Connect with us

Mohali

ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੁਹਾਲੀ ਵਿਖੇ ‘ਸਾਲਾਨਾ ਸਪੋਰਟਸ ਮੀਟ’ ਦਾ ਆਯੋਜਨ

Published

on

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੁਹਾਲੀ ਵਿਖੇ ਬੱਚਿਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਮੁਕਤ ਰੱਖਣ ਦੇ ਉਦੇਸ਼ ਨਾਲ ‘ਸਾਲਾਨਾ ਸਪੋਰਟਸ ਮੀਟ’ ਦਾ ਆਯੋਜਨ ਕੀਤਾ ਗਿਆ। ਇਸ ਖੇਡ ਦਿਵਸ ਵਿੱਚ ਸਕੂਲ ਦੇ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਅਤੇ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਆਸਮਾਨ ਵਿੱਚ ਗੁਬਾਰੇ ਛੱਡ ਕੇ ਖੇਡ ਦਿਵਸ ਦਾ ਰਸਮੀ ਆਗ਼ਾਜ਼ ਕੀਤਾ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ-ਪਾਸਟ ਕੀਤਾ ਗਿਆ।

ਖੇਡ ਮੁਕਾਬਲਿਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਗੁਬਾਰੇ ਤੋੜਨਾ, ਕਿਸ਼ਤੀ ਦੌੜ, ਪੈਂਸਿਲ ਦੌੜ ਅਤੇ ਜਲੇਬੀ ਦੌੜ ਸਮੇਤ ਵੱਖ-ਵੱਖ ਦਿਲਚਸਪ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਮੋਟੀਵੇਸ਼ਨਲ ਡਾਂਸ ਅਤੇ ਯੋਗਾ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਤਾਂਬੇ ਦੇ ਮੈਡਲਾਂ ਸਮੇਤ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਅਤੇ ਡਾਇਰੈਕਟਰ ਸ੍ਰੀਮਤੀ ਪਵਨ ਦੀਪ ਕੌਰ ਗਿੱਲ ਨੇ ਕਿਹਾ ਕਿ ਖੇਡਾਂ ਸਾਡਾ ਸਰਬਪੱਖੀ ਵਿਕਾਸ ਕਰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਜ਼ਿੰਦਗੀ ਦਾ ਜ਼ਰੂਰੀ ਅੰਗ ਬਣਾਉਣਾ ਚਾਹੀਦਾ ਹੈ।

Continue Reading

Mohali

ਸਥਾਨਕ ਮੁਹਾਲੀ ਫੇਜ਼-5 ਵਿੱਚ ਸ਼ੋਰੂਮਾਂ ਦੇ ਪਿੱਛੇ ਪੈਂਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

Published

on

By

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਲੁੱਕ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ, 31 ਲੱਖ ਦੀ ਲਾਗਤ ਨਾਲ ਬਣੇਗੀ ਸੜਕ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਮੁਹਾਲੀ ਦੇ ਫੇਜ਼-5 ਵਿੱਚ ਦਾਵਤ ਹੋਟਲ ਅਤੇ ਸਰਕਾਰੀ ਆਈ. ਟੀ. ਆਈ. ਦੇ ਸਾਹਮਣੇ ਵਾਲੀ ਸੜਕ ਜੋ ਭੈਣਾ ਦੇ ਢਾਬੇ ਤਕ ਜਾਂਦੀ ਹੈ ਦੇ ਨਿਰਮਾਣ ਅਤੇ ਲੁੱਕ ਪਾਉਣ ਦਾ ਕੰਮ ਅੱਜ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਆਪਣੇ ਸ਼ੁਰੂ ਕਰਵਾਇਆ ਗਿਆ। ਇਸ ਸੜਕ ਦੇ ਨਿਰਮਾਣ ਤੇ ਲਗਭਗ 31 ਲੱਖ ਰੁਪਏ ਖ਼ਰਚ ਕੀਤੇ ਜਾਣਗੇ।

ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਕਰੀਬ 1500 ਫੁੱਟ ਲੰਬੀ ਇਸ ਸੜਕ ਦੀ ਨਵੀਂ ਉਸਾਰੀ ਤਹਿਤ ਬੀ. ਐਮ. ਅਤੇ ਐਸ. ਡੀ. ਬੀ. ਸੀ. ਦੀਆਂ ਪਰਤਾਂ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ, ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ।

ਇੱਥੇ ਜ਼ਿਕਰਯੋਗ ਹੈ ਕਿ ਪਬਲਿਕ ਹੈਲਥ ਵਿਭਾਗ ਵੱਲੋਂ ਸੀਵਰੇਜ ਲਾਈਨ ਪਾਉਣ ਲਈ ਸੜਕ ਪੁੱਟੀ ਗਈ ਸੀ, ਪਰ ਇਸ ਤੋਂ ਬਾਅਦ ਲਗਭਗ ਢਾਈ ਸਾਲ ਤੱਕ ਸੜਕ ਦੀ ਮੁੜ ਉਸਾਰੀ ਨਹੀਂ ਕੀਤੀ ਗਈ ਅਤੇ ਇਸਦੀ ਹਾਲਤ ਪਿਛਲੇ ਕਾਫ਼ੀ ਸਮੇਂ ਤੋਂ ਖ਼ਸਤਾ ਬਣੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਨੂੰ ਬਣਿਆਂ ਵੀ ਪੰਜ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਸੀ। ਸੜਕ ਦੀ ਖ਼ਰਾਬ ਹਾਲਤ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਸੜਕ ਤੇ ਸਰਕਾਰੀ ਆਈ. ਟੀ. ਆਈ. ਸਮੇਤ ਕਈ ਸਰਕਾਰੀ ਅਦਾਰੇ ਹੋਣ ਕਾਰਨ ਦਿਨ ਭਰ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਸੜਕ ਦੀ ਖ਼ਸਤਾ ਹਾਲਤ ਕਾਰਨ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਹੁਣ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ।

ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਫੇਜ਼-5 ਮਾਰਕੀਟ ਦੇ ਪਿਛਲੇ ਪਾਸੇ ਢਾਬਿਆਂ ਅਤੇ ਰੈਸਟੋਰੈਂਟਾਂ ਵੱਲੋਂ ਕਥਿਤ ਤੌਰ ਤੇ ਗੈਰ-ਕਾਨੂੰਨੀ ਢੰਗ ਨਾਲ ਸੀਵਰੇਜ ਵਿੱਚ ਵੇਸਟ ਪਾਉਣ ਦੇ ਮਾਮਲੇ ਤੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਜੇਕਰ ਇਸ ਦੇ ਬਾਵਜੂਦ ਵੀ ਸਬੰਧਤ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਉਨ੍ਹਾਂ ਦੇ ਸੀਵਰੇਜ ਕੁਨੈਕਸ਼ਨ ਵੀ ਕੱਟੇ ਜਾਣਗੇ। ਮੇਅਰ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਅਤੇ ਜਨਤਕ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕੌਂਸਲਰ ਗੁਰਮੁਖ ਸੋਹਲ,ਅਨੂ ਬੱਬਰ, ਦਿਲਪ੍ਰੀਤ ਸਿੰਘ ਪ੍ਰਧਾਨ (ਮਾਰਕੀਟ ਐਸੋਸੀਏਸ਼ਨ), ਅਮਰਜੀਤ ਸਿੰਘ ਬਜਾਜ ਸਾਬਕਾ ਪ੍ਰਧਾਨ (ਲਾਇਨਜ਼ ਕਲੱਬ), ਸ਼ਾਮ ਲਾਲ ਗਰਗ,ਈਸ਼ ਕੁਮਾਰ (ਪ੍ਰਧਾਨ ਐਚ.ਐਮ ਵੈਲਫੇਅਰ ਐਸੋਸੀਏਸ਼ਨ), ਸੁਰਿੰਦਰ ਸਿੰਘ ਸੱਭਰਵਾਲ ਸਾਬਕਾ ਪ੍ਰਧਾਨ ਐਮ ਆਈ ਏ, ਚੀਫ ਇੰਜੀਨੀਅਰ ਨਰੇਸ਼ ਬੱਤਾ, ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।

 

4 ਨਵੰਬਰ ਨੂੰ ਸੜਕ ਦੀ ਸਫਾਈ ਨਾ ਹੋਣ ਕਾਰਨ ਰੋਕਿਆ ਗਿਆ ਸੀ ਕੰਮ

ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਦੇ ਠੇਕੇਦਾਰ ਵਲੋਂ ਪਹਿਲਾਂ ਬੀਤੀ 4 ਨਵੰਬਰ ਨੂੰ ਵੀ ਇਸ ਸੜਕ ਦੀ ਉਸਾਰੀ ਦਾ ਕੰਮ ਆਰੰਭ ਕੀਤਾ ਜਾ ਰਿਹਾ ਸੀ ਪਰੰਤੂ ਮੌਕੇ ਤੇ ਪਹੁੰਚੇ ਵਾਰਡ ਨੰਬਰ 9 ਦੇ ਕੌਂਸਲਰ ਸzzੀਮਤੀ ਕੁਲਦੀਪ ਕੌਰ ਕੰਗ ਅਤੇ ਸਥਾਨਕ ਵਸਨੀਕਾਂ ਵਲੋਂ ਇਸ ਸੜਕ ਦਾ ਕੰਮ ਆਰੰਭ ਕਰਨ ਤੋਂ ਪਹਿਲਾਂ ਸੜਕ ਤੇ ਪਈ ਮਿੱਟੀ ਸਾਫ ਕਰਵਾ ਕੇ ਹੀ ਇੱਥੇ ਪ੍ਰੀਮਿਕਸ ਪਾਉਣ ਲਈ ਕਿਹਾ ਗਿਆ ਸੀ ਅਤੇ ਉਹਨਾਂ ਵਲੋਂ ਇਤਰਾਜ ਜਤਾਏ ਜਾਣ ਤੋਂ ਬਾਅਦ ਠੇਕੇਦਾਰ ਵਲੋਂ ਕੰਮ ਰੋਕ ਦਿੱਤਾ ਗਿਆ ਸੀ।

ਉਸ ਵੇਲੇ ਨਗਰ ਨਿਗਮ ਦੇ ਚੀਫ ਇੰਜਨੀਅਰ ਸ੍ਰੀ ਨਰੇਸ਼ ਬੱਤਾ ਨੇ ਕਿਹਾ ਸੀ ਕਿ ਠੇਕੇਦਾਰ ਨੂੰ ਪਹਿਲਾਂ ਸੜਕ ਦੀ ਚੰਗੀ ਤਰ੍ਹਾਂ ਸਫਾਈ ਕਰਨ ਲਈ ਕਿਹਾ ਗਿਆ ਹੈ ਅਤੇ ਹੁਣ ਇਹ ਕੰਮ ਦੁਬਾਰਾ ਆਰੰਭ ਹੋਇਆ ਹੈ। ਇਸ ਮੌਕੇ ਬੀਬੀ ਕੁਲਦੀਪ ਕੌਰ ਕੰਗ ਅਤੇ ਐਚ ਐਮ ਕਵਾਟਰ ਐਸੋਸੀਏਸ਼ਨ ਫੇਜ਼ 4 ਦੇ ਚੇਅਰਮੈਨ ਸz ਐਨ ਐਸ ਕਲਸੀ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਕੰਮ ਦੀ ਲਗਾਤਾਰ ਨਿਗਰਾਨੀ ਰੱਖਣ ਅਤੇ ਸੜਕ ਦਾ ਕੰਮ ਪੂਰੇ ਤਿਆਨ ਨਾਲ ਕਰਵਾਇਆ ਜਾਵੇ।

Continue Reading

Mohali

ਫੇਜ਼ 10 ਵਿਚਲੇ ਆਰ. ਐਮ. ਸੀ. ਕੇਂਦਰ ਦੇ ਖੇਤਰ ਵਿੱਚ ਕੂੜੇ ਦੇ ਢੇਰ ਅਤੇ ਟੁੱਟੀਆਂ ਸੜਕਾਂ ਕਾਰਨ ਵਸਨੀਕ ਪਰੇਸ਼ਾਨ : ਸੰਜੀਵ ਵਸ਼ਿਸ਼ਟ

Published

on

By

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ ਦੇ ਫੇਜ਼ 10 ਸਥਿਤ ਆਰ.ਐਮ.ਸੀ. ਕੇਂਦਰ ਦੇ ਬਾਹਰਵਾਰ ਖਾਸ ਤੌਰ ਤੇ ਮਾਨਵ ਮੰਗਲ ਸਕੂਲ ਨੇੜਲੀਆਂ ਸੜਕਾਂ ਤੇ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਲਾਕਾ ਨਿਵਾਸੀ ਸਫਾਈ ਦੀ ਮਾੜੀ ਹਾਲਤ ਅਤੇ ਪੂਰੇ ਖੇਤਰ ਵਿੱਚ ਫੈਲੀ ਗੰਦਗੀ ਕਾਰਨ ਬਹੁਤ ਪਰੇਸ਼ਾਨ ਹਨ।

ਉਨ੍ਹਾਂ ਕਿਹਾ ਕਿ ਸਥਾਨਕ ਵਸਨੀਕਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੇ ਕਈ ਵਾਰ ਸਬੰਧਤ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਇਆ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਵਾਲਾ ਕੋਈ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਸਥਿਤੀ ਹੋਰ ਵੀ ਚਿੰਤਾਜਨਕ ਹੈ ਕਿਉਂਕਿ ਇੱਥੇ ਮਾਨਵ ਮੰਗਲ ਸਕੂਲ ਮੌਜੂਦ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਬੱਚੇ ਆਉਂਦੇ-ਜਾਂਦੇ ਹਨ। ਇੱਥੇ ਫੈਲੀ ਗੰਦਗੀ ਅਤੇ ਸਫਾਈ ਦੀ ਮਾੜੀ ਹਾਲਤ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਥਾਨਕ ਵਸਨੀਕਾਂ ਦੀ ਸਿਹਤ ਲਈ ਖਤਰਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੁਹਾਲੀ ਨੂੰ ਸਾਫ਼ ਸੁਥਰਾ ਅਤੇ ਸੁਚੱਜੇ ਢੰਗ ਨਾਲ ਵਿਕਸਤ ‘ਸਿਟੀ ਬਿਊਟੀਫੁੱਲ’ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਫੇਜ਼ 10 ਵਰਗੇ ਪ੍ਰਮੁੱਖ ਇਲਾਕੇ ਵਿੱਚ ਸੜਕਾਂ ਤੇ ਕੂੜੇ ਦੇ ਢੇਰ ਅਤੇ ਗੰਦਗੀ ਦਾ ਹੋਣਾ ਪ੍ਰਸ਼ਾਸਨ ਦੇ ਕੰਮਕਾਜ ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਸਥਾਨਕ ਵਿਧਾਇਕ ਅਤੇ ਨਗਰ ਨਿਗਮ ਦੇ ਮੇਅਰ ਨੂੰ ਸਵਾਲ ਕਰਦਿਆਂ ਵਸ਼ਿਸ਼ਟ ਨੇ ਕਿਹਾ ਕਿ ਫੇਜ਼ 10 ਦੇ ਵਸਨੀਕ ਅਜਿਹੀ ਮਾੜੀ ਹਾਲਤ ਵਿੱਚ ਰਹਿਣ ਲਈ ਕਿਉਂ ਮਜਬੂਰ ਹਨ? ਕੀ ਚੁਣੇ ਹੋਏ ਨੁਮਾਇੰਦਿਆਂ ਦੀ ਆਪਣੇ ਹਲਕੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਹੈ? ਜੇਕਰ ਨਾਗਰਿਕਾਂ ਨੂੰ ਬੁਨਿਆਦੀ ਸਫਾਈ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਤਾਂ ਸ਼ਹਿਰ ਦੇ ਵਿਕਾਸ ਦੇ ਦਾਅਵਿਆਂ ਦਾ ਕੀ ਮਤਲਬ ਰਹਿ ਜਾਂਦਾ ਹੈ?

ਉਨ੍ਹਾਂ ਮੰਗ ਕੀਤੀ ਹੈ ਕਿ ਨਗਰ ਨਿਗਮ ਅਤੇ ਸਬੰਧਤ ਅਧਿਕਾਰੀ ਤੁਰੰਤ ਇਸ ਖੇਤਰ ਵਿੱਚ ਸਫਾਈ ਮੁਹਿੰਮ ਸ਼ੁਰੂ ਕਰਨ, ਕੂੜੇ ਨੂੰ ਨਿਯਮਤ ਤੌਰ ਤੇ ਕੂੜਾ ਚੁੱਕਣਾ ਯਕੀਨੀ ਬਣਾਉਣ ਅਤੇ ਇੱਥੇ ਪੱਕਾ ਸਫਾਈ ਪ੍ਰਬੰਧ ਕਾਇਮ ਕਰਨ, ਤਾਂ ਜੋ ਇਲਾਕਾ ਵਾਸੀਆਂ ਅਤੇ ਸਕੂਲੀ ਬੱਚਿਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮਿਲ ਸਕੇ।

Continue Reading

Mohali

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Published

on

By

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾਂ ਵਿਖੇ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜੋਤੀ ਜੋਤ ਪੁਰਬ ਦੇ ਸਬੰਧ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਪ੍ਰਿਤਪਾਲ ਸਿੰਘ ਮਲੇਰਕੋਟਲੇ ਵਾਲਿਆ ਦੇ ਢਾਡੀ ਜੱਥੇ ਨੇ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ 1708 ਈ ਵਿੱਚ ਜੋਤੀ ਜੋਤ ਸਮਾਉਣ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸਰਵਣ ਕਰਵਾਇਆ। ਭਾਈ ਗੁਰਸੇਵਕ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪਰਵਚਨਾਂ ਰਾਹੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਜੀ ਦੁਆਰਾ ਖਾਲਸਾ ਪੰਥ ਸਿਰਜਨਾ ਕਰਨੀ, ਦੇਸ਼, ਕੋਮ ਅਤੇ ਧਰਮ ਦੇ ਖਾਤਰ ਸਰਬੰਸ ਕੁਰਬਾਨ ਕਰਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।

ਇਸ ਤੋਂ ਇਲਾਵਾ ਭਾਈ ਸ਼ਮਸ਼ੇਰ ਸਿੰਘ ਗੁਰਦੁਆਰਾ ਨਾਢਾ ਸਾਹਿਬ, ਭਾਈ ਮਨਜੀਤ ਸਿੰਘ ਪਟਿਆਲਾ, ਬਾਬਾ ਦੀਪ ਸਿੰਘ ਕਵੀਸ਼ਰੀ ਜੱਥਾ, ਹਰਜੱਸ ਕੀਰਤਨੀ ਜੱਥਾ, ਭਾਈ ਅਮਨਪ੍ਰੀਤ ਸਿੰਘ, ਮਾਤਾ ਸੁੰਦਰ ਕੌਰ ਜੀ ਸਰਬ ਸੇਵਾ ਸੋਸਾਇਟੀ, ਭਗੜਾਨੇ ਵਾਲਿਆਂ ਦਾ ਕਵੀਸ਼ਰੀ ਜੱਥਾ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਗੁਰਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਗੁਰਨਾਮ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿਜਸ ਸੁਨਾ ਕੇ ਨਿਹਾਲ ਕੀਤਾ। ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਆਈਨਾ ਕੀਤਾ ਗਿਆ ਅਤੇ ਦਵਾਈ ਗੁ: ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਸੰਗਤਾਂ ਨੇ ਇਸ ਅਸਥਾਨ ਦੇ ਪਵਿਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Continue Reading

Latest News

Trending