Connect with us

Mohali

ਪਿੰਡ ਮੀਆਂਪੁਰ ਦੇ ਵਸਨੀਕਾਂ ਨੇ ਰੀਅਲ ਅਸਟੇਟ ਕੰਪਨੀ ਤੇ ਅਦਾਲਤੀ ਰੋਕ ਦੇ ਬਾਵਜੂਦ ਉਹਨਾਂ ਦੀ ਜਮੀਨ ਵਿੱਚ ਉਸਾਰੀ ਕਰਨ ਦਾ ਦੋਸ਼ ਲਗਾਇਆ, ਕੰਪਨੀ ਨੇ ਦੋਸ਼ ਨਕਾਰੇ

Published

on

 

ਪਿੰਡ ਵਾਲਿਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਭੇਜੀ ਸ਼ਿਕਾਇਤ

ਐਸ ਏ ਐਸ ਨਗਰ, 26 ਜੂਨ (ਸ.ਬ.) ਪਿੰਡ ਮੀਆਂਪੁਰ ਸਬ ਤਹਿਸੀਲ ਮਾਜਰੀ ਜਿਲਾ ਐਸ ਏ ਐਸ ਨਗਰ ਦੇ ਵਸਨੀਕਾਂ ਕਰਮਪ੍ਰੀਤ ਸਿੰਘ, ਲਖਮੀਰ ਸਿੰਘ, ਸਵਰਨ ਸਿੰਘ ਅਤੇ ਅਮਰੀਕ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਹਨਾਂ ਦੀ ਜਮੀਨ ਤੇ ਜਬਰੀ ਉਸਾਰੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਰੀਅਲ ਅਸਟੇਟ ਅਤੇ ਇਨਫ੍ਰਾਸਟ੍ਰਕਚਰ ਕੰਪਨੀ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਖਾਸਤ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਡੀ ਜੀ ਪੀ, ਐਸ ਐਸ ਪੀ ਮੁਹਾਲੀ, ਐਸ ਡੀ ਐਮ ਖਰੜ ਅਤੇ ਨਾਇਬ ਤਹਿਸੀਲਦਾਰ ਮਾਜਰੀ ਨੂੰ ਵੀ ਭੇਜੀਆਂ ਗਈਆਂ ਹਨ।

ਉਹਨਾਂ ਲਿਖਿਆ ਹੈ ਕਿ ਉਹ ਪਿੰਡ ਮੀਆਂਪੁਰ (ਸਬ ਤਹਿਸੀਲ ਮਾਜਰੀ, ਜਿਲਾ ਐਸ ਏ ਐਸ ਨਗਰ) ਦੇ ਵਸਨੀਕ ਅਤੇ ਖੇਵਟਦਾਰ ਹਨ। ਉਹਨਾਂ ਦੇ ਪਿੰਡ ਵਿੱਚ ਚੰਡੀਗੜ੍ਹ ਦੀ ਇੱਕ ਵੱਡੀ ਪ੍ਰਾਈਵੇਟ ਕੰਪਨੀ ਹੈ ਜੋ ਕਿ ਰੀਅਲ ਇਸਟੈਂਟ ਅਤੇ ਇਨਫਰਾਸਟਰੱਕਚਰ ਨਾਲ ਸਬੰਧਤ ਹੈ ਵਲੋਂ ਕਾਫੀ ਵੱਡੇ ਪੱਧਰ ਤੇ ਵੱਡੇ ਵੱਡੇ ਟੱਕ ਖਰੀਦ ਕੇ ਇਕੱਠੇ ਕੀਤੇ ਹਨ ਅਤੇ ਉਹਨਾਂ ਸਾਰਿਆਂ ਦੀ ਐਸ-7 ਹੋਲਡਿੰਗ, ਚੰਡੀਗੜ੍ਹ ਨਾਮ ਦੀ ਉਕਤ ਕੰਪਨੀ ਦੇ ਨਾਲ ਸਾਂਝੀ ਅਤੇ ਇੱਕੋ ਹੀ ਖੇਵਟ ਵਿੱਚ ਜਮੀਨ ਹੈ, ਜਿਹੜੀ ਜਮਾਬੰਦੀ ਸਾਲ 2020-2021 ਪਿੰਡ ਮੀਆਂਪੁਰ ਦੇ ਮੁਤਾਬਕ ਕਾਇਮ ਹੈ ਅਤੇ ਉਕਤ ਜਮੀਨ ਦੀ ਖੇਵਟ ਦੀ ਵੰਡ ਅਤੇ ਤਕਸੀਮ ਹੁਣ ਤੱਕ ਕਿਸੇ ਵੀ ਸਮਰਥ ਅਦਾਲਤ ਦੇ ਹੁਕਮਾਂ ਮੁਤਾਬਿਕ ਨਹੀਂ ਹੋਈ ਹੈ।

ਦਰਖਾਸਤ ਵਿੱਚ ਉਹਨਾਂ ਲਿਖਿਆ ਹੈ ਕਿ ਉਹਨਾਂ ਦੀ ਸਾਂਝੀ ਜਮੀਨ ਦੇ ਉੱਤੇ ਉਕਤ ਕੰਪਨੀ ਵਲੋਂ ਅਣਅਧਿਕਾਰਤ ਤੌਰ ਤੇ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸਦੇ ਖਿਲਾਫ ਉਹਨਾਂ ਖੇਵਟਦਾਰਾਂ ਵਲੋਂ ਖਰੜ ਦੀ ਮਾਨਯੋਗ ਅਦਾਲਤ ਵਿਖੇ ਇੱਕ ਦੀਵਾਨੀ ਦਾਅਵਾ ਦਾਇਰ ਕੀਤਾ ਸੀ ਜਿਸ ਵਿੱਚ ਸਿਵਲ ਜੱਜ ਸ੍ਰੀਮਤੀ ਗੀਤਾ ਰਾਣੀ ਦੀ ਅਦਾਲਤ ਨੇ ਬੀਤੀ 3 ਅਪ੍ਰੈਲ ਨੂੰ ਇੱਕ ਤਰਫਾ ਸਟੇਅ ਦੇ ਹੁਕਮ ਦਿੱਤੇ ਸਨ ਅਤੇ ਅਦਾਲਤ ਦੇ ਹੁਕਮ ਮੁਤਾਬਿਕ ਅਗਲੀ ਤਰੀਕ ਤਕ ਐਸ-7 ਹੋਲਡਿੰਗ ਚੰਡੀਗੜ੍ਹ ਨੂੰ ਉਸਾਰੀ ਕਰਨ ਤੇ ਰੋਕ ਲਗਾ ਦਿੱਤੀ ਸੀ। ਬਾਅਦ ਵਿੱਚ (20 ਮਈ 2024 ਨੂੰ) ਸਿਵਲ ਜੱਜ ਜੂਨੀਅਰ ਡਵੀਜ਼ਨ, ਖਰੜ ਦੀ ਅਦਾਲਤ ਨੇ ਪੱਕੀ ਸਟੇਅ ਕਰ ਦਿੱਤੀ ਸੀ।

ਉਹਨਾਂ ਲਿਖਿਆ ਹੈ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਤਾਮੀਲੀਅਤ ਤੋਂ ਬਾਅਦ ਵੀ ਉਕਤ ਕੰਪਨੀ ਵਲੋਂ ਮੌਕੇ ਤੇ ਆਪਣੇ ਰੇਤ ਬਜਰੀ ਅਤੇ ਮਿੱਟੀ ਦੇ ਭਰੇ ਟਰੱਕ ਟਿੱਪਰ ਮੌਕੇ ਤੇ ਲਿਆ ਕੇ ਅਤੇ ਵੱਡੀਆਂ ਗੱਡੀਆਂ, ਟਰਕ, ਜੇ ਸੀ ਬੀ. ਟਿੱਪਰ ਵਗੈਰਾ ਸਾਡੀ ਸਾਂਝੀ ਜਮੀਨ ਉੱਤੇ ਚਲਵਾਏ ਜਾ ਰਹੇ ਹਨ ਅਤੇ ਸਾਡਾ ਸਾਂਝਾ ਕਬਜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਨੀ ਵਲੋਂ ਉਸਾਰੀ ਵਾਲੀ ਜਗ੍ਹਾ ਤੇ ਵੱਡੀ ਮਾਤਰਾ ਵਿੱਚ ਆਪਣੇ ਵਰਕਰਾਂ ਨੂੰ ਭੇਜ ਕੇ ਆਪਣਾ ਉਸਾਰੀ ਦਾ ਕੰਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ ਜੋ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਗੈਰ ਕਾਨੂੰਨੀ ਕਾਰਵਾਈ ਹੈ।

ਦਰਖਾਸਤ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਇਸ ਸਬੰਧੀ ਪੁਲੀਸ ਥਾਣਾ ਬਲਾਕ ਮਾਜਰੀ ਦੇ ਮੁੱਖ ਅਫਸਰ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਤਸਦੀਕ ਸੁਦਾ ਕਾਪੀ ਵੀ ਪੇਸ਼ ਕੀਤੀ ਗਈ ਪਰੰਤੂ ਇਸਦੇ ਬਾਵਜੂਦ ਪੁਲੀਸ ਵਲੋਂ ਕੰਪਨੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਦਰਖਾਸਤ ਵਿੱਚ ਮੰਗ ਕੀਤੀ ਗਈ ਹੈ ਕਿ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਸੰਪਰਕ ਕਰਨ ਤੇ ਐਸ 7 ਹੋਲਡਿੰਗ ਕੰਪਨੀ ਦੇ ਸz. ਕਮਲਦੀਪ ਸਿੰਘ ਭੰਗੂ ਨੇ ਕਿਹਾ ਕਿ ਪਿੰਡ ਵਾਲਿਆਂ ਵਲੋਂ ਲਗਾਏ ਜਾ ਰਹੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਜਿਹੜੀ ਜਮੀਨ ਤੇ ਮਾਣਯੋਗ ਅਦਾਲਤ ਵਲੋਂ ਸਟੇਅ ਦੇ ਹੁਕਮ ਜਾਰੀ ਕੀਤੇ ਗਏ ਹਨ ਉਸਦੇ ਬਿਲਕੁਲ ਨਾਲ ਲੱਗਦੀ ਜਮੀਨ ਵੀ ਕੰਪਨੀ ਦੀ ਹੈ ਅਤੇ ਅਤੇ ਉਹਨਾਂ ਦੀ ਕੰਪਨੀ ਵਲੋਂ ਸਿਰਫ ਆਪਣੀ ਜਮੀਨ ਵਿੱਚ ਹੀ ਕੰਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਲੋਕ ਕੰਪਨੀ ਤੇ ਦਬਾਓ ਬਣਾਉਣ ਅਤੇ ਉਹਨਾਂ ਨੂੰ ਬਦਨਾਮ ਕਰਨ ਲਈ ਝੂਠੇ ਇਲਜਾਮ ਲਗਾ ਰਹੇ ਹਨ ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਮੌਕੇ ਤੇ ਆ ਕੇ ਜਾਂਚ (ਅਤੇ ਤਸੱਲੀ) ਕਰ ਸਕਦਾ ਹੈ।

Continue Reading

Mohali

ਸੈਕਟਰ 74 ਅਤੇ ਸੈਕਟਰ 91 ਵਿੱਚ ਰੋਜ ਲਗਾਈ ਜਾਂਦੀ ਹੈ ਕੂੜੇ ਨੂੰ ਅੱਗ : ਰਾਮਦੀਪ ਕੌਰ

Published

on

By

ਜਹਿਰੀਲੀ ਹਵਾ ਕਾਰਨ ਲੋਕ ਹੋ ਰਹੇ ਹਨ ਬਿਮਾਰ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਦੀ ਕਾਰਵਾਈ ਕਾਰਨ ਸ਼ਹਿਰ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਸੈਕਟਰ 74 ਵਿੱਚ ਪੁਰਾਣੇ ਡੰਪਿਗ ਮੈਦਾਨ ਵਾਲੀ ਥਾਂ ਦੇ ਨਾਲ ਅਤੇ ਸੈਕਟਰ 90-91 ਵਿੱਚ ਜਲ ਬੋਰਡ ਦੇ ਨੇੜੇ ਦੀ ਖਾਲੀ ਜਮੀਨ ਤੇ ਕੂੜਾ ਸੁੱਟਣ ਅਤੇ ਫਿਰ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।

ਇੱਥੇ ਜਿਕਰਯੋਗ ਹੈ ਕਿ ਸੈਕਟਰ 74 ਏ ਦੇ ਨਾਲ ਲੱਗਦੀ ਥਾਂ ਵਿੱਚ ਪਹਿਲਾਂ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਨ ਲਈ ਡੰਪਿੰਗ ਯਾਰਡ ਬਣਿਆ ਸੀ ਅਤੇ ਇਸ ਥਾਂ ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਸਥਾਨਕ ਵਸਨੀਕ ਪਰੇਸ਼ਾਨ ਰਹਿੰਦੇ ਸਨ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮਾਣਯੋਗ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ ਜਿਸਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਕੂੜਾ ਸੁੱਟਣ ਤੇ ਰੋਕ ਲਗਾ ਦਿੱਤੀ ਗਈ ਸੀ।

ਸਮਾਜਸੇਵੀ ਆਗੂ ਰਾਮਦੀਪ ਕੌਰ ਨੇ ਕਿਹਾ ਕਿ ਮਾਣਯੋਗ ਅਦਾਲਤ ਵਲੋਂ ਇੱਥੇ ਕੂੜਾ ਸੁੱਟਣ ਤੇ ਰੋਕ ਲਗਾਏ ਜਾਣ ਤੋਂ ਬਾਅਦ ਕੁੱਝ ਸਮਾਂ ਤਾਂ ਠੀਕ ਠਾਕ ਲੰਘਿਆ ਸੀ ਪਰੰਤੂ ਬਾਅਦ ਵਿੱਚ ਨਗਰ ਨਿਗਮ ਵਲੋਂ ਇਸ ਪੁਰਾਣੇ ਡੰਪਿੰਗ ਯਾਰਡ ਦੇ ਨੇੜੇ ਪੈਂਦੀ ਖਾਲੀ ਥਾਂ ਅਤੇ ਸੈਕਟਰ 90-91 ਦੇ ਜਲ ਬੋਰਡ ਦੇ ਨੇੜੇ ਦੀ ਥਾਂ ਤੇ ਕੂੜੇ ਦੇ ਢੇਰ ਲਗਾਉਣੇ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਟਰਾਲੀਆਂ ਵਿੱਚ ਦਰਖਤਾਂ ਦੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕੂੜੇ ਦੇ ਇਹਨਾਂ ਢੇਰਾਂ ਵਿੱਚ ਰਾਤ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਸ ਖੇਤਰ ਵਿੱਚ ਹਰ ਪਾਸੇ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਸਨੀਕਾਂ ਨੂੰ ਪੱਲਿਉਂ ਟੈਕਰ ਮੰਗਵਾ ਕੇ ਇਹ ਅੱਗ ਬੁਝਾਉਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Continue Reading

Mohali

ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਬੀਬੀ ਹਰਜਿੰਦਰ ਕੌਰ ਬਟਾਲਾ ਵਾਲਿਆਂ ਦੇ ਜੱਥੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪ੍ਰਸੰਗ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਨਰਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸੰਤ ਬਾਬਾ ਸਵਰਨ ਸਿੰਘ ਮਲਕਪੁਰ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 62 ਸਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਉਨਾਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਕਾਲ ਕਵੀਸ਼ਰੀ ਜੱਥਾ, ਭਾਈ ਪਰਵਿੰਦਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ, ਮਾਤਾ ਸੰਦਰ ਕੌਰ ਜੀ ਸਰਬ ਸਾਂਝੀ ਸੋਸਾਇਟੀ, ਭਾਈ ਕੁਲਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਮਨਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

Continue Reading

Mohali

ਖਾਲਸਾ ਕਾਲਜ ਵਿੱਚ ਫੇਅਰਵੈਲ ਪਾਰਟੀ ਰੁਖ਼ਸਤ 2026 ਦਾ ਆਯੋਜਨ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਫੇਜ਼-3ਏ ਵਿੱਚ ਸਥਿਤ ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟਡੀਜ਼ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਹਰਿਸ਼ ਕੁਮਾਰੀ ਦੀ ਅਗਵਾਈ ਹੇਠ ਫੇਅਰਵੈਲ ਪਾਰਟੀ ‘ਰੁਖ਼ਸਤ 2026’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ. ਕਾਮ, ਬੀ. ਕਾਮ ਆਨਰਜ਼, ਬੀ. ਬੀ. ਏ., ਬੀ. ਸੀ. ਏ., ਬੀ. ਏ., ਪੀ. ਜੀ. ਡੀ. ਸੀ. ਏ., ਐਮ. ਐਸ. ਸੀ. ਆਈ ਟੀ, ਐਮ. ਏ. ਸੋਸ਼ਿਓਲੋਜੀ, ਐਮ. ਬੀ. ਏ., ਐਮ. ਕਾਮ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਮੌਕੇ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਤ ਦੌਰਾਨ ਮਿਸਟਰ ਅਤੇ ਮਿਸ ਫੇਅਰਵੈਲ, ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਪਹਿਰਾਵਿਆਂ ਵਿੱਚ ਰੈਂਪ ਤੇ ਮਨਮੋਹਕ ਅੰਦਾਜ਼ ਵਿੱਚ ਵਾਕ ਕੀਤੀ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਲੋਕ ਗੀਤ, ਵੈਸਟਰਨ ਗਾਣੇ, ਡਾਂਸ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ।

ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਵਿੱਚ ਬੀ. ਬੀ. ਏ. ਛੇਵੇਂ ਸੈਮਿਸਟਰ ਦੀ ਨੇਹਾ ਨੂੰ ਮਿਸ ਫੇਅਰਵੈਲ ਅਤੇ ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕੇਤਨ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ, ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕਰਮਵੀਰ ਨੂੰ ਮਿਸਟਰ ਹੈਂਡਸਮ ਅਤੇ ਬੀ. ਕਾਮ ਛੇਵੇਂ ਸੈਮਿਸਟਰ ਦੀ ਪ੍ਰੀਤੀ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ।

ਸਮਾਗਮ ਦੇ ਅੰਤ ਵਿੱਚ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਮੈਂਬਰਾਂ ਲਈ ਮੁਫ਼ਤ ਐਸਟ੍ਰੋ ਵਰਕਸ਼ਾਪ ਵੀ ਆਯੋਜਿਤ ਕੀਤੀ।

Continue Reading

Latest News

Trending