Mohali
ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ ਨਮਿੱਤ ਪਿੰਡ ਨਗਾਰੀ ਵਿਖੇ ਸ਼ਰਧਾਜਲੀ ਸਮਾਗਮ
ਖਰੜ, 16 ਨਵੰਬਰ (ਸ.ਬ.) ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ ਨਮਿੱਤ ਪਿੰਡ ਨਗਾਰੀ ਵਿਖੇ ਸ਼ਰਧਾਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਜੁੜੇ ਤਰਕਸ਼ੀਲ ਆਗੂਆਂ, ਸz. ਨਗਾਰੀ ਦੇ ਨਜਦੀਕੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰ ਮੈਬਰਾਂ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਕਿਹਾ ਕਿ ਜਨਮ ਲੈਣਾ, ਵੱਡੇ ਹੋਣਾ, ਸੰਤਾਨ ਪੈਦਾ ਕਰਨਾ ਅਤੇ ਆਖਿਰ ਵਿੱਚ ਮੌਤ ਹੋ ਜਾਣੀ ਕੇਵਲ ਏਹੀ ਜ਼ਿੰਦਗ਼ੀ ਨਹੀ , ਜ਼ਿੰਦਗ਼ੀ ਦੇ ਮਾਅਨੇ ਤਾਂ ਸਗੋਂ ਉਹ ਹਨ ਜਿਸ ਦੌਰਾਨ ਇਨਸਾਨ ਵੱਲੋਂ ਅਜਿਹੇ ਕੰਮ ਕਰ ਜਾਣੇ ਕਿ ਉਹ ਲੋਕਾਂ ਲਈ ਮਿਸਾਲ ਅਤੇ ਰਾਹ ਦਸੇਰੇ ਬਣ ਜਾਣ। ਉਹਨਾਂ ਕਿਹਾ ਕਿ ਸ਼੍ਰੀ ਨਗਾਰੀ ਅਜਿਹੀ ਹੀ ਜ਼ਿੰਦਗ਼ੀ ਜੀਣ ਵਾਲੀ ਸ਼ਖਸ਼ੀਅਤ ਸਨ ਅਤੇ ਉਹਨਾਂ ਦੀ ਬੇਵਖ਼ਤੀ ਮੌਤ ਕੁਦਰਤੀ ਨਹੀਂ ਸੀ ਸਗੋਂ ਇਸ ਦਾ ਜਿੰਮੇਵਾਰ ਮੌਜੂਦਾ ਬੇ-ਲਗਾਮ ਹੋਇਆ ਪ੍ਰਬੰਧ ਹੈ । ਪਰਿਵਾਰ ਨਾਲ਼ ਹਮਦਰਦੀ ਜ਼ਾਹਰ ਕਰਦਿਆਂ ਉਹਨਾਂ ਕਿਹਾ ਕਿ ਕੁਲਵਿੰਦਰ ਨਗਾਰੀ ਦਾ ਤੁਰ ਜਾਣਾ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ।
ਇਸ ਮੌਕੇ ਚੰਡੀਗੜ੍ਹ ਜੋਨ ਦੇ ਆਗੂ ਪ੍ਰਿੰ ਗੁਰਮੀਤ ਖਰੜ ਨੇ ਸ਼੍ਰੀ ਨਗਾਰੀ ਸਬੰਧੀ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਰੀਬ 20 ਕੁ ਸਾਲ ਪਹਿਲਾਂ ਉਹ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣੇ ਸਨ ਅਤੇ ਜਗਿਆਸੂ ਹੋਣ ਕਰਕੇ ਉਹਨਾਂ ਨੂੰ ਸਾਹਿਤ ਪੜ੍ਹਨ ਦੀ ਐਸੀ ਚੇਟਕ ਲਗੀ ਕਿ ਉਹ ਦੁਰਲਭ ਪੁਸਤਕਾਂ ਲੱਭਣ ਤੱਕ ਪੂਰੀ ਵਾਹ ਲਾ ਦਿੰਦੇ ਸੀ।
ਪ੍ਰਿੰ.ਹਰਿੰਦਰ ਕੌਰ ਨੇ ਸ਼੍ਰੀ ਨਗਾਰੀ ਵੱਲੋਂ ਸਕੂਲੀ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਲਈ ਪਾਏ ਜਾਂਦੇ ਯੋਗਦਾਨ ਬਾਰੇ ਦੱਸਿਆ। ਉਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਨਗਾਰੀ ਨੂੰ ਸਾਹਿਤ ਪ੍ਰੇਮੀ ਅਤੇ ਸਮਾਜ ਦਾ ਹੀਰਾ ਕਹਿੰਦਿਆਂ ਸ਼ਰਧਾਂਜਲੀ ਭੇਂਟ ਕੀਤੀ । ਇਸੇ ਦੌਰਾਨ ਸੀ ਪੀ ਆਈ ਤੋਂ ਬਲਵੀਰ ਸਿੰਘ ਮਸਾਫ਼ਰ, ਕੁਲਵਿੰਦਰ ਕੁੱਲੇਵਾਲ, ਅਜੀਤ ਪ੍ਰਦੇਸੀ, ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ ਦੇ ਪ੍ਰਧਾਨ ਹਰਨਾਮ ਡੱਲਾ ਜੀ ਤੋਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਸ਼ਰਧਾਂਜਲੀ ਭੇਂਟ ਕੀਤੀ ।
ਇਸ ਮੌਕੇ ਰਿਸ਼ਤੇਦਾਰਾਂ ਦੋਸਤਾਂ ਮਿਤਰਾਂ ਤੋਂ ਇਲਾਵਾ ਤਰਕਸੀਲ ਸੁਸਾਇਟੀ ਪੰਜਾਬ ਤੋਂ ਸੁਮੀਤ ਸਿੰਘ, ਜੋਗਾ ਸਿੰਘ, ਸੁਜਾਨ ਬਡਾਲਾ, ਅਸੋਕ ਕੁਮਾਰ, ਸ਼ੈਲਿੰਦਰ ਸੁਹਾਵੀ, ਬਲਦੇਵ ਜਲਾਲ, ਭੁਪਿੰਦਰ ਮਦਨਹੇੜੀ, ਬਿਕਰਮਜੀਤ ਸੋਨੀ, ਜਸਵੰਤ ਮੁਹਾਲੀ, ਜਰਨੈਲ ਸਹੌੜਾਂ ਅਤੇ ਕਰਮਜੀਤ ਸਕਰੁੱਲਾਂਪੁਰੀ ਸਮੇਤ ਹੋਰ ਵੀ ਬਹੁਤ ਸਾਰੇ ਤਰਕਸ਼ੀਲ ਆਗੂ ਹਾਜ਼ਰ ਸਨ।
Mohali
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਰੀ ਹੰਗਾਮਾ, ਕਾਬਿਜ ਅਤੇ ਵਿਰੋਧੀ ਧਿਰ ਦੇ ਕੌਂਸਲਰ ਹੋਏ ਆਹਮੋ ਸਾਮ੍ਹਣੇ, ਵਿਰੋਧੀ ਧਿਰ ਨੇ ਮੇਅਰ ਨੂੰ ਦਿੱਤਾ ਲਾਹਨਤੀ ਪੱਤਰ
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਕੌਂਸਲਰਾਂ ਵਲੋਂ ਵਿਕਾਸ ਕਾਰਜਾਂ ਵਿੱਚ ਪੱਖਪਾਤ ਦੇ ਦੋਸ਼, ਚੁਣੇ ਹੋਏ ਕੌਂਸਲਰਾਂ ਦੀ ਅਣਦੇਖੀ ਕਰਕੇ ‘ਆਪ’ ਦੇ ਹਾਰੇ ਹੋਏ ਉਮੀਦਵਾਰਾਂ ਨੂੰ ਮੋਹਰੀ ਕਰਨ ਦੇ ਦੋਸ਼ ਲਗਾਏ
ਕਾਬਿਜ ਧਿਰ ਵਲੋਂ ਸਾਰੇ ਮਤੇ ਪਾਸ, ਵਿਰੋਧੀ ਧਿਰ ਤੇ ਲੋਕਾਂ ਨੁੰ ਗੁੰਮਰਾਹ ਕਰਨ ਦਾ ਇਲਜਾਮ ਲਗਾਇਆ
ਐਸ ਏ ਐਸ ਨਗਰ, 17 ਨਵੰਬਰ (ਸ.ਬ.) ਨਗਰ ਨਿਗਮ ਦੀ ਅੱਜ ਹੋਈ ਹਾਊਸ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਗਰ ਨਿਗਮ ਤੇ ਪੱਖਪਾਤੀ ਰਵਈਆ ਅਪਣਾਉਣ ਅਤੇ ਵਿਕਾਸ ਕਾਰਜਾਂ ਦੌਰਾਨ ਚੁਣੇ ਹੋਏ ਕੌਂਸਲਰਾਂ ਦੀ ਅਣਦੇਖੀ ਕਰਕੇ ‘ਆਪ’ ਦੇ ਹਾਰੇ ਹੋਏ ਉਮੀਦਵਾਰਾਂ ਨੂੰ ਮੋਹਰੀ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਕਾਬਜ ਅਤੇ ਵਿਰੋਧੀ ਧਿਰ ਦੇ ਵਿਚਕਾਰ ਜਬਰਦਸਤ ਹੰਗਾਮਾ ਹੋਇਆ ਅਤੇ ਦੋਵਾਂ ਧਿਰਾਂ ਵਲੋਂ ਕਾਫੀ ਦੇਰ ਤਕ ਨਾਹਰੇਬਾਜੀ ਕੀਤੀ ਜਾਂਦੀ ਰਹੀ। ਬਾਅਦ ਵਿੱਚ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਸਮੇਤ ਕਾਬਜ ਧਿਰ ਦੇ ਮੈਂਬਰ ਸਾਰੇ ਮਤੇ ਪਾਸ ਕਰਨ ਦੀ ਗੱਲ ਕਹਿੰਦਿਆਂ ਮੀਟਿੰਗ ਹਾਲ ਤੋਂ ਚਲੇ ਗਏ ਜਦੋਂਕਿ ਵਿਰੋਧੀ ਧਿਰ ਵਲੋਂ ਕਾਬਜ ਧਿਰ ਤੇ ਮੀਟਿੰਗ ਛੱਡ ਕੇ ਭੱਜਣ ਦਾ ਇਲਜਾਮ ਲਗਾਉਂਦਿਆਂ ਹਲਕਾ ਵਿਧਾਇਕ ਅਤੇ ਮੇਅਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ।
ਅੱਜ ਜਿਵੇਂ ਹੀ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਅਗਵਾਈ ਹੇਠ ਮੀਟਿੰਗ ਆਰੰਭ ਹੋਈ ਤਾਂ ਕਾਂਗਰਸ ਧਿਰ ਦੇ ਆਗੂ ਐਡਵੋਕੇਟ ਨਰਪਿੰਦਰ ਸਿੰਘ ਰੰਗੀ ਵਲੋਂ ਪਹਿਲਾਂ ਕੌਂਸਲਰਾਂ ਨੂੰ ਆਪਣੀ ਗੱਲ ਰੱਖਣ ਲਈ ਸਮਾਂ ਦੇਣ ਦੀ ਗੱਲ ਕੀਤੀ ਗਈ। ਇਸਤੇ ਹਲਕਾ ਵਿਧਾਇਕ ਨੇ ਕਿਹਾ ਕਿ ਪਹਿਲਾਂ ਸ਼ੋਕ ਮਤੇ ਪੜ੍ਹ ਲਏ ਜਾਣ ਅਤੇ ਉਸਤੋਂ ਬਾਅਦ ਮੀਟਿੰਗ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਪਹਿਲਾਂ ਵਾਲਾ ਨਿਗਮ ਨਹੀਂ ਹੈ ਅਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਆਪਣੀ ਗੱਲ ਕਹਿਣਾ ਦਾ ਮੌਕਾ ਦਿੱਤਾ ਜਾਵੇਗਾ।
ਇਸ ਮੌਕੇ ਸ਼ੋਕ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਜਦੋਂ ਮੇਅਰ ਵਲੋਂ ਏਜੰਡਾ ਪੜ੍ਹਣ ਲਈ ਕਿਹਾ ਗਿਆ ਤਾਂ ਵਿਰੋਧੀ ਧਿਰ ਦੇ ਮੈਂਬਰ ਖੜ੍ਹੇ ਹੋ ਗਏ। ਇਸ ਮੌਕੇ ਕਾਂਗਰਸੀ ਕੌਂਸਲਰ ਨਰਪਿੰਦਰ ਸਿੰਘ ਰੰਗੀ ਅਤੇ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਅਤੇ ਕਾਂਗਰਸੀ ਕੌਂਸਲਰ ਅਨੁਰਾਧਾ ਆਨੰਦ ਮੇਅਰ ਦੀ ਟੇਬਲ ਦੇ ਸਾਮ੍ਹਣੇ ਆ ਗਏ ਅਤੇ ਮੇਅਰ ਤੇ ਪੱਖਪਾਤ ਦੇ ਇਲਜਾਮ ਲਗਾਉਣੇ ਆਰੰਭ ਕਰ ਦਿੱਤੇ ਗਏ। ਇਸਦੇ ਨਾਲ ਹੀ ਵਿਰੋਧੀ ਧਿਰ ਵਲੋਂ ਪਹਿਲਾਂ ਤੋਂ ਤਿਆਰ ਕਰਕੇ ਲਿਆਂਦਾ ਗਿਆ ਲਾਹਨਤੀ ਪੱਤਰ ਦਾ ਬੈਨਰ ਮੇਅਰ ਦੀ ਟੇਬਲ ਦੇ ਸਾਮ੍ਹਣੇ ਲਿਆਂਦਾ ਗਿਆ। ਵਿਰਧੀ ਧਿਰ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਆਪ ਕੌਂਸਲਰ ਗੁਰਜੀਤ ਸਿੰਘ ਮਟੌਰ, ਗੁਰਮੀਤ ਕੌਰ, ਗੁਰਪ੍ਰੀਤ ਕੌਰ ਅਤੇ ਹਰਵਿੰਦਰ ਕੌਰ ਲੰਗ ਨੇ ਵੀ ਮੋਰਚਾ ਸੰਭਲਾ ਲਿਆ ਜਦੋਂਕਿ ਅਕਾਲੀ ਕੌਂਸਲਰਾਂ ਇੰਦਰਪ੍ਰੀਤ ਕੌਰ ਪ੍ਰਿੰਸ, ਹਰਵਿੰਦਰ ਸਿੰਘ ਅਤੇ ਸੁਖਬੀਰ ਸਿੰਘ ਤੋਂ ਇਲਾਵਾ ਕਾਂਗਰਸੀ ਕੌਂਸਲਰਾਂ ਕਮਲਪ੍ਰੀਤ ਸਿੰਘ ਬੰਨੀ, ਗੌਰਵ ਜੈਨ, ਰਾਜਰਾਨੀ ਜੈਨ, ਮਨਜੀਤ ਕੌਰ ਸਮੇਤ ਵਿਰੋਧੀ ਧਿਰ ਦੇ ਕੌਂਸਲਰ ਮੇਅਰ ਦੀ ਟੇਬਲ ਦੇ ਸ੍ਹਾਮਣੇ ਇਕੱਠੇ ਹੋ ਗਏ। ਇਸ ਦੌਰਾਨ ਵਿਰੋਧੀ ਕੌਂਸਲਰਾਂ ਨੂੰ ਬੈਨਰ ਲਹਿਰਾਉਣ ਤੋਂ ਰੋਕਣ ਲਈ ਗੁਰਮੀਤ ਕੌਰ ਅਤੇ ਕੁਲਦੀਪ ਕੌਰ ਕੰਗ ਵਿਚਾਲੇ ਧੱਕਾਮੁੱਕੀ ਦੀ ਨੌਬਤ ਵੀ ਆ ਗਈ ਅਤੇ ਫਿਰ ਦੋਵਾਂ ਧਿਰਾ ਵਲੋਂ ਮੇਅਰ ਦੇ ਹੱਕ ਵਿੱਚ ਨਾਹਰੇਬਾਜੀ ਆਰੰਭ ਕਰ ਦਿੱਤੀ ਗਈ ਅਤੇ ਮੀਟਿੰਗ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਦੌਰਾਨ ਵਿਰੋਧ ਅਤੇ ਹੰਗਾਮੇ ਦੇ ਬਾਵਜੂਦ ਮੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਨੇ ਮੀਟਿੰਗ ਦੀ ਕਾਰਵਾਈ ਅੱਗੇ ਵਧਾਉਂਦਿਆਂ ਸਾਰੇ ਏਜੰਡੇ ਪਾਸ ਕਰਵਾ ਦਿੱਤੇ ਗਏ ਅਤੇ ਮੀਟਿੰਗ ਖਤਮ ਕਰ ਦਿੱਤੀ ਗਈ।
ਇਸ ਮੌਕੇ ਵਿਰੋਧੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਨੁਮਾਇੰਦਿਆਂ ਦੀਆਂ ਵਿਕਾਸ ਕਾਰਜਾਂ ਸਬੰਧੀ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਹਾਰ ਚੁੱਕੇ ਉਮੀਦਵਾਰਾਂ ਦੀਆਂ ਸਿਫ਼ਾਰਸ਼ਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਵਾਰਡ ਨੰਬਰ 18 ਦੇ ਕਾਂਗਰਸੀ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਕਿਹਾ ਕਿ ਵਾਰਡਾਂ ਵਿੱਚ ਵਿਕਾਸ ਕਾਰਜ ਚੁਣੇ ਹੋਏ ਕੌਂਸਲਰਾਂ ਦੀ ਰਾਇ, ਤਰਜੀਹਾਂ ਅਤੇ ਇਲਾਕੇ ਦੀਆਂ ਲੋੜਾਂ ਅਨੁਸਾਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਸਦਨ ਵਿੱਚ ਭੇਜਿਆ ਹੈ ਤਾਂ ਉਨ੍ਹਾਂ ਦੇ ਸੁਝਾਵਾਂ ਨੂੰ ਮਹੱਤਵ ਕਿਉਂ ਨਹੀਂ ਦਿੱਤਾ ਜਾ ਰਿਹਾ। ਵਿਰੋਧੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕਈ ਵਾਰਡਾਂ ਵਿੱਚ ਸੜਕਾਂ ਦੀ ਉਸਾਰੀ, ਸੀਵਰੇਜ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮ ਲੰਮੇ ਸਮੇਂ ਤੋਂ ਲਟਕ ਰਹੇ ਹਨ। ਫੰਡ, ਵਰਕ ਆਰਡਰ ਅਤੇ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਦੀਆਂ ਵਾਰ-ਵਾਰ ਮੰਗਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਵਿਰੋਧੀ ਕੌਂਸਲਰਾਂ ਨੇ ਨਿਗਮ ਅਧਿਕਾਰੀਆਂ ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਾਉਂਦਿਆਂ ਸਾਰੇ ਵਾਰਡਾਂ ਨਾਲ ਬਰਾਬਰ ਦਾ ਵਿਹਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਕਿਸੇ ਸਿਆਸੀ ਪਾਰਟੀ ਨੂੰ ਦੇਖ ਕੇ ਨਹੀਂ, ਸਗੋਂ ਲੋਕਾਂ ਦੀਆਂ ਲੋੜਾਂ ਦੇ ਆਧਾਰ ਤੇ ਹੋਣੇ ਚਾਹੀਦੇ ਹਨ।
ਇਸ ਮੌਕੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਕੌਂਸਲਰਾਂ ਕੋਲ ਮੁਹਾਲੀ ਦੇ ਮੁੱਦਿਆਂ ਬਾਰੇ ਕੋਈ ਰੋਡ ਮੈਪ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਹਾਊਸ ਨੂੰ ਜਾਣਕਾਰੀ ਦੇਣ ਦੇ ਲਈ ਏਜੰਡਾ ਲਿਆਂਦਾ ਗਿਆ ਸੀ ਅਤੇ ਲਗਭਗ 94 ਕਰੋੜ ਰੁਪਏ ਦੇ ਕੰਮਾਂ ਬਾਰੇ ਕੌਂਸਲਰਾਂ ਨਾਲ ਹਾਊਸ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ, ਪ੍ਰੰਤੂ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਕੋਲ ਲੋਕਾਂ ਦੀਆਂ ਮੰਗਾਂ ਅਤੇ ਮੁੱਦਿਆਂ ਦੇ ਬਾਰੇ ਵਿੱਚ ਗੱਲ ਕਰਨ ਦੀ ਥਾਂ ਤੇ ਸਿਰਫ ਨਿਜੀ ਮੁੱਦਿਆਂ ਨੂੰ ਮੁੱਦਿਆਂ ਨੂੰ ਹੀ ਉਛਾਲਦੇ ਰਹੇ।
ਉਹਨਾਂ ਕਿਹਾ ਕਿ ਬੇਸ਼ੱਕ ਲੋਕਤੰਤਰ ਦੇ ਵਿੱਚ ਅਸੀਂ ਆਮ ਹੀ ਵੇਖਦੇ ਹਾਂ ਕਿ ਨਗਰ ਨਿਗਮ ਹਾਊਸ ਦੀ ਮੀਟਿੰਗ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ- ਵਿਰੋਧੀ ਧਿਰ ਵੱਲੋਂ ਆਪਣੀ ਹੋਂਦ ਦੇ ਪ੍ਰਗਟਾਵੇ ਦੇ ਲਈ ਅਜਿਹਾ ਰੌਲਾ ਜਰੂਰ ਪਾਇਆ ਜਾਂਦਾ ਹੈ। ਪ੍ਰੰਤੂ ਅੱਜ ਹਾਊਸ ਏਜੰਡੇ ਦੇ ਵਿੱਚ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਕੀਤੀ ਜਾਣੀ ਸੀ, ਪ੍ਰੰਤੂ ਵਿਰੋਧੀ ਕੌਂਸਲਰਾਂ ਦੇ ਕੋਲ ਅਜਿਹਾ ਸੁਣਨ ਦੇ ਲਈ ਸਮਾਂ ਹੀ ਨਹੀਂ ਸੀ। ਉਹਨਾਂ ਕਿਹਾ ਕਿ ਜਿੱਥੇ -ਜਿੱਥੇ ਵੀ ਮੁਹਾਲੀ ਸ਼ਹਿਰ ਦੇ ਵਿੱਚ ਨਖਿਧ ਅਤੇ ਲੋਕਾਂ ਦੇ ਕੰਮਾਂ ਨੂੰ ਲੈ ਕੇ ਲਾਪਰਵਾਹ ਕੌਂਸਲਰ ਹਨ, ਉੱਥੇ ਆਮ ਤੌਰ ਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸਰਗਰਮ ਰਹਿੰਦੀਆਂ ਹਨ ਅਤੇ ਸਾਨੂੰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਮਿਲ ਕੇ ਆਪਣੇ ਵਾਰਡ ਦੇ ਵਿੱਚ ਕਿਸੇ ਕੰਮ ਲਈ ਕਹਿੰਦਾ ਹੈ, ਤਾਂ ਉਸਦਾ ਕੰਮ ਜਰੂਰ ਕੀਤਾ ਜਾਂਦਾ ਹੈ, ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਕਈ ਵਿਰੋਧੀ ਕੌਂਸਲਰਾਂ ਨੂੰ ਕੰਮ ਦੀ ਸਮਝ ਨਹੀਂ ਹੁੰਦੀ ਅਤੇ ਉਹ ਸਿਰਫ ਰੌਲਾ ਪਾਉਣ ਦੇ ਲਈ ਅਜਿਹੀਆਂ ਮੀਟਿੰਗਾਂ ਦੀ ਹੀ ਉਡੀਕ ਵਿੱਚ ਰਹਿੰਦੇ ਹਨ ਕਿ ਕਦੋਂ ਮੀਟਿੰਗ ਆਵੇ ਅਤੇ ਕਦੇ ਉਹ ਬਹਾਨੇਬਾਜੀ ਲਗਾ ਕੇ ਰੌਲਾ ਪਾਉਣ।
ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਨਿਗਮ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਜੁੜੇ ਕਈ ਅਹਿਮ ਮਤੇ ਪੇਸ਼ ਕੀਤੇ ਗਏ ਸਨ ਅਤੇ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਾ ਹੋਣ ਤੇ ਵਿਰੋਧੀ ਧਿਰ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਨਾ ਵਜ੍ਹਾ ਹੰਗਾਮਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਸਮਗੌਲੀ ਵਿਖੇ ਕੂੜਾ ਪ੍ਰੋਸੈਸਿੰਗ ਅਤੇ ਸਫ਼ਾਈ ਪ੍ਰਬੰਧਨ ਲਈ 23.10 ਕਰੋੜ ਰੁਪਏ, ਸ਼ਹਿਰ ਦੀਆਂ ਮੁੱਖ ਸੜਕਾਂ ਦੀ ਪੰਜ ਸਾਲਾਂ ਲਈ ਮਕੈਨੀਕਲ ਸਫ਼ਾਈ ਵਾਸਤੇ 33.92 ਕਰੋੜ ਰੁਪਏ, ਏਅਰੋਟ੍ਰੋਪੋਲਿਸ ਅਤੇ ਹੋਰ ਥਾਵਾਂ ਤੇ ਕੂੜਾ ਇਕੱਠਾ ਕਰਨ ਤੇ ਵੱਖ ਕਰਨ ਲਈ ਚਾਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ, ਨਵੇਂ ਸ਼ਾਮਲ ਹੋਏ ਪਿੰਡਾਂ ਵਿੱਚ ਸਫ਼ਾਈ ਲਈ 4.24 ਕਰੋੜ ਰੁਪਏ ਖਰਚਣ, ਬਲੌਂਗੀ ਦੀਆਂ ਸੀਵਰੇਜ, ਵਾਟਰ ਸਪਲਾਈ ਅਤੇ ਸਟਾਰਮ ਵਾਟਰ ਸੇਵਾਵਾਂ ਨਗਰ ਨਿਗਮ ਵੱਲੋਂ ਸੰਭਾਲਣ, ਏਅਰਪੋਰਟ ਰੋਡ ਤੋਂ ਸੈਕਟਰ-91 ਤੱਕ ਸੜਕ ਚੌੜੀ ਕਰਨ ਲਈ 3.20 ਕਰੋੜ ਰੁਪਏ, ਸਮਗੌਲੀ ਡੰਪਿੰਗ ਗਰਾਊਂਡ ਤੱਕ ਪਹੁੰਚ ਸੜਕ ਬਣਾਉਣ ਲਈ 2.23 ਕਰੋੜ ਰੁਪਏ, ਫੇਜ਼ 6 ਤੋਂ ਪੁਰਾਣੇ ਬੈਰੀਅਰ ਚੌਕ ਤੱਕ ਸਟਾਰਮ ਵਾਟਰ ਲਾਈਨ ਵਿਛਾਉਣ ਲਈ 1.96 ਕਰੋੜ ਰੁਪਏ, ਵੱਖ-ਵੱਖ ਸੈਕਟਰਾਂ ਅਤੇ ਫੇਜ਼ਾਂ ਦੇ ਪਾਰਕਾਂ ਦੀ ਸਾਲਾਨਾ ਸਾਂਭ-ਸੰਭਾਲ ਦੇ ਬਜਟ ਵਿੱਚ 25 ਫ਼ੀਸਦੀ ਵਾਧੇ ਨੂੰ ਪ੍ਰਵਾਨਗੀ ਦੇਣ, ਮੁਹਾਲੀ ਕਲੱਸਟਰ ਵਿੱਚ ਸਿਟੀ ਬੱਸ ਸੇਵਾ ਲਈ ਫੰਡਿੰਗ ਹਿੱਸੇਦਾਰੀ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇਣ, ਸੈਕਟਰ-62 ਵਿੱਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਨੇੜਲੇ ਚੌਕ ਦਾ ਨਾਮ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਨਾਮ ਤੇ ਰੱਖਣ, ਐਸ ਐਸ ਪੀ ਰਿਹਾਇਸ਼ ਨੇੜਲੇ ਪਾਰਕ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਬੁੱਤ ਲਗਾਉਣ, ਗਊਸ਼ਾਲਾ ਵਿੱਚ ਗਊਆਂ ਦੀ ਸਾਂਭ-ਸੰਭਾਲ ਲਈ ਰੋਜ਼ਾਨਾ ਪ੍ਰਤੀ ਗਊ ਰਕਮ 50 ਰੁਪਏ ਤੋਂ ਵਧਾ ਕੇ 61 ਰੁਪਏ ਕਰਨ ਅਤੇ ਸੜਕਾਂ ਦੀ ਕਾਰਪੇਟਿੰਗ ਅਤੇ ਠੋਸ ਕੂੜਾ ਪ੍ਰਬੰਧਨ ਨਾਲ ਸਬੰਧਤ ਹੋਰ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
Mohali
ਮੁਹਾਲੀ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ : ਪਰਵਿੰਦਰ ਸਿੰਘ ਸੋਹਾਣਾ
ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ, ਸਰਕਾਰ ਬਣਨ ਤੇ ਆਊਟਸੋਰਸ ਮੁਲਾਜ਼ਮਾਂ ਅਤੇ ਜਾਇਦਾਦ ਦੀ ਵੀ ਜਾਂਚ ਕਰਵਾਉਣ ਦੀ ਚਿਤਾਵਨੀ
ਐਸ ਏ ਐਸ ਨਗਰ, 17 ਨਵੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇਲਜਾਮ ਲਗਾਇਆ ਹੈ ਕਿ ਮੁਹਾਲੀ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਨਗਰ ਨਿਗਮ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਖ਼ਾਸ ਤੌਰ ਤੇ ਤਹਿਬਾਜ਼ਾਰੀ ਵਿਭਾਗ ਵਿੱਚ ਕਥਿਤ ਬੇਨਿਯਮੀਆਂ, ਭ੍ਰਿਸ਼ਟਾਚਾਰ ਅਤੇ ਰੇਹੜੀਆਂ-ਫੜ੍ਹੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ।
ਉਹਨਾਂ ਇਲਜਾਮ ਲਗਾਇਆ ਕਿ ਤਹਿਬਾਜ਼ਾਰੀ ਵਿਭਾਗ ਵੱਲੋਂ ਕਾਰਵਾਈ ਦੌਰਾਨ ਲੋਕਾਂ ਦਾ ਸਾਮਾਨ ਚੁੱਕਣ ਸਮੇਂ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਜਾਣ ਵਾਲੇ ਸਾਮਾਨ ਦਾ ਕੋਈ ਢੁੱਕਵਾਂ ਰਿਕਾਰਡ ਨਹੀਂ ਰੱਖਿਆ ਜਾਂਦਾ ਅਤੇ ਸ਼ਹਿਰ ਵਿੱਚ ਰੇਹੜੀਆਂ-ਫੜ੍ਹੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਤੋਂ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਹੁੰਦੇ ਹਨ।
ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਗਮ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਬਣਾਈ ਗਈ ਜਾਇਦਾਦ ਦੀ ਜਾਂਚ ਅਤੇ ਵਿਭਾਗ ਵਿੱਚ ਤਾਇਨਾਤ ਸਾਰੇ ਆਊਟਸੋਰਸ ਮੁਲਾਜ਼ਮਾਂ ਦੇ ਕੰਮਕਾਜ ਅਤੇ ਨਿਯੁਕਤੀਆਂ ਦੀ ਵੀ ਜਾਂਚ ਕਰਵਾਉਣ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਬੁਨਿਆਦੀ ਢਾਂਚੇ ਦੀ ਹਾਲਤ ਮਾੜੀ ਹੈ। ਸ਼ਹਿਰ ਵਿੱਚ ਸੜਕਾਂ, ਸੀਵਰੇਜ, ਪਾਰਕਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਨੂੰ ਨੁਕਸਾਨ ਪਹੁੰਚਿਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਵਿਧਾਇਕ ਅਤੇ ਮੇਅਰ ਹੋਣ ਦੇ ਬਾਵਜੂਦ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਰਹੇ ਹਨ।
ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਨਾ ਹੋਣ ਸਬੰਧੀ ਪਹਿਲਾਂ ਲੁੱਕ ਦੇ ਪਲਾਂਟ ਬੰਦ ਹੋਣ ਦਾ ਬਹਾਨਾ ਬਣਾਇਆ ਜਾਂਦਾ ਰਿਹਾ, ਜਦਕਿ ਹੁਣ ਸਰਦੀ ਦਾ ਮੌਸਮ ਆਉਣ ਤੇ ਪ੍ਰੀਮਿਕਸ ਨਾ ਪੈਣ ਦੀ ਗੱਲ ਕਹਿ ਕੇ ਲੋਕਾਂ ਨੂੰ ਹੋਰ ਇੰਤਜ਼ਾਰ ਕਰਵਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੀ ਵਿੱਤੀ ਹਾਲਤ ਇੰਨੀ ਮਾੜੀ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ ਅਤੇ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਦੇ ਪਿਛਲੇ ਪਾਸੇ ਵਾਲੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਫੇਜ਼-7 ਵਿੱਚ ਦੁਕਾਨਦਾਰਾਂ ਅਤੇ ਵਸਨੀਕਾਂ ਵੱਲੋਂ ਧਰਨਾ ਲਗਾਏ ਜਾਣ ਤੋਂ ਬਾਅਦ ਇੱਕ ਸੜਕ ਤਾਂ ਬਣਾਈ ਗਈ, ਪਰ ਅੱਗੇ ਉਸੇ ਸੜਕ ਦੀ ਹਾਲਤ ਮੁੜ ਖ਼ਸਤਾ ਹੋ ਚੁੱਕੀ ਹੈ।
ਫੇਜ਼ 7 ਵਿੱਚ ਐਨ ਆਰ ਆਈ ਥਾਣੇ ਦੇ ਬਿਲਕੁਲ ਨਾਲ ਤੋਂ ਲੈ ਕੇ ਚਾਵਲਾ ਲਾਈਟਾਂ ਤੱਕ ਦੀ ਸੜਕ ਦਾ ਮੁੱਦਾ ਉਠਾਉਂਦਿਆਂ ਉਹਨਾਂ ਕਿਹਾ ਕਿ ਪੂਰੀ ਸ਼ਾਪਿੰਗ ਸਟਰੀਟ ਖੱਡਿਆਂ ਨਾਲ ਭਰੀ ਪਈ ਹੈ ਅਤੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਬਣੀਆਂ ਸਾਰੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇਗੀ।
ਸ਼ਹਿਰ ਦੇ ਪਾਰਕਾਂ ਦੀ ਮਾੜੀ ਹਾਲਤ ਬਾਰੇ ਉਹਨਾਂ ਕਿਹਾ ਕਿ ਪਾਰਕਾਂ ਵਿੱਚ ਲਗਾਏ ਗਏ ਓਪਨ ਜਿੰਮਾਂ ਵਿੱਚੋਂ ਜ਼ਿਆਦਾਤਰ ਦੇ ਉਪਕਰਨ ਟੁੱਟ ਚੁੱਕੇ ਹਨ। ਕਈ ਪਾਰਕਾਂ ਵਿੱਚ ਬੱਚਿਆਂ ਦੇ ਝੂਲੇ ਵੀ ਖ਼ਰਾਬ ਹਾਲਤ ਵਿੱਚ ਹਨ, ਪਰ ਨਗਰ ਨਿਗਮ ਵੱਲੋਂ ਇਨ੍ਹਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਕਈ ਥਾਵਾਂ ਤੇ ਸੀਵਰੇਜ ਦੀਆਂ ਪੁਰਾਣੀਆਂ ਪਾਈਪਾਂ ਬਦਲਣ ਦੀ ਲੋੜ ਹੈ, ਪਰ ਇਸ ਪਾਸੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਾਕਾਫ਼ੀ ਹੈ, ਜਿਸ ਕਾਰਨ ਹਰ ਬਰਸਾਤ ਦੌਰਾਨ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਮੁਹਾਲੀ ਲਈ ਕੋਈ ਵੱਡਾ ਨਵਾਂ ਪ੍ਰੋਜੈਕਟ ਲਿਆਉਣ ਦੀ ਬਜਾਏ ਸ਼ਹਿਰ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਵੀ ਅਣਗੌਲਿਆ ਕੀਤਾ ਗਿਆ ਹੈ।
Mohali
30 ਨਵੰਬਰ ਤੋਂ ਸ਼ੁਰੂ ਹੋਵੇਗੀ ਐਸ. ਸੀ. ਸਿਖਿਆਰਥੀਆਂ ਲਈ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ
ਐਸ ਏ ਐਸ ਨਗਰ, 17 ਨਵੰਬਰ (ਸ.ਬ.) ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਲੋਂ ਐਸ.ਸੀ. ਬੇਰੁਜ਼ਗਾਰਾਂ ਨੂੰ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 30 ਨਵੰਬਰ 2026 ਤੋਂ ਡੇਅਰੀ ਸਿਖਲਾਈ ਕੇਂਦਰ, ਚਤਾਮਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਐਸ. ਏ. ਐਸ. ਨਗਰ ਸ੍ਰੀ ਹਰਵੰਤ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 55 ਸਾਲ ਦੇ ਦਰਮਿਆਨ ਹੋਵੇ, ਘੱਟੋ-ਘੱਟ ਪੰਜਵੀਂ ਪਾਸ ਹੋਵੇ ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਮੁਫ਼ਤ ਕਰਵਾਈ ਜਾ ਰਹੀ ਹੈ, ਜਿਸਦੀ ਕੋਈ ਵੀ ਫ਼ੀਸ ਨਹੀਂ ਹੈ। ਬਲਕਿ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ 3500 ਰੁਪਏ ਪ੍ਰਤੀ ਸਿਖਿਆਰਥੀ ਵਜ਼ੀਫ਼ਾ ਵੀ ਦਿੱਤਾ ਜਾਵੇਗਾ।
ਡੇਅਰੀ ਇੰਸਪੈਕਟਰ ਮਿਸ ਗੁਰਪ੍ਰੀਤ ਅਤੇ ਮਿਸ ਵਰਤਿਕਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈਂਦਿਆਂ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
