International
ਨੇਪਾਲ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ
ਕਾਠਮੰਡੂ, 2 ਨਵੰਬਰ (ਸ.ਬ.) ਨੇਪਾਲ ਦੇ ਸ਼ੇ-ਫੋਕਸੁੰਡੋ ਰਾਸ਼ਟਰੀ ਪਾਰਕ ਵਿੱਚ ਭਾਰੀ ਬਰਫ਼ਬਾਰੀ ਕਾਰਨ ਫਸੇ ਛੇ ਭਾਰਤੀ ਸੈਲਾਨੀਆਂ ਨੂੰ ਅੱਜ ਬਚਾ ਲਿਆ ਗਿਆ। ਡੋਲਪਾ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਬੁਲਾਰੇ ਅਤੇ ਪੁਲੀਸ ਇੰਸਪੈਕਟਰ ਬਿਨੈ ਸਿੰਘ ਨੇ ਕਿਹਾ ਕਿ ਦੋ ਔਰਤਾਂ ਅਤੇ ਚਾਰ ਪੁਰਸ਼ ਸੈਲਾਨੀਆਂ ਦਾ ਬੀਤੇ ਦਿਨ ਤੋਂ ਬਰਫ਼ਬਾਰੀ ਕਾਰਨ ਸੰਪਰਕ ਟੁੱਟ ਗਿਆ ਸੀ ਅਤੇ ਅੱਜ ਸਵੇਰੇ ਇੱਕ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਪੁਲੀਸ ਨੇ ਕਿਹਾ ਕਿ ਸਾਰੇ ਸੈਲਾਨੀ ਡੋਲਪਾ ਜ਼ਿਲ੍ਹੇ ਦੇ ਦੁਨਈ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਸੈਲਾਨੀ ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਉੱਤਰ-ਪੱਛਮ ਵਿੱਚ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਦੇ ਧੋ ਖੇਤਰ ਵਿੱਚ ਗਏ ਸਨ। ਡੋਲਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਜੂਨੂ ਧਾਕਲ ਦੇ ਅਨੁਸਾਰ ਪੂਰਾ ਖੇਤਰ ਭਾਰੀ ਬਰਫ਼ ਨਾਲ ਢੱਕਿਆ ਹੋਇਆ ਸੀ। ਇਸ ਪੇਂਡੂ ਨਗਰਪਾਲਿਕਾ ਵਿੱਚ ਸਥਿਤ ਸ਼ੇ-ਫੋਕਸੁੰਡੋ ਝੀਲ, ਨੇਪਾਲ ਦੀ ਸਭ ਤੋਂ ਡੂੰਘੀ ਝੀਲ ਹੈ। ਇਹ ਸਮੁੰਦਰ ਤਲ ਤੋਂ 3,600 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਇਸਦੀ ਅੰਦਾਜ਼ਨ ਡੂੰਘਾਈ 145 ਮੀਟਰ ਹੈ। ਬੀਤੇ ਦਿਨ ਇੱਕ ਫੌਜ ਦਾ ਹੈਲੀਕਾਪਟਰ ਸੈਲਾਨੀਆਂ ਨੂੰ ਬਚਾਉਣ ਲਈ ਇਸ ਖੇਤਰ ਵਿੱਚ ਗਿਆ ਸੀ, ਪਰ ਖਰਾਬ ਮੌਸਮ ਕਾਰਨ ਉਤਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਬਚਾਅ ਕਾਰਜ ਨੂੰ ਛੱਡਣਾ ਪਿਆ।
ਸਥਾਨਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਕਰਨਾ ਅਸੁਰੱਖਿਅਤ ਹੋ ਗਿਆ ਹੈ। ਇਸ ਦੇ ਬਾਵਜੂਦ, ਭਾਰਤੀ ਸੈਲਾਨੀ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਵਿੱਚ ਗਏ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਸ਼ਨੀਵਾਰ ਨੂੰ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਸ਼ੇ-ਫੋਕਸੁੰਡੋ ਝੀਲ ਦਾ ਦੌਰਾ ਕਰਕੇ ਵਾਪਸ ਆਉਂਦੇ ਸਮੇਂ ਨੁਮਲਾ ਅਤੇ ਵਾਗਲਾ ਪਾਸਿਆਂ ਦੇ ਵਿਚਕਾਰ ਫਸ ਗਏ ਸਨ। ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਲੋਕਾਂ ਨੂੰ ਪਹਾੜੀ ਖੇਤਰ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਨੇਪਾਲ ਦੇ ਹਿਮਾਲੀਅਨ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਫਸਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ।
International
ਫਲੋਰੀਡਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 9 ਵਿਅਕਤੀਆਂ ਦੀ ਮੌਤ
ਫਲੋਰੀਡਾ, 2 ਨਵੰਬਰ (ਸ.ਬ.) ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਬਿਜ਼ਨਸ ਜੈਟ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ। ਸੜਕ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ, ਜਿਸ ਨਾਲ ਪੂਰਾ ਜਹਾਜ਼ ਅੱਗ ਦੇ ਇੱਕ ਵਿਸ਼ਾਲ ਗੋਲੇ ਵਿੱਚ ਤਬਦੀਲ ਹੋ ਗਿਆ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਰਿਪੋਰਟਾਂ ਅਨੁਸਾਰ, ਲੀਅਰਜੈਟ 60 ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਬਹਾਮਾਸ ਵੱਲ ਜਾ ਰਿਹਾ ਸੀ। ਉਡਾਣ ਦੌਰਾਨ, ਜਹਾਜ਼ ਅਚਾਨਕ ਹੇਠਾਂ ਆ ਗਿਆ ਅਤੇ ਦੱਖਣੀ ਫਲੋਰੀਡਾ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਸੜਕ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਟਕਰਾਉਣ ਤੋਂ ਬਾਅਦ, ਉੱਥੇ ਭਿਆਨਕ ਅੱਗ ਲੱਗ ਗਈ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ।
ਹਾਦਸੇ ਤੋਂ ਬਾਅਦ, ਸੜਕ ਤੇ ਇੱਕ ਵੱਡਾ ਟੋਆ ਬਣ ਗਿਆ। ਘਟਨਾ ਵਾਲੀ ਥਾਂ ਤੋਂ ਉੱਠਦਾ ਕਾਲਾ ਧੂੰਆਂ ਕਾਫ਼ੀ ਦੂਰੋਂ ਦੇਖਿਆ ਜਾ ਸਕਦਾ ਸੀ। ਜਹਾਜ਼ ਦੇ ਮਲਬੇ ਅਤੇ ਸੜਕ ਦੇ ਟੁੱਟੇ ਹੋਏ ਹਿੱਸਿਆਂ ਦੇ ਵਿਚਕਾਰ ਲਾਟਾਂ ਲਗਾਤਾਰ ਉੱਠ ਰਹੀਆਂ ਸਨ। ਚਸ਼ਮਦੀਦ ਗਵਾਹਾਂ ਅਨੁਸਾਰ, ਜਹਾਜ਼ ਰਿਹਾਇਸ਼ੀ ਘਰਾਂ ਤੋਂ ਬਹੁਤ ਥੋੜ੍ਹੀ ਦੂਰੀ ਤੇ ਡਿੱਗਿਆ। ਖੁਸ਼ਕਿਸਮਤੀ ਨਾਲ, ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਹਨ ਕਿ ਜਹਾਜ਼ ਸਿੱਧਾ ਕਿਸੇ ਘਰ ਤੇ ਨਹੀਂ ਡਿੱਗਿਆ।
International
ਇਤਾਲਵੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਵਿਅਕਤੀਆਂ ਦੀ ਮੌਤ, 12 ਜ਼ਖ਼ਮੀ
ਬੋਸਨੀਆ, 30 ਅਕਤੂਬਰ (ਸ.ਬ.) ਬੋਸਨੀਆ ਅਤੇ ਹਰਜ਼ੇਗੋਵੀਨਾ ਵਿਚ ਯੂਰਪੀ ਸੰਘ ਦੇ ਸ਼ਾਂਤੀ ਮਿਸ਼ਨ ਨਾਲ ਜੁੜਿਆ ਇਕ ਇਤਾਲਵੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਤਰੀ ਬੋਸਨੀਆ ਦੇ ਬ੍ਰਚਕੋ ਜ਼ਿਲ੍ਹੇ ਦੇ ਗੋਰੀਸੇ ਇਲਾਕੇ ਵਿਚ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ ਕਿਸ ਕਾਰਨ ਹਾਦਸਾਗ੍ਰਸਤ ਹੋਇਆ। ਯੂਰਪੀ ਸੰਘ ਦੇ ਮਿਸ਼ਨ ਵਲੋਂ ਵੀ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਸਬੰਧੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
International
ਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਪੇਈਚਿੰਗ, 23 ਅਕਤੂਬਰ (ਸ.ਬ.) ਚੀਨ ਦੇ ਤਿੱਬਤ ਖੇਤਰ ਵਿੱਚ ਬੀਤੀ ਸ਼ਾਮ 7 ਦੀ ਸ਼ਿੱਦਤ ਦਾ ਭੂਚਾਲ ਆਇਆ, ਜਿਸ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਇਸ ਦੌਰਾਨ ਉੱਤਰੀ ਖੇਤਰੀ ਸ਼ਹਿਰ ਨਾਗਚੂ ਵਿੱਚ ਸੈਂਕੜੇ ਮਕਾਨ ਢਹਿ-ਢੇਰੀ ਹੋ ਗਏ।
ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਨਾਗਚੂ ਮੀਡੀਆ ਦਫ਼ਤਰ ਨੇ ਦੱਸਿਆ ਕਿ 339 ਮਕਾਨਾਂ ਅਤੇ 20 ਪਸ਼ੂਆਂ ਦੇ ਸ਼ੈਡਾਂ ਦੇ ਢਹਿ ਜਾਣ ਤੋਂ ਬਾਅਦ ਖੋਜ ਅਤੇ ਰਾਹਤ ਕਾਰਜ ਜਾਰੀ ਹਨ।
ਸਥਾਨਕ ਕਾਊਂਟੀ ਦੇ 1,600 ਤੋਂ ਵੱਧ ਲੋਕਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਖੇਤਰ ਵਿੱਚ 1,000 ਪ੍ਰੀਫੈਬਰੀਕੇਟਿਡ ਹਾਊਸਿੰਗ ਯੂਨਿਟ (ਬਣੇ-ਬਣਾਏ ਮਕਾਨ), ਲਗਪਗ 3,000 ਤੰਬੂ ਅਤੇ ਫੋਲਡਿੰਗ ਬੈਡਾਂ ਦੇ ਨਾਲ-ਨਾਲ ਫਲੈਸ਼ਲਾਈਟਾਂ ਅਤੇ ਸਰਦੀਆਂ ਦੇ ਕੱਪੜਿਆਂ ਸਮੇਤ ਸਮੱਗਰੀ ਪਹੁੰਚ ਗਈ ਹੈ।
ਯੂ.ਐਸ. ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 10:33 ਵਜੇ ਆਇਆ, ਜਿਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਆਬਾਦੀ ਵਾਲੇ, ਉੱਚਾਈ ਵਾਲੇ ਖੇਤਰ ਵਿੱਚ ਨਾਗਚੂ ਤੋਂ 191 ਕਿਲੋਮੀਟਰ (119 ਮੀਲ) ਪੂਰਬ-ਉੱਤਰ-ਪੂਰਬ ਵਿੱਚ ਸੀ। ਇਸ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ (11 ਮੀਲ) ਦੱਸੀ ਹੈ।
ਅਮਰੀਕੀ ਏਜੰਸੀ ਦੀ ਵੈਬਸਾਈਟ ਅਨੁਸਾਰ, ਉਸ ਨੇ 4.3 ਅਤੇ 5.2 ਦੇ ਵਿਚਕਾਰ ਤੀਬਰਤਾ ਵਾਲੇ ਸੱਤ ਬਾਅਦ ਦੇ ਝਟਕੇ ਦਰਜ ਕੀਤੇ, ਜੋ ਸਾਰੇ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ਤੇ ਸਨ।
ਚੀਨ ਨੇ ਅੱਜ ਦੱਸਿਆ ਕਿ ਖੇਤਰ ਦੇ ਕੁਝ ਹਿੱਸੇ ਵਿੱਚ ਸੰਚਾਰ ਠੱਪ ਹੋ ਗਿਆ ਹੈ। ਸਥਾਨਕ ਰੇਲਵੇ ਅਧਿਕਾਰੀਆਂ ਨੇ ਖੇਤਰ ਵਿੱਚੋਂ ਲੰਘਣ ਵਾਲੀਆਂ ਰੇਲਗੱਡੀਆਂ ਨੂੰ ਰੋਕਣ ਲਈ ਸੰਕਟਕਾਲੀਨ ਕਦਮ ਚੁੱਕੇ ਹਨ।
ਭੂਚਾਲ ਕਾਰਨ ਚੱਟਾਨਾਂ ਵੀ ਖਿਸਕੀਆਂ ਹਨ, ਜਿਸ ਕਾਰਨ ਸਥਾਨਕ ਅਧਿਕਾਰੀਆਂ ਨੂੰ ਕੌਮੀ ਰਾਜਮਾਰਗ 317 ਦਾ ਇੱਕ ਹਿੱਸਾ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤੇ ਜਾਣ ਦੌਰਾਨ ਕੇਵਲ ਸੰਕਟਕਾਲੀਨ, ਰਾਹਤ ਅਤੇ ਸਰਕਾਰੀ ਸਹਾਇਤਾ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ।
ਅਗਲੇ ਤਿੰਨ ਦਿਨਾਂ ਵਿੱਚ ਭੂਚਾਲ ਵਾਲੇ ਖੇਤਰ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਇਹ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਭੂਚਾਲ ਸੀ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦੇ ਕੰਮਾਂ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟਣ ਦਾ ਸੱਦਾ ਦਿੱਤਾ ਹੈ। ਨਾਗਚੂ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 300 ਕਿਲੋਮੀਟਰ (186 ਮੀਲ) ਤੋਂ ਵੱਧ ਉੱਤਰ ਵਿੱਚ ਹੈ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
