Editorial
ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ, ਪਰ ਗੁਰੂ ਦੀ ਕਿਉਂ ਨਹੀਂ ਮੰਨਦੇ?
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਭਲਕੇ ਸੰਸਾਰ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਮਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਜਨਮ ਦਿਹਾੜੇ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਕਈ ਵੱਡੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰੀ ਮਨੁੱਖਤਾ ਦਾ ਗੁਰੂ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਵਜੋਂ ਮਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਦਿਲਾਂ ਵਿੱਚ ਫੈਲੇ ਝੂਠ, ਫਰੇਬ, ਈਰਖਾ, ਦਵੇਸ਼ ਅਤੇ ਸਮਾਜ ਵਿੱਚ ਫੈਲੇ ਜਾਤਪਾਤ ਅਤੇ ਛੂਆਛੂਤ ਦੇ ਹਨੇਰੇ ਨੂੰ ਦੂਰ ਕਰਕੇ ਸਰਬਤ ਦੇ ਭਲੇ ਅਤੇ ਸਰਵ ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਲੋਕਾਂ ਦੇ ਮਨਾਂ ਵਿਚਲਾ ਹਨੇਰਾ ਦੂਰ ਕੀਤਾ ਸੀ ਅਤੇ ਉਹਨਾਂ ਵਿੱਚ ਅਲੌਲਿਕ ਚਾਨਣ ਭਰਿਆ ਸੀ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ, ਫਿਰਕੇ ਅਤੇ ਸਮਾਜ ਵਿੱਚ ਪੂਜਿਆ ਜਾਂਦਾ ਹੈ ਅਤੇ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਅਪਾਰ ਸ਼ਰਧਾ ਰੱਖਦੀ ਹੈ ਅਤੇ ਉਹਨਾਂ ਦੇ ਪzzਕਾਸ਼ ਦਿਹਾੜੇ ਤੇ ਦੁਨੀਆ ਭਰ ਵਿੱਚ ਹੋਣ ਵਾਲੇ ਸਮਾਗਮ ਇਸਦੀ ਗਵਾਹੀ ਵੀ ਭਰਦੇ ਹਨ। ਪਰੰਤੂ ਜੇਕਰ ਅਸੀਂ ਖੁਦ ਤੋਂ ਇਹ ਸਵਾਲ ਪੁੱਛੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ, ਪਰੰਤੂ ਪਰ ਕੀ ਅਸੀਂ ਉਹਨਾਂ ਦੀ ਦਿੱਤੀ ਹੋਈ ਸਿਖਿਆ ਤੇ ਅਮਲ ਵੀ ਕਰਦੇ ਹਾਂ, ਜਾਂ ਫਿਰ ਸਾਡੀ ਇਹ ਸ਼ਰਧਾ ਸਿਰਫ ਲੋਕ ਦਿਖਾਵੇ ਤਕ ਹੀ ਸਿਮਟ ਗਈ ਹੈ ਅਤੇ ਜੇਕਰ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਇਸਦਾ ਜਵਾਬ ਸਾਨੂੰ ਨਾਂਹ ਵਿੱਚ ਹੀ ਮਿਲਦਾ ਹੈ।
ਅਸਲੀਅਤ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ ਪਰੰਤੂ ਆਪਣੀ ਰੋਜਾਨਾ ਜਿੰਦਗੀ ਵਿੱਚ ਉਹਨਾਂ ਦੀਆਂ ਸਿਖਿਆਵਾਂ ਨੂੰ ਭੁੱਲ ਕੇ ਦੁਬਾਰਾ ਉਸੇ ਗਹਿਰੇ ਹਨੇਰੇ ਵਿੱਚ ਗਵਾਚ (ਜਾਂ ਡੁੱਬ) ਗਏ ਹਾਂ ਜਿਸਤੋਂ ਬਾਹਰ ਕੱਢਣ ਲਈ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਗੁਰੂ ਸਾਹਿਬ ਵਲੋਂ ਦਿੱਤੇ ਸਰਬਤ ਦੇ ਭਲੇ ਅਤੇ ਸਰਵ ਸਾਂਝੀਵਾਲਤਾ ਦੇ ਉਪਦੇਸ਼ ਨੂੰ ਤਾਂ ਅਸੀਂ ਕਾਫੀ ਹੱਦ ਤਕ ਭੁਲਾ ਦਿੱਤਾ ਹੈ ਅਤੇ ਅੱਜ ਦਾ ਮਨੁੱਖ ਆਪਣੇ ਨਿੱਜੀ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਮਨੁੱਖ ਦੀ ਖੁਦ ਨੂੰ ਵੱਧ ਤੋਂ ਵੱਧ ਮਾਇਕ ਫਾਇਦਾ ਪਹੁੰਚਉਣ ਅਤੇ ਖੁਦ ਲਈ ਐਸ਼ੋ ਇਸ਼ਰਤ ਦੇ ਇੰਤਜਾਮ ਜੁਟਾਉਣ ਦੀ ਚਾਹਤ ਇੰਨੀ ਜਿਆਦਾ ਵੱਧ ਗਈ ਹੈ ਕਿ ਅਸੀਂ ਕੁਦਰਤ ਦਾ ਵੀ ਬੁਰੀ ਤਰ੍ਹਾਂ ਘਾਣ ਕਰਕੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ।
ਆਪਣੇ ਲਾਲਚ ਵਿੱਚ ਡੁੱਬੇ ਮਨੁੱਖ ਨੇ ਇਸ ਵੇਲੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਹੁਣ ਨਾ ਤਾਂ ਸਾਡੇ ਵਾਤਾਵਰਨ ਵਿੱਚ ਸਾਹ ਲੈਣ ਲਈ ਸਾਫ ਸੁਥਰੀ ਹਵਾ ਬਾਕੀ ਬਚੀ ਹੈ ਅਤੇ ਨਾ ਹੀ ਪੀਣ ਵਾਲਾ ਸਾਫ ਪਾਣੀ ਬਚਿਆ ਹੈ। ਜਾਤਪਾਤ ਅਤੇ ਛੁਆਛੂਤ ਦੀ ਜਿਸ ਲਾਹਨਤ ਤੋਂ ਗੁਰੂ ਸਾਹਿਬ ਨੇ ਸਾਨੂੰ ਛੁਟਕਾਰਾ ਦਿਵਾਇਆ ਸੀ ਅਸੀਂ ਦੁਬਾਰਾ ਉਸਦੀ ਜਕੜ ਵਿੱਚ ਫਸ ਚੁੱਕੇ ਹਾਂ। ਤਰਾਸਦੀ ਇਹ ਹੈ ਕਿ ਗੁਰੂ ਸਾਹਿਬ ਵਿੱਚ ਅਪਾਰ ਸ਼ਰਧਾ ਦਾ ਦਮ ਭਰਨ ਵਾਲਾ ਸਾਡਾ ਸਮਾਜ ਇਹਨਾਂ ਸਮਾਜਿਕ ਬੁਰਾਈਆਂ ਨੂੰ ਮੰਨਦਾ ਵੀ ਹੈ ਅਤੇ ਬਾਕਾਇਦਾ ਮਾਨਤਾ ਵੀ ਦਿੰਦਾ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਕਾਰਨਾਂ ਦੀ ਭਾਲ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰੂ ਵਲੋਂ ਦਿੱਤੀ ਗਈ ਸਿਖਿਆ ਦੇ ਅਨੁਸਾਰ ਚੱਲਣ ਦੀ ਥਾਂ ਇਸਦੇ ਉਲਟ ਕਿਉਂ ਹੋ ਗਏ ਹਾਂ। ਆਖਿਰ ਕਿਉਂ ਇਹ ਦੁਨੀਆਵੀ ਸੁਖ ਸਾਡੇ ਲਈ ਇੰਨੇ ਜਿਆਦਾ ਮਹੱਤਵਪੂਰਨ ਬਣ ਗਏ ਹਨ ਕਿ ਅਸੀਂ ਖੁਦ ਹੀ ਆਪਣਾ ਸਭ ਕੁੱਝ ਤਬਾਹ ਕਰਨ ਵੱਲ ਤੁਰ ਪਏ ਹਾਂ। ਗੁਰੂ ਦੀ ਸਿਖਿਆ ਅਨੁਸਾਰ ਚਲਣ ਦੀ ਥਾਂ ਅਸੀਂ ਖੁਦ ਨੂੰ ਇੰਨਾ ਤਾਕਤਵਰ ਅਤੇ ਮਹਾਨ ਕਿਉਂ ਸਮਝਣ ਲੱਗ ਪਏ ਹਾਂ ਕਿ ਸਾਨੂੰ ਹਰ ਕੋਈ ਹੀਣਾ ਜਾਪਦਾ ਹੈ ਅਤੇ ਅਸੀਂ ਸਰਬਤ ਦੇ ਭਲੇ ਦਾ ਰਾਹ ਤਿਆਗ ਕੇ ਨਿੱਜਤਾ ਦੇ ਹਾਣੀ ਹੋ ਗਏ ਹਾਂ।
ਸਾਨੂੰ ਲੋੜ ਹੈ ਕਿ ਅਸੀਂ ਆਪਣਾ ਆਪ ਸਵਾਰੀਏ ਅਤੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚਲਦਿਆਂ ਸਰਬਤ ਦੇ ਭਲੇ ਲਈ ਕੰਮ ਕਰੀਏ। ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਇਹੀ ਹੋਵੇਗੀ ਕਿ ਅਸੀਂ ਗੁਰੂ ਸਾਹਿਬ ਨੂੰ ਮੰਨਣ ਦੇ ਨਾਲ ਨਾਲ ਉਹਨਾਂ ਵਲੋਂ ਮਨੁੱਖਤਾ ਨੂੰ ਦਿੱਤੀ ਸਿਖਿਆ ਤੇ ਵੀ ਅਮਲ ਕਰਦਿਆਂ ਸਰਬਤ ਦੇ ਭਲੇ ਅਤੇ ਸਰਬ ਸਾਂਝੀਵਾਲਤਾ ਲਈ ਕੰਮ ਕਰੀਏ। ਅਜਿਹਾ ਕਰਕੇ ਹੀ ਅਸੀਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਸਿਰਜ ਸਕਦੇ ਹਾਂ।
Editorial
ਖਾਣ ਪੀਣ ਦਾ ਗੈਰ ਮਿਆਰੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰੇ ਸਰਕਾਰ
ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਜੈਪੁਰ ਵਿੱਚ ਮੈਗੀ (ਨੂਡਲਜ਼) ਖਾਣ ਨਾਲ 7 ਸਾਲਾ ਕੁੜੀ ਦੀ ਮੌਤ ਹੋ ਗਈ, ਜਦਕਿ ਉਸ ਦੀ ਵੱਡੀ ਭੈਣ ਦੀ ਤਬੀਅਤ ਵਿਗੜ ਗਈ। ਇਹ ਮਾਮਲਾ ਕਰਧਨੀ ਥਾਣਾ ਖੇਤਰ ਦੇ ਕਾਲਵਾੜ ਰੋਡ ਸਥਿਤ ਮੰਗਲਮ ਸਿਟੀ ਦਾ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਫੂਡ ਪੁਆਇਜ਼ਨਿੰਗ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਬਾਜ਼ਾਰ ਵਿੱਚ ਵਿਕਦਾ ਖਾਣ ਪੀਣ ਦਾ ਸਮਾਨ ਅਤੇ ਫਾਸਟ ਫੂਡ ਖਾਣ ਨਾਲ ਅਨੇਕਾਂ ਲੋਕਾਂ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ। ਕਈ ਵਾਰ ਤਾਂ ਸਬਜੀਆਂ ਅਤੇ ਫਲ ਖਾ ਕੇ ਵੀ ਬੱਚਿਆਂ ਦੀ ਮੌਤ ਹੋਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ, ਕਿਉਂਕਿ ਫਲਾਂ ਅਤੇ ਸਬਜੀਆਂ ਤੇ ਵੀ ਕੀੜੇਮਾਰ ਦਵਾਈਆਂ ਦਾ ਛਿੜਕਾਓ ਕੀਤਾ ਹੁੰਦਾ ਹੈ, ਜਿਸ ਕਾਰਨ ਇਹ ਫਲ ਅਤੇ ਸਬਜੀਆਂ ਜਹਿਰੀਲੇ ਹੋ ਜਾਂਦੇ ਹਨ ਅਤੇ ਜਿਹੜੇ ਬੱਚੇ ਫਲਾਂ ਨੂੰ ਧੋਤੇ ਬਿਨਾਂ ਖਾ ਲੈਂਦੇ ਹਨ, ਉਹ ਅਕਸਰ ਬਿਮਾਰ ਹੋ ਜਾਂਦੇ ਹਨ।
ਨੂਡਲਜ਼ ਵੱਖ ਵੱਖ ਕੰਪਨੀਆਂ ਬਣਾਉਂਦੀਆਂ ਹਨ ਅਤੇ ਇਹਨਾਂ ਦੀ ਪੈਕਿੰਗ ਬਹੁਤ ਸ਼ਾਨਦਾਰ ਹੁੰਦੀ ਹੈ ਪਰ ਇਹ ਸ਼ਾਨਦਾਰ ਪੈਕਿੰਗ ਨੂਡਰਜ਼ ਨੂੰ ਸਿਹਤ ਲਈ ਲਾਭਦਾਇਕ ਨਹੀਂ ਬਣਾਉਂਦੀ। ਸਿਹਤ ਮਾਹਿਰ ਅਕਸਰ ਕਹਿੰਦੇ ਹਨ ਕਿ ਨੂਡਲਜ਼ ਖਾਣ ਨਾਲ ਸਿਹਤ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ। ਕਈ ਵਾਰ ਪ੍ਰਸਿੱਧ ਕੰਪਨੀਆਂ ਵੱਲੋਂ ਵੇਚਿਆ ਜਾਂਦਾ ਡਿੱਬਾਬੰਦ ਜਾਂ ਪਲਾਸਟਿਕ ਦੇ ਕਵਰ ਵਿੱਚ ਬੰਦ ਸਮਾਨ ਗੈਰ ਮਿਆਰੀ ਅਤੇ ਖਰਾਬ ਹੁੰਦਾ ਹੈ। ਕਈ ਵਾਰ ਇਹ ਸਮਾਨ ਨਕਲੀ ਵੀ ਹੁੰਦਾ ਹੈ।
ਇਸ ਤੋਂ ਇਲਾਵਾ ਕਈ ਕੰਪਨੀਆਂ ਦੇ ਖਾਣ ਪੀਣ ਦੇ ਮਿਆਦ ਦਾ ਸਮਾਂ ਲੰਘ ਚੁੱਕੇ ਸਮਾਨ ਨੂੰ ਵੀ ਦੁਕਾਨਦਾਰ ਵੇਚ ਦਿੰਦੇ ਹਨ ਪਰ ਜਦੋਂ ਇਹ ਗੈਰ ਮਿਆਰੀ ਅਤੇ ਮਿਆਦ ਲੰਘੇ ਚੁੱਕਿਆ ਸਮਾਨ ਬੱਚੇ ਖਾਂਦੇ ਹਨ ਤਾਂ ਅਕਸਰ ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਆਮ ਲੋਕ ਵੱਡੀਆਂ ਕੰਪਨੀਆਂ ਦੇ ਸਮਾਨ ਦੇ ਪੈਕਿੰਗ ਸਮਾਨ ਨੂੰ ਵਧੇਰੇ ਖਰੀਦਦੇ ਹਨ ਕਿਉਂਕਿ ਉਹਨਾਂ ਦੀ ਸੋਚ ਹੁੰਦੀ ਹੈ ਕਿ ਵੱਡੀਆਂ ਅਤੇ ਪ੍ਰਸਿੱਧ ਕੰਪਨੀਆਂ ਵੱਲੋਂ ਬਣਾਇਆ ਗਿਆ ਡਿੱਬਾਬੰਦ ਖਾਣ ਪੀਣ ਦਾ ਸਮਾਨ ਸ਼ੁੱਧ ਅਤੇ ਸਾਫ਼ ਸੁਥਰਾ ਹੋਵੇਗਾ ਪਰ ਕਈ ਵਾਰ ਇਹ ਸਮਾਨ ਹੀ ਆਮ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਜਾਂਦਾ ਹੈ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਹਨ ਪਰ ਅਕਸਰ ਇਹਨਾਂ ਘਟਨਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ ਅਤੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਵੱਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਕਿਉਂਕਿ ਆਮ ਲੋਕ ਅਜਿਹੇ ਮਾਮਲਿਆਂ ਦੀ ਸ਼ਿਕਾਇਤ ਘੱਟ ਹੀ ਕਰਦੇ ਹਨ। ਦੂਜੇ ਪਾਸੇ ਖਾਣ ਪੀਣ ਦਾ ਗ਼ੈਰ ਮਿਆਰੀ ਸਮਾਨ ਵੇਚਣ ਵਾਲਿਆਂ ਦੀ ਪਹੁੰਚ ਉਪਰ ਤੱਕ ਹੁੰਦੀ ਹੈ, ਜਿਸ ਕਾਰਨ ਉਹ ਕਿਸੇ ਕਾਨੂੰਨੀ ਕਾਰਵਾਈ ਤੋਂ ਬਚੇ ਰਹਿੰਦੇ ਹਨ।
ਅੱਜਕੱਲ੍ਹ ਘਰ ਵਿੱਚ ਬਣਿਆ ਖਾਣਾ ਖਾਣ ਦੀ ਥਾਂ ਬਾਜ਼ਾਰ ਵਿੱਚ ਵਿਕਦਾ ਖਾਣ ਪੀਣ ਦਾ ਸਮਾਨ ਖਾਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਵੱਖ ਵੱਖ ਸ਼ਹਿਰਾਂ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਦੀ ਭਰਮਾਰ ਹੈ। ਅਕਸਰ ਅਨੇਕਾਂ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਤੇ ਖਾਣ ਪੀਣ ਦਾ ਗੈਰ ਮਿਆਰੀ ਸਮਾਨ ਵੇਚਿਆ ਜਾਂਦਾ ਹੈ ਅਤੇ ਅਨੇਕਾਂ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਤੇ ਸਫਾਈ ਦੀ ਵੀ ਘਾਟ ਹੁੰਦੀ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਖਾਣ ਪੀਣ ਦਾ ਜਿਆਦਾਤਰ ਸਮਾਨ ਅਤੇ ਚੱਟਣੀਆਂ ਆਦਿ ਸ਼ਹਿਰਾਂ ਨੇੜਲੇ ਪਿੰਡਾਂ ਵਿੱਚ ਵੱਡੀ ਪੱਧਰ ਤੇ ਇੱਕਠੇ ਰੂਪ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਸਮਾਨ ਬਾਅਦ ਵਿੱਚ ਸ਼ਹਿਰਾਂ ਦੀਆਂ ਵੱਖ ਵੱਖ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਤੇ ਸਪਲਾਈ ਕਰ ਦਿੱਤਾ ਜਾਂਦਾ ਹੈ।
ਜਿਹੜੀਆਂ ਥਾਂਵਾਂ ਤੇ ਖਾਣ ਪੀਣ ਦਾ ਸਮਾਨ ਬਣਾਇਆ ਜਾਂਦਾ ਹੈ ਅਕਸਰ ਉਹਨਾਂ ਥਾਵਾਂ ਤੇ ਸਫਾਈ ਦੀ ਘਾਟ ਹੁੰਦੀ ਹੈ ਅਤੇ ਬੜੇ ਗੰਦੇ ਮਾਹੌਲ ਵਿੱਚ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਸਮਾਨ ਨੂੰ ਤਿਆਰ ਕਰਨ ਸਮੇਂ ਸਸਤੇ ਅਤੇ ਨਕਲੀ ਮਸਾਲਿਆਂ ਦੀ ਵੀ ਵਰਤੋ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ। ਸਿਹਤ ਵਿਭਾਗ ਜਾਂਚ ਪੜਤਾਲ ਦੇ ਨਾਂਅ ਤੇ ਕੁਝ ਦੁਕਾਨਾਂ ਤੋਂ ਸੈਂਪਲ ਜਰੂਰ ਭਰਦਾ ਹੈ। ਫਿਰ ਇਨਾਂ ਸੈਂਪਲਾਂ ਦੀ ਜਾਂਚ ਦਾ ਕੀ ਬਣਿਆ, ਇਹ ਕਿਸੇ ਨੂੰ ਪਤਾ ਨਹੀਂ ਚੱਲਦਾ। ਖੋਏ ਦੀ ਮਿਠਾਈ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਨਕਲੀ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਨਕਲੀ ਤੇ ਮਿਲਾਵਟੀ ਦੁੱਧ ਵਿਕਣ ਦੇ ਚਰਚੇ ਵੀ ਅਕਸਰ ਹੁੰਦੇ ਹਨ।
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖਾਣ ਪੀਣ ਦਾ ਗੈਰ ਮਿਆਰੀ, ਖ਼ਰਾਬ, ਮਿਆਦ ਪੁਗਾ ਚੁੱਕੇ ਅਤੇ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਅਤੇ ਸਿਹਤ ਵਿਭਾਗ ਨੂੰ ਚੁਸਤ ਦਰੁਸਤ ਬਣਾਏ। ਵੱਖ ਵੱਖ ਦੁਕਾਨਾਂ, ਰੈਸਟੋਰੈਂਟਾਂ ਅਤੇ ਰੇਹੜੀਆਂ ਫੜੀਆਂ ਤੇ ਵਿਕਦੇ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਆਮ ਦੁਕਾਨਾਂ ਅਤੇ ਵੱਡੇ ਸ਼ੋਅਰੂਮਾਂ ਵਿੱਚ ਵਿਕਦੇ ਵੱਖ ਵੱਖ ਕੰਪਨੀਆਂ ਦੇ ਖਾਣ ਪੀਣ ਦੇ ਡਿੱਬਾ ਬੰਦ ਅਤੇ ਪੈਕ ਸਮਾਨ ਦੀ ਸਮੇਂ ਸਮੇਂ ਜਾਂਚ ਪੜਤਾਲ ਹੋਣੀ ਬਹੁਤ ਜਰੂਰੀ ਹੈ ਤਾਂ ਕਿ ਖਾਣ ਪੀਣ ਦਾ ਗ਼ੈਰ ਮਿਆਰੀ/ ਖ਼ਰਾਬ/ ਮਿਆਦ ਪੁਗਾ ਚੁੱਕੇ ਅਤੇ ਮਿਲਾਵਟੀ ਸਮਾਨ ਨਾ ਵੇਚਿਆ ਜਾ ਸਕੇ ਅਤੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਬਿਊਰੋ
Editorial
ਜ਼ਹਿਰੀਲੀ ਸ਼ਰਾਬ ਕਾਰਨ ਵਾਪਰਦੇ ਮੰਦਭਾਗੇ ਹਾਦਸੇ
ਮਣੀਪੁਰ ਦੇ ਚੰਦੇਲ ਜ਼ਿਲ੍ਹੇ ਦੇ ਚਾਕਪੀ ਕਾਰੋਂਗ ਇਲਾਕੇ ਵਿੱਚ ਸਥਾਨਕ ਤੌਰ ਤੇ ਬਣੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਾਪਰੇ ਦੁਖਾਂਤ ਵਿੱਚ ਮੌਤਾਂ ਦਾ ਅੰਕੜਾ ਵਧ ਕੇ 15 ਤੱਕ ਪਹੁੰਚ ਗਿਆ ਹੈ, ਜਦੋਂਕਿ 150 ਦੇ ਕਰੀਬ ਮਰੀਜ਼ ਇੰਫਾਲ ਸਥਿਤ ‘ਸ਼ਿਜਾ ਹਸਪਤਾਲ ਐਂਡ ਰਿਸਰਚ ਇੰਸਟੀਚਿਊਟ’ ਵਿੱਚ ਜ਼ੇਰੇ-ਇਲਾਜ ਹਨ। ਹਾਲਾਂਕਿ ਭਾਰਤ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਵਾਪਰਿਆ ਇਹ ਦੁਖਾਂਤ ਪਹਿਲਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਜਹਿਰੀਲੀ ਸ਼ਰਾਬ ਕਾਰਨ ਵੱਡੇ ਦੁਖਾਂਤ ਵਾਪਰ ਚੁੱਕੇ ਹਨ ਪਰ ਇਹਨਾਂ ਦੁਖਾਂਤਾ ਵਿੱਚ ਸੈਂਕੜੇ ਮੌਤਾਂ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਰਾਜਾਂ ਨੇ ਕੋਈ ਸਬਕ ਨਹੀਂ ਸਿੱਖਿਆ, ਜਿਸ ਕਾਰਨ ਜ਼ਹਿਰੀਲੀ ਸ਼ਰਾਬ ਦੇ ਕਿਸੇ ਦੁਖਾਂਤ ਨੂੰ ਅਜੇ ਲੋਕ ਭੁੱਲਣ ਦਾ ਹੀ ਯਤਨ ਕਰਦੇ ਹਨ ਤਾਂ ਜਹਿਰੀਲੀ ਸ਼ਰਾਬ ਕਾਰਨ ਇੱਕ ਹੋਰ ਦੁਖਾਂਤ ਵਾਪਰ ਜਾਂਦਾ ਹੈ। ਜਿਸ ਕਾਰਨ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ।
ਕੇਂਦਰ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜ਼ਹਿਰੀਲੀ ਸ਼ਰਾਬ ਕਾਰਨ 2021 ਵਿੱਚ ਭਾਰਤ ਵਿੱਚ 782 ਵਿਅਕਤੀਆਂ ਦੀ ਮੌਤ ਹੋਈ ਸੀ, ਸਭ ਤੋਂ ਜਿਆਦਾ ਮੌਤਾਂ ਉਤਰ ਪ੍ਰਦੇਸ਼ ਵਿੱਚ ਹੋਈਆਂ ਸਨ, ਜਿੱਥੇ ਸਾਲ 2021 ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 137 ਵਿਅਕਤੀ ਮਾਰੇ ਗਏ ਸਨ, ਜਦੋਂਕਿ ਸਾਲ 2021 ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਵਿਚ 127, ਮੱਧ ਪ੍ਰਦੇਸ਼ ਵਿੱਚ 108, ਕਰਨਾਟਕ ਵਿੱਚ 104, ਝਾਰਖੰਡ ਵਿੱਚ 60 ਅਤੇ ਰਾਜਸਥਾਨ ਵਿੱਚ 51 ਵਿਅਕਤੀ ਮਾਰੇ ਗਏ ਸਨ।
ਦੇਸ਼ ਵਾਸੀਆਂ ਲਈ ਇਸ ਤੋਂ ਵੱਡਾ ਦੁਖਾਂਤ ਕੀ ਹੋਵੇਗਾ ਕਿ ਕੋਰੋਨਾ ਕਾਲ ਦੌਰਾਨ ਸਾਲ 2020 ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਦੇਸ਼ ਭਰ ਵਿੱਚ 947 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸ ਸਮੇਂ ਮੱਧ ਪ੍ਰਦੇਸ਼ ਵਿੱਚ 214, ਝਾਰਖੰਡ ਵਿੱਚ 139, ਪੰਜਾਬ ਵਿੱਚ 133, ਕਰਨਾਟਕ ਵਿੱਚ 99 ਅਤੇ ਛਤੀਸ਼ਗੜ੍ਹ ਵਿੱਚ 67 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ।
1978 ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 18 ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ 2302 ਵਿਅਕਤੀਆਂ ਦੀ ਜਾਨ ਗਈ ਹੈ। ਗੁਜਰਾਤ ਇਸ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਅੱਗੇ ਰਿਹਾ ਹੈ ਜਿੱਥੇ 1987 ਵਿੱਚ ਸਭ ਤੋਂ ਵੱਧ 200 ਵਿਅਕਤੀਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਸੀ। ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ ਨੰਬਰ ਤੇ ਪੰਜਾਬ ਹੈ ਜਿੱਥੇ ਸਾਲ 2020 ਵਿੱਚ ਜ਼ਹਿਰੀਲੀ ਸ਼ਰਾਬ ਨੇ 121 ਜਾਨਾਂ ਲਈਆਂ ਸਨ।
ਪ੍ਰਾਪਤ ਜਾਣਕਾਰੀ ਗੁਜਰਾਤ ਵਿੱਚ ਸਾਲ 1976 ਵਿੱਚ ਸੌ ਮੌਤਾਂ ਅਤੇ 1986 ਵਿੱਚ 108 ਮੌਤਾਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਸਨ। ਪੰਜਾਬ ਵਿੱਚ ਅਕਤੂਬਰ 2010 ਵਿੱਚ ਦਸੂਹਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 16 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਮਗਰੋਂ ਜੁਲਾਈ-ਅਗਸਤ 2020 ਵਿੱਚ ਮਾਝੇ ਇਲਾਕੇ ਵਿੱਚ 121 ਜਾਨਾਂ ਚਲੀਆਂ ਗਈਆਂ ਸਨ। ਪੰਜਾਬ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2024 ਵਿੱਚ ਦਿੜ੍ਹਬਾ ਤੇ ਸੁਨਾਮ ਬਲਾਕ ਵਿੱਚ 20 ਲੋਕਾਂ ਦੀ ਜਾਨ ਜ਼ਹਿਰੀਲੀ ਸ਼ਰਾਬ ਕਾਰਨ ਚਲੀ ਗਈ ਸੀ ਅਤੇ ਫੇਰ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਇਹ ਸਮੱਸਿਆ ਸਿਰਫ਼ ਸਿਹਤ ਜਾਂ ਕਾਨੂੰਨ ਦੀ ਨਹੀਂ ਸਗੋਂ ਸਮਾਜਿਕ, ਆਰਥਿਕ ਅਤੇ ਸਿਆਸੀ ਮੁੱਦਿਆਂ ਨਾਲ ਜੁੜੀ ਹੋਈ ਹੈ। ਕੇਂਦਰ ਅਤੇ ਵੱਖ ਵੱਖ ਰਾਜਾਂ ਵਿੱਚ ਸਰਕਾਰਾਂ ਬਦਲਦੀਆਂ ਗਈਆਂ ਪਰ ਜ਼ਹਿਰੀਲੀ ਸ਼ਰਾਬ ਦਾ ਧੰਦਾ ਨਹੀਂ ਰੁਕਿਆ। ਹਰੇਕ ਪਾਰਟੀ ਦੀ ਸਰਕਾਰ ਸਮੇਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ। ਗ਼ਰੀਬ ਤੇ ਮਜ਼ਦੂਰ ਵਰਗ ਨੂੰ ਸਸਤੀ ਸ਼ਰਾਬ ਦੀ ਲੋੜ ਹੁੰਦੀ ਹੈ ਅਤੇ ਨਕਲੀ ਸ਼ਰਾਬ ਦੇ ਵਪਾਰੀ ਇਸ ਮੰਗ ਦਾ ਫ਼ਾਇਦਾ ਚੁੱਕਦੇ ਹਨ ਅਤੇ ਮੈਥਨੌਲ ਵਰਗੇ ਜ਼ਹਿਰੀਲੇ ਪਦਾਰਥਾਂ ਨੂੰ ਸ਼ਰਾਬ ਵਿੱਚ ਮਿਲਾ ਕੇ ਵੇਚਦੇ ਹਨ।
ਜ਼ਹਿਰੀਲੀ ਸ਼ਰਾਬ ਸਿਰਫ਼ ਪੰਜਾਬ ਦੀ ਸਮੱਸਿਆ ਨਹੀਂ ਹੈ ਬਲਕਿ ਇਹ ਸਮੱਸਿਆ ਦੇਸ਼ ਵਿਆਪੀ ਹੈ ਪਰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਅਸਫ਼ਲ ਹੋ ਗਈਆਂ ਹਨ। ਚਾਹੀਦਾ ਤਾਂ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਜ਼ਹਿਰੀਲੀ ਸ਼ਰਾਬ ਦਾ ਧੰਦਾ ਬਿਲਕੁਲ ਬੰਦ ਹੋ ਜਾਵੇ।
ਬਿਊਰੋ
Editorial
ਬੰਗਲਾ ਅਦਾਕਾਰੀ ਦੇ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ ਸੁਸ਼ੋਭਨ ਸੋਨੂ ਰੌਏ
ਇੱਕ ਅਦਾਕਾਰ ਦਾ ਕਰੀਅਰ ਹਮੇਸ਼ਾ ਉਹਨਾਂ ਪ੍ਰੋਡਕਸ਼ਨਾਂ ਦੀ ਗਿਣਤੀ ਨਾਲ ਨਿਰਧਾਰਿਤ ਨਹੀਂ ਹੁੰਦਾ ਜਿਨ੍ਹਾਂ ਵਿੱਚ ਉਹ ਦਿਖਾਈ ਦਿੰਦਾ ਹੈ। ਭੂਮਿਕਾਵਾਂ ਦੀ ਪ੍ਰਕਿਰਤੀ, ਹਰ ਮੌਕੇ ਦੇ ਆਸ-ਪਾਸ ਦੀਆਂ ਹਾਲਤਾਂ ਅਤੇ ਪੇਸ਼ੇਵਰ ਦਿਸ਼ਾ ਵਿੱਚ ਤਬਦੀਲੀਆਂ ਵੀ ਕਿਸੇ ਵਿਅਕਤੀ ਦੇ ਕੰਮ ਦੀ ਸਪਸ਼ਟ ਤਸਵੀਰ ਪੇਸ਼ ਕਰ ਸਕਦੀਆਂ ਹਨ। ਬੰਗਾਲੀ ਅਦਾਕਾਰ ਸੁਸ਼ੋਭਨ ਸੋਨੂ ਰੌਏ ਲਈ, ਟੈਲੀਵਿਜ਼ਨ ਵਿੱਚ ਕਦਮ ਇੱਕ ਪੌਰਾਣਿਕ ਭੂਮਿਕਾ ਨਾਲ ਸ਼ੁਰੂ ਹੋਇਆ, ਫਿਰ ਉਹ ਸਮਕਾਲੀ ਕਾਲਪਨਿਕ ਸੈਟਿੰਗਾਂ ਵਿੱਚ ਗਿਆ ਅਤੇ ਬਾਅਦ ਵਿੱਚ ਵਪਾਰਕ ਮਾਡਲਿੰਗ ਅਤੇ ਫੀਚਰ-ਫਿਲਮ ਨਿਰਮਾਣ ਵੱਲ ਵਧਿਆ।
2019 ਵਿੱਚ ‘ਆਨੰਦਮਈ ਮਾਂ’ ਨਾਲ ਬੰਗਾਲੀ ਟੈਲੀਵਿਜ਼ਨ ਵਿੱਚ ਪ੍ਰਵੇਸ਼ ਕਰਨ ਵਾਲੇ ਰੌਏ ਨੇ ਇਸ ਸੀਰੀਅਲ ਵਿੱਚ ਇੱਕ ਵੈਸ਼ਨਵ ਭਗਤ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਲਈ ਸਬਰ, ਸ਼ਾਂਤੀ ਅਤੇ ਪਾਤਰ ਨਾਲ ਜੁੜੀਆਂ ਭਾਵਨਾਵਾਂ ਦੀ ਸਮਝ ਦੀ ਲੋੜ ਸੀ। ਇਸ ਤਜਰਬੇ ਨੂੰ ਉਸਨੇ ਇੱਕ ਸਿੱਖਣ ਦੇ ਮੌਕੇ ਵਜੋਂ ਦੇਖਿਆ, ਜਿਸਨੇ ਉਸਨੂੰ ਇੱਕ ਕਲਾਕਾਰ ਵਜੋਂ ਵਧੇਰੇ ਆਤਮ-ਵਿਸ਼ਵਾਸ ਵਿਕਸਿਤ ਕਰਨ ਵਿੱਚ ਮਦਦ ਕੀਤੀ।
‘ਆਨੰਦਮਈ ਮਾਂ’ ਤੋਂ ਬਾਅਦ, ਰੌਏ ‘ਮੋਹੋਰ’ ਵਿੱਚ ਉਸਨੇ ਇੱਕ ਮੀਡੀਆ ਪੇਸ਼ੇਵਰ ਦੀ ਭੂਮਿਕਾ ਨਿਭਾਈ। ‘ਕੋਰਾਪਾਖੀ’ ਵਿੱਚ ਉਸਦਾ ਪਾਤਰ ਅਭਿਨੇਤਰੀ ਪਰਨੋ ਮਿੱਤਰਾ ਦੇ ਸਾਮ੍ਹਣੇ ਇੱਕ ਨਕਾਰਾਤਮਕ ਭੂਮਿਕਾ ਵਾਲਾ ਸੀ। ਉਸਦੇ ਹੋਰ ਟੈਲੀਵਿਜ਼ਨ ਕ੍ਰੈਡਿਟ ਵਿੱਚ ‘ਜਮੁਨਾ ਢਾਕੀ’, ‘ਤਿਤਲੀ’ ਅਤੇ ‘ਖੇਲਾਘਰ’ ਸ਼ਾਮਲ ਹਨ।
2023 ਵਿੱਚ, ਉਸਨੇ ਅਦਾਕਾਰੀ ਵਿੱਚ ਦਿਲਚਸਪੀ ਦੇ ਨਾਲ-ਨਾਲ ਪੇਸ਼ੇਵਰ ਮਾਡਲਿੰਗ ਸ਼ੁਰੂ ਕੀਤੀ। ਇਸ ਨਾਲ ਉਸਨੂੰ ਵਪਾਰਕ ਅਤੇ ਵਿਗਿਆਪਨ ਅਸਾਈਨਮੈਂਟਾਂ ਮਿਲੀਆਂ ਜਿਨ੍ਹਾਂ ਵਿੱਚ ਹਾਲੀਡੇ ਇਨ ਹੋਟਲ, ਡਾਬਰ, ਅਮਾਜ਼ਨ, ਸਪੈਂਸਰਜ਼, ਬਿਗ ਬਾਜ਼ਾਰ ਅਤੇ ਹੋਰਨਾਂ ਨਾਲ ਜੁੜਿਆ ਕੰਮ ਸ਼ਾਮਲ ਹੈ।
ਰੌਏ ਨੇ ਸੌਮਿਆਜੀਤ ਅਦਕ ਦੁਆਰਾ ਨਿਰਦੇਸ਼ਿਤ ਫਿਲਮ ‘ਟੇਕ ਕੇਅਰ ਭਾਲੋਬਾਸਾ’ ਵਿੱਚ ਵੀ ਕੰਮ ਕੀਤਾ ਹੈ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
