National
ਖੜ੍ਹੇ ਟਰੱਕ ਨਾਲ ਟਕਰਾਈ ਸ਼ਰਧਾਲੂਆਂ ਦੀ ਕਾਰ, 5 ਵਿਅਕਤੀਆਂ ਦੀ ਮੌਤ
ਅਮਰਾਵਤੀ, 24 ਨਵੰਬਰ (ਸ.ਬ.) ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਵਿੱਚ ਅੱਜ ਇੱਕ ਟੋਲ ਗੇਟ ਨੇੜੇ ਖੜ੍ਹੀ ਲਾਰੀ ਨਾਲ ਕਾਰ ਦੀ ਟੱਕਰ ਹੋਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7:30 ਵਜੇ ਵਾਪਰਿਆ, ਜਦੋਂ ਇੱਕ ਐਸਯੂਵੀ ਕਾਰ ਸੜਕ ਕਿਨਾਰੇ ਖੜ੍ਹੀ ਲਾਰੀ ਨਾਲ ਜਾ ਟਕਰਾਈ।
ਵਿਜੇਨਗਰਮ ਦੇ ਪੁਲੀਸ ਸੁਪਰਡੈਂਟ ਏ.ਆਰ. ਦਾਮੋਦਰ ਨੇ ਦੱਸਿਆ ਕਿ ਅੱਜ ਸਵੇਰੇ ਭੋਗਾਪੁਰਮ ਟੋਲ ਗੇਟ ਨੇੜੇ ਇੱਕ ਐਸਯੂਵੀ ਕਾਰ ਦੇ ਖੜ੍ਹੀ ਲਾਰੀ ਨਾਲ ਟਕਰਾਉਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ।
ਕਾਰ ਵਿੱਚ ਸਵਾਰ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਪੰਜਵਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਬਾਅਦ ਵਿੱਚ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਇਹ ਲੋਕ ਮੰਦਰ ਵਿੱਚ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਥਕਾਵਟ ਕਾਰਨ ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਝਪਕੀ ਆ ਗਈ ਹੋਵੇਗੀ। ਹਾਲਾਂਕਿ, ਹਾਦਸੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੁਲੀਸ ਹਾਦਸੇ ਨਾਲ ਜੁੜੇ ਸਾਰੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਲਾਰੀ ਕਿਸ ਤਰ੍ਹਾਂ ਖੜ੍ਹੀ ਸੀ ਅਤੇ ਕੀ ਉਸ ਦੇ ਡਰਾਈਵਰ ਵੱਲੋਂ ਕੋਈ ਲਾਪਰਵਾਹੀ ਵਰਤੀ ਗਈ ਸੀ। ਕਾਰ ਕਿਸ ਸਮੇਂ ਟੋਲ ਪਲਾਜ਼ਾ ਤੋਂ ਲੰਘੀ ਸੀ, ਇਹ ਪਤਾ ਲਗਾਉਣ ਲਈ ਟੋਲ ਗੇਟ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਕਰਨ, ਉਨ੍ਹਾਂ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਹੀ ਇਲਾਜ ਮਿਲੇ।
National
ਵੈਨ ਅਤੇ ਟਰੱਕ ਦੀ ਟੱਕਰ ਕਾਰਨ 4 ਵਿਅਕਤੀਆਂ ਦੀ ਮੌਤ, 6 ਜ਼ਖਮੀ
ਲਖੀਮਪੁਰ ਖੀਰੀ, 24 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ਵਿੱਚ ਬੀਤੀ ਦੇਰ ਰਾਤ ਇਕ ਮਾਰੂਤੀ ਵੈਨ ਅਤੇ ਟਰੱਕ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 6 ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ, ਇਹ ਹਾਦਸਾ ਲਖੀਮਪੁਰ-ਨਿਘਾਸਨ ਸੜਕ ਤੇ ਖੰਭੜਖੇੜਾ ਖੰਡ ਮਿੱਲ ਨੇੜੇ ਸਵੇਰੇ 1 ਵਜੇ ਦੇ ਲਗਭਗ ਵਾਪਰਿਆ। ਇਹ ਵੈਨ, ਜਿਸ ਵਿੱਚ 10 ਲੋਕ ਸਵਾਰ ਸਨ, ਲਖੀਮਪੁਰ ਤੋਂ ਨਿਘਾਸਨ ਜਾ ਰਹੀ ਸੀ, ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਮੌਜੂਦ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਹਵਾਗੰਜ ਪੁਲੀਸ ਚੌਕੀ ਦੇ ਇੰਚਾਰਜ ਭਰਤ ਸਿੰਘ ਤੋਮਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਥਾ ਪਿੰਡ ਦੇ ਪੱਪੂ (30) ਅਤੇ ਉਸਦੇ ਪਿਤਾ ਜਗਨਨਾਥ, ਨਿਘਾਸਨ ਕੋਤਵਾਲੀ ਖੇਤਰ ਦੇ ਅਦਲਾਬਾਦ ਪਿੰਡ ਦੇ ਨਿਵਾਸੀ ਅਜੈ (30) ਅਤੇ ਨਿਘਾਸਨ ਤਹਿਸੀਲ ਦੇ ਪਧੂਆ ਥਾਣਾ ਖੇਤਰ ਦੇ ਬਿਛੂਆ ਪਿੰਡ ਦੇ ਨਿਵਾਸੀ ਬਹਾਦੁਰ (40) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਵੈਨ ਡਰਾਈਵਰ ਤੋਂ ਇਲਾਵਾ, ਨਵਲ ਕਿਸ਼ੋਰ, ਰਾਜ ਕਿਸ਼ੋਰ, ਪ੍ਰਯਾਂਸ਼, ਸਨੋਜ, ਅਤੁਲ ਅਤੇ ਕਮਲੇਸ਼ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ।
ਇਸ ਦੌਰਾਨ, ਤੋਮਰ ਨੇ ਕਿਹਾ ਕਿ ਕਮਲੇਸ਼ ਦੀ ਹਾਲਤ ਗੰਭੀਰ ਸੀ ਅਤੇ ਉਸਨੂੰ ਲਖਨਊ ਦੇ ਟਰਾਮਾ ਸੈਂਟਰ ਵਿੱਚ ਰੈਫਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਡਿਪਟੀ ਸੁਪਰਡੈਂਟ ਆਫ਼ ਪੁਲੀਸ ਮਹਿਕ ਸ਼ਰਮਾ ਪੁਲੀਸ ਨਾਲ ਮੌਕੇ ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ। ਸ਼ਰਮਾ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
National
ਟਰੱਕ ਦੀ ਟੱਕਰ ਕਾਰਨ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ, 4 ਬੱਚਿਆਂ ਦੀ ਮੌਤ
ਕੰਨੌਜ, 24 ਨਵੰਬਰ (ਸ.ਬ.) ਆਗਰਾ-ਲਖਨਊ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਆਗਰਾ ਤੋਂ ਕੌਸ਼ਾਂਬੀ ਵਾਪਸ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਠਠੀਆ ਦੇ ਨੇੜੇ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਬੱਸ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਪਲਟ ਗਈ। ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 35 ਤੋਂ ਵੱਧ ਜ਼ਖ਼ਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਸਾਰੇ ਵਿਦਿਆਰਥੀ ਕੌਸ਼ਾਂਬੀ ਦੇ ਸਿਰਾਥੂ ਖੇਤਰ ਦੇ ਅਫ਼ਜ਼ਲਪੁਰ ਵਾਰੀ ਸਥਿਤ ਓਰੀਐਂਟਲ ਪਬਲਿਕ ਸਕੂਲ ਦੇ ਹਨ। ਐਤਵਾਰ ਨੂੰ ਦੋ ਰੋਜ਼ਾ ਸਕੂਲ ਟੂਰ ਤੇ ਕੌਸ਼ਾਂਬੀ ਤੋਂ ਆਗਰਾ ਗਏ ਸਨ।
ਬੱਸ ਆਗਰਾ ਤੋਂ ਦੋ ਰੋਜ਼ਾ ਟੂਰ ਕਰਕੇ ਕੌਸ਼ਾਂਬੀ ਪਰਤ ਰਹੀ ਸੀ। ਆਗਰਾ-ਲਖਨਊ ਐਕਸਪ੍ਰੈਸਵੇਅ ਤੇ ਠਠੀਆ ਖੇਤਰ ਦੇ ਬੈਸੁਈਆ ਪਿੰਡ ਦੇ ਸਾਹਮਣੇ ਕਿਲੋਮੀਟਰ 209 ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਾਰਨ ਬੱਸ ਵਿੱਚ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 35 ਵਿਦਿਆਰਥੀ ਜ਼ਖ਼ਮੀ ਹੋ ਗਏ।
ਹਾਦਸਾ ਪਿੱਛੋਂ ਆ ਰਹੇ ਟਰੱਕ ਦੀ ਟੱਕਰ ਲੱਗਣ ਮਗਰੋਂ ਵਾਪਰਿਆ। ਸੂਚਨਾ ਮਿਲਣ ਤੇ ਡੀ.ਐਮ. ਆਸ਼ੂਤੋਸ਼ ਮੋਹਨ ਅਗਨੀਹੋਤਰੀ ਅਤੇ ਐਸ.ਪੀ. ਵਿਨੋਦ ਕੁਮਾਰ ਮੌਕੇ ਤੇ ਪਹੁੰਚੇ।
ਹਾਦਸੇ ਵਿੱਚ ਚਾਰ ਵਿਦਿਆਰਥੀਆਂ 14 ਸਾਲਾ ਆਰੀਅਨ ਚੌਰਸੀਆ, 17 ਸਾਲਾ ਰਜ਼ੀ ਉੱਲਾ ਦੋਵੇਂ ਵਾਸੀ ਅਫ਼ਜ਼ਲਪੁਰਵਾਰੀ ਕੌਸ਼ਾਂਬੀ, 17 ਸਾਲਾ ਜ਼ੈਦ ਮਿਰਜ਼ਾ ਵਾਸੀ ਨਦੌਰਾ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ ਅਤੇ 17 ਸਾਲਾ ਅਰਮਾਨ ਵਾਸੀ ਗੌਰੇ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ-ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਕਰੀਬ 35 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਘਟਨਾ ਸਮੇਂ ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਬੱਸ ਦੀ ਰਫ਼ਤਾਰ ਕਰੀਬ 80 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਦੱਸੀ ਜਾ ਰਹੀ ਹੈ।
National
ਕੋਇਲੇ ਨਾਲ ਭਰੇ ਟਰੱਕ ਅਤੇ ਸਕਾਰਪੀਓ ਦੀ ਟੱਕਰ ਕਾਰਨ 5 ਵਿਅਕਤੀਆਂ ਦੀ ਮੌਤ, 4 ਜ਼ਖ਼ਮੀ
ਲਖੀਸਰਾਏ, 24 ਨਵੰਬਰ (ਸ.ਬ.) ਲਖੀਸਰਾਏ-ਜਮੁਈ ਮਾਰਗ ਤੇ ਗੁਣਸਾਗਰ ਦੇ ਨੇੜੇ ਅੱਜ ਸਵੇਰੇ ਸਕਾਰਪੀਓ ਅਤੇ ਕੋਇਲੇ ਨਾਲ ਲੱਦੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਪੁਰਸ਼, ਇੱਕ ਔਰਤ ਅਤੇ ਇੱਕ ਕਿਸ਼ੋਰ ਸ਼ਾਮਲ ਹਨ। ਹਾਦਸੇ ਵਿੱਚ ਇੱਕ ਮਾਸੂਮ ਬੱਚੇ ਅਤੇ ਇੱਕ ਔਰਤ ਸਮੇਤ ਚਾਰ ਲੋਕ ਜ਼ਖ਼ਮੀ ਹੋਏ ਹਨ। ਸਾਰੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰੈਫਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਕਾਰਪੀਓ ਸਵਾਰ ਸਾਰੇ ਲੋਕ ਪੂਰਬੀ ਚੰਪਾਰਨ (ਮੋਤੀਹਾਰੀ) ਜ਼ਿਲ੍ਹੇ ਦੇ ਢਾਕਾ ਥਾਣਾ ਖੇਤਰ ਅਧੀਨ ਪੈਂਦੇ ਰਾਮਚੰਦਰ ਢਾਕਾ ਪਿੰਡ ਦੇ ਰਹਿਣ ਵਾਲੇ ਸਨ। ਸਾਰੇ ਦੇਵਘਰ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਗੁਪਤਾ (38), ਮੀਨਾ ਦੇਵੀ (50), ਪੱਲਵੀ ਦੇਵੀ (28), ਬਾਦਲ ਕੁਮਾਰ (10) ਅਤੇ ਸਕਾਰਪੀਓ ਚਾਲਕ ਜ਼ਾਫ਼ਰ ਆਲਮ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕਾਰਪੀਓ ਵਿੱਚ ਸਵਾਰ ਸਾਰੇ ਲੋਕ ਅੱਜ ਸਵੇਰੇ ਦੇਵਘਰ ਵੱਲ ਜਾ ਰਹੇ ਸਨ। ਇਸੇ ਦੌਰਾਨ ਗੁਣਸਾਗਰ ਦੇ ਨੇੜੇ ਸਾਹਮਣੇ ਤੋਂ ਆ ਰਹੇ ਝਾਰਖੰਡ ਨੰਬਰ ਦੇ ਕੋਇਲੇ ਨਾਲ ਲੱਦੇ ਮਾਲਵਾਹਕ ਟਰੱਕ ਨਾਲ ਸਕਾਰਪੀਓ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ 4 ਹੋਰ ਲੋਕ ਜ਼ਖ਼ਮੀ ਹੋ ਗਏ।
ਹਾਦਸਾਗ੍ਰਸਤ ਸਕਾਰਪੀਓ ਵਿੱਚੋਂ ਮੁੰਡਨ ਸੰਸਕਾਰ ਨਾਲ ਸਬੰਧਤ ਸਮੱਗਰੀ ਵੀ ਮਿਲੀ ਹੈ। ਪੁਲੀਸ ਨੂੰ ਖਦਸ਼ਾ ਹੈ ਕਿ ਕੱਤਕ ਪੂਰਨਿਮਾ ਦੇ ਮੌਕੇ ਬੱਚੇ ਦਾ ਮੁੰਡਨ ਸੰਸਕਾਰ ਕਰਵਾਉਣ ਲਈ ਸਾਰੇ ਲੋਕ ਦੇਵਘਰ ਜਾ ਰਹੇ ਹੋਣਗੇ। ਹਾਲਾਂਕਿ, ਇਸ ਸਬੰਧ ਵਿੱਚ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਸਦਰ ਹਸਪਤਾਲ ਲਖੀਸਰਾਏ ਪਹੁੰਚਾਇਆ ਗਿਆ। ਤੇਤਰਹਾਟ ਥਾਣਾ ਪੁਲੀਸ ਨੇ ਬੁਲਡੋਜ਼ਰ ਦੀ ਮਦਦ ਨਾਲ ਹਾਦਸਾਗ੍ਰਸਤ ਸਕਾਰਪੀਓ ਨੂੰ ਮੌਕੇ ਤੋਂ ਹਟਵਾ ਕੇ ਥਾਣੇ ਪਹੁੰਚਾਇਆ। ਉੱਥੇ ਹੀ, ਕੋਲੇ ਨਾਲ ਲੱਦੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਤੇਤਰਹਾਟ ਥਾਣਾ ਮੁਖੀ ਇਲੂ ਉਪਾਧਿਆਏ ਨੇ ਦੱਸਿਆ ਕਿ ਸਕਾਰਪੀਓ ਸਵਾਰ ਸਾਰੇ ਲੋਕ ਮੋਤੀਹਾਰੀ ਤੋਂ ਦੇਵਘਰ ਜਾ ਰਹੇ ਸਨ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਮਾਲਵਾਹਕ ਟਰੱਕ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂ ਕਿ ਚਾਰ ਲੋਕ ਜ਼ਖ਼ਮੀ ਹਨ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
