National
ਗੈਸ ਲੀਕ ਹੋਣ ਕਾਰਨ ਫਟਿਆ ਗੈਸ ਸਿਲੰਡਰ, 24 ਵਿਅਕਤੀ ਝੁਲਸੇ
ਜਾਲੌਨ, 23 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਸ਼ਾਂਤੀ ਨਗਰ ਮੁਹੱਲੇ (ਵਾਰਡ ਨੰਬਰ 7) ਵਿੱਚ ਬੀਤੀ ਰਾਤ ਇੱਕ ਮਕਾਨ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਇਸ ਭਿਆਨਕ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 24 ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦਾ ਮੁੱਖ ਗੇਟ ਉੱਖੜ ਕੇ ਦੂਰ ਜਾ ਡਿੱਗਿਆ ਅਤੇ ਆਲੇ-ਦੁਆਲੇ ਦੇ ਲਗਭਗ 6 ਮਕਾਨਾਂ ਤੱਕ ਧਮਾਕੇ ਦਾ ਕੰਪਨ ਮਹਿਸੂਸ ਕੀਤਾ ਗਿਆ।
ਇਹ ਹਾਦਸਾ ਸਥਾਨਕ ਸਭਾਸਦ ਮਾਤਾ ਪ੍ਰਸਾਦ ਬੇਲਦਾਰ ਦੇ ਘਰ ਵਾਪਰਿਆ। ਬੀਤੀ ਰਾਤ ਉਨ੍ਹਾਂ ਦੀ ਨੂੰਹ ਸਵਾਤੀ (31) ਰਸੋਈ ਵਿੱਚ ਚਾਹ ਬਣਾ ਰਹੀ ਸੀ। ਇਸੇ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਦਾ ਰਿਸਾਅ ਹੋਣ ਲੱਗਾ ਅਤੇ ਚੁੱਲ੍ਹੇ ਦੀ ਅੱਗ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਭੜਕ ਗਈ। ਰਸੋਈ ਵਿੱਚ ਲਪਟਾਂ ਉੱਠਦੀਆਂ ਦੇਖ ਸਵਾਤੀ ਰੌਲਾ ਪਾਉਂਦੀ ਹੋਈ ਛੱਤ ਵੱਲ ਭੱਜੀ, ਜਦੋਂ ਕਿ ਘਰ ਅੰਦਰ ਬੈਠਾ ਉਸ ਦਾ ਪਤੀ ਦਿਆਨੰਦ ਭਾਰਤੀ ਬਾਹਰ ਵੱਲ ਦੌੜਿਆ। ਘਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਇਸੇ ਦੌਰਾਨ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੇ ਨਾਲ ਹੀ ਦਰਵਾਜ਼ੇ ਤੋਂ ਨਿਕਲੀਆਂ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆ ਕੇ ਬਾਹਰ ਮੌਜੂਦ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਵਿੱਚ ਘਰ ਦਾ ਸਾਰਾ ਘਰੇਲੂ ਸਾਮਾਨ ਤਬਾਹ ਹੋ ਗਿਆ।
ਹਾਦਸੇ ਵਿੱਚ ਝੁਲਸਣ ਵਾਲੇ 24 ਵਿਅਕਤੀਆਂ ਵਿੱਚ ਸਵਾਤੀ (31), ਪੁਸ਼ਪੇਂਦਰ (25), ਡਾਲੀ (18), ਰਾਮਮੋਹਨ ਕੁਸ਼ਵਾਹਾ (50), ਰੁਦਰਪ੍ਰਤਾਪ (15), ਮੰਨੀ ਦੇਵੀ (60), ਸੋਮਵਤੀ (70), ਨਿਖਿਲ (17), ਅਮ੍ਰਿਤਾ (12), ਉਮੰਗ (10), ਵੈਸ਼ਨਵੀ (8), ਅੰਸ਼ਿਕਾ (9), ਅਭੀ (8), ਅਭਿਨੈ (7), ਖੁਸ਼ਬੂ (30), ਦਯਾਵਤੀ (30), ਦੀਪੇਸ਼ (13), ਬਬਲੂ (35), ਕੀਰਤੀ (8), ਅਜੀਤ (6), ਸਾਨਿਆ (4), ਆਕਾਸ਼, ਬਲਰਾਮ ਅਤੇ ਦਿਆਨੰਦ ਭਾਰਤੀ ਸ਼ਾਮਲ ਹਨ।
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਸੁਪਰਡੈਂਟ ਸੁਰੇਸ਼ ਚੰਦਰ ਰਾਵਤ ਅਤੇ ਹੋਰ ਜਨਪ੍ਰਤੀਨਿਧੀ ਮੌਕੇ ਤੇ ਪਹੁੰਚੇ ਅਤੇ ਬਾਅਦ ਵਿੱਚ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਅਨੁਪਮ ਮਿਸ਼ਰਾ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਪ੍ਰਾਥਮਿਕ ਇਲਾਜ ਤੋਂ ਬਾਅਦ ਲੋੜ ਮੁਤਾਬਕ ਉਨ੍ਹਾਂ ਨੂੰ ਉੱਚ ਮੈਡੀਕਲ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਵੇਗਾ।
National
ਤੇਲ ਕੰਪਨੀ ਵਿੱਚ ਲੱਗੀ ਅੱਗ ਕਾਰਨ ਨਾਲ ਦੀਆਂ ਪਲਾਈ ਅਤੇ ਕੂਰੀਅਰ ਕੰਪਨੀ ਵੀ ਸੜ ਕੇ ਸੁਆਹ
ਵਾਸ਼ੀ, 23 ਨਵੰਬਰ (ਸ.ਬ.) ਨਵੀ ਮੁੰਬਈ ਦੇ ਵਾਸ਼ੀ ਸੈਕਟਰ-18 ਵਿੱਚ ਬੀਤੀ ਦੇਰ ਰਾਤ ਇੱਕ ਤੇਲ ਕੰਪਨੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਇੰਨਾ ਵਿਕਰਾਲ ਰੂਪ ਧਾਰਨ ਕਰ ਲਿਆ ਕਿ ਇਸ ਨੇ ਨੇੜੇ ਹੀ ਸਥਿਤ ਇੱਕ ਪਲਾਈਵੁੱਡ ਅਤੇ ਕੂਰੀਅਰ ਕੰਪਨੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਰਾਤ ਦੇ ਲਗਭਗ 2 ਵਜੇ ਤੱਕ ਅੱਗ ਦੀਆਂ ਭਿਆਨਕ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ।
ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਮੀਲਾਂ ਦੂਰੋਂ ਦਿਖਾਈ ਦੇ ਰਿਹਾ ਸੀ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਜਾਂ ਅੰਦਰ ਫਸੇ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਪ੍ਰਤੱਖਦਰਸ਼ੀਆਂ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਬੀਤੀ ਰਾਤ ਲਗਭਗ 9 ਵਜੇ ਤੇਲ ਕੰਪਨੀ ਦੇ ਅਹਾਤੇ ਤੋਂ ਸ਼ੁਰੂ ਹੋਈ ਸੀ। ਜਵਲਨਸ਼ੀਲ ਪਦਾਰਥ ਹੋਣ ਕਾਰਨ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਚਾਰੇ ਪਾਸੇ ਫੈਲ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਵੀ ਮੁੰਬਈ ਫਾਇਰ ਬ੍ਰਿਗੇਡ ਦੀਆਂ 10 ਤੋਂ 12 ਗੱਡੀਆਂ ਮੌਕੇ ਤੇ ਪਹੁੰਚੀਆਂ। ਅੱਗ ਬੁਝਾਊ ਅਮਲੇ ਨੇ ਚਾਰੇ ਪਾਸਿਓਂ ਪਾਣੀ ਦੀਆਂ ਬੁਝਾਰਾਂ ਕਰਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਰਾਤ ਭਰ ਭਾਰੀ ਮਸ਼ੱਕਤ ਕੀਤੀ।
ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਅਤੇ ਕੂਲਿੰਗ ਆਪ੍ਰੇਸ਼ਨ ਪੂਰਾ ਕਰਨਾ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਵਿਭਾਗ ਅਤੇ ਸਥਾਨਕ ਪੁਲੀਸ ਦੀ ਟੀਮ ਸਾਂਝੇ ਤੌਰ ਤੇ ਘਟਨਾ ਦੀ ਜਾਂਚ ਕਰੇਗੀ। ਇਸ ਅਗਨੀਕਾਂਡ ਵਿੱਚ ਤਿੰਨਾਂ ਕੰਪਨੀਆਂ ਦਾ ਕਰੋੜਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
National
ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ, 4 ਵਿਅਕਤੀਆਂ ਦੀ ਮੌਤ, 3 ਜ਼ਖਮੀ
ਮਥੁਰਾ, 23 ਨਵੰਬਰ (ਸ.ਬ.) ਅੱਜ ਸਵੇਰੇ ਛਟੀਕਰਾ ਪੁਲ ਦੇ ਨੇੜੇ ਦਿੱਲੀ-ਆਗਰਾ ਹਾਈਵੇਅ ਤੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸਵਿਫਟ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੁਕਸਾਨੀ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਕੁਝ ਜ਼ਖਮੀਆਂ ਦਾ ਇਲਾਜ ਸਰਵੋਦਿਆ ਹਸਪਤਾਲ ਵਿੱਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਚਾਰ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੁਲੀਸ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਹਾਦਸਾਗ੍ਰਸਤ ਸਵਿਫਟ ਕਾਰ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਲੋਕ ਮੱਧ ਪ੍ਰਦੇਸ਼ ਤੋਂ ਵਰਿੰਦਾਵਨ ਦੇ ਦਰਸ਼ਨਾਂ ਲਈ ਆ ਰਹੇ ਸਨ। ਇਸੇ ਦੌਰਾਨ ਛਟੀਕਰਾ ਪੁਲ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਕਾਰਨ ਰਾਸ਼ਟਰੀ ਹਾਈਵੇਅ ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪੁਲੀਸ ਨੇ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਮੁੜ ਸੁਚਾਰੂ ਕਰਵਾਈ। ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
National
ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਪੁੱਤਰ ਅਤੇ ਮਾਤਾ-ਪਿਤਾ ਦੀ ਮੌਤ
ਗਾਜ਼ੀਆਬਾਦ, 23 ਨਵੰਬਰ (ਸ.ਬ.) ਦਿੱਲੀ-ਮੇਰਠ ਐਕਸਪ੍ਰੈਸਵੇ ਤੇ ਅੱਜ ਸਵੇਰੇ ਬਾਗੂ ਦੇ ਨੇੜੇ ਐਚ ਪੀ ਪੈਟਰੋਲ ਪੰਪ ਦੇ ਸਾਹਮਣੇ ਸੜਕ ਪਾਰ ਕਰ ਰਹੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸਕਾਰਪੀਓ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 55 ਸਾਲਾ ਹਰਲਾਲ, ਉਨ੍ਹਾਂ ਦੀ 50 ਸਾਲਾ ਪਤਨੀ ਗੁੱਡੋ ਅਤੇ 21 ਸਾਲਾ ਪੁੱਤਰ ਤੇਜਵੀਰ ਦੀ ਮੌਤ ਹੋ ਗਈ।
ਜਾਂਚ ਦੌਰਾਨ ਪਤਾ ਲੱਗਾ ਕਿ ਤਿੰਨੇ ਮਥੁਰਾ ਦੇ ਕੋਸੀਕਲਾਂ ਇਲਾਕੇ ਦੇ ਪਿੰਡ ਧੇਗਾਂਵ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਸਕਾਰਪੀਓ ਚਾਲਕ ਗੱਡੀ ਨੂੰ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ।
ਇਹ ਘਟਨਾ ਅੱਜ ਸਵੇਰੇ ਕਰੀਬ 10:30 ਵਜੇ ਕ੍ਰਾਸਿੰਗ ਰਿਪਬਲਿਕ ਥਾਣਾ ਖੇਤਰ ਵਿੱਚ ਦਿੱਲੀ-ਮੇਰਠ ਐਕਸਪ੍ਰੈਸਵੇ ਤੇ ਮੇਰਠ ਤੋਂ ਦਿੱਲੀ ਜਾਣ ਵਾਲੀ ਲੇਨ ਤੇ ਵਾਪਰੀ।
ਹਰਲਾਲ ਤਿੰਨ ਦਿਨ ਪਹਿਲਾਂ ਬਾਗੂ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਦੇ ਘਰ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਨਰੇਸ਼ ਕੁਮਾਰ ਦੀ ਧੀ ਪ੍ਰਿਯੰਕਾ ਦਾ ਵਿਆਹ 21 ਨਵੰਬਰ ਨੂੰ ਸੀ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਹਰਲਾਲ ਆਪਣੀ ਪਤਨੀ ਗੁੱਡੋ ਅਤੇ ਪੁੱਤਰ ਤੇਜਵੀਰ ਨਾਲ ਆਏ ਸਨ।
ਅੱਜ ਤਿੰਨਾਂ ਨੇ ਪਲਵਲ ਜਾਣ ਲਈ ਈਐਮਯੂ ਟ੍ਰੇਨ ਫੜਨੀ ਸੀ। ਨਰੇਸ਼ ਕੁਮਾਰ ਮੁਤਾਬਕ, ਤਿੰਨੇ ਰੇਲਵੇ ਸਟੇਸ਼ਨ ਜਾਣ ਲਈ ਘਰੋਂ ਨਿਕਲੇ ਸਨ। ਇਸੇ ਦੌਰਾਨ ਬਾਗੂ ਨੇੜੇ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਸੜਕ ਤੇ ਡਿੱਗ ਪਏ। ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸਕਾਰਪੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
