National
ਘਰ ਵਿੱਚ ਸੁੱਤੇ ਮਾਂ-ਪੁੱਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ
ਭੋਜਪੁਰ, 4 ਨਵੰਬਰ (ਸ.ਬ.) ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਜਗਦੀਸ਼ਪੁਰ ਥਾਣਾ ਖੇਤਰ ਦੇ ਤੇਂਦੁਨੀ ਪਿੰਡ ਵਿੱਚ ਬੀਤੀ ਦੇਰ ਰਾਤ ਮਾਂ ਅਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਵੇਂ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ। ਇਸੇ ਦੌਰਾਨ ਧਾਰਦਾਰ ਹਥਿਆਰ ਨਾਲ ਉਨ੍ਹਾਂ ਦੇ ਗਲੇ ਵੱਢ ਦਿੱਤੇ ਗਏ ਅਤੇ ਹਥੌੜੇ ਨਾਲ ਵੀ ਵਾਰ ਕੀਤੇ ਗਏ। ਅੱਜ ਤੜਕੇ ਘਰ ਵਿੱਚੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਘਟਨਾ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਵੱਡੇ ਪੁੱਤਰ ਅਤੇ ਨੂੰਹ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਜਾਇਦਾਦ ਦੇ ਵਿਵਾਦ ਨੂੰ ਕਤਲ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਤੇਂਦੁਨੀ ਪਿੰਡ ਵਾਸੀ ਸਵਰਗੀ ਵਿਸ਼ਵਾਮਿੱਤਰ ਸਿੰਘ ਦੀ 60 ਸਾਲਾ ਪਤਨੀ ਰਾਮਵਤੀ ਕੁੰਵਰ ਅਤੇ ਉਨ੍ਹਾਂ ਦੇ 30 ਸਾਲਾ ਪੁੱਤਰ ਸੁਨੀਲ ਕੁਮਾਰ ਵਜੋਂ ਹੋਈ ਹੈ। ਦੋਵਾਂ ਦੀ ਗਰਦਨ, ਪੇਟ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਧਾਰਦਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਪੁਲੀਸ ਨੇ ਘਟਨਾ ਸਥਾਨ ਤੋਂ ਇੱਕ ਹਥੌੜਾ ਵੀ ਬਰਾਮਦ ਕੀਤਾ ਹੈ। ਖ਼ਦਸ਼ਾ ਹੈ ਕਿ ਹਮਲੇ ਵਿੱਚ ਇਸ ਦੀ ਵੀ ਵਰਤੋਂ ਕੀਤੀ ਗਈ ਸੀ।
ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਜਗਦੀਸ਼ਪੁਰ ਥਾਣਾ ਮੁਖੀ ਆਸ਼ੀਸ਼ ਕੁਮਾਰ ਅਤੇ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਰਵੀ ਕੁਮਾਰ ਪੁਲੀਸ ਟੀਮ ਸਮੇਤ ਮੌਕੇ ਤੇ ਪਹੁੰਚੇ। ਪੁਲੀਸ ਨੇ ਘਟਨਾ ਸਥਾਨ ਦਾ ਨਿਰੀਖਣ ਕਰਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਔਰਤ ਦੇ ਵੱਡੇ ਪੁੱਤਰ ਦਿਨੇਸ਼ ਕੁਮਾਰ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਦਿਨੇਸ਼ ਦੇ ਇੱਕ ਹੱਥ ਤੇ ਸੱਟ ਦਾ ਨਿਸ਼ਾਨ ਵੀ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਹਿਰਾਸਤ ਵਿੱਚ ਲਏ ਗਏ ਦਿਨੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਅੱਠ ਨਕਾਬਪੋਸ਼ ਅਪਰਾਧੀ ਘਰ ਵਿੱਚ ਦਾਖ਼ਲ ਹੋਏ ਸਨ। ਉਸ ਸਮੇਂ ਉਸ ਦੀ ਮਾਂ ਅਤੇ ਛੋਟਾ ਭਰਾ ਕਮਰੇ ਵਿੱਚ ਸੁੱਤੇ ਹੋਏ ਸਨ।
ਦਿਨੇਸ਼ ਮੁਤਾਬਕ, ਅਪਰਾਧੀਆਂ ਨੇ ਦੋਵਾਂ ਦਾ ਕਤਲ ਕਰ ਦਿੱਤਾ। ਉਸ ਦਾ ਦਾਅਵਾ ਹੈ ਕਿ ਮਾਂ ਅਤੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੇ ਹੱਥ ਤੇ ਵੀ ਸੱਟ ਲੱਗ ਗਈ। ਹਾਲਾਂਕਿ, ਪੁਲੀਸ ਉਸ ਦੇ ਬਿਆਨ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ।
ਪੁਲੀਸ ਅਨੁਸਾਰ, ਘਟਨਾ ਸਮੇਂ ਘਰ ਵਿੱਚ ਦਿਨੇਸ਼ ਅਤੇ ਉਸ ਦੀ ਪਤਨੀ ਵੀ ਮੌਜੂਦ ਸਨ। ਪਰ ਵਾਰਦਾਤ ਦੌਰਾਨ ਕਿਸੇ ਤਰ੍ਹਾਂ ਦੇ ਰੌਲੇ-ਰੱਪੇ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਆਸ-ਪਾਸ ਦੇ ਪਿੰਡ ਵਾਸੀਆਂ ਨੂੰ ਵੀ ਤੁਰੰਤ ਘਟਨਾ ਬਾਰੇ ਪਤਾ ਨਹੀਂ ਲੱਗਿਆ। ਬਾਅਦ ਵਿੱਚ ਦਿਨੇਸ਼ ਨੇ ਡਾਇਲ 112 ਤੇ ਫ਼ੋਨ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜਗਦੀਸ਼ਪੁਰ ਥਾਣੇ ਦੀ ਟੀਮ ਮੌਕੇ ਤੇ ਪਹੁੰਚੀ।
ਘਟਨਾ ਸਥਾਨ ਤੇ ਐਫਐਸਐਲ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਵਿਗਿਆਨਕ ਤਰੀਕੇ ਨਾਲ ਸਬੂਤ ਇਕੱਠੇ ਕੀਤੇ। ਪੁਲੀਸ ਜਾਇਦਾਦ ਦੇ ਵਿਵਾਦ ਸਮੇਤ ਕਤਲ ਦੇ ਸਾਰੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤ ਦੀ ਭੈਣ ਦੇ ਆਉਣ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਨਾਲ ਜੁੜੇ ਕੁਝ ਹੋਰ ਤੱਥ ਸਾਹਮਣੇ ਆ ਸਕਦੇ ਹਨ।
ਫਿਲਹਾਲ ਪੁਲੀਸ ਹਿਰਾਸਤ ਵਿੱਚ ਲਏ ਗਏ ਦੋਵਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਰਦਾਤ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ।
National
ਸਰਕਾਰ ਨੇ ਅਗਨੀਵੀਰਾਂ ਲਈ 2 ਸਾਲ ਦਾ ਕਾਰਜਕਾਲ ਵਧਾਇਆ, ਫੌਜ ਵਿੱਚ ਪੱਕੇ ਹੋਣ ਦਾ ਮਿਲੇਗਾ ਮੌਕਾ
ਨਵੀਂ ਦਿੱਲੀ, 4 ਨਵੰਬਰ (ਸ.ਬ.) ਭਾਰਤੀ ਹਥਿਆਰਬੰਦ ਫੌਜਾਂ ਵਿੱਚ ਜਵਾਨਾਂ ਦੀ ਭਰਤੀ ਲਈ ਚੱਲ ਰਹੀ ‘ਅਗਨੀਪਥ’ ਸਕੀਮ ਵਿੱਚ ਫੇਰਬਦਲ ਕਰਦਿਆਂ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐਨ. ਐਸ. ਰਾਜਾ ਸੁਬਰਾਮਣੀ ਨੇ ਅੱਜ ਐਲਾਨ ਕੀਤਾ ਕਿ ਇਸੇ ਸਾਲ ਦਸੰਬਰ ਵਿੱਚ ਆਪਣਾ ਚਾਰ ਸਾਲਾ ਕਾਰਜਕਾਲ ਪੂਰਾ ਕਰਨ ਵਾਲੇ ਸਾਰੇ ‘ਅਗਨੀਵੀਰਾਂ’ ਦੀਆਂ ਸੇਵਾਵਾਂ ਵਿੱਚ ਦੋ ਸਾਲ ਦਾ ਵਾਧਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੌਜੂਦਾ ਨੀਤੀ ਅਨੁਸਾਰ ਚਾਰ ਸਾਲ ਪਹਿਲਾਂ ਠੇਕੇ ਤੇ ਲਏ ਗਏ ਜਵਾਨਾਂ ਵਿੱਚੋਂ 25 ਫੀਸਦੀ ਨੂੰ ਹਥਿਆਰਬੰਦ ਫੌਜਾਂ ਵਿੱਚ ਪੱਕੇ ਤੌਰ ਤੇ ਸ਼ਾਮਲ (ਰੈਗੂਲਰ) ਕੀਤਾ ਜਾਣਾ ਸੀ। ਉਹਨਾਂ ਦੱਸਿਆ ਕਿ ਅੱਜ ਐਲਾਨੇ ਗਏ ਬਦਲਾਅ ਬਾਕੀ ਰਹਿੰਦੇ 75 ਫੀਸਦੀ ਜਵਾਨਾਂ ਤੇ ਲਾਗੂ ਹੋਣਗੇ, ਜਿਨ੍ਹਾਂ ਨੇ ਦਸੰਬਰ ਵਿੱਚ ਫੌਜ ਤੋਂ ਬਾਹਰ ਹੋਣਾ ਸੀ। ਉਹਨਾਂ ਕਿਹਾ ਕਿ ਇਨ੍ਹਾਂ ਜਵਾਨਾਂ ਨੂੰ ਦੋ ਸਾਲਾਂ ਦਾ ਦੂਜਾ ਸੇਵਾ ਕਾਰਜਕਾਲ ਦਿੱਤਾ ਜਾਵੇਗਾ।
ਜਨਰਲ ਸੁਬਰਾਮਣੀ ਨੇ ਦੱਸਿਆ ਕਿ ਜਿਵੇਂ ਹੀ ਇਹ ਦੋ ਸਾਲਾਂ ਦੀ ਮਿਆਦ ਖਤਮ ਹੋਵੇਗੀ, ਇਨ੍ਹਾਂ ਸਾਰੇ ਜਵਾਨਾਂ ਨੂੰ ਦੋ ਸ਼ਰਤਾਂ (ਉਨ੍ਹਾਂ ਦੀ ਆਪਣੀ ਇੱਛਾ ਅਤੇ ਸਰੀਰਕ ਯੋਗਤਾ) ਦੇ ਆਧਾਰ ਤੇ ਰੈਗੂਲਰ ਫੌਜੀ ਬਣਨ ਦਾ ਵਿਕਲਪ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੌਜ ਵਿੱਚ ਪੱਕੇ ਤੌਰ ਤੇ ਸ਼ਾਮਲ ਕੀਤਾ ਜਾਵੇਗਾ।
ਮੌਜੂਦਾ ਸਕੀਮ ਅਨੁਸਾਰ ਅਗਨੀਵੀਰਾਂ ਨੂੰ ਚਾਰ ਸਾਲ ਦੇ ਠੇਕੇ ਤੇ ਲਿਆ ਜਾਂਦਾ ਹੈ। ਸੇਵਾਵਾਂ ਵਿੱਚ ਦੋ ਸਾਲ ਦਾ ਇਹ ਵਾਧਾ ਅਜਿਹੇ ਸਮੇਂ ਆਇਆ ਹੈ ਜਦੋਂ 31 ਦਸੰਬਰ ਤੱਕ 18,300 ਤੋਂ ਵੱਧ ਜਵਾਨ ਆਪਣਾ ਚਾਰ ਸਾਲ ਦਾ ਠੇਕਾ ਪੂਰਾ ਕਰ ਕੇ ਸੇਵਾਮੁਕਤ ਹੋਣ ਵਾਲੇ ਸਨ।
ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਕਿਹਾ ਕਿ ਕੈਬਨਿਟ ਨੇ ਅਜਿਹਾ ਰਸਤਾ ਤਿਆਰ ਕੀਤਾ ਹੈ ਤਾਂ ਜੋ ਅਗਨੀਵੀਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਪੱਕੇ ਤੌਰ ਤੇ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਗਨੀਵੀਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ।
National
ਹੋਟਲ ਵਿੱਚ ਗੋਲੀਬਾਰੀ ਕਰਨ ਦਾ ਮੁੱਖ ਦੋਸ਼ੀ ਪੁਲੀਸ ਮੁਕਾਬਲੇ ਦੌਰਾਨ ਢੇਰ
ਗੁਹਾਟੀ, 4 ਨਵੰਬਰ (ਸ.ਬ.) ਗੁਹਾਟੀ ਦੇ ਇਕ ਹੋਟਲ ਵਿੱਚ ਗੋਲੀਬਾਰੀ ਦੀ ਘਟਨਾ ਦਾ ਮੁੱਖ ਦੋਸ਼ੀ ਅੱਜ ਸ਼ਿਵਸਾਗਰ ਜ਼ਿਲ੍ਹੇ ਵਿੱਚ ਪੁਲੀਸ ਹਿਰਾਸਤ ਤੋਂ ਦੌੜਣ ਦੀ ਕੋਸ਼ਿਸ਼ ਦੌਰਾਨ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਹਾਟੀ ਦੇ ਇਕ ਹੋਟਲ ਵਿੱਚ ਹੋਈ ਗੋਲੀਬਾਰੀ ਵਿੱਚ 5 ਲੋਕਾਂ ਦੀ ਜਾਨ ਗਈ ਸੀ। ਸੀਨੀਅਰ ਪੁਲੀਸ ਸੁਪਰਡੈਂਟ ਪਾਪੋਰੀ ਚੇਤੀਆ ਨੇ ਦੱਸਿਆ ਕਿ ਮੁਕਾਬਲਾ ਗੌਰੀਸਾਗਰ ਇਲਾਕੇ ਵਿੱਚ ਉਸ ਸਮੇਂ ਹੋਇਆ, ਜਦੋਂ ਦੋਸ਼ੀ ਨੇ ਇਕ ਹੋਰ ਮਾਮਲੇ ਦੇ ਸਿਲਸਿਲੇ ਵਿੱਚ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਘਣਕਾਂਤ ਗੋਗੋਈ (34) ਨੂੰ ਗੋਲੀਬਾਰੀ ਦੇ ਮਾਮਲੇ ਵਿੱਚ ਗੁਹਾਟੀ ਦੀ ਇਕ ਅਦਾਲਤ ਵਲੋਂ ਨਿਆਇਕ ਹਿਰਾਸਤ ਵਿੱਚ ਭੇਜੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਮੰਗਲਵਾਰ ਨੂੰ ਸ਼ਿਵਸਾਗਰ ਪੁਲੀਸ ਨੇ 2024 ਦੇ ਇਕ ਬੈਂਕ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਐਸਐਸਪੀ ਚੇਤੀਆ ਨੇ ਕਿਹਾ ਕਿ ਉਹ ਕਈ ਤਰ੍ਹਾਂ ਦੇ ਹਥਿਆਰ ਚਲਾਉਣ ਵਿੱਚ ਮਾਹਰ ਸੀ। ਜਦੋਂ ਉਹ ਟਾਇਲਟ ਲਈ ਪੁਲੀਸ ਵਾਹਨ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਸਾਡੇ ਜਾਂਚ ਅਧਿਕਾਰੀ ਦਾ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ਈ ਨਾਲ ਹੱਥੋਪਾਈ ਹੋਈ, ਜਿਸ ਵਿੱਚ ਸਾਡਾ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਪਣੇ ਅਧਿਕਾਰੀ ਦੀ ਜਾਨ ਬਚਾਉਣ ਲਈ ਸ਼ਿਵਸਾਗਰ ਸਦਰ ਪੁਲੀਸ ਥਾਣੇ ਦੇ ਇੰਚਾਰਜ ਅਧਿਕਾਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਗੋਲੀ ਚਲਾਉਣੀ ਪਈ।
ਐਸਐਸਪੀ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਏ ਗੋਗੋਈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੇਤੀਆ ਨੇ ਦੱਸਿਆ ਕਿ ਜ਼ਖਮੀ ਪੁਲੀਸ ਅਧਿਕਾਰੀ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐਸਐਸਪੀ ਨੇ ਕਿਹਾ ਕਿ ਗੋਗੋਈ ਅਪਰਾਧਿਕ ਮਾਨਸਿਕਤਾ ਵਾਲਾ ਵਿਅਕਤੀ ਸੀ। ਉਹ ਸਾਡੇ ਅਧਿਕਾਰੀਆਂ ਲਈ ਖ਼ਤਰਾ ਸੀ। ਨਿੱਜੀ ਸੁਰੱਖਿਆ ਅਧਿਕਾਰੀ ਨੂੰ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਦੀ ਰੱਖਿਆ ਲਈ ਗੋਲੀ ਚਲਾਉਣੀ ਪਈ।
ਗੋਲੀਬਾਰੀ ਦੇ ਬੋਰਾ ਸਰਵਿਸ ਇਲਾਕੇ ਵਿੱਚ ਸਥਿਤ ਹੋਟਲ ਬਿਲਾਸ ਇਨ ਵਿੱਚ 26 ਅਕਤੂਬਰ ਦੀ ਰਾਤ ਨੂੰ ਹੋਟਲ ਦੇ ਪ੍ਰਬੰਧਨ ਨੂੰ ਲੈ ਕੇ ਜਾਇਦਾਦ ਦੇ ਮਾਲਕਾਂ ਅਤੇ ਪੱਟਾਧਾਰਕਾਂ ਵਿਚਾਲੇ ਹੋਏ ਵਿਵਾਦ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ਵਿੱਚ ਇਕ ਕਾਰੋਬਾਰੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ। ਘਟਨਾ ਦੇ ਤੁਰੰਤ ਬਾਅਦ ਪੱਟਾਧਾਰਕ ਗੋਗੋਈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਇਕ ਲਾਇਸੈਂਸੀ .32-ਬੋਰ ਦੀ ਪਿਸਤੌਲ ਜ਼ਬਤ ਕੀਤੀ ਗਈ, ਜਿਸ ਦਾ ਇਸਤੇਮਾਲ ਇਸ ਅਪਰਾਧ ਵਿੱਚ ਕੀਤਾ ਗਿਆ ਸੀ।
National
ਸ੍ਰੀ ਗੰਗਾਨਗਰ ਵਿੱਚ ਰੇਲਵੇ ਟਰੈਕ ਤੇ ਧਮਾਕਾ
ਜੈਪੁਰ, 4 ਨਵੰਬਰ (ਸ.ਬ.) ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਇੱਕ ਧਮਾਕਾ ਹੋਇਆ ਹੈ। ਰਾਮਸਿੰਘਪੁਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਟਰੈਕ ਤੇ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਟਰੈਕ ਦੇ ਦੋ ਸੀਮਿੰਟ ਦੇ ਥੰਮ੍ਹ ਨੁਕਸਾਨੇ ਗਏ।
ਇਹ ਘਟਨਾ ਅਨੂਪਗੜ੍ਹ-ਸੂਰਤਗੜ੍ਹ ਰੇਲਗੱਡੀ ਦੇ ਉੱਥੋਂ ਲੰਘਣ ਤੋਂ ਕੁਝ ਸਮਾਂ ਬਾਅਦ ਵਾਪਰੀ। ਸੂਚਨਾ ਮਿਲਣ ਤੇ ਏ.ਟੀ.ਐਸ., ਸੀ.ਆਈ.ਡੀ., ਡੌਗ ਸਕੁਐਡ ਅਤੇ ਰੇਲਵੇ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਸੁਰੱਖਿਆ ਕਾਰਨਾਂ ਕਰਕੇ ਇਸ ਰੂਟ ਤੇ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਏਜੰਸੀਆਂ ਧਮਾਕੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ ਤੇ ਇੱਕ ਧਮਾਕਾ ਹੋਇਆ। ਇਹ ਘਟਨਾ ਇੱਕ ਯਾਤਰੀ ਰੇਲਗੱਡੀ ਦੇ ਉੱਥੋਂ ਲੰਘਣ ਤੋਂ ਲਗਭਗ 45 ਮਿੰਟ ਬਾਅਦ ਵਾਪਰੀ। ਧਮਾਕੇ ਕਾਰਨ ਰੇਲਵੇ ਲਾਈਨਾਂ ਨੂੰ ਸਹਾਰਾ ਦੇਣ ਵਾਲੇ ਕੰਕਰੀਟ ਦੇ ਦੋ ਬਲਾਕ ਪੂਰੀ ਤਰ੍ਹਾਂ ਟੁੱਟ ਗਏ ਅਤੇ ਪਟੜੀਆਂ ਦੇ ਵਿਚਕਾਰ 2 ਫੁੱਟ ਡੂੰਘਾ ਟੋਆ ਬਣ ਗਿਆ। ਇਹ ਘਟਨਾ ਮੰਗਲਵਾਰ ਦੇਰ ਰਾਤ, ਲਗਭਗ 9:45 ਵਜੇ, ਅਨੂਪਗੜ੍ਹ ਕਸਬੇ ਦੇ ਇਲਾਕੇ ਵਿੱਚ ਪੈਂਦੇ ਪਿੰਡ ’50 ਜੀ.ਬੀ.’ ਨੇੜੇ ਵਾਪਰੀ।
ਪੁਲੀਸ ਅਨੁਸਾਰ, ਇਸ ਲਾਈਨ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਨੂੰ ਅੱਜ ਸਵੇਰੇ 6:00 ਵਜੇ ਤੱਕ ਰੱਦ ਕਰ ਦਿੱਤਾ ਗਿਆ ਸੀ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਇਸ ਸਰਹੱਦੀ ਇਲਾਕੇ ਵਿੱਚ ਹੋਏ ਧਮਾਕੇ ਪਿੱਛੇ ਸਮਾਜ-ਵਿਰੋਧੀ ਅਨਸਰ ਜਾਂ ਦੇਸ਼-ਵਿਰੋਧੀ ਤਾਕਤਾਂ ਦਾ ਹੱਥ ਸੀ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
