Connect with us

Editorial

ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਰਕਾਰੀ ਕੰਮਕਾਜ ਦੀ ਜਵਾਬਦੇਹੀ ਜਰੂਰੀ

Published

on

ਪੌਣੇ ਪੰਜ ਸਾਲ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਵਾਇਦੇ ਕੀਤੇ ਗਏ ਸਨ ਅਤੇ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਵੀ ਮੌਜੂਦਾ ਸਰਕਾਰ ਵਲੋਂ ਖੁਦ ਨੂੰ ਕੱਟੜ ਇਮਾਨਦਾਰ ਦੱਸਦਿਆਂ ਸਮੇਂ ਸਮੇਂ ਤੇ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਸ ਵਲੋਂ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰੰਤੂ ਜਮੀਨੀ ਹਾਲਾਤ ਇਹੀ ਹਨ ਕਿ ਸਰਕਾਰ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਸਮੱਸਿਆ ਨੂੰ ਹਲ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ। ਇਸ ਦੌਰਾਨ ਪੰਜਾਬ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਭਾਵੇਂ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਲੰਬੇ ਚੌੜੇ ਦਾਅਵੇ ਜਾਂਦੇ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਵੱਡੀ ਗਿਣਤੀ ਸਰਕਾਰੀ ਦਫਤਰਾਂ ਵਿੱਚ ਹੁਣੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਪਹਿਲਾਂ ਵਾਂਗ ਹੀ ਤੰਗ ਹੋਣਾ ਪੈਂਦਾ ਹੈ।

ਆਮ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਸਰਕਾਰ ਦਾ ਅਫਸਰਸ਼ਾਹੀ ਉਪਰ ਕੋਈ ਕਾਬੂ ਨਹੀਂ ਹੈ ਅਤੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੀ ਮਰਜੀ ਨਾਲ ਹੀ ਕੰਮ ਕਰਦੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਸਰਕਾਰੀ ਦਫਤਰਾਂ ਦੇ ਵੱਡੀ ਗਿਣਤੀ ਅਫਸਰ ਅਤੇ ਮੁਲਾਜਮ ਤਾਂ ਸਮੇਂ ਤੇ ਦਫਤਰ ਤਕ ਨਹੀਂ ਆਉਂਦੇ ਅਤੇ ਜੇ ਆਉਂਦੇ ਵੀ ਹਨ ਤਾਂ ਵੀ ਕਈ ਵਾਰ ਆਪਣੀ ਹਾਜਰੀ ਲਗਾ ਕੇ ਚਲੇ ਜਾਂਦੇ ਹਨ। ਇਸ ਦੌਰਾਨ ਜਦੋਂ ਲੋਕਾਂ ਦੇ ਜਰੂਰੀ ਕੰਮ ਰੁਕ ਜਾਂਦੇ ਹਨ ਤਾਂ ਉਹ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੂੰਹ ਮੰਗੀ ਸੇਵਾ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ।

ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਸਰਕਾਰੀ ਅਧਿਕਾਰੀਆਂ ਅਤੇ ਕਲਰਕਾਂ ਦੀ ਗੱਲ ਤਾਂ ਇੱਕ ਪਾਸੇ, ਸਰਕਾਰੀ ਦਫਤਰਾਂ ਦੇ ਤਾਂ ਚਪੜਾਸੀ ਅਤੇ ਸਫਾਈ ਸੇਵਕ ਤਕ ਆਮ ਲੋਕਾਂ ਦੀ ਅਫਸਰਾਂ ਨਾਲ ਮੁਲਾਕਾਤ ਕਰਵਾਉਣ ਬਦਲੇ ਸੇਵਾ ਪਾਣੀ ਦੀ ਮੰਗ ਕਰ ਲੈਂਦੇ ਹਨ। ਕਿਸੇ ਸਰਕਾਰੀ ਕੰਮ ਦੀ ਫਾਈਲ ਨੂੰ ਅੱਗੇ ਤੋਰਨ ਲਈ ਸਰਕਾਰੀ ਦਫਤਰਾਂ ਵਿੱਚ ਅਕਸਰ ਫਾਈਲ ਨੂੰ ਪਹੀਏ ਲਗਾਉਣ ਦੀ ਗੱਲ ਆਖੀ ਜਾਂਦੀ ਰਹੀ ਹੈ, ਜਿਸਦਾ ਭਾਵ ਸੇਵਾ ਪਾਣੀ ਹੀ ਹੁੰਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਸੰਭਾਲੇ ਜਾਣ ਤੋਂ ਬਾਅਦ ਸਰਕਾਰੀ ਦਫਤਰਾਂ ਦੇ ਕੰਮਕਾਜ ਵਿੱਚ ਥੋੜ੍ਹਾ ਫਰਕ ਜਰੂਰ ਪਿਆ ਹੈ ਪਰੰਤੂ ਭ੍ਰਿਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਹੁਣੇ ਬਹੁਤ ਲੰਬਾ ਪੈਂਡਾਂ ਤੈਅ ਕਰਨਾ ਪੈਣਾ ਹੈ।

ਇਹ ਗੱਲ ਆਮ ਆਖੀ ਜਾਂਦੀ ਹੈ ਕਿ ਸਰਕਾਰ ਵਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੌਰਾਨ ਸਰਕਾਰੀ ਅਧਿਕਾਰੀਆਂ ਵਲੋਂ ਠੇਕੇਦਾਰਾਂ ਤੋਂ ਲਈ ਜਾਂਦੀ ਕਮਿਸ਼ਨਬਾਜੀ ਦਾ ਅਮਲ ਹੁਣੇ ਵੀ ਪਹਿਲਾਂ ਵਾਂਗ ਹੀ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਠੇਕੇਦਾਰਾਂ ਵਲੋਂ ਵੱਖ ਵੱਖ ਵਰਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਮਿਸ਼ਨ ਦੇ ਰੂਪ ਵਿੱਚ 15 ਤੋਂ 20 ਫੀਸਦੀ ਤਕ ਦੀ ਰਕਮ ਦੀ ਅਦਾਇਗੀ ਕੀਤੀ ਜਾਂਦੀ ਹੈ ਅਤੇ ਇਸ ਸੰਬੰਧੀ ਵੱਖ ਵੱਖ ਤਰ੍ਹਾਂ ਦੇ ਸਰਕਾਰੀ ਕੰਮ ਕਰਨ ਵਾਲੇ ਠੇਕੇਦਾਰ ਗੈਰਰਸਮੀ ਗੱਲਬਾਤ ਦੌਰਾਨ ਦੱਸਦੇ ਹਨ ਕਿ ਜਦੋਂ ਤਕ ਉਹ ਸੰਬੰਧਿਤ ਕਲਰਕ ਜਾਂ ਅਧਿਕਾਰੀ ਨੂੰ ਉਸਦੀ ਕਮਿਸ਼ਨ ਵਲੋਂ ਮੰਗੀ ਜਾਂਦੀ ਰਕਮ ਦੀ ਪੇਸ਼ਗੀ ਅਦਾਇਗੀ ਨਹੀਂ ਕਰਦੇ, ਉਹਨਾਂ ਦੇ ਬਿਲ ਪਾਸ ਹੀ ਨਹੀਂ ਕੀਤੇ ਜਾਂਦੇ।

ਜੇਕਰ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਵਿਚਲੇ ਸਰਕਾਰੀ ਦਫਤਰਾਂ ਦੀ ਹਾਲਤ ਵੀ ਕਮੋਬੇਸ਼ ਅਜਿਹੀ ਹੀ ਹੈ। ਨਗਰ ਨਿਗਮ ਵਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਬਦਲੇ ਠੇਕੇਦਾਰਾਂ ਤੋਂ ਕਮਿਸ਼ਨ ਲਏ ਜਾਣ ਦੀ ਚਰਚਾ ਵੀ ਆਮ ਹੁੰਦੀ ਹੈ ਅਤੇ ਇਸੇ ਤਰ੍ਹਾਂ ਗਮਾਡਾ ਹੋਵੇ ਜਾਂ ਤਹਿਸੀਲ ਦਫਤਰ, ਇਹਨਾਂ ਬਾਰੇ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਇੱਥੇ ਹਰ ਕੰਮ ਦੀ ਇੱਕ ਵੱਖਰੀ ਫੀਸ ਤੈਅ ਹੈ ਅਤੇ ਜਿਹੜੇ ਵਿਅਕਤੀ ਇਹ ਫੀਸ ਅਦਾ ਕਰਨ ਲਈ ਤਿਆਰ ਹੋ ਜਾਂਦੇ ਹਨ ਉਹਨਾਂ ਦਾ ਕੰਮ ਤੁਰਤ ਫੁਰਤ ਵਿੱਚ ਹੋ ਜਾਂਦਾ ਹੈ ਪਰੰਤੂ ਜੇਕਰ ਕੋਈ ਵਿਅਕਤੀ ਆਪਣਾ ਕੰਮ ਕਰਵਾਉਣ ਲਈ ਫੀਸ (ਰਿਸ਼ਵਤ) ਦੇਣ ਤੋਂ ਇਨਕਾਰੀ ਹੋਵੇ ਤਾਂ ਉਸਦੇ ਕੰਮ ਵਿੱਚ ਕੋਈ ਨਾ ਕੋਈ ਕਮੀ ਕੱਢ ਕੇ ਉਸਨੂੰ ਲਮਕਾ ਦਿੱਤਾ ਜਾਂਦਾ ਹੈ।

ਸਰਕਾਰੀ ਦਫਤਰਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਹਰ ਤਰ੍ਹਾਂ ਦੇ ਕੰਮ ਲਈ ਸਮਾਂ ਸੀਮਾ ਤੈਅ ਕੀਤੀ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਬਿਨਾ ਵਜ੍ਹਾ ਕੰਮ ਨੂੰ ਲਮਕਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰੀ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਤਾਂ ਜੋ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਤੇ ਕਾਬੂ ਕੀਤਾ ਜਾ ਸਕੇ।

Continue Reading

Editorial

ਪੰਜਾਬ ਦੀ ਸਿਆਸਤ ਵਿੱਚ ਬਣ ਸਕਦੇ ਹਨ ਨਵੇਂ ਸਮੀਕਰਨ

Published

on

By

ਭਾਜਪਾ ਅਤੇ ਅਕਾਲੀ ਦਲ ਬਾਦਲ ਵਿਚਾਲੇ ਸਿਆਸੀ ਸਮਝੌਤਾ ਹੋਣ ਦੀ ਹੋ ਰਹੀ ਹੈ ਮੁੜ ਚਰਚਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਕੁਝ ਮਹੀਨਿਆਂ ਦਾ ਸਮਾਂ ਰਹਿ ਜਾਣ ਕਾਰਨ ਪੰਜਾਬ ਦੀ ਸਿਆਸਤ ਵਿੱਚ ਉਬਾਲ ਜਿਹਾ ਆ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਸਿਆਸਤ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਐਨ. ਡੀ. ਏ. ਦੀ ਜਿੱਤ ਹੋਵੇਗੀ। ਜਿਸ ਤਰੀਕੇ ਨਾਲ ਉਹਨਾਂ ਨੇ ਸਿਰਫ਼ ਭਾਜਪਾ ਦਾ ਜ਼ਿਕਰ ਕਰਨ ਦੀ ਥਾਂ ਐਨ.ਡੀ.ਏ. ਦਾ ਜ਼ਿਕਰ ਕੀਤਾ, ਉਸ ਤੋਂ ਇਹ ਅੰਦਾਜੇ ਲਗਾਏ ਜਾ ਰਹੇ ਹਨ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਕੋਈ ਸਿਆਸੀ ਸਮਝੌਤਾ ਹੋ ਸਕਦਾ ਹੈ। ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਬਿਆਨ ਆਇਆ ਹੈ ਕਿ ਉਹ ਹਮਖਿਆਲ ਪਾਰਟੀਆਂ ਨਾਲ ਅਕਾਲੀ ਦਲ ਦਾ ਸਮਝੌਤਾ ਹੋਣ ਦੇ ਪੱਖ ਵਿੱਚ ਹਨ।

ਇਸ ਵੇਲੇ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਅਗਲੀਆਂ ਚੋਣਾਂ ਜਿਤਣ ਲਈ ਵੱਖੋ – ਵੱਖਰੇ ਤੌਰ ਤੇ ਸਰਗਰਮ ਹੋ ਚੁੱਕੇ ਹਨ ਪਰ ਜੇ ਇਹਨਾਂ ਦੋਵਾਂ ਪਾਰਟੀਆਂ ਵਿੱਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਦੋਵਾਂ ਪਾਰਟੀਆਂ ਦੇ ਸਿਆਸੀ ਗਠਜੋੜ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਸਿਆਸੀ ਸਮਝੌਤਾ ਹੋਣ ਦੀ ਗੱਲ ਤੁਰੀ ਹੈ ਪਰ ਅਜੇ ਤੱਕ ਦੋਵਾਂ ਪਾਰਟੀਆਂ ਵਿਚਾਲੇ ਕੋਈ ਸਿਆਸੀ ਸਮਝੌਤਾ ਨਹੀਂ ਹੋਇਆ। ਹੁਣ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਦੇ ਬਿਆਨਾਂ ਤੋਂ ਬਾਅਦ ਅੰਦਾਜੇ ਲਗਾਏ ਜਾ ਸਕਦੇ ਹਨ ਕਿ ਜਲਦੀ ਹੀ ਦੋਵਾਂ ਪਾਰਟੀਆਂ ਵਿਚਾਲੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੋਈ ਸਮਝੌਤਾ ਹੋਂਦ ਵਿੱਚ ਆ ਸਕਦਾ ਹੈ।

ਸਿਆਸੀ ਮਾਹਿਰ ਕਹਿੰਦੇ ਹਨ ਕਿ ਭਾਜਪਾ ਨਾਲੋਂ ਸਿਆਸੀ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੋਟ ਬੈਂਕ 18 ਫੀਸਦੀ ਸੁੰਗੜ ਗਿਆ ਹੈ। ਵਿਧਾਨ ਸਭਾ ਵਿੱਚ ਵੀ ਪਾਰਟੀ ਦਾ ਸਿਰਫ਼ ਇੱਕ ਹੀ ਮੈਂਬਰ ਹੈ। ਅਕਾਲੀ ਦਲ ਖਾਸ ਕਰਕੇ ਸੁਖਬੀਰ ਬਾਦਲ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਹੋਣ ਦਾ ਬਹੁਤ ਦੁੱਖ ਹੈ, ਇਸੇ ਕਾਰਨ ਸੁਖਬੀਰ ਬਾਦਲ ਸੱਤਾ ਵਿੱਚ ਵਾਪਸੀ ਲਈ ਲਗਾਤਾਰ ਯਤਨ ਕਰ ਰਹੇ ਹਨ।

ਸਿਆਸੀ ਮਾਹਿਰ ਕਹਿ ਰਹੇ ਹਨ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ, ਅਕਾਲੀ ਦਲ ਬਾਦਲ ਵਿੱਚ ਵਾਪਸੀ ਲਈ ਅਜੇ ਤੱਕ ਜੱਕੋਤੱਕੀ ਵਿੱਚ ਹਨ ਅਤੇ ਉਹਨਾਂ ਵੱਲੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਦੇ ਘਰ ਜਾਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਪੰਥਕ ਆਗੂਆਂ ਨੂੰ ਇਕੱਠੇ ਕਰਨ ਅਤੇ ਪੰਥਕ ਵੋਟਾਂ ਮੁੜ ਪੱਕੀਆਂ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਨੂੰ ਮੁੜ ਪੰਥਕ ਪਾਰਟੀ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੰਥਕ ਵੋਟਾਂ ਦਾ ਵੱਡਾ ਆਧਾਰ ਹੈ। ਇਹ ਪੰਥਕ ਵੋਟਾਂ ਉਹ ਹਨ, ਜੋ ਕਿ ਸਿਰਫ਼ ਪੰਥ ਦੇ ਨਾਂਅ ‘ਤੇ ਵੋਟਾਂ ਪਾਉਂਦੇ ਹਨ। ਪੰਜਾਬ ਵਿੱਚ ਪੰਥਕ ਵੋਟਾਂ ਦੇ ਸਹਾਰੇ ਹੀ ਅਕਾਲੀ ਦਲ ਬਾਦਲ ਕਈ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਇਆ ਹੈ ਪਰ ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲੇ ਕਾਰਨ ਅਕਾਲੀ ਦਲ ਦੀਆਂ ਪੱਕੀਆਂ ਪੰਥਕ ਵੋਟਾਂ ਹੀ ਅਕਾਲੀ ਦਲ ਤੋਂ ਦੂਰ ਹੋ ਗਈਆਂ ਸਨ, ਇਹਨਾਂ ਪੰਥਕ ਵੋਟਾਂ ਨੂੰ ਮੁੜ ਪੱਕੀਆਂ ਕਰਨ ਲਈ ਹੀ ਅਤੇ ਪੰਜਾਬ ਵਿੱਚ ਮੁੜ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਸੁਖਬੀਰ ਸਿੰਘ ਬਾਦਲ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਬਾਦਲ ਪੰਜਾਬ ਦੀ ਮੁੱਖ ਖੇਤਰੀ ਪਾਰਟੀ ਹੈ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਹੋਣੀ ਜ਼ਰੂਰੀ ਹੈ। ਸੁਖਬੀਰ ਬਾਦਲ ਵੱਲੋਂ ਇਸ ਦੌਰਾਨ ਹੋਰਨਾਂ ਪਾਰਟੀਆਂ ਵਿੱਚ ਗਏ ਅਕਾਲੀ ਆਗੂਆਂ ਨੂੰ ਮੁੜ ਘਰ ਵਾਪਸੀ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ ਅਤੇ ਕੁਝ ਆਗੂ ਦੂਜੀਆਂ ਪਾਰਟੀਆਂ ਵਿੱਚ ਸਰਗਰਮ ਹੋਣ ਦੋਂ ਬਾਅਦ ਮੁੜ ਅਕਾਲੀ ਦਲ ਬਾਦਲ ਵਿੱਚ ਵਾਪਸੀ ਕਰ ਵੀ ਚੁੱਕੇ ਹਨ।

ਸਾਂਸਦ ਹਰਸਿਮਰਤ ਕੌਰ ਬਾਦਲ ਵੀ ਜਨਤਕ ਤੌਰ ਤੇ ਕਹਿ ਚੁੱਕੇ ਹਨ ਕਿ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਚੋਣ ਸਮਝੌਤਾ ਜਾਂ ਸਿਆਸੀ ਗਠਜੋੜ ਹੋ ਸਕਦਾ ਹੈ। ਇਸ ਲਈ ਯਤਨ ਵੀ ਕੀਤੇ ਜਾ ਰਹੇ ਹਨ। ਇਸ ਤੋਂ ਪਤਾ ਚਲਦਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਿਆਸੀ ਸਮਝੌਤਾ ਕਰਨ ਲਈ ਅੰਦਰਖਾਤੇ ਸਗਰਮੀਆਂ ਜਾਰੀ ਹਨ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਬਾਦਲ ਦਲ ਅਤੇ ਭਾਜਪਾ ਵਿਚਾਲੇ ਸਿਆਸੀ ਸਮਝੌਤਾ ਕਦੋਂ ਹੁੰਦਾ ਹੈ? ਪਰ ਇਸ ਸਮਝੌਤੇ ਦੀ ਚਰਚਾ ਛਿੜਨ ਨਾਲ ਅਕਾਲੀ ਦਲ ਬਾਦਲ ਅਤੇ ਭਾਜਪਾ ਦੋਵੇਂ ਸਿਆਸੀ ਪਾਰਟੀਆਂ ਹੀ ਸੁਰਖੀਆਂ ਵਿੱਚ ਆ ਗਈਆਂ ਹਨ। ਸਿਆਸੀ ਮਾਹਿਰ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਬਦਲਣ ਦੇ ਵੀ ਅੰਦਾਜ਼ੇ ਲਗਾ ਰਹੇ ਹਨ।

ਬਿਊਰੋ

Continue Reading

Editorial

ਪੰਜਾਬੀਆਂ ਦਾ ਵਿਦੇਸ਼ਾਂ ਤੋਂ ਹੋਣ ਲੱਗਿਆ ਮੋਹ ਭੰਗ

Published

on

By

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਵੱਲੋਂ ਹੁਣ ਤੱਕ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਵਿਦੇਸ਼ਾਂ ਵਿੱਚੋਂ ਆ ਕੇ ਵੀ ਪੰਜਾਬੀ ਨੌਜਵਾਨ ਪੰਜਾਬ ਵਿੱਚ ਨੌਕਰੀਆਂ ਕਰ ਰਹੇ ਹਨ। ਮੁੱਖ ਮੰਤਰੀ ਮਾਨ ਦੇ ਇਸ ਕਥਨ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਉਹ ਖੁਦ ਹੀ ਜਾਣਦੇ ਹੋਣਗੇ ਪਰ ਇੱਕ ਗੱਲ ਜ਼ਰੂਰ ਚਰਚਾ ਵਿੱਚ ਆ ਰਹੀ ਹੈ ਕਿ ਹੁਣ ਵੱਡੀ ਗਿਣਤੀ ਨੌਜਵਾਨ ਕੈਨੇਡਾ ਅਤੇ ਅਮਰੀਕਾ ਜਾਣ ਦੀ ਥਾਂ ਪੰਜਾਬ ਰਹਿ ਕੇ ਆਪਣਾ ਕੰਮ ਧੰਦਾ ਜਾਂ ਨੌਕਰੀ ਕਰਨ ਨੂੰ ਤਰਜੀਹ ਦੇਣ ਲੱਗੇ ਹਨ।

ਪੰਜਾਬੀਆਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਅਤੇ ਆਲੂ ਦੁਨੀਆਂ ਦੇ ਹਰ ਇਲਾਕੇ ਵਿੱਚ ਮਿਲ ਜਾਂਦੇ ਹਨ। ਪੰਜਾਬੀਆਂ ਨੇ ਸਖ਼ਤ ਮਿਹਨਤ ਕਰਕੇ ਵਿਦੇਸ਼ਾਂ ਵਿੱਚ ਚੰਗਾ ਨਾਮਣਾ ਖੱਟਿਆ ਹੈ। ਕਈ ਦੇਸ਼ਾਂ ਵਿੱਚ ਤਾਂ ਪੰਜਾਬੀ ਉਚ ਅਹੁਦਿਆਂ ਤੇ ਵੀ ਤੈਨਾਤ ਹਨ। ਪੰਜਾਬੀਆਂ ਨੂੰ ਪਿਛਲੇ ਚਾਰ ਪੰਜ ਦਹਾਕਿਆਂ ਦੌਰਾਨ ਵਿਦੇਸ਼ ਜਾਣ ਦਾ ਝੱਲ ਜਿਹਾ ਚੜਿਆ ਰਿਹਾ ਸੀ ਪਰ ਹੁਣ ਇਸ ਸਾਲ ਪੰਜਾਬੀਆਂ ਵੱਲੋਂ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਹੀ ਰਹਿਣ ਦਾ ਰੁਝਾਨ ਪੈਦਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਵਿਦੇਸ਼ ਜਾਣ ਵਾਲੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਗਿਣਤੀ ਕੁਝ ਘੱਟ ਰਹੀ ਹੈ।

ਅੰਕੜੇ ਵੀ ਇਹੀ ਕਹਿ ਰਹੇ ਹਨ ਕਿ ਕੈਨੇਡਾ ਵਿੱਚ ਮਹਿੰਗਾਈ ਅਤੇ ਹੋਰ ਮੁਸ਼ਕਿਲਾਂ ਕਾਰਨ ਅਤੇ ਅਮਰੀਕੀ ਨੀਤੀਆਂ ਵਿੱਚ ਅਸਥਿਰਤਾ ਅਤੇ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਦੇ ਅਨਿਸ਼ਚਿਤ ਭਵਿੱਖ ਨੂੰ ਦੇਖਦਿਆਂ ਭਾਰਤੀ ਵਿਦਿਆਰਥੀ ਹੁਣ ਜਰਮਨੀ, ਨੀਦਰਲੈਂਡਜ਼, ਫਰਾਂਸ, ਸਪੇਨ, ਸਿੰਗਾਪੁਰ, ਹਾਂਗਕਾਂਗ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਅਮਰੀਕੀ ਵਣਜ ਵਿਭਾਗ ਦੇ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਮਹੀਨੇ ਵਿੱਚ ਐਫ ਅਤੇ ਐਮ ਸ਼੍ਰੇਣੀ ਦੇ ਵੀਜ਼ਿਆਂ ਤੇ ਅਮਰੀਕਾ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 39 ਫੀਸਦੀ ਦੀ ਗਿਰਾਵਟ ਆਈ ਹੈ।

ਸਾਲ 2020 ਦੀ ਕੋਰੋਨਾ ਮਹਾਮਾਰੀ ਤੋਂ ਬਾਅਦ ਅਗਸਤ ਮਹੀਨੇ ਵਿੱਚ ਅਮਰੀਕਾ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਇਸ ਸਾਲ ਅਗਸਤ ਵਿੱਚ 25,321 ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ, ਜਦੋਂ ਕਿ ਪਿਛਲੇ ਸਾਲ ਅਗਸਤ ਵਿੱਚ ਇਹ ਗਿਣਤੀ 41,540 ਸੀ। ਇਹ ਅੰਕੜਾ ਅਗਸਤ 2023 ਦੇ 93,833 ਵਿਦਿਆਰਥੀਆਂ ਦੇ ਰਿਕਾਰਡ ਪੱਧਰ ਨਾਲੋਂ 73 ਫੀਸਦੀ ਘੱਟ ਹੈ। ਅਮਰੀਕਾ ਵਾਂਗ ਹੀ ਵੱਖ ਵੱਖ ਦੇਸ਼ਾਂ ਵੱਲੋਂ ਵੀ ਅੰਕੜੇ ਜਾਰੀ ਕੀਤੇ ਜਾ ਰਹੇ ਹਨ, ਜਿਹਨਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ।

ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਪੱਗੜੀਧਾਰੀ ਪੰਜਾਬੀ ਨੌਜਵਾਨ ਹੁਣ ਵੱਖ ਵੱਖ ਕੰਮ ਕਰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੇ ਵਾਤਾਵਰਣ ਵਾਂਗ ਨੌਜਵਾਨਾਂ ਦੀ ਸੋਚ ਵੀ ਬਦਲ ਰਹੀ ਹੈ ਅਤੇ ਉਹ ਵਿਦੇਸ਼ ਜਾਣ ਦਾ ਸੁਪਨਾ ਲੈਣ ਦੀ ਥਾਂ ਪੰਜਾਬ ਦੀ ਹਕੀਕਤ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਵਿੱਚ ਹੁਣ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਲਗਾਉਣ ਵਾਲੇ ਪੰਜਾਬੀ ਵੀ ਦਿਖਾਈ ਦੇ ਰਹੇ ਹਨ।

ਕੁਝ ਸਾਲ ਪਹਿਲਾਂ ਤਕ ਛੋਟੀਆਂ ਦੁਕਾਨਾਂ, ਰੇਹੜੀਆਂ ਫੜੀਆਂ ਲਗਾਉਣ ਸਬੰਧੀ ਦੂਜੇ ਰਾਜਾਂ ਤੋਂ ਆਏ ਪਰਵਾਸੀਆਂ ਦਾ ਪੂਰਨ ਕਬਜ਼ਾ ਹੋ ਗਿਆ ਸੀ ਪਰ ਹੁਣ ਹਫਤਾਵਾਰੀ ਮੰਡੀਆਂ, ਹਰ ਦਿਨ ਲੱਗਦੀਆਂ ਵੱਡੀਆਂ ਮੰਡੀਆਂ ਅਤੇ ਹਰ ਇਲਾਕੇ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਲਗਾਉਣ ਵਿੱਚ ਵੀ ਪੰਜਾਬੀ ਸਿੱਖ ਨੌਜਵਾਨ ਨਜ਼ਰ ਆ ਰਹੇ ਹਨ। ਕਰੀਬ ਹਰ ਸ਼ਹਿਰ ਵਿੱਚ ਪੰਜਾਬੀ ਲੋਕ ਵੀ ਆਪਣਾ ਰੁਜ਼ਗਾਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਿਦੇਸ਼ਾਂ ਤੋੋਂ ਮੋਹ ਭੰਗ ਹੋਣ ਲੱਗ ਗਿਆ ਹੈ।

ਬਿਊਰੋ

Continue Reading

Editorial

ਮਿਹਨਤੀ ਬਿਰਤੀ ਦੇ ਇਨਸਾਨ ਸਨ ਪ੍ਰੇਮ ਸਿੰਘ ਰਾਮਪੁਰੀਆ

Published

on

By

ਭੋਗ ਤੇ ਵਿਸ਼ੇਸ਼

ਪ੍ਰੇਮ ਸਿੰਘ ਰਾਮਪੁਰੀਆਦਾ ਜਨਮ ਸੰਨ 1946 ਦੇ ਵਿੱਚ ਪਿਤਾ ਤੇਜਾ ਸਿੰਘ ਅਤੇ ਮਾਤਾ ਸੇਵਾ ਕੌਰ ਦੇ ਘਰ ਪਿੰਡ ਰਾਮਪੁਰ ਜਿਲਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ। ਪ੍ਰੇਮ ਸਿੰਘ ਆਪਣੇ ਪਿੰਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ ਅਤੇ ਉਹਨਾਂ ਨੇ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਵਾ ਕੇ ਪਿੰਡ ਦਾ ਨਾਮ ਵੀ ਰੋਸ਼ਨ ਕਰਵਾਇਆ।

ਪ੍ਰੇਮ ਸਿੰਘ ਹੁਰੀਂ ਚਾਰ ਭਰਾ ਅਤੇ ਦੋ ਭੈਣਾ ਸਨ। ਉਹਨਾਂ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਨੇੜਲੇ ਪਿੰਡ ਬਲਾੜੀ ਕਲ੍ਹਾਂ ਵਿਖੇ ਕੀਤੀ। ਪੜ੍ਹਾਈ ਉਪਰੰਤ ਹੀ ਇਨ੍ਹਾਂ ਨੇ 1966 ਵਿੱਚ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਕਲਰਕ ਦੇ ਅਹੁਦੇ ਤੇ ਨੌਕਰੀ ਜੁਆਇਨ ਕੀਤੀ।

ਪ੍ਰੇਮ ਸਿੰਘ ਬਹੁਤ ਹੀ ਮਿਹਨਤੀ ਬਿਰਤੀ ਦੇ ਇਨਸਾਨ ਸਨ। ਉਹਨਾਂ ਨੇ ਨੌਕਰੀ ਦੇ ਨਾਲ ਪਿੰਡ ਧਨਾਸ ਵਿਖੇ ਵੱਡੇ ਪੱਧਰ ਦਾ ਡੇਅਰੀ ਫਾਰਮ ਚਲਾਇਆ ਅਤੇ ਨਾਲ ਨਾਲ ਆਪਣੇ ਪਿੰਡ ਰਾਮਪੁਰ ਵਿਖੇ ਖੇਤੀਬਾੜੀ ਦਾ ਕੰਮ ਵੀ ਸੰਭਾਲਦੇ ਰਹੇ।

ਉਹ ਹਰ ਸਮੇਂ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਸੀ ਅਤੇ ਹਰ ਇੱਕ ਲੋੜਵੰਦ ਇਨਸਾਨ ਅਤੇ ਪਿੰਡ, ਇਲਾਕੇ ਅਤੇ ਰਿਸ਼ਤੇਦਾਰਾਂ ਦੀ ਦਿਲ ਖੋਲ੍ਹਕੇ ਬਿਨਾ ਕਿਸੇ ਲਾਲਚ ਤੋਂ ਭੇਦ-ਭਾਵ ਤੋਂ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਸੀ। ਉਹਨਾਂ ਨੇ ਇਲਾਕੇ ਦੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਕਾਫੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਲਗਵਾਈਆਂ। ਇਨ੍ਹਾਂ ਦੇ ਦੋ ਭਤੀਜੇ ਦਲਜੀਤ ਸਿੰਘ ਸੁਪਰਡੰਟ ਅਤੇ ਗੁਰਨਾਮ ਸਿੰਘ ਸੁਪਰਡੰਟ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹਵਿਖੇ ਉਚ ਅਹੁਦਿਆਂ ਤੇ ਤਾਇਨਾਤ ਹਨ।

ਪ੍ਰੇਮ ਸਿੰਘ ਨੇ ਆਪਣੀ ਸਾਰੀ ਨੌਕਰੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹੀ ਕੀਤੀ ਅਤੇ ਨੌਕਰੀ ਦੇ ਦੌਰਾਨ ਸਾਰੀਆਂ ਸਰਕਾਰਾਂ ਦੇ ਵਿੱਚ ਸਾਰੇ ਵਿਧਾਇਕ ਇਨ੍ਹਾਂ ਦਾ ਇੱਕ ਇਮਾਨਦਾਰ ਅਤੇ ਵਧੀਆ ਅਫਸਰ ਹੋਣ ਦੇ ਨਾਤੇ ਬਹੁਤ ਮਾਣ-ਸਤਿਕਾਰ ਕਰਦੇ ਸਨ। ਉਹ 2004 ਦੇ ਵਿੱਚ ਸੁਪਰਡੰਟ ਗ੍ਰੇਡ-1 ਉਚ ਅਹੁਦੇ ਤੋਂ ਮਾਨ-ਸਨਮਾਨ ਦੇ ਨਾਲ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ।

ਪ੍ਰੇਮ ਸਿੰਘ ਦੇ ਦੋ ਬੱਚੇ ਹਨ। ਵੱਡੀ ਬੇਟੀ ਇੰਦਰਜੀਤ ਕੌਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਕੋੜਵਾ ਵਿਖੇ ਵਿਆਹੀ ਹੋਈ ਹੈ। ਛੋਟਾ ਬੇਟਾ ਗੁਰਜੀਤ ਸਿੰਘ ਪੁਲੀਸ ਵਿਭਾਗ ਦੇ ਵਿੱਚ ਸਰਕਲ ਡੀ. ਐਸ. ਪੀ. ਦੇ ਅਹੁਦੇ ਤੇ ਮੋਰਿੰਡਾ ਵਿਖੇ ਤਾਇਨਾਤ ਹੈ। ਪਿਤਾ ਵੱਲੋਂ ਮਿਲੇ ਵਧੀਆ ਸੰਸਕਾਰਾਂ ਦੇ ਕਰਕੇ ਅੱਜ ਗੁਰਜੀਤ ਸਿੰਘ ਦਾ ਪੰਜਾਬ ਪੁਲੀਸ ਦੇ ਵਿੱਚ ਇੱਕ ਵਧੀਆ ਇਮਾਨਦਾਰ, ਦਲੇਰ ਅਤੇ ਗਰੀਬਾਂ ਮੁਲਜਮਾਂ ਦੇ ਦੁੱਖ-ਸੁੱਖ ਵਿੱਚ ਕੰਮ ਆਉਣ ਵਾਲੇ ਪੁਲੀਸ ਅਧਿਕਾਰੀ ਦੇ ਤੌਰ ਤੇ ਚੰਗਾ ਨਾਮ ਹੈ।

ਪ੍ਰੇਮ ਸਿੰਘ ਰਾਮਪੁਰੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 25 ਅਕਤੂਬਰ 2026 ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਲੰਬਿਆਂ ਫੇਜ਼ 8 ਮੁਹਾਲੀ ਦੁਪਹਿਰ 12:30 ਵਜੇ ਤੋਂ 1:30 ਵਜੇ ਦੇ ਵਿਚਕਾਰ ਹੋਵੇਗਾ।

Continue Reading

Latest News

Trending