Connect with us

National

ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਤਬਦੀਲ ਕਰਨ ਨਾਲ ਚੋਣ ਤੇ ਪੈ ਸਕਦਾ ਹੈ ਵੱਡਾ ਅਸਰ : ਆਈ ਬੀ

Published

on

ਸੁਪਰੀਮ ਕੋਰਟ ਵਲੋਂ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਫਰਵਰੀ ਵਿੱਚ ਤੈਅ

ਨਵੀਂ ਦਿੱਲੀ, 3 ਨਵੰਬਰ (ਸ.ਬ.) ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਸੰਬੰਧੀ ਚਲ ਰਹੀ ਸੁਣਵਾਈ ਦੌਰਾਨ ਇੰਟੈਲੀਜੈਂਸ ਬਿਊਰੋ (ਆਈ ਬੀ) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਇਸ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਵੱਡਾ ਅਸਰ ਪੈ ਸਕਦਾ ਹੈ। ਆਈ ਬੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਹਵਾਰਾ ਉੱਚ ਜੋਖ਼ਮ ਵਾਲੇ ਕੈਦੀਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਉਸ ਨੂੰ ਪੰਜਾਬ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ।

ਜਸਟਿਸ ਐਮ ਐਮ ਸੁੰਦਰੇਸ਼ ਅਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਸੀਨੀਅਰ ਵਕੀਲ ਐਸ ਮੁਰਲੀਧਰ ਨੂੰ ਕਿਹਾ ਕਿ ਖੁਫ਼ੀਆ ਏਜੰਸੀ ਦੀ ਰਿਪੋਰਟ ਬੇਹੱਦ ਗੰਭੀਰ ਹੈ। ਇਸਤੇ ਮੁਰਲੀਧਰ ਨੇ ਕਿਹਾ ਕਿ ਜੇਕਰ ਚੋਣਾਂ ਨੂੰ ਲੈ ਕੇ ਕੋਈ ਚਿੰਤਾ ਹੈ ਤਾਂ ਇਸ ਮਾਮਲੇ ਦੀ ਸੁਣਵਾਈ ਤਿੰਨ ਮਹੀਨਿਆਂ ਬਾਅਦ ਕੀਤੀ ਜਾ ਸਕਦੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਫਰਵਰੀ ਵਿੱਚ ਤੈਅ ਕੀਤੀ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਉਹ ਹਵਾਰਾ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਬਾਰੇ ਖੁਫ਼ੀਆ ਬਿਊਰੋ ਤੋਂ ਰਿਪੋਰਟ ਲਵੇ।

ਦਿੱਲੀ ਸਰਕਾਰ ਵੱਲੋਂ ਪੇਸ਼ ਹੋਈ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਵਾਰਾ ਪਹਿਲਾਂ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਘਟਨਾ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਨਾਲ ਉਸ ਦੇ ਫਰਾਰ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਇਸ ਸਬੰਧ ਵਿੱਚ ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉੱਚ ਜੋਖ਼ਮ ਵਾਲੇ ਕੈਦੀਆਂ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਤਬਦੀਲ ਕਰਨ ਬਾਰੇ ਜਾਰੀ ਸਲਾਹ ਦਾ ਹਵਾਲਾ ਦਿੱਤਾ।

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਾਇਰ ਹਲਫ਼ਨਾਮੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਹਵਾਰਾ ਦੀ ਤਬਦੀਲੀ ਨਾਲ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਭਾਟੀ ਨੇ ਇਹ ਵੀ ਦੱਸਿਆ ਕਿ ਹਵਾਰਾ ਨੂੰ ਚੰਡੀਗੜ੍ਹ ਦੀ ਜੇਲ੍ਹ ਵਿੱਚ ਸੁਰੰਗ ਪੁੱਟਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।

ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਹਵਾਰਾ ਨੇ ਕਿਹਾ ਸੀ ਕਿ ਜਨਵਰੀ 2004 ਵਿੱਚ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਘਟਨਾ ਨੂੰ ਛੱਡ ਕੇ ਜੇਲ੍ਹ ਵਿੱਚ ਉਸ ਦਾ ਵਿਹਾਰ ਤਸੱਲੀਬਖ਼ਸ਼ ਰਿਹਾ ਹੈ। ਉਸ ਨੇ ਕਿਹਾ ਕਿ ਕਿਉਂਕਿ ਦਿੱਲੀ ਵਿੱਚ ਉਸ ਖ਼ਿਲਾਫ਼ ਕੋਈ ਵੀ ਮਾਮਲਾ ਲੰਬਿਤ ਨਹੀਂ ਹੈ, ਇਸ ਲਈ ਉਸ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਹਵਾਰਾ ਦੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਹ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਵਿੱਚ ਦਰਜ ਮਾਮਲੇ ਵਿੱਚ ਹੀ ਉਮਰ ਭਰ ਦੀ ਸਜ਼ਾ ਕੱਟ ਰਿਹਾ ਹੈ। ਇਸ ਲਈ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

ਪਟੀਸ਼ਨ ਮੁਤਾਬਕ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਹਵਾਰਾ ਖ਼ਿਲਾਫ਼ 36 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇਕ ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਵਿੱਚ ਉਹ ਬਰੀ ਹੋ ਚੁੱਕਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਇਸੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਅਤੇ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਘਟਨਾ ਵਿੱਚ ਸ਼ਾਮਲ ਇਕ ਹੋਰ ਵਿਅਕਤੀ ਨੂੰ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।

ਹਵਾਰਾ ਨੇ ਦਲੀਲ ਦਿੱਤੀ ਕਿ ਕਈ ਸਾਲ ਪਹਿਲਾਂ ਉਸ ਨੂੰ ਉੱਚ ਜੋਖ਼ਮ ਵਾਲਾ ਕੈਦੀ ਮੰਨਿਆ ਜਾਣਾ ਅੱਜ ਵੀ ਉਸ ਨੂੰ ਦਿੱਲੀ ਦੀ ਜੇਲ੍ਹ ਵਿੱਚ ਰੱਖਣ ਦਾ ਢੁੱਕਵਾਂ ਆਧਾਰ ਨਹੀਂ ਹੋ ਸਕਦਾ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਧੀ ਪੰਜਾਬ ਵਿੱਚ ਰਹਿੰਦੀ ਹੈ। ਪਟੀਸ਼ਨ ਵਿੱਚ ਇਹ ਸਵਾਲ ਵੀ ਉਠਾਇਆ ਗਿਆ ਸੀ ਕਿ ਕੀ ਕੋਈ ਵਿਅਕਤੀ, ਜਿਸ ਨੇ 19 ਸਾਲਾਂ ਤੋਂ ਜੇਲ੍ਹ ਵਿੱਚ ਆਪਣਾ ਵਿਹਾਰ ਠੀਕ ਰੱਖਿਆ ਹੋਵੇ, ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰ ਸਕਦਾ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਹਵਾਰਾ ਨੂੰ ਹੇਠਲੀ ਅਦਾਲਤ ਨੇ ਮਾਰਚ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ। ਅਕਤੂਬਰ 2010 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਅਤੇ ਹੁਕਮ ਦਿੱਤਾ ਸੀ ਕਿ ਉਸ ਨੂੰ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਹਵਾਰਾ ਅਤੇ ਇਸਤਗਾਸਾ ਧਿਰ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਦਾਇਰ ਅਪੀਲਾਂ ਅਜੇ ਵੀ ਸੁਪਰੀਮ ਕੋਰਟ ਵਿੱਚ ਲੰਬਿਤ ਹਨ।

Continue Reading

National

ਚੱਕਰਵਾਤੀ ਤੂਫਾਨ ਮੁਰਾਸੂ ਕਾਰਨ ਸਕੂਲਾਂ-ਕਾਲਜਾਂ ਵਿੱਚ ਛੁੱਟੀ, ਦਰਜਨਾਂ ਉਡਾਣਾਂ ਰੱਦ

Published

on

By

ਅਮਰਾਵਤੀ, 3 ਨਵੰਬਰ (ਸ.ਬ.) ਭਿਆਨਕ ਚੱਕਰਵਾਤੀ ਤੂਫਾਨ ਮੁਰਾਸੂ ਕਾਰਨ ਲੱਖਾਂ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ ਅਤੇ ਸਕੂਲਾਂ-ਕਾਲਜਾਂ ਵਿੱਚ ਛੁੱਟੀ ਕਰ ਦਿੱਤੀ ਗਈ। ਚੱਕਰਵਾਤੀ ਤੂਫਾਨ ਮੁਰਾਸੂ ਨੇ ਅੱਜ ਤੜਕੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕੇ ਵਿੱਚ ਦਸਤਕ ਦਿੱਤੀ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਅੱਜ ਸਵੇਰੇ 5.30 ਵਜੇ ਤੂਫ਼ਾਨ ਦਾ ਕੇਂਦਰ ਤੱਟ ਪਾਰ ਕਰ ਗਿਆ। ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਦਰੱਖਤ ਉਖੜ ਗਏ ਅਤੇ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨ ਗਏ ਹਨ। ਭਾਰੀ ਬਾਰਿਸ਼ ਕਾਰਨ ਸੜਕਾਂ ਡੁੱਬ ਗਈਆਂ ਅਤੇ ਹਾਈਵੇਅ ਤੇ ਵਾਹਨ ਫਸ ਗਏ। ਉੱਥੇ ਹੀ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ।

ਖ਼ਰਾਬ ਮੌਸਮ ਕਾਰਨ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (12 ਉਡਾਣਾਂ), ਵਿਸ਼ਾਖਾਪਟਨਮ (4) ਅਤੇ ਤਿਰੂਪਤੀ (3) ਸਮੇਤ ਕੁੱਲ 19 ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਚੇਨੱਈ ਹਵਾਈ ਅੱਡੇ ਤੇ ਵੀ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਤਮਿਲਨਾਡੂ ਦੇ ਚੇਨੱਈ, ਤਿਰੂਵੱਲੂਰ, ਚੇਂਗਲਪੱਟੂ, ਕਾਂਚੀਪੁਰਮ ਅਤੇ ਨੀਲਗਿਰੀ ਵਰਗੇ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ।

ਓਡੀਸ਼ਾ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਕਾਰਨ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਓਡੀਸ਼ਾ ਸਰਕਾਰ ਨੇ ਆਪਣੇ 5 ਦੱਖਣੀ ਜ਼ਿਲ੍ਹਿਆਂ ਵਿੱਚੋਂ 1.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ। ਰਾਹਤ ਕਾਰਜਾਂ ਲਈ 1,139 ਰਾਹਤ ਕੈਂਪ ਤਿਆਰ ਕੀਤੇ ਗਏ ਹਨ, ਜਿੱਥੇ 3.33 ਲੱਖ ਲੋਕਾਂ ਦੇ ਠਹਿਰਨ ਦਾ ਪ੍ਰਬੰਧ ਹੈ। ਗੁਆਂਢੀ ਰਾਜਾਂ ਤਮਿਲਨਾਡੂ ਅਤੇ ਕਰਨਾਟਕ ਵੱਲੋਂ ਵੀ ਆਂਧਰਾ ਪ੍ਰਦੇਸ਼ ਦੀ ਮਦਦ ਲਈ ਵਿਸ਼ੇਸ਼ ਬਿਜਲੀ ਕਾਮੇ, ਕ੍ਰੇਨਾਂ ਅਤੇ ਡ੍ਰਿਲਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ ਤਾਂ ਜੋ ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾ ਸਕੇ।

Continue Reading

National

ਅਮਰੀਕਾ ਵੱਲੋਂ ਇਰਾਨ ਦੇ ਕੇਸ਼ਮ ਆਈਲੈਂਡ ਤੇ ਹਵਾਈ ਹਮਲੇ

Published

on

By

ਨਿਊਯਾਰਕ, 3 ਨਵੰਬਰ (ਸ.ਬ.) ਅੱਜ ਅਮਰੀਕਾ ਵਿੱਚ ਮਿਡਟਰਮ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅਮਰੀਕੀ ਫੌਜ ਨੇ ਇਰਾਨ ਦੇ ਕੇਸ਼ਮ ਆਈਲੈਂਡ ਤੇ ਇੱਕ ਖੁਫੀਆ ਏਅਰਸਟ੍ਰਾਈਕ ਕੀਤੀ ਹੈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਹੀ ਹੋਇਆ, ਜਿਸ ਵਿੱਚ ਉਨ੍ਹਾਂ ਨੇ ਇਰਾਨ ਨਾਲ ਜਲਦ ਸਮਝੌਤਾ ਹੋਣ ਦੀ ਸੰਭਾਵਨਾ ਜਤਾਈ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਭਗ 10 ਡਾਲਰ ਪ੍ਰਤੀ ਬੈਰਲ ਦੀ ਰਿਕਾਰਡ ਗਿਰਾਵਟ ਆਈ ਹੈ ਅਤੇ ਇਰਾਨ ਜਲਦ ਤੋਂ ਜਲਦ ਸਮਝੌਤਾ ਚਾਹੁੰਦਾ ਹੈ। ਉਨ੍ਹਾਂ ਲਿਖਿਆ ਕਿ ਇਹ ਸਮਝੌਤਾ ਜਲਦ ਹੋ ਸਕਦਾ ਹੈ! ਹਾਲਾਂਕਿ, ਇਸ ਬਿਆਨ ਤੋਂ ਤੁਰੰਤ ਬਾਅਦ ਹੀ ਅਮਰੀਕੀ ਫੌਜ ਨੇ ਕੇਸ਼ਮ ਆਈਲੈਂਡ ਤੇ ਗੁਪਤ ਅਤੇ ਸਟੀਕ ਏਅਰਸਟ੍ਰਾਈਕ ਕੀਤੀ ਤਾਂ ਜੋ ਖੇਤਰ ਵਿੱਚ ਫੌਜੀ ਮੁਹਿੰਮ ਦੇ ਦੁਬਾਰਾ ਸ਼ੁਰੂ ਹੋਣ ਦਾ ਵੱਡਾ ਸੰਕੇਤ ਨਾ ਜਾਵੇ।

ਉੱਥੇ ਹੀ ਇਰਾਨੀ ਸਰਕਾਰੀ ਮੀਡੀਆ ਅਨੁਸਾਰ, ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨ ਗਾਰਡ ਕੌਰਪਸ ਨੇ ਹੋਰਮੁਜ਼ ਦੇ ਪੱਛਮ ਵਿੱਚ ਅਮਰੀਕਾ ਦੇ ਚੌਥੇ ਜਾਸੂਸੀ ਤੇ ਡਿਕੋਏ ਡਰੋਨਨੂੰ ਸੁਰੱਖਿਅਤ ਜ਼ਬਤ ਕਰ ਲਿਆ ਹੈ। ਇਸਲਾਮਿਕ ਰੈਵੋਲਿਊਸ਼ਨ ਗਾਰਡ ਕੌਰਪਸ ਦੀ ਇਲੈਕਟ੍ਰੌਨਿਕ ਵਾਰਫੇਅਰ ਯੂਨਿਟ ਨੇ ਡਰੋਨ ਦੇ ਗਾਈਡੈਂਸ ਅਤੇ ਕੰਟਰੋਲ ਸਿਸਟਮ ਨੂੰ ਹੈਕ ਕਰ ਕੇ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਜ਼ਮੀਨ ਤੇ ਉਤਾਰ ਲਿਆ ਹੈ।

ਇਰਾਨੀ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਗ੍ਰਿਫਨ ਐਰੋਸਪੇਸ ਦੁਆਰਾ ਬਣਾਇਆ ਗਿਆ ਇਹ ਅਮਰੀਕੀ ਡਰੋਨ ਫਾਰਸ ਦੀ ਖਾੜੀ ਦੇ ਤੱਟਵਰਤੀ ਇਲਾਕਿਆਂ ਅਤੇ ਕੇਸ਼ਮ ਆਈਲੈਂਡ ਤੇ ਇਰਾਨੀ ਏਅਰ ਡਿਫੈਂਸ ਸਿਸਟਮ ਦੀ ਮੈਪਿੰਗ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਕੁਝ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਅੱਜ ਅਮਰੀਕੀ ਫ਼ੌਜ ਵੱਲੋਂ ਇਰਾਨੀ ਟਾਪੂ ਤੇ ਕੀਤੇ ਗਏ ਇਸ ਤਾਜ਼ਾ ਹਮਲੇ ਨਾਲ ਇਲਾਕੇ ਵਿੱਚ ਜੰਗ ਦਾ ਮਾਹੌਲ ਇਕ ਵਾਰ ਫ਼ਿਰ ਗਰਮਾ ਗਿਆ ਹੈ ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਜਵਾਬ ਵਿੱਚ ਇਰਾਨ ਵੀ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।

Continue Reading

National

ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ ਵਿੱਚ ਪਤਨੀ ਵੱਲੋਂ ਆਪਣੇਹੀ ਡੇਢ ਸਾਲਾ ਬੱਚੇ ਦਾ ਕਤਲ

Published

on

By

ਜਾਲੌਨ, 3 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਕੋਟਰਾ ਥਾਣਾ ਖੇਤਰ ਅਧੀਨ ਪਿੰਡ ਸਿਕਰੀ ਵਿਆਸ ਵਿੱਚ ਅੱਜ ਸਵੇਰੇ ਪਤੀ ਨਾਲ ਕੰਮ ਤੇ ਨਾ ਜਾਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁੱਸੇ ਵਿੱਚ ਆਈ ਮਾਂ ਨੇ ਆਪਣੇ ਡੇਢ ਸਾਲਾ ਮਾਸੂਮ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਪਤਨੀ ਮਾਨਸਿਕ ਤੌਰ ਤੇ ਵੀ ਬਿਮਾਰ ਰਹਿੰਦੀ ਹੈ ਅਤੇ ਗਵਾਲੀਅਰ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਇੱਕ ਮਹੀਨਾ ਪਹਿਲਾਂ ਵੀ ਪਤੀ ਨਾਲ ਝਗੜੇ ਤੋਂ ਬਾਅਦ ਉਸ ਨੇ ਬੱਚੇ ਦੀ ਕੁੱਟਮਾਰ ਕੀਤੀ ਸੀ।

ਪਿੰਡ ਸਿਕਰੀ ਵਿਆਸ ਦਾ ਰਹਿਣ ਵਾਲਾ 30 ਸਾਲਾ ਰਾਜੇਸ਼ ਕੁਮਾਰ ਬਰਾਰ ਮਜ਼ਦੂਰੀ ਕਰਕੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ, ਬੀਤੀ ਸ਼ਾਮ ਖਾਣਾ ਖਾਣ ਸਮੇਂ ਉਸ ਦੀ 27 ਸਾਲਾ ਪਤਨੀ ਪਾਰੋ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ।

ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਤਿੰਨ ਬੱਚੇ ਆਪਣੇ ਦਾਦਾ ਪਰਮਾਨੰਦ ਅਤੇ ਦਾਦੀ ਸ਼ਾਂਤੀ ਦੇਵੀ ਕੋਲ ਸੌਣ ਚਲੇ ਗਏ।

ਅੱਜ ਸਵੇਰੇ ਕਰੀਬ 7 ਵਜੇ ਪਾਰੋ ਮੁੜ ਉੱਚੀ-ਉੱਚੀ ਰੌਲਾ ਪਾਉਣ ਲੱਗ ਪਈ। ਪਤੀ ਨੇ ਉਸ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਅੰਦਰਲੇ ਕਮਰੇ ਵਿੱਚ ਚਲੀ ਗਈ ਅਤੇ ਬਿਸਤਰੇ ਤੇ ਸੁੱਤੇ ਆਪਣੇ ਡੇਢ ਸਾਲਾ ਪੁੱਤਰ ਰਿਤਿਕ ਦਾ ਗਲਾ ਘੁੱਟ ਦਿੱਤਾ। ਪਤੀ ਜਦੋਂ ਤੱਕ ਭੱਜ ਕੇ ਕਮਰੇ ਵਿੱਚ ਪਹੁੰਚਿਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।

ਕੋਟਰਾ ਥਾਣੇ ਦੇ ਇੰਸਪੈਕਟਰ ਵਿਮਲੇਸ਼ ਕੁਮਾਰ ਨੇ ਦੱਸਿਆ ਕਿ ਪਤੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਮੁਲਜ਼ਮ ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਪਤਨੀ ਦੀ ਮਾਨਸਿਕ ਬਿਮਾਰੀ ਅਤੇ ਘਰੇਲੂ ਕਲੇਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Latest News

Trending