Editorial
ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਪੰਜ ਵਰ੍ਹੇ
ਵਿਦਿਆਰਥੀਆਂ ਲਈ ਭਾਵੇਂ ਕਿ ਸਿੱਖਿਆ ਪ੍ਰਾਪਤ ਕਰਨ ਦੇ ਸਾਰੇ ਵਰ੍ਹੇ ਹੀ ਬਹੁਤ ਮਹੱਤਵਪੂਰਨ ਹੁੰਦੇ ਹਨ ਪਰ ਇਹਨਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਦਸਵੀਂ ਅਤੇ ਉਸ ਤੋਂ ਬਾਅਦ ਕਾਲਜ/ਯੂਨੀਵਰਸਿਟੀ ਦੀ ਪੜ੍ਹਾਈ ਦੇ ਸਾਲ ਹੁੰਦੇ ਹਨ। ਜਿਹੜੇ ਵਿਦਿਆਰਥੀ ਦਸਵੀਂ ਅਤੇ ਕਾਲਜ/ਯੂਨੀਵਰਸਿਟੀ ਦੀ ਪੜ੍ਹਾਈ ਦੇ ਪੰਜ ਸਾਲਾਂ ਵਿੱਚ ਸਖ਼ਤ ਮਿਹਨਤ ਕਰ ਲੈਂਦੇ ਹਨ, ਉਹ ਅਗਲੇ ਪੰਜਾਹ ਸਾਲਾਂ ਵਿੱਚ ਜ਼ਿੰਦਗੀ ਦਾ ਹਰ ਆਨੰਦ ਮਾਣਦੇ ਹਨ ਕਿਉਂਕਿ ਪੜ੍ਹਾਈ ਵੇਲੇ ਪੰਜ ਸਾਲ ਕੀਤੀ ਸਖ਼ਤ ਮਿਹਨਤ ਨਾਲ ਉਹਨਾਂ ਨੂੰ ਚੰਗੀ ਨੌਕਰੀ/ਚੰਗਾ ਰੁਜ਼ਗਾਰ ਅਤੇ ਚੰਗਾ ਕਾਰੋਬਾਰ ਮਿਲ ਜਾਂਦੇ ਹਨ ਜਿਸ ਕਰਕੇ ਉਹ ਜ਼ਿੰਦਗੀ ਵਿੱਚ ਸਫ਼ਲ ਮਨੁੱਖ ਕਹਾਉਣ ਦੇ ਹੱਕਦਾਰ ਹੋ ਜਾਂਦੇ ਹਨ।
ਦੂਜੇ ਪਾਸੇ ਜਿਹੜੇ ਵਿਦਿਆਰਥੀ ਕਾਲਜ/ਯੂਨੀਵਰਸਿਟੀ ਦੇ ਪੜ੍ਹਾਈ ਦੇ ਪੰਜ ਸਾਲਾਂ ਦੌਰਾਨ ਮਿਹਨਤ ਕਰਨ ਦੀ ਥਾਂ ਆਪਣਾਂ ਸਮਾਂ ਕੰਟੀਨ ਜਾਂ ਘੁੰਮਣ ਵਿੱਚ, ਗੱਲਾਂ ਬਾਤਾਂ ਕਰਨ ਜਾਂ ਫ਼ਿਲਮਾਂ ਵੇਖਣ ਵਿੱਚ, ਨਸ਼ੇ ਕਰਨ ਜਾਂ ਵਿਦਿਆਰਥੀ ਰਾਜਨੀਤੀ ਵਿੱਚ ਵਧੇਰੇ ਬਤੀਤ ਕਰਦੇ ਹਨ, ਉਹ ਪੜ੍ਹਾਈ ਵਿੱਚ ਅਕਸਰ ਪਿੱਛੜ ਜਾਂਦੇ ਹਨ ਅਤੇ ਅਜਿਹੇ ਵਿਦਿਆਰਥੀ ਉਚੇਰੀਆਂ ਜਮਾਤਾਂ ਦੀ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਇਹਨਾਂ ਨੂੰ ਚੰਗੀਆਂ ਨੌਕਰੀਆਂ ਅਤੇ ਚੰਗੇ ਰੁਜ਼ਗਾਰ ਨਹੀਂ ਮਿਲਦੇ। ਫਿਰ ਅਜਿਹੇ ਵਿਦਿਆਰਥੀਆਂ ਨੂੰ ਆਪਣੇ ਘਰ ਚਲਾਉਣ ਲਈ ਅਗਲੇ ਪੰਜਾਹ ਸਾਲ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਵਿਦਿਆਰਥੀ ਜੀਵਨ ਦੌਰਾਨ ਪੰਜ ਸਾਲ ਕੀਤੀ ਗਈ ਸਖ਼ਤ ਮਿਹਨਤ ਵਿਦਿਆਰਥੀਆਂ ਦੀ ਜ਼ਿੰਦਗੀ ਬਣਾ ਦਿੰਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਹਰ ਸੁੱਖ ਸਹੂਲਤ ਨੂੰ ਮਾਣਦੇ ਹਨ। ਜਿਹੜੇ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ, ਉਥੇ ਵੀ ਉਹਨਾਂ ਲਈ ਪਹਿਲੇ ਪੰਜ ਸਾਲ ਕਾਫ਼ੀ ਮਹੱਤਵਪੂਰਨ ਹੁੰਦੇ ਹਨ। ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ ਤੇ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਕਰਦੇ ਹਨ ਤਾਂ ਉਹਨਾਂ ਨੂੰ ਵਿਦੇਸ਼ ਵਿੱਚ ਉਹਨਾਂ ਦੀ ਵਿਦਿਅਕ ਯੋਗਤਾ ਅਨੁਸਾਰ ਚੰਗਾ ਕੰਮ ਮਿਲ ਜਾਂਦਾ ਹੈ ਅਤੇ ਕੰਮ ਦੌਰਾਨ ਸਖ਼ਤ ਮਿਹਨਤ ਕਰਦਿਆਂ ਉਹ ਤਰੱਕੀ ਕਰ ਜਾਂਦੇ ਹਨ। ਪੜ੍ਹਾਈ ਤੋਂ ਬਾਅਦ ਘੁੰਮਣ ਫਿਰਨ ਤੇ ਐਸ਼ ਕਰਨ ਲਈ ਸਾਰੀ ਉਮਰ ਪਈ ਹੁੰਦੀ ਹੈ। ਇਸੇ ਕਰਕੇ ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਸਖ਼ਤ ਮਿਹਨਤ ਕਰਨ ਲਈ ਕਹਿੰਦੇ ਰਹਿੰਦੇ ਹਨ।
ਸਕੁੂਲ ਦੀ ਪੜ੍ਹਾਈ ਦੌਰਾਨ ਤਾਂ ਹਰ ਬੱਚਾ ਆਪਣੇ ਮਾਪਿਆਂ ਅਨੁਸਾਰ ਚਲਦਾ ਹੈ ਅਤੇ ਮਾਪਿਆਂ ਦੇ ਕਹਿਣ ਅਨੁਸਾਰ ਮਿਹਨਤ ਕਰਦਾ ਹੈ ਪਰ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਬੱਚੇ ਪੂਰੀ ਤਰ੍ਹਾਂ ਆਜ਼ਾਦ ਹੋ ਜਾਂਦੇ ਹਨ। ਇਸ ਦੌਰਾਨ ਉਹ ਆਪਣੇ ਮਾਪਿਆਂ ਦੀ ਘੱਟ ਸੁਣਦੇ ਹਨ ਅਤੇ ਆਪਣੀ ਮਨਮਰਜ਼ੀ ਵਧੇਰੇ ਕਰਦੇ ਹਨ। ਇਸ ਲਈ ਸਿਆਣੇ ਲੋਕ ਅਜਿਹੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਹਨ।
ਸਖ਼ਤ ਮਿਹਨਤ ਕਰਨ ਤੋਂ ਭਾਵ ਇਹ ਨਹੀਂ ਹੈ ਕਿ ਦਿਨ ਰਾਤ ਸਿਰ ਸੁੱਟ ਕੇ ਕਿਤਾਬਾਂ ਪੜ੍ਹੀ ਜਾਓ, ਬਲਕਿ ਇਹ ਕਹਿਣ ਦਾ ਭਾਵ ਇਹ ਹੈ ਕਿ ਹਰ ਵਿਦਿਆਰਥੀ ਨੂੰ ਆਪਣਾ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਹੈ। ਇਸ ਟਾਈਮ ਟੇਬਲ ਵਿੱਚ ਉਸ ਨੂੰ ਆਪਣੀ ਪੜ੍ਹਾਈ ਦਾ ਸਮਾਂ ਅਤੇ ਖੇਡਣ ਦਾ ਸਮਾਂ ਵੀ ਨਿਸ਼ਚਿਤ ਕਰ ਲੈਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕੁਝ ਸਮਾਂ ਦੋਸਤਾਂ ਨਾਲ ਮਿਲਣ ਦਾ ਵੀ ਰੱਖਣਾ ਚਾਹੀਦਾ ਹੈ ਤਾਂ ਕਿ ਦੋਸਤੀ ਦਾ ਨਿੱਘ ਵੀ ਮਾਣਿਆ ਜਾਵੇ। ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੰਦਰੁਸਤ ਰਹਿੰਦੇ ਹਨ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਇਸ ਲਈ ਖੇਡਾਂ ਵਿੱਚ ਹਿੱਸਾ ਲੈ ਕੇ ਜਿਹੜੇ ਵਿਦਿਆਰਥੀ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ, ਉਹ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਣਗੇ। ਇਹ ਜ਼ਰੂੁਰ ਧਿਆਨ ਰੱਖਿਆ ਜਾਵੇ ਕਿ ਖੇਡਾਂ ਵਿੱਚ ਏਨਾ ਵੀ ਹਿੱਸਾ ਨਾ ਲਿਆ ਜਾਵੇ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ।
ਜਿਹੜੇ ਵਿਦਿਆਰਥੀਆਂ ਨੂੰ ਚੰਗੇ ‘ਰਾਹ ਦਸੇਰੇ’ ਮਿਲ ਜਾਂਦੇ ਹਨ, ਉਹ ਵਿਦਿਆਰਥੀ ਜ਼ਿੰਦਗੀ ਵਿੱਚ ਵਧੇਰੇ ਸਫ਼ਲ ਹੋ ਜਾਂਦੇ ਹਨ। ਦੂਜੇ ਪਾਸੇ ਕੁਝ ਵਿਦਿਆਰਥੀਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਵੱਲੋਂ ਪੜ੍ਹਾਈ ਤੋਂ ਹਟਾਉਣ ਅਤੇ ਉਹਨਾਂ ਦਾ ਧਿਆਨ ਹੋਰ ਪਾਸੇ ਲਗਾਉਣ ਦੇ ਯਤਨ ਵੀ ਕੀਤੇ ਜਾਂਦੇ ਹਨ। ਵਿਦਿਆਰਥੀ ਅਕਸਰ ਭੋਲੇ ਭਾਲੇ ਹੁੰਦੇ ਹਨ, ਉਹਨਾਂ ਨੂੰ ਆਪਣੇ ਭਲੇ ਬੁਰੇ ਦੀ ਸਮਝ ਨਹੀਂ ਹੁੰਦੀ। ਕਈ ਚੁਸਤ ਚਲਾਕ ਕਿਸਮ ਦੇ ਆਦਮੀ ਮੂੰਹ ਦੇ ਮਿੱਠੇ ਬਣ ਕੇ ਵਿਦਿਆਰਥੀਆਂ ਨਾਲ ਨੇੜਤਾ ਬਣਾ ਲੈਂਦੇ ਹਨ ਅਤੇ ਉਹਨਾਂ ਨੂੰ ਪੜ੍ਹਾਈ ਦੀ ਥਾਂ ਨਕਲ ਮਾਰਨ ਜਾਂ ਗਲਤ ਪਾਸੇ ਪਾਉਣ ਦਾ ਯਤਨ ਕਰਦੇ ਹਨ। ਅਜਿਹੇ ਲੋਕਾਂ ਤੋਂ ਵਿਦਿਆਰਥੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਧੋਖਾ ਨਾ ਖਾ ਸਕਣ। ਕਈ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਕਿ ਸਖ਼ਤ ਮਿਹਨਤ ਕਰਦੇ ਹਨ ਪਰ ਹਾਲਾਤ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੇ। ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਪੜ੍ਹਾਈ ਅੱਧ ਵਿਚਾਲੇ ਰਹਿ ਜਾਂਦੀ ਹੈ ਅਤੇ ਉਹ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਪਿੱਛੇ ਰਹਿ ਜਾਂਦੇ ਹਨ।
ਵਿਦਿਆਰਥੀਆਂ ਨੂੰ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਪੰਜ ਸਾਲਾਂ ਦੌਰਾਨ ‘ਵਿਸ਼ੇਸ਼ ਪੰਜ ਸਾਲਾ ਯੋਜਨਾ’ ਬਣਾ ਲੈਣੀ ਚਾਹੀਦੀ ਹੈ ਅਤੇ ਉਸ ਯੋਜਨਾ ਅਨੁਸਾਰ ਹੀ ਉਹਨਾਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਲਈ ਬਚਪਣ ਤੋਂ ਹੀ ਪੜ੍ਹਾਈ ਦਾ ਮਜ਼ਬੂਤ ਆਧਾਰ ਬਣਾਉਣਾ ਜ਼ਰੂਰੀ ਹੈ, ਉਥੇ ਦਸਵੀਂ ਅਤੇ ਉਸ ਤੋਂ ਅਗਲੇ ਪੰਜ ਸਾਲਾਂ ਦੌਰਾਨ ਪੜ੍ਹਾਈ ਵੱਲ ਦਿੱਤਾ ਗਿਆ ਵਿਸ਼ੇਸ਼ ਧਿਆਨ ਵਿਦਿਆਰਥੀਆਂ ਲਈ ਸਫ਼ਲਤਾ ਦਾ ਹਰ ਦਰਵਾਜ਼ਾ ਖੋਲ੍ਹ ਦਿੰਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਆਪਣੇ ਮਾਪਿਆਂ ਅਤੇ ਸੀਨੀਅਰ ਵਿਦਿਆਰਥੀਆਂ ਦੇ ਤਜਰਬੇ ਤੋਂ ਵੀ ਲਾਭ ਉਠਾ ਸਕਦੇ ਹਨ। ਵਿਦਿਆਰਥੀਆਂ ਨੇ ਜੇ ਵੱਡੇ ਹੋ ਕੇ ਜ਼ਿੰਦਗੀ ਦੀ ਹਰ ਸਹੂਲਤ ਦਾ ਆਨੰਦ ਲੈਣਾ ਹੈ ਤਾਂ ਉਹਨਾਂ ਨੂੰ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਪੰਜ ਸਾਲ ਪੂਰੀ ਸਖ਼ਤ ਮਿਹਨਤ ਕਰਨੀ ਹੀ ਪੈਣੀ ਹੈ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਤੇ ਨਿਰਭਰ ਨਾ ਰਹਿਣ ਬਲਕਿ ਪੜ੍ਹਾਈ ਦੇ ਨਾਲ ਕੋਈ ਪਾਰਟ ਟਾਈਮ ਕੰਮ ਜਾਂ ਪਾਰਟ ਟਾਈਮ ਨੌਕਰੀ ਕਰਕੇ ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕ ਸਕਦੇ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਦਸਵੀਂ ਅਤੇ ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਵਰ੍ਹੇ ਸਖ਼ਤ ਮਿਹਨਤ ਕਰਨ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀ/ਰੁਜ਼ਗਾਰ ਮਿਲ ਸਕਦੇ ਹਨ ਅਤੇ ਇਹ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋ ਸਕਦੇ ਹਨ।
ਬਿਊਰੋ
Editorial
ਭਿਖਾਰੀਆਂ ਦੀ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ
ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਦੀ ਗਿਣਤੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ ਅਤੇ ਇਹਨਾਂ ਮੰਗਤਿਆਂ ਦੀਆਂ ਟੋਲੀਆਂ ਸ਼ਹਿਰ ਵਿੱਚ ਥਾਂ ਥਾਂ ਤੇ ਘੁੰਮਦੀਆਂ ਆਮ ਦਿਖ ਜਾਂਦੀਆਂ ਹਨ। ਭੀਖ ਮੰਗਣ ਵਾਲਿਆਂ ਦੀਆਂ ਇਹ ਟੋਲੀਆਂ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਉੱਪਰ ਆਉਂਦੇ ਜਾਂਦੇ ਲੋਕਾਂ ਤੋਂ ਭੀਖ ਮੰਗਦੀਆਂ ਰਹਿੰਦੀਆਂ ਹਨ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਟ੍ਰੈਫਿਕ ਲਾਈਟਾਂ, ਪਾਰਕਾਂ, ਧਾਰਮਿਕ ਸਥਾਨਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਦੇ ਬਾਹਰ ਤਕ ਪਹੁੰਚ ਕੇ ਭੀਖ ਮੰਗਦੇ ਇਹਨਾਂ ਮੰਗਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਹਾਲਾਤ ਇਹ ਹਨ ਕਿ ਜਨਤਕ ਥਾਵਾਂ ਤੇ ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਕਿਸੇ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਘੁੰਮ ਰਹੀ ਕੋਈ ਪ੍ਰਵਾਸੀ ਮਹਿਲਾ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ। ਜਨਤਕ ਥਾਵਾਂ ਤੇ ਭੀਖ ਮੰਗਣ ਵਾਲੇ ਇਹ ਮੰਗਤੇ ਵੀ ਕਈ ਤਰ੍ਹਾਂ ਦੇ ਹਨ। ਇਨ੍ਹਾਂ ਵਿੱਚੋਂ ਕੁੱਝ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਪੇਟ ਭਰਨ ਦਾ ਵਾਸਤਾ ਦੇ ਕੇ ਭੀਖ ਮੰਗਦੇ ਹਨ ਜਦੋਂਕਿ ਕੁੱਝ ਪ੍ਰਵਾਸੀ ਔਰਤਾਂ ਛੋਟੇ ਛੋਟੇ ਬੱਚੇ ਚੁੱਕ ਕੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭੀਖ ਮੰਗਦੀਆਂ ਨਜਰ ਆਉਂਦੀਆਂ ਹਨ।
ਇਹਨਾਂ ਮੰਗਤਿਆਂ ਦੇ ਕਾਰਨ ਕਈ ਵਾਰ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਸੜਕ ਹਾਦਸੇ ਦੀ ਨੌਬਤ ਵੀ ਆ ਜਾਂਦੀ ਹੈ। ਵੱਖ ਵੱਖ ਥਾਵਾਂ ਤੇ ਭੀਖ ਮੰਗਦੇ ਇਹ ਭਿਖਾਰੀ ਉਦੋਂ ਤੱਕ ਲੋਕਾਂ ਦੇ ਪਿੱਛੇ ਪਏ ਰਹਿੰਦੇ ਹਨ ਜਦੋਂ ਤਕ ਤੰਗ ਆ ਕੇ ਲੋਕ ਉਹਨਾਂ ਨੂੰ ਕੁੱਝ ਦੇ ਨਾ ਦੇਣ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਲੋਕਾਂ ਦੇ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਇਹ ਮੰਗਤੇ ਘੇਰ ਕੇ ਖੜ੍ਹ ਜਾਂਦੇ ਹਨ। ਇਸ ਦੌਰਾਨ ਕੁੱਝ ਲੋਕ ਇਹਨਾਂ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਦੇ ਦਿੰਦੇ ਹਨ ਜਾਂ ਕਿਸੇ ਦੁਕਾਨ ਤੋਂ ਖਾਣ-ਪੀਣ ਦਾ ਕੋਈ ਸਾਮਾਨ ਦਿਵਾ ਦਿੰਦੇ ਹਨ ਅਤੇ ਇਹ ਮੰਗਤੇ ਆਮ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ ਫਾਇਦਾ ਚੁੱਕ ਕੇ ਸਾਰਾ ਦਿਨ ਭੀਖ ਮੰਗਦੇ ਰਹਿੰਦੇ ਹਨ। ਇਹਨਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹਨਾਂ ਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਜਾਂ ਸੜਕਾਂ ਕਿਨਾਰੇ ਹੀ ਖਾਲੀ ਥਾਵਾਂ ਲੱਭ ਲਈਆਂ ਹਨ ਜਿੱਥੇ ਇਹ ਰਾਤ ਕਟ ਲੈਂਦੇ ਹਨ।
ਸ਼ਹਿਰ ਵਿੱਚ ਥਾਂ ਥਾਂ ਤੇ ਡੇਰਾ ਜਮਾ ਚੁੱਕੇ ਇਹਨਾਂ ਮੰਗਤਿਆਂ ਵਲੋਂ ਆਉਂਦੇ ਜਾਂਦੇ ਲੋਕਾਂ ਤੋਂ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਹੇਠ ਆਉਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਵਿੱਚ ਵਿੱਚ ਹਰ ਪਾਸੇ ਨਜਰ ਆਉਂਦੀ ਮੰਗਤਿਆਂ ਦੀ ਇਹ ਕਤਾਰ ਸਾਬਿਤ ਕਰਦੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕਰ ਦਿੱਤਾ ਜਾਂਦਾ ਹੈ। ਇਸ ਪੱਖੋਂ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਘੁੰਮਣ ਵਾਲੇ ਭਿਖਾਰੀਆਂ ਨੂੰ ਕਾਬੂ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਪਹਿਲਾਂ ਚੰਡੀਗੜ੍ਹ ਵਿੱਚ ਰਹਿਣ ਵਾਲੇ ਜਿਆਦਾਤਰ ਭਿਖਾਰੀ ਵੀ ਹੁਣ ਸਾਡੇ ਸ਼ਹਿਰ ਵਿੱਚ ਸਰਗਰਮ ਦਿਖਦੇ ਹਨ।
ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਲਗਾਤਾਰ ਵੱਧਦੀ ਮੰਗਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਇਹਨਾਂ ਮੰਗਤਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾਵੇ। ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਲਗਾਤਾਰ ਵੱਧਦੀ ਮੰਗਤਿਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਮੰਗਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪ੍ਰਸ਼ਾਸ਼ਨ ਵਲੋਂ ਮਜਬੂਰੀ ਵਿੱਚ ਇਹ ਕੰਮ ਕਰਨ ਵਾਲੇ ਲੋਕਾਂ ਦੀ ਦੇਖਭਾਲ ਦਾ ਇੰਤਜਾਮ ਵੀ ਕੀਤਾ ਜਾਣਾ ਚਾਹੀਦਾ ਹੈ। ਸ਼ਹਿਰ ਵਿੱਚ ਥਾਂ ਥਾਂ ਤੇ ਲੋਕਾਂ ਤੋਂ ਭੀਖ ਮੰਗਣ ਵਾਲੇ ਇਹ ਮੰਗਤੇ ਜਿੱਥੇ ਸ਼ਹਿਰ ਦੀ ਦਿੱਖ ਨੂੰ ਖਰਾਬ ਕਰਦੇ ਹਨ ਉੱਥੇ ਇਹਨਾਂ ਦੇ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ ਇਸ ਲਈ ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇ।
Editorial
ਮਹਿਲਾ ਮੁਲਾਜਮਾਂ ਦੀ ਭਲਾਈ ਲਈ ਹੋਰ ਉਪਰਾਲੇ ਕਰੇ ਸਰਕਾਰ
ਪੰਜਾਬ ਦੀ ਸਰਕਾਰ ਵੱਲੋਂ ਮਹਿਲਾ ਕਰਮਚਾਰੀਆਂ ਲਈ ਆਰੰਭ ਕੀਤੀ ਗਈ ਪੋਸਟਿੰਗ ਨੀਤੀ ਤਹਿਤ ਗਰੁੱਪ ਬੀ, ਸੀ ਅਤੇ ਡੀ ਦੀਆਂ ਮਹਿਲਾ ਮੁਲਾਜ਼ਮਾਂ ਜਿਵੇਂ ਕਿ ਅਧਿਆਪਕ, ਸਟਾਫ਼ ਨਰਸਾਂ ਅਤੇ ਹੋਰ ਵਿਭਾਗਾਂ ਦੀਆਂ ਮਹਿਲਾ ਕਰਮਚਾਰਨਾਂ ਨੂੰ ਉਨ੍ਹਾਂ ਦੇ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪਰਖਕਾਲ ਯਾਨੀ ਕਿ ਪ੍ਰੋਬੇਸ਼ਨ ਪੀਰੀਅਡ ਸਫ਼ਲਤਾਪੂਰਵਕ ਪੂਰਾ ਕਰਨ ਵਾਲੀਆਂ ਇਹ ਮਹਿਲਾ ਮੁਲਾਜ਼ਮ ਹੁਣ ਆਪਣੀ ਸਹੂਲਤ ਅਨੁਸਾਰ ਪੇਕੇ ਜਾਂ ਸਹੁਰੇ ਘਰ ਨੂੰ ਆਪਣਾ ਮੁੱਖ ਪਤਾ ਦਰਜ ਕਰਵਾ ਕੇ ਆਪਣੇ ਨੇੜਲੇ ਦਫ਼ਤਰ ਜਾਂ ਸੰਸਥਾ ਵਿੱਚ ਸੇਵਾ ਨਿਭਾ ਰਹੀਆਂ ਹਨ।
ਇਸ ਫ਼ੈਸਲੇ ਨਾਲ ਮਹਿਲਾ ਕਰਮਚਾਰੀਆਂ ਦੀ ਰੋਜ਼ਾਨਾ ਦੀ ਖ਼ੱਜਲ-ਖ਼ੁਆਰੀ ਕਾਫੀ ਹੱਦ ਤਕ ਖ਼ਤਮ ਹੋਈ ਹੈ ਅਤੇ ਉਹ ਆਪਣੇ ਪੇਸ਼ੇਵਰ ਅਤੇ ਪਰਿਵਾਰਕ ਜੀਵਨ ਵਿੱਚ ਵਧੀਆ ਤਾਲਮੇਲ ਬਣਾਉਣ ਵਿੱਚ ਕਾਮਯਾਬ ਹੋ ਰਹੀਆਂ ਹਨ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸਰਕਾਰੀ ਨੌਕਰੀਸ਼ੁਦਾ ਮਹਿਲਾਵਾਂ ਨੂੰ ਉਨ੍ਹਾਂ ਦੇ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤ ਕਰਨ ਦੇ ਫੈਸਲੇ ਕਾਰਨ ਮਹਿਲਾ ਮੁਲਾਜਮਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਰਾਹਤ ਮਿਲੀ ਹੈ।
ਅਜਿਹਾ ਅਕਸਰ ਵੇਖਣ ਵਿੱਚ ਆਉਂਦਾ ਰਿਹਾ ਹੈ ਕਿ ਵੱਡੀ ਗਿਣਤੀ ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਦੀ ਡਿਊਟੀ ਉਨ੍ਹਾਂ ਦੇ ਘਰ ਤੋਂ ਕਾਫੀ ਦੂਰ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਦਿਨ ਘਰ ਤੋਂ ਡਿਊਟੀ ਜਾਣ ਅਤੇ ਡਿਊਟੀ ਤੋਂ ਘਰ ਜਾਣ ਦੌਰਾਨ ਵੱਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਸਰਕਾਰੀ ਮੁਲਾਜਮ ਮਹਿਲਾਵਾਂ ਅਜਿਹੀਆਂ ਵੀ ਹਨ, ਜਿਹਨਾਂ ਨੂੰ ਆਪਣੀ ਡਿਊਟੀ ਕਰਨ ਲਈ ਆਪਣੇ ਦਫਤਰ ਜਾਣ ਲਈ ਦੋ ਦੋ ਵਾਰ ਬੱਸ ਬਦਲਣੀ ਪੈਂਦੀ ਸੀ। ਪਿਛੜੇ ਅਤੇ ਪੇਂਡੂ ਖੇਤਰਾਂ ਵਿੱਚ ਡਿਊਟੀ ਨਿਭਾ ਰਹੀਆਂ ਅਨੇਕਾਂ ਮਹਿਲਾ ਮੁਲਾਜਮਾਂ ਨੂੰ ਸ਼ਾਮ ਵੇਲੇ ਘਰ ਆਉਣ ਲਈ ਬੱਸ ਜਾਂ ਕੋਈ ਹੋਰ ਸਾਧਨ ਮਿਲਣ ਵਿੱਚ ਵੀ ਸਮੱਸਿਆ ਆਉਂਦੀ ਸੀ। ਕਈ ਮਹਿਲਾਵਾਂ ਨੂੰ ਤਾਂ ਆਪਣੇ ਦਫਤਰ ਆਉਣ ਜਾਣ ਲਈ ਸਵੇਰੇ ਅਤੇ ਸ਼ਾਮ ਨੂੰ ਦੋ ਦੋ ਘੰਟੇ ਦਾ ਸਫਰ ਕਰਨਾ ਪੈਂਦਾ ਸੀ, ਜਿਸ ਨਾਲ ਉਹਨਾਂ ਦਾ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਸੀ। ਜੇ ਮਹਿਲਾਵਾਂ ਦੇ ਦਫਤਰ ਅਤੇ ਘਰ ਵਿਚਾਲੇ ਦੂਰੀ ਜਿਆਦਾ ਹੁੰਦੀ ਸੀ ਤਾਂ ਨੌਕਰੀਸ਼ੁਦਾ ਮਹਿਲਾਵਾਂ ਨੂੰ ਆਪਣੇ ਦਫਤਰ ਵਾਲੇ ਸ਼ਹਿਰ ਵਿੱਚ ਕਮਰਾ ਕਿਰਾਏ ਤੇ ਲੈ ਕੇ ਜਾਂ ਪੀ ਜੀ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਸੀ।
ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ, ਪ੍ਰਾਈਵੇਟ ਅਦਾਰਿਆਂ ਵਿੱਚ ਮਹਿਲਾਵਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਡਿਊਟੀ ਕਰਨ ਲਈ ਨਹੀਂ ਸੀ ਕਿਹਾ ਜਾ ਸਕਦਾ। ਹੁਣ ਭਾਵੇਂ ਮਹਿਲਾਵਾਂ ਦੀ ਸਹਿਮਤੀ ਨਾਲ ਉਨ੍ਹਾਂ ਦੀ ਪ੍ਰਾਈਵੇਟ ਅਦਾਰਿਆਂ ਖਾਸ ਕਰਕੇ ਕੰਪਨੀਆਂ, ਮਾਲਾਂ, ਸ਼ੋਅਰੂਮਾਂ ਵਿੱਚ ਦੇਰ ਰਾਤ ਤੱਕ ਡਿਊਟੀ ਲਗਾਈ ਜਾਂਦੀ ਹੈ ਪਰ ਰਾਤ ਸਮੇਂ ਡਿਊਟੀ ਦੇਣ ਲਈ ਕਿਸੇ ਵੀ ਮਹਿਲਾ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।
ਨੌਕਰੀਸ਼ੁਦਾ ਮਹਿਲਾਵਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਘਰ ਅਤੇ ਦਫਤਰ ਵਿੱਚ ਦੋਹਰੀ ਡਿਊਟੀ ਕਰਨੀ ਪੈਂਦੀ ਹੈ। ਪਹਿਲਾਂ ਉਹ ਘਰ ਵਿੱਚ ਸਵੇਰੇ ਉਠ ਕੇ ਸਾਰੇ ਪਰਿਵਾਰ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦੀਆਂ ਹਨ ਅਤੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ/ਕਾਲਜ ਭੇਜਦੀਆਂ ਹਨ। ਘਰ ਦੀ ਸਫਾਈ ਖੁਦ ਕਰਕੇ ਜਾਂ ਕੰਮ ਵਾਲੀ ਤੋਂ ਕਰਵਾ ਕੇ ਫਿਰ ਖੁਦ ਤਿਆਰ ਹੋ ਕੇ ਆਪਣੀ ਡਿਊਟੀ ਕਰਨ ਚਲੀਆਂ ਜਾਂਦੀਆਂ ਹਨ। ਸ਼ਾਮ ਨੂੰ ਦਫਤਰ ਤੋਂ ਘਰ ਆ ਕੇ ਫਿਰ ਉਹ ਘਰ ਦੇ ਕੰਮਾਂ ਵਿੱਚ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਵੱਡੀ ਗਿਣਤੀ ਮਹਿਲਾਵਾਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੇ ਲੇਖੇ ਲਗਾ ਦਿੰਦੀਆਂ ਹਨ। ਜਿਹੜੀਆਂ ਮਹਿਲਾਵਾਂ ਦੇ ਬੱਚੇ ਛੋਟੇ ਹੁੰਦੇ ਹਨ, ਉਹਨਾਂ ਨੂੰ ਦਫਤਰ ਜਾਣ ਲੱਗਿਆਂ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਛੋਟੇ ਬੱਚਿਆਂ ਦੀ ਸੰਭਾਲ ਕਰਨੀ ਅਤੇ ਸਮੇਂ ਸਿਰ ਦਫਤਰ ਪਹੁੰਚਣਾ ਕਈ ਵਾਰ ਕਈ ਸਮੱਸਿਆਵਾਂ ਪੈਦਾ ਕਰ ਦਿੰਦਾ ਹੈ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਦੀ ਭਲਾਈ ਲਈ ਹੋਰ ਜ਼ਰੂਰੀ ਉਪਰਾਲੇ ਵੀ ਕਰੇ ਤਾਂ ਕਿ ਮਹਿਲਾਵਾਂ ਨੂੰ ਨੌਕਰੀ ਕਰਦਿਆਂ ਕੋਈ ਪ੍ਰੇਸ਼ਾਨੀ ਨਾ ਆਵੇ।
ਬਿਊਰੋ
Editorial
ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਦੇਣ ਲਈ ਖੁਦਰਾ ਬਾਜਾਰ ਤੇ ਲਗਾਮ ਕਸੇ ਸਰਕਾਰ
ਲਗਾਤਾਰ ਵੱਧਦੀ ਮਹਿੰਗਾਈ ਪਿਛਲੇ ਡੇਢ ਦਹਾਕੇ ਤੋਂ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣੀ ਹੋਈ ਹੈ ਅਤੇ ਹਾਲਾਤ ਇਹ ਹਨ ਕਿ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਹਰ ਛੋਟੇ ਵੱਡੇ ਸਾਮਾਨ ਜਿਵੇਂ ਕਿਤਾਬਾਂ, ਦਵਾਈਆਂ, ਕਪੜੇ, ਮਿਠਾਈਆਂ, ਮਕਾਨ ਉਸਾਰੀ ਦਾ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ ਸਰਕਾਰ ਵਲੋਂ ਸਮੇਂ ਸਮੇਂ ਤੇ ਮਹਿੰਗਾਈ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਲਗਾਤਾਰ ਵੱਧਦੀ ਅਤੇ ਹੋਰ ਵੱਧਦੀ ਜਾ ਰਹੀ ਹੈ ਅਤੇ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਕੋਈ ਰਾਹਤ ਨਹੀਂ ਮਿਲ ਰਹੀ ਅਤੇ ਉਸ ਲਈ ਆਪਣੇ ਜਰੂਰੀ ਖਰਚਿਆਂ ਦੀ ਭਰਪਾਈ ਵੀ ਔਖੀ ਹੋ ਗਈ ਹੈ।
ਅਸਲੀਅਤ ਇਹੀ ਹੈ ਕਿ ਪਿਛਲੇ ਸਾਲਾਂ ਦੌਰਾਨ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੀ ਹੋਇਆ ਹੈ ਅਤੇ ਆਮ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ। ਇਸ ਦੌਰਾਨ ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਇੱਕ ਤਾਂ ਪਿਛਲੇ ਚਾਰ ਪੰਜ ਸਾਲਾਂ ਤੋਂ ਚਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੀ ਆਮਦਨੀ ਪਹਿਲਾਂ ਹੀ ਘੱਟ ਹੋ ਚੁੱਕੀ ਹੈ ਅਤੇ ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ 12 ਸਾਲ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਦੀ ਸੱਤਾ ਤੇ ਕਾਬਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਭਾਵੇਂ ਸਮੇਂ ਸਮੇਂ ਤੇ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਘੱਟ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤਕ ਹੀ ਸੀਮਿਤ ਹੈ ਜਿਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜਰ ਨਹੀਂ ਆਉਂਦੀ। ਵੈਸੇ ਵੀ ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ, ਉਹ ਵੀ ਵੱਖ ਵੱਖ ਵਸਤੂਆਂ ਦੀਆਂ ਥੋਕ ਕੀਮਤਾਂ ਦੇ ਅੰਕੜੇ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਖੁਦਰਾ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ।
ਇਸ ਦੌਰਾਨ ਜੇਕਰ ਸਰਕਾਰ ਦੇ ਅੰਕੜਿਆਂ ਅਨੁਸਾਰ ਆਮ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕੁੱਝ ਕਮੀ ਆਉਂਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰਾਂ ਵਲੋਂ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਏ ਜਾਂਦੇ ਅਤੇ ਖੁਦਰਾ ਬਾਜਾਰ ਦੇ ਦੁਕਾਨਦਾਰ ਥੋਕ ਬਾਜਾਰ ਵਿੱਚ ਕੀਮਤਾਂ ਘਟਣ ਦੇ ਬਾਵਜੂਦ ਭਾਰੀ ਮੁਨਾਫੇ ਦੇ ਲਾਲਚ ਵਿੱਚ ਖੁਦਰਾ ਬਾਜਾਰ ਵਿੱਚ ਕੀਮਤਾਂ ਉੱਚੀਆਂ ਰੱਖ ਕੇ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ। ਇਸ ਮੁਨਾਫਾਖੋਰੀ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੀਮਤਾਂ ਵਿੱਚ ਆਈ ਕਮੀ ਕਾਰਨ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਭਾਵੇਂ ਘੱਟ ਜਾਂਦੀ ਹੈ, ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।
ਆਮ ਲੋਕਾਂ ਨੂੰ ਲਗਾਤਾਰ ਵੱਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਜਰੂਰੀ ਹੈ ਕਿ ਸਰਕਾਰ ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਸ ਕਾਰਵਾਈ ਦੇ ਤਹਿਤ ਜਿੱਥੇ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਪਰਚੂਨ ਦੁਕਾਨਦਾਰਾਂ ਲਈ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
