Connect with us

Editorial

ਤਿਉਹਾਰੀ ਰੁੱਤ ਦੌਰਾਨ ਪਟਿਆਲਾ ਵਿੱਚ ਦੁਲਹਣ ਵਾਂਗ ਸਜੀਆਂ ਹੋਈਆਂ ਹਨ ਵੱਖ- ਵੱਖ ਮਾਰਕੀਟਾਂ

Published

on

ਪਟਿਆਲਾ ਸ਼ਹਿਰ ਨੂੰ ਸ਼ਾਹੀ ਸ਼ਹਿਰ ਹੋਣ ਦਾ ਮਾਣ ਪ੍ਰਾਪਤ ਹੈ। ਇਹ ਸ਼ਹਿਰ ਜਿਥੇ ਪੁਰਾਤਨ ਰਿਆਸਤ ਦਾ ਇਤਿਹਾਸ ਸਾਂਭੀ ਬੈਠਾ ਹੈ, ਉੱਥੇ ਰਿਆਸਤੀ ਨਿਸ਼ਾਨੀਆਂ ਅਜੇ ਵੀ ਇਸ ਸ਼ਹਿਰ ਵਿੱਚ ਮੌਜੂਦ ਹਨ। ਇਸ ਸਮੇਂ ਚੱਲ ਰਹੇ ਤਿਉਹਾਰੀ ਸੀਜਨ ਦੌਰਾਨ ਹੋਰਨਾਂ ਸ਼ਹਿਰਾਂ ਵਾਂਗੂੰ ਪਟਿਆਲਾ ਵਿੱਚ ਵੀ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ।

ਸ਼ਹਿਰ ਦੇ ਪੁਰਾਣੇ ਅਤੇ ਅੰਦਰੂਨੀ ਹਿੱਸਿਆਂ ਵਿੱਚ ਸਥਿਤ ਮਾਰਕੀਟਾਂ ਦੀਆਂ ਸੜਕਾਂ ਤੰਗ ਹਨ, ਸ਼ਹਿਰ ਦੀਆਂ ਅੰਦਰੂਨੀ ਤੰਗ ਗਲੀਆਂ ਵਿੱਚ ਵੀ ਵੱਖ ਵੱਖ ਕਿਸਮਾਂ ਦੀਆਂ ਦੁਕਾਨਾਂ ਖੁੱਲਣ ਕਰਕੇ ਇਹ ਵੀ ਬਾਜ਼ਾਰ ਬਣ ਗਈਆਂ ਹਨ। ਪਟਿਆਲਾ ਦੇ ਨਵੇਂ ਹਿੱਸੇ ਵਜੋਂ ਮੰਨੇ ਜਾਂਦੇ ਐਸ.ਐਸ.ਟੀ. ਨਗਰ ਅਤੇ ਅਰਬਨ ਅਸਟੇਟ ਫੇਜ਼ 1, ਫੇੇਜ਼ 2 ਅਤੇ ਫੇਜ਼ 3 ਜਿੱਥੇ ਆਧੁਨਿਕ ਤਰੀਕਿਆਂ ਨਾਲ ਬਣਾਏ ਹੋਏ ਹਨ, ਉਥੇ ਇਹ ਇਲਾਕੇ ‘ਮੁਹਾਲੀ’ ਵਰਗਾ ਸ਼ਹਿਰ ਹੋਣ ਦਾ ਵੀ ਭੁਲੇਖਾ ਪਾਉਂਦੇ ਹਨ।

ਐਸ.ਐਸ.ਟੀ. ਨਗਰ ਅਤੇ ਅਰਬਨ ਅਸਟੇਟ ਦੇ ਸਾਰੇ ਫ਼ੇਜ਼ਾਂ ਦੀਆਂ ਮਾਰਕੀਟਾਂ ਵੀ ਇਸ ਸਮੇਂ ਦੁਲਹਣ ਵਾਂਗ ਸਜਾਈਆਂ ਹੋਈਆਂ ਹਨ ਅਤੇ ਇਹਨਾਂ ਮਾਰਕੀਟਾਂ ਵਿੱਚ ਦਿਨ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਸ਼ਾਮ ਅਤੇ ਰਾਤ ਸਮੇਂ ਦੁਕਾਨਾਂ ਅਤੇ ਸ਼ੋਅਰੂਮਾਂ ਤੇ ਲਗਾਈਆਂ ਬਿਜਲਈ ਲੜੀਆਂ ਅਤੇ ਹੋਰ ਰੌਸ਼ਨੀਆਂ ਬਹੁਤ ਸੁੰਦਰ ਦ੍ਰਿਸ਼ ਪੈਦਾ ਕਰਦੀਆਂ ਹਨ।

ਸ਼ਹਿਰ ਦੇ ਪੁਰਾਣੇ ਹਿੱਸਿਆਂ ਵਿੱਚ ਸਥਿਤ ਪੁਰਾਤਨ ਬਾਜ਼ਾਰਾਂ ਵਿੱਚ ਤਿਉਹਾਰੀ ਸੀਜਨ ਕਰਕੇ ਬਹੁਤ ਭੀੜ ਭੜੱਕਾ ਰਹਿੰਦਾ ਹੈ ਅਤੇ ਇਹਨਾਂ ਬਾਜ਼ਾਰਾਂ ਵਿੱਚ ਹਰ ਕਿਸਮ ਦਾ ਸਮਾਨ ਮਿਲਣ ਕਰਕੇ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਵੀ ਲੋਕ ਹਰ ਦਿਨ ਵਾਂਗ ਆਉਂਦੇ ਜਾਂਦੇ ਰਹਿੰਦੇ ਹਨ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਤੰਗ ਅਤੇ ਭੀੜੇ ਰਸਤੇ ਹੋਣ ਕਾਰਨ ਅਕਸਰ ਟ੍ਰੈਫਿਕ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਰਿਆਸਤੀ ਸ਼ਹਿਰ ਹੋਣ ਕਰਕੇ ਇਸ ਸ਼ਹਿਰ ਵਿੱਚ ਸਥਿਤ ਅਨੇਕਾਂ ਬਾਜ਼ਾਰ ਪੁਰਾਣੇ ਸਮੇਂ ਦੇ ਹਨ, ਜਿਹਨਾਂ ਵਿੱਚ ਹਰ ਸਮੇਂ ਵੱਡੀ ਗਿਣਤੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਹ ਇਲਾਕਾ ‘ਪੁਰਾਣਾ ਕਿਲਾ’ ਹੋਣ ਕਰਕੇ ਇਸ ਦੀ ਬਣਤਰ ਵੀ ਪੁਰਾਣੇ ਸਮੇਂ ਦੇ ਕਿਲਿਆਂ ਵਾਲੀ ਹੈ।

ਪਟਿਆਲਾ ਵਿੱਚ ਇੱਕ ਸਰਕਾਰੀ ਯੂਨੀਵਰਸਿਟੀ ਹੋਣ ਦੇ ਨਾਲ ਕਈ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਹਨ, ਜਿੱਥੇ ਦੂਜੀਆਂ ਸਟੇਟਾਂ ਦੇ ਵਿਦਿਆਰਥੀ ਅਤੇ ਅਫ਼ਰੀਕੀ ਦੇਸ਼ਾਂ ਤੋਂ ਪੜਾਈ ਕਰਨ ਆਏ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਪੜਦੇ ਅਤੇ ਸ਼ਹਿਰ ਵਿੱਚ ਹੀ ਰਹਿੰਦੇ ਹਨ। ਇਹੋ ਕਾਰਨ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸਥਿਤ ਮਾਰਕੀਟਾਂ ਵਿੱਚ ਵੱਖ ਵੱਖ ਧਰਮਾਂ, ਜਾਤਾਂ, ਰੰਗਾਂ, ਨਸਲਾਂ ਦੇ ਲੋਕ ਖਰੀਦਦਾਰੀ ਕਰਦੇ ਅਤੇ ਘੁੰਮਦੇ ਦਿਖਾਈ ਦਿੰਦੇ ਹਨ।

ਪਟਿਆਲਾ ਸ਼ਹਿਰ ਦੀ ਏ. ਸੀ. ਮਾਰਕੀਟਅਤੇ ਸ਼ੇਰੇ ਪੰਜਾਬ ਕੱਪੜਾ ਮਾਰਕੀਟ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹਨ। ਵੱਖ ਵੱਖ ਸ਼ਹਿਰਾਂ-ਪਿੰਡਾਂ ਦੇ ਲੋਕ ਆਪਣੇ ਪਰਿਵਾਰ ਵਿੱਚ ਵਿਆਹ ਸ਼ਾਦੀਆਂ ਲਈ ਨਵੇਂ ਕੱਪੜੇ ਅਤੇ ਹੋਰ ਸਮਾਨ ਪਟਿਆਲਾ ਸ਼ਹਿਰ ਤੋਂ ਖਰੀਦਦੇ ਹਨ। ਪਟਿਆਲਾ ਸ਼ਹਿਰ ਦੇ ਵੱਖ ਵੱਖ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਦੁਸ਼ਹਿਰਾ, ਕਰਵਾ ਚੌਥ ਅਤੇ ਹੋਰ ਤਿਉਹਾਰਾਂ ਮੌਕੇ ਆਮ ਲੋਕਾਂ ਵੱਲੋਂ ਭਰਪੂਰ ਖਰੀਦਦਾਰੀ ਕੀਤੀ ਗਈ ਹੈ। ਸ਼ਹਿਰ ਵਿੱਚ ਅਨੇਕਾਂ ਕੰਪਨੀਆਂ ਦੇ ਵੱਡੇ ਮਾਲ ਅਤੇ ਸ਼ੋਅਰੂਮ ਹੋਣ ਦੇ ਬਾਵਜੂਦ ਵੱਡੀ ਗਿਣਤੀ ਲੋਕ ਪੁਰਾਣੀਆਂ ਮਾਰਕੀਟਾਂ ਵਿਚੋਂ ਸਮਾਨ ਖਰੀਦਦੇ ਦਿਖਾਈ ਦਿੰਦੇ ਹਨ। ਇਹਨਾਂ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਦਿਵਾਲੀ ਦੇ ਤਿਉਹਾਰ ਮੌਕੇ ਵੀ ਚੰਗੀ ਕਮਾਈ ਹੋਣ ਦੀ ਉਮੀਦ ਹੈ।

ਜੇਕਰ ਪਟਿਆਲਾ ਸ਼ਹਿਰ ਵਿੱਚ ਨੌਜਵਾਨ ਮੁੰਡਿਆਂ ਵੱਲੋਂ ਕੀਤੀ ਜਾਂਦੀ ਹੁਲੜਬਾਜੀ ਦਾ ਜ਼ਿਕਰ ਨਾ ਕੀਤਾ ਤਾਂ ਗੱਲ ਅਧੂਰੀ ਰਹੇਗੀ। ਪਟਿਆਲਾ ਸ਼ਹਿਰ ਵਿੱਚ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਅਕਸਰ ਅਨੇਕਾਂ ਨੌਜਵਾਨ ਵੱਖ ਵੱਖ ਵਾਹਨਾਂ ਵਿੱਚ ਸਵਾਰ ਹੋ ਕੇ ਹੁਲੜਬਾਜੀ ਕਰਦੇ ਦਿਖਾਈ ਦਿੰਦੇ ਹਨ। ਇਹਨਾਂ ਨੌਜਵਾਨਾਂ ਨੇ ਕੋਈ ਵੀ ਸਮਾਨ ਨਹੀਂ ਖਰੀਦਣਾ ਹੁੰਦਾ, ਇਸ ਦੇ ਬਾਵਜੂਦ ਇਹ ਨੌਜਵਾਨ ਸ਼ਹਿਰ ਦੀ ਹਰ ਮਾਰਕੀਟ ਵਿੱਚ ਅਵਾਰਾਗਰਦੀ ਕਰਦੇ ਹੋਏ ਘੁੰਮਦੇ ਨਜ਼ਰ ਆਉਂਦੇ ਹਨ। ਕਈ ਵਾਰ ਤਾਂ ਇਹਨਾਂ ਨੌਜਵਾਨਾਂ ਨਾਲ ਲੜਕੀਆਂ ਵੀ ਹੁੰਦੀਆਂ ਹਨ। ਇਹ ਨੌਜਵਾਨ ਤੇਜ਼ ਰਫਤਾਰ ਨਾਲ ਆਪਣੇ ਵਾਹਨ ਚਲਾਉਂਦੇ ਹੋਏ ਅਕਸਰ ਦੂਜੇ ਲੋਕਾਂ ਲਈ ਖਤਰਾ ਬਣ ਜਾਂਦੇ ਹਨ।

ਭਾਵੇਂ ਪਟਿਆਲਾ ਪੁਲੀਸ ਵੱਲੋਂ ਵੱਖ ਵੱਖ ਥਾਂਵਾਂ ਤੇ ਨਾਕਾਬੰਦੀ ਕੀਤੀ ਹੁੰਦੀ ਹੈ ਪਰ ਇਹ ਸ਼ਰਾਰਤੀ ਨੌਜਵਾਨ ਪੁਲੀਸ ਨਾਕਿਆਂ ਤੇ ਪੂਰੇ ਸ਼ਰੀਫ ਬਣ ਕੇ ਨਿਕਲਦੇ ਹਨ ਅਤੇ ਨਾਕੇ ਤੋਂ ਦੂਰ ਜਾ ਕੇ ਮੁੜ ਹੁਲੜਬਾਜੀ ਕਰਨ ਲੱਗਦੇ ਹਨ। ਨੌਜਵਾਨਾਂ ਦੇ ਇਹ ਗਰੁੱਪ ਕਈ ਵਾਰ ਆਪਸ ਵਿੱਚ ਵੀ ਲੜਾਈ ਝਗੜਾ ਕਰਨ ਲੱਗਦੇ ਹਨ।

ਪਟਿਆਲਾ ਸ਼ਹਿਰ ਵਿੱਚ ਇਸ ਸਮੇਂ ਕਈ ਪਾਸੇ ਵੱਖ- ਵੱਖ ਕਿਸਮ ਦੇ ਸਮਾਨ ਦੀਆਂ ਸੇਲਾਂ ਵੀ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਹਰ ਐਤਵਾਰ ਵੱਖ ਵੱਖ ਇਲਾਕਿਆਂ ਵਿੱਚ ਲਗਦੀਆਂ ‘ਸੰਡੇ ਮਾਰਕੀਟਾਂ’ ਵਿੱਚ ਵੀ ਬਹੁਤ ਭੀੜ ਭੜੱਕਾ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਆਵਾਜਾਈ ਵਿਵਸਥਾ ਸੁਚਾਰੂ ਢੰਗ ਨਾਲ ਕੰਟਰੋਲ ਕੀਤੀ ਜਾਵੇ, ਹੁਲੜਬਾਜੀ ਕਰਦੇ ਨੌਜਵਾਨਾਂ ਨੂੰ ਨੱਥ ਪਾਈ ਜਾਵੇ, ਪੁਲੀਸ ਦੀ ਪੈਟਰੋਲਿੰਗ ਵਧਾਈ ਜਾਵੇ।

ਬਿਊਰੋ

Continue Reading

Editorial

ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਤੇ ਰੋਕ ਲਗਾਏ ਪ੍ਰਸ਼ਾਸ਼ਨ

Published

on

By

ਸਾਡੇ ਜਿਲ੍ਹੇ ਅਤੇ ਸ਼ਹਿਰ ਨੂੰ ਭਾਵੇਂ ਕਈ ਸਾਲ ਪਹਿਲਾਂ ਹੀ ਤੰਬਾਕੂ ਦੇ ਧੂਏਂ ਤੋਂ ਮੁਕਤ ਸ਼ਹਿਰ ਅਤੇ ਜਿਲ੍ਹੇ ਦਾ ਦਰਜਾ ਦੇ ਦਿੱਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸਾਡਾ ਸ਼ਹਿਰ ਤੰਬਾਕੂ ਦੇ ਧੂਏਂ ਤੋਂ ਪੂਰੀ ਤਰ੍ਹਾਂ ਮੁਕਤ ਵੀ ਹੋ ਚੁੱਕਿਆ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸਿਗਰਟਨੋਸ਼ੀ ਦੇ ਸ਼ੌਕੀਨ ਵਿਅਕਤੀਆਂ ਵਲੋਂ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਧੂਆਂ ਉਡਾਉਣ ਦੀ ਕਾਰਵਾਈ ਆਮ ਨਜਰ ਆ ਜਾਂਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਆਮ ਲੋਕਾਂ ਦੀ ਭਲਾਈ ਲਈ ਕਾਨੂੰਨ ਤਾਂ ਬਣਾ ਦਿੱਤੇ ਜਾਂਦੇ ਹਨ ਪਰੰਤੂ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਪ੍ਰਸ਼ਾਸ਼ਨਿਕ ਅਮਲੇ ਵਲੋਂ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਅਤੇ ਪ੍ਰਸ਼ਾਸ਼ਨ ਵਲੋਂ ਕਾਨੂੰਨ ਦੀ ਉਲੰਘਣਾ ਕਰਕੇ ਕੀਤੀਆਂ ਜਾਂਦੀਆਂ ਕਾਰਵਾਈਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸ ਸਾਰੇ ਕੁੱਝ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ।

ਸਾਡੇ ਸ਼ਹਿਰ ਅਤੇ ਜਿਲ੍ਹੇ ਵਿੱਚ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀ ਕਾਰਵਾਈ ਵੀ ਅਜਿਹੀ ਹੀ ਹੈ ਜਿਸਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸ਼ੋਰੂਮਾਂ ਵਿੱਚ ਪਈਆਂ ਖਾਲੀ ਥਾਂਵਾਂ ਵਿੱਚ ਆਪਣੇ ਠੀਏ ਬਣਾ ਕੇ ਚਾਹ ਅਤੇ ਹੋਰ ਨਿੱਕ ਸੁੱਕ ਵੇਚਣ ਵਾਲੇ ਅਜਿਹੇ ਕਈ ਦੁਕਾਨਦਾਰ ਹਨ ਜਿਹੜੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਵੀ ਕਰਦੇ ਹਨ। ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਵੀ ਪੇੜਾਂ ਥੱਲੇ ਆਪਣੇ ਝੋਲੇ ਰੱਖ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਫੜੀਆਂ ਵਾਲੇ ਨਜਰ ਆ ਜਾਂਦੇ ਹਨ ਅਤੇ ਇਹਨਾਂ ਫੜੀ ਵਾਲਿਆਂ ਦੇ ਆਸ ਪਾਸ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀਆਂ ਸ਼ਿਕਾਇਤਾਂ ਵੀ ਆਮ ਹਨ।

ਜਨਤਕ ਥਾਵਾਂ ਤੇ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀ ਕਾਰਵਾਈ ਹੋਵੇ ਜਾਂ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ, ਇਹ ਦੋਵੇਂ ਹੀ ਕਾਨੂੰਨ ਅਨੁਸਾਰ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀਆਂ ਹਨ ਅਤੇ ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਵੀ ਕਈ ਸਾਲ ਪਹਿਲਾਂ ਤੋਂ ਪੂਰੇ ਦੇਸ਼ ਵਿੱਚ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਲਾਗੂ ਕੀਤਾ ਜਾ ਚੁੱਕਿਆ ਹੈ। ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਧੜੱਲੇ ਨਾਲ ਕੀਤੀ ਜਾਂਦੀ ਸਿਗਰਟਨੋਸ਼ੀ ਅਤੇ ਤੰਬਾਕੂ ਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਸਮਰਥ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਭਾਵੇਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਨਾਜ਼ਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਦੇ ਆਸਪਾਸ ਖੜ੍ਹੇ ਸਿਰਗਰਟਨੋਸ਼ੀ ਦੇ ਸ਼ੌਕੀਨਾਂ ਨੂੰ ਧੂਆਂ ਉਡਾਉਂਦੇ ਆਮ ਵੇਖਿਆ ਜਾ ਸਕਦਾ ਹੈ।

ਜਨਤਕ ਥਾਵਾਂ ਤੇ ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਖੁੱਲੇਆਮ ਕੀਤੀ ਜਾਂਦੀ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਉੱਪਰ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ਼ਹਿਰ ਅਤੇ ਜਿਲ੍ਹੇ ਨੂੰ ਮੁਕੰਮਲ ਤੌਰ ਤੇ ਤੰਬਾਕੂ ਰਹਿਤ ਬਣਾਉਣ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ਼ ਕਬਜ਼ੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸਦੇ ਨਾਲ ਹੀ ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾਂਦੀ ਸਿਗਰਨਨੋਸ਼ੀ ਦੀ ਕਾਰਵਾਈ ਨੂੰ ਸਖਤੀ ਨਾਲ ਰੋਕਿਆ ਜਾਵੇ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਜਨਤਕ ਥਾਵਾਂ ਤੇ ਧੂਆਂ ਉਡਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ।

Continue Reading

Editorial

ਰੁੱਤ ਸਿਆਸੀ ਵਫ਼ਦਾਰੀਆਂ ਬਦਲਣ ਦੀ ਆਈ

Published

on

By

ਸਮਾਣਾ ਤੋਂ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਿਸ ਕਾਰਨ ਪੰਜਾਬ ਵਿੱਚ ਸਿਆਸੀ ਦਲ ਬਦਲੀਆਂ ਕਰਨ ਦਾ ਰੁਝਾਨ ਤੇੇਜ਼ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਅਜੇ ਤੱਕ ਐਲਾਨ ਵੀ ਨਹੀਂ ਹੋਇਆ ਪਰ ਸੱਤਾ ਦੀ ਲਾਲਸਾ ਵਿੱਚ ਕੁਝ ਸਿਆਸੀ ਆਗੂ ਆਪਣੀਆਂ ਵਫ਼ਦਾਰੀਆਂ ਨੂੰ ਬਦਲਣ ਦੇ ਰਾਹ ਪੈ ਗਏ ਹਨ।

ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਹਰ ਪਾਸੇ ਚਰਚਾ ਤਾਂ ਹੋ ਰਹੀ ਹੈ ਪਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਅਜੇ ਕੋਈ ਵੀ ਐਲਾਨ ਨਹੀਂ ਕੀਤਾ, ਜਿਸ ਕਾਰਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਅਗਲੀਆਂ ਚੋਣਾਂ ਜਿੱਤਣ ਦੇ ਸਾਰੇ ਦਾਅਵੇ ਅਜੇ ਹਵਾ ਹਵਾਈ ਹੀ ਹਨ। ਇੱਕ ਗੱਲ ਜ਼ਰੂਰ ਹੈ ਕਿ ਚੋਣਾਂ ਦੀ ਰੁੱਤ ਨੇੜੇ ਆਉਣ ਕਾਰਨ ਦਲ ਬਦਲੀਆਂ ਦੀ ਰੁੱਤ ਵੀ ਆ ਗਈ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਇੱਕ ਪਾਰਟੀ ਛੱਡ ਦੇ ਦੂਜੀ ਪਾਰਟੀ ਵਿੱਚ ਜਾਣ ਦੀ ਖ਼ਬਰ ਆ ਜਾਂਦੀ ਹੈ।

ਸਿਆਸੀ ਆਗੂਆਂ ਦੀ ਇਸ ਦਲ ਬਦਲੀ ਨੂੰ ਸਿਆਸੀ ਡੱਡੂ ਟਪੂਸੀਆਂ ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਮੌਕੇ ਵੱਖ ਵੱਖ ਆਗੂਆਂ ਵੱਲੋਂ ਦਲ ਬਦਲੀ ਦਾ ਰੁਝਾਨ ਵੇਖਿਆ ਜਾਂਦਾ ਹੈ ਪਰ ਇਸ ਸਮੇਂ ਪੰਜਾਬ ਵਿੱਚ ਨਾ ਤਾਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤੇ ਨਾ ਹੀ ਵਿਧਾਨ ਸਭਾ ਚੋਣਾਂ ਹਨ। ਇੰਨਾ ਜ਼ਰੂਰ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕੁਝ ਮਹੀਨਿਆਂ ਦਾ ਸਮਾਂ ਪਿਆ ਹੈ, ਪਰ ਇਹਨਾਂ ਚੋਣਾਂ ਲਈ ਮਾਹੌਲ ਹੁਣੇ ਤੋਂ ਬਣਨਾ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਸਿਆਸੀ ਆਗੂੁਆਂ ਵੱਲੋਂ ਵੀ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ।

ਜਦੋਂ ਵੀ ਕੋਈ ਸਿਆਸੀ ਆਗੂ ਪਾਰਟੀ ਬਦਲਦਾ ਹੈ ਤਾਂ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਪਾਰਟੀ ਬਦਲੀ ਗਈ ਹੈ, ਜਦੋਂਕਿ ਅਸਲੀਅਤ ਇਹ ਹੁੰਦੀ ਹੈ ਕਿ ਆਮ ਲੋਕਾਂ ਦੀ ਭਲਾਈ ਨਾਲ ਇਹਨਾਂ ਸਿਆਸੀ ਆਗੂਆਂ ਦਾ ਕੋਈ ਲੈਣਾ ਦੇਣਾਂ ਨਹੀਂ ਹੁੰਦਾ ਇਹ ਆਗੂ ਸਿਰਫ਼ ਆਪਣੇ ਸਿਆਸੀ ਮੁਫਾਦਾਂ ਲਈ ਦਲ ਬਦਲੀ ਕਰਦੇ ਹਨ।

ਕੁਝ ਦਹਾਕੇ ਪਹਿਲਾਂ ਤਕ ਪੰਜਾਬ ਵਿੱਚ ਵੱਡੀ ਗਿਣਤੀ ਸਿਆਸੀ ਆਗੂ ਆਪਣੀਆਂ ਪਾਰਟੀਆਂ ਪ੍ਰਤੀ ਪੂਰੇ ਵਫਾਦਾਰ ਰਹਿੰਦੇ ਸਨ ਅਤੇ ਬਹੁਤ ਘੱਟ ਦਲ ਬਦਲੀ ਹੁੰਦੀ ਸੀ ਪਰ ਹੁਣ ਤਾਂ ਸਿਆਸੀ ਆਗੂਆਂ ਵਿੱਚ ਪਾਰਟੀਆਂ ਬਦਲਣ ਦਾ ਰਿਵਾਜ਼ ਪੈ ਗਿਆ ਹੈ। ਵੱਡੀ ਗਿਣਤੀ ਸਿਆਸੀ ਆਗੂ ਚੋਣਾਂ ਲਈ ਪਾਰਟੀ ਟਿਕਟ ਨਾ ਮਿਲਣ ਕਾਰਨ ਅਕਸਰ ਚੋਣਾਂ ਮੌਕੇ ਪਾਰਟੀ ਬਦਲਦੇ ਨਜ਼ਰ ਆਉਂਦੇ ਹਨ ਪਰ ਹੁਣ ਤਾਂ ਬਿਨਾਂ ਕਿਸੇ ਚੋਣਾਂ ਦੇ ਵੀ ਸਿਆਸੀ ਆਗੂਆਂ ਵੱਲੋਂ ਦਲ ਬਦਲੀ ਕਰ ਲਈ ਜਾਂਦੀ ਹੈ।

ਇਸ ਸਮੇਂ ਸਿਆਸੀ ਲੋਕਾਂ ਵਿੱਚ ਸਿਆਸਤ ਤੋਂ ਵੱਧ ਤੋਂ ਵੱਧ ਆਰਥਿਕ ਲਾਹਾ ਲੈਣ ਦਾ ਯਤਨ ਕੀਤਾ ਜਾਂਦਾ ਹੈ। ਭਾਵੇਂ ਸਿਆਸੀ ਆਗੂ ਦਾਅਵਾ ਕਰਦੇ ਹਨ ਕਿ ਉਹ ਸਮਾਜ ਸੇਵਾ ਲਈ ਸਿਆਸਤ ਵਿਚ ਆਏ ਹਨ ਅਤੇ ਰਾਜ ਦੀ ਥਾਂ ਸੇਵਾ ਕਰਨਾ ਉਹਨਾਂ ਦਾ ਮਨੋਰਥ ਹੈ ਪਰ ਅਸਲੀਅਤ ਸਭ ਨੂੰ ਪਤਾ ਹੁੰਦੀ ਹੈ। ਵੱਡੀ ਗਿਣਤੀ ਸਿਆਸੀ ਆਗੂ ਸਿਰਫ਼ ਆਪਣੀਆਂ ਨਿੱਜੀ ਗਰਜਾਂ ਨੂੰ ਪੂਰੀਆਂ ਕਰਨ ਲਈ ਇੱਕ ਸਿਆਸੀ ਪਾਰਟੀ ਤੋਂ ਦੂਜੀ ਸਿਆਸੀ ਪਾਰਟੀ ਵਿੱਚ ਛਾਲਾਂ ਮਾਰਦੇ ਹਨ। ਕਈ ਆਗੂ ਅਜਿਹੇ ਵੀ ਹਨ, ਜਿਹਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਵਿੱਚ ਲੰਬਾ ਸਮਾਂ ਦਿਲ ਨਹੀਂ ਲੱਗਦਾ ਉਹ ਕੁਝ ਮਹੀਨਿਆਂ ਬਾਅਦ ਅਕਸਰ ਪਾਰਟੀ ਬਦਲਦੇ ਰਹਿੰਦੇ ਹਨ।

ਭਾਰਤ ਵਿੱਚ ਕਈ ਸਿਆਸੀ ਆਗੂ ਅਜਿਹੇ ਵੀ ਹੋਏ ਹਨ ਜੋ ਕਿ ਇੱਕ ਦਿਨ ਵਿੱਚ ਦੋ ਦੋ ਸਿਆਸੀ ਪਾਰਟੀਆਂ ਬਦਲ ਚੁੱਕੇ ਹਨ। ਇਸ ਨੂੰ ਭਾਰਤ ਦੀ ਸਿਆਸਤ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੀ ਹਾਈਕਮਾਂਡ ਅਕਸਰ ਦੂਜੀਆਂ ਪਾਰਟੀਆਂ ਨੂੰ ਪ੍ਰੇਸ਼ਾਨ ਕਰਨ ਲਈ ਉਹਨਾਂ ਦੇ ਸਿਆਸੀ ਆਗੂਆਂ ਨੂੰ ਦਾਣਾ ਪਾਉਂਦੀਆਂ ਰਹਿੰਦੀਆਂ ਹਨ। ਕਈ ਵਾਰ ਦੂਜੇ ਸਿਆਸੀ ਆਗੂ ਇਹ ਦਾਣਾ ਚੁਗ ਵੀ ਲੈਂਦੇ ਹਨ ਅਤੇ ਪਾਰਟੀ ਬਦਲ ਲੈਂਦੇ ਹਨ। ਕਈ ਵਾਰ ਤਾਂ ਵਿਧਾਇਕਾਂ ਵੱਲੋਂ ਪਾਰਟੀ ਬਦਲ ਕੇ ਜਾਂ ਪਾਰਟੀ ਤੋੜ ਕੇ ਨਵੀਂਆਂ ਸਰਕਾਰਾਂ ਵੀ ਬਣਾਈਆਂ ਗਈਆਂ ਹਨ।

ਇਸ ਤੋਂ ਇਲਾਵਾ ਕਈ ਵਾਰ ਪੂਰੀ ਦੀ ਪੂਰੀ ਸਿਆਸੀ ਪਾਰਟੀ ਵੀ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਰਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਭਾਰਤ ਦੀ ਸਿਆਸਤ ਵਿੱਚ ਵੇਖਣ ਨੂੰ ਮਿਲ ਚੁੱਕੀਆਂ ਹਨ। ਇਸ ਸਮੇਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਵੱਲੋਂ ਭਾਜਪਾ ਵਿੱਚ ਜਾਣ ਨਾਲ ਪੰਜਾਬ ਵਿੱਚ ਸਿਆਸੀ ਮਾਹੌਲ ਭਖ ਗਿਆ ਹੈ।

ਬਿਊਰੋ

Continue Reading

Editorial

ਭਿਖਾਰੀਆਂ ਦੀ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ

Published

on

By

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਦੀ ਗਿਣਤੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ ਅਤੇ ਇਹਨਾਂ ਮੰਗਤਿਆਂ ਦੀਆਂ ਟੋਲੀਆਂ ਸ਼ਹਿਰ ਵਿੱਚ ਥਾਂ ਥਾਂ ਤੇ ਘੁੰਮਦੀਆਂ ਆਮ ਦਿਖ ਜਾਂਦੀਆਂ ਹਨ। ਭੀਖ ਮੰਗਣ ਵਾਲਿਆਂ ਦੀਆਂ ਇਹ ਟੋਲੀਆਂ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਉੱਪਰ ਆਉਂਦੇ ਜਾਂਦੇ ਲੋਕਾਂ ਤੋਂ ਭੀਖ ਮੰਗਦੀਆਂ ਰਹਿੰਦੀਆਂ ਹਨ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਟ੍ਰੈਫਿਕ ਲਾਈਟਾਂ, ਪਾਰਕਾਂ, ਧਾਰਮਿਕ ਸਥਾਨਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਦੇ ਬਾਹਰ ਤਕ ਪਹੁੰਚ ਕੇ ਭੀਖ ਮੰਗਦੇ ਇਹਨਾਂ ਮੰਗਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਹਾਲਾਤ ਇਹ ਹਨ ਕਿ ਜਨਤਕ ਥਾਵਾਂ ਤੇ ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਕਿਸੇ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਘੁੰਮ ਰਹੀ ਕੋਈ ਪ੍ਰਵਾਸੀ ਮਹਿਲਾ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ। ਜਨਤਕ ਥਾਵਾਂ ਤੇ ਭੀਖ ਮੰਗਣ ਵਾਲੇ ਇਹ ਮੰਗਤੇ ਵੀ ਕਈ ਤਰ੍ਹਾਂ ਦੇ ਹਨ। ਇਨ੍ਹਾਂ ਵਿੱਚੋਂ ਕੁੱਝ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਪੇਟ ਭਰਨ ਦਾ ਵਾਸਤਾ ਦੇ ਕੇ ਭੀਖ ਮੰਗਦੇ ਹਨ ਜਦੋਂਕਿ ਕੁੱਝ ਪ੍ਰਵਾਸੀ ਔਰਤਾਂ ਛੋਟੇ ਛੋਟੇ ਬੱਚੇ ਚੁੱਕ ਕੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭੀਖ ਮੰਗਦੀਆਂ ਨਜਰ ਆਉਂਦੀਆਂ ਹਨ।

ਇਹਨਾਂ ਮੰਗਤਿਆਂ ਦੇ ਕਾਰਨ ਕਈ ਵਾਰ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਸੜਕ ਹਾਦਸੇ ਦੀ ਨੌਬਤ ਵੀ ਆ ਜਾਂਦੀ ਹੈ। ਵੱਖ ਵੱਖ ਥਾਵਾਂ ਤੇ ਭੀਖ ਮੰਗਦੇ ਇਹ ਭਿਖਾਰੀ ਉਦੋਂ ਤੱਕ ਲੋਕਾਂ ਦੇ ਪਿੱਛੇ ਪਏ ਰਹਿੰਦੇ ਹਨ ਜਦੋਂ ਤਕ ਤੰਗ ਆ ਕੇ ਲੋਕ ਉਹਨਾਂ ਨੂੰ ਕੁੱਝ ਦੇ ਨਾ ਦੇਣ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਲੋਕਾਂ ਦੇ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਇਹ ਮੰਗਤੇ ਘੇਰ ਕੇ ਖੜ੍ਹ ਜਾਂਦੇ ਹਨ। ਇਸ ਦੌਰਾਨ ਕੁੱਝ ਲੋਕ ਇਹਨਾਂ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਦੇ ਦਿੰਦੇ ਹਨ ਜਾਂ ਕਿਸੇ ਦੁਕਾਨ ਤੋਂ ਖਾਣ-ਪੀਣ ਦਾ ਕੋਈ ਸਾਮਾਨ ਦਿਵਾ ਦਿੰਦੇ ਹਨ ਅਤੇ ਇਹ ਮੰਗਤੇ ਆਮ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ ਫਾਇਦਾ ਚੁੱਕ ਕੇ ਸਾਰਾ ਦਿਨ ਭੀਖ ਮੰਗਦੇ ਰਹਿੰਦੇ ਹਨ। ਇਹਨਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹਨਾਂ ਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਜਾਂ ਸੜਕਾਂ ਕਿਨਾਰੇ ਹੀ ਖਾਲੀ ਥਾਵਾਂ ਲੱਭ ਲਈਆਂ ਹਨ ਜਿੱਥੇ ਇਹ ਰਾਤ ਕਟ ਲੈਂਦੇ ਹਨ।

ਸ਼ਹਿਰ ਵਿੱਚ ਥਾਂ ਥਾਂ ਤੇ ਡੇਰਾ ਜਮਾ ਚੁੱਕੇ ਇਹਨਾਂ ਮੰਗਤਿਆਂ ਵਲੋਂ ਆਉਂਦੇ ਜਾਂਦੇ ਲੋਕਾਂ ਤੋਂ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਹੇਠ ਆਉਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਵਿੱਚ ਵਿੱਚ ਹਰ ਪਾਸੇ ਨਜਰ ਆਉਂਦੀ ਮੰਗਤਿਆਂ ਦੀ ਇਹ ਕਤਾਰ ਸਾਬਿਤ ਕਰਦੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕਰ ਦਿੱਤਾ ਜਾਂਦਾ ਹੈ। ਇਸ ਪੱਖੋਂ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਘੁੰਮਣ ਵਾਲੇ ਭਿਖਾਰੀਆਂ ਨੂੰ ਕਾਬੂ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਪਹਿਲਾਂ ਚੰਡੀਗੜ੍ਹ ਵਿੱਚ ਰਹਿਣ ਵਾਲੇ ਜਿਆਦਾਤਰ ਭਿਖਾਰੀ ਵੀ ਹੁਣ ਸਾਡੇ ਸ਼ਹਿਰ ਵਿੱਚ ਸਰਗਰਮ ਦਿਖਦੇ ਹਨ।

ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਲਗਾਤਾਰ ਵੱਧਦੀ ਮੰਗਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਇਹਨਾਂ ਮੰਗਤਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾਵੇ। ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਲਗਾਤਾਰ ਵੱਧਦੀ ਮੰਗਤਿਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਮੰਗਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪ੍ਰਸ਼ਾਸ਼ਨ ਵਲੋਂ ਮਜਬੂਰੀ ਵਿੱਚ ਇਹ ਕੰਮ ਕਰਨ ਵਾਲੇ ਲੋਕਾਂ ਦੀ ਦੇਖਭਾਲ ਦਾ ਇੰਤਜਾਮ ਵੀ ਕੀਤਾ ਜਾਣਾ ਚਾਹੀਦਾ ਹੈ। ਸ਼ਹਿਰ ਵਿੱਚ ਥਾਂ ਥਾਂ ਤੇ ਲੋਕਾਂ ਤੋਂ ਭੀਖ ਮੰਗਣ ਵਾਲੇ ਇਹ ਮੰਗਤੇ ਜਿੱਥੇ ਸ਼ਹਿਰ ਦੀ ਦਿੱਖ ਨੂੰ ਖਰਾਬ ਕਰਦੇ ਹਨ ਉੱਥੇ ਇਹਨਾਂ ਦੇ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ ਇਸ ਲਈ ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇ।

Continue Reading

Latest News

Trending