ ਸ਼ੈਡਾਂ ਵਿੱਚ ਲੱਕੜ ਦੇ ਫ਼ਰਨੀਚਰ ਦੇ ਨਾਲ-ਨਾਲ ਪੇਂਟ, ਥਿਨਰ, ਕੈਮੀਕਲ ਤੇ ਤੇਲ ਜਮ੍ਹਾਂ ਰੱਖੇ ਹੋਏ ਹਨ ਅਤੇ ਬਿਜਲੀ ਦੇ ਆਰਜ਼ੀ ਕੁਨੈਕਸ਼ਨ ਲਏ ਹੋਏ ਹਨ, ਜਿਸ ਕਾਰਨ ਇਹ ਬਾਜ਼ਾਰ ਹਰ ਸਮੇਂ ਵੱਡੇ ਹਾਦਸਿਆਂ ਦੇ ਖ਼ਤਰੇ ਹੇਠ ਰਹਿੰਦਾ ਹੈ।

Continue Reading

Latest News

Trending