Connect with us

Chandigarh

ਭਾਰਤੀ ਚੋਣ ਕਮਿਸ਼ਨ ਵੱਲੋਂ ‘ਸਰਵੋਤਮ ਵੋਟਰ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ-2024’ ਲਈ ਮੀਡੀਆ ਐਵਾਰਡਾਂ ਦਾ ਐਲਾਨ

Published

on

 

ਭਾਰਤੀ ਚੋਣ ਕਮਿਸ਼ਨ ਨੇ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਅਤੇ ਔਨਲਾਈਨ/ਸੋਸ਼ਲ ਮੀਡੀਆ ਤੋਂ ਐਂਟਰੀਆਂ ਮੰਗੀਆਂ : ਸਿਬਿਨ ਸੀ

ਚੰਡੀਗੜ੍ਹ, 18 ਅਕਤੂਬਰ (ਸ.ਬ.) ਭਾਰਤੀ ਚੋਣ ਕਮਿਸ਼ਨ ਨੇ 2024 ਦੌਰਾਨ ਵੋਟਰ ਸਿੱਖਿਆ ਅਤੇ ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਹਾਊਸਾਂ ਦੇ ਯਤਨਾਂ ਨੂੰ ਮਾਨਤਾ ਦੇਣ ਦੇ ਮੱਦੇਨਜ਼ਰ ਵਿਸ਼ੇਸ਼ ਮੀਡੀਆ ਐਵਾਰਡਾਂ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਮੁਹਿੰਮਾਂ ਦੇ ਸਨਮਾਨ ਵਜੋਂ ਦਿੱਤੇ ਜਾਣਗੇ ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ, ਚੋਣਾਂ ਸਬੰਧੀ ਆਈ. ਟੀ. ਐਪਲੀਕੇਸ਼ਨਾਂ ਅਤੇ ਹੋਰ ਮੁੱਖ ਚੋਣ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਵੋਟਰਾਂ ਦੀ ਭਾਗੀਦਾਰੀ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ (25 ਜਨਵਰੀ, 2025) ਨੂੰ ਦਿੱਤੇ ਜਾਣ ਵਾਲੇ ਇਹ ਪੁਰਸਕਾਰ ਚਾਰ ਸ਼੍ਰੇਣੀਆਂ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਅਤੇ ਆਨਲਾਈਨ/ਸੋਸ਼ਲ ਮੀਡੀਆ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਸਕਾਰਾਂ ਦਾ ਮੁਲਾਂਕਣ ਵੋਟਰ ਜਾਗਰੂਕਤਾ ਮੁਹਿੰਮਾਂ ਦੀ ਕੁਆਲਿਟੀ, ਪੇਸ਼ ਕੀਤੀ ਗਈ ਜਾਣਕਾਰੀ ਦੀ ਭਰੋਸੇਯੋਗਤਾ ਅਤੇ ਮੁਹਿੰਮ ਵੱਲੋਂ ਕਵਰ ਕੀਤੇ ਦਾਇਰੇ ਤੇ ਅਧਾਰਤ ਹੋਵੇਗਾ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਭਾਰਤੀ ਚੋਣ ਕਮਿਸ਼ਨ ਨੇ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ ਅਤੇ ਔਨਲਾਈਨ/ਸੋਸ਼ਲ ਮੀਡੀਆ ਤੋਂ ਐਂਟਰੀਆਂ ਮੰਗੀਆਂ ਹਨ। ਪ੍ਰਿੰਟ ਮੀਡੀਆ ਦੀਆਂ ਐਂਟਰੀਆਂ ਭੇਜਣ ਸਮੇਂ ਕੀਤੇ ਗਏ ਕੰਮ ਦਾ ਪੂਰਾ ਵੇਰਵਾ, ਪ੍ਰਕਾਸ਼ਿਤ ਲੇਖਾਂ ਦੀ ਗਿਣਤੀ, ਕੁੱਲ ਪ੍ਰਿੰਟ ਏਰੀਆ ਅਤੇ ਜਨਤਕ ਭਾਗੀਦਾਰੀ ਸਬੰਧੀ ਗਤੀਵਿਧੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਸੰਬੰਧਿਤ ਲੇਖਾਂ ਦੀ ਇੱਕ ਸਾਫਟ ਕਾਪੀ, ਵੈੱਬ ਲਿੰਕ ਜਾਂ ਹਾਰਡ ਕਾਪੀ ਵੀ ਨੱਥੀ ਕਰਨੀ ਹੋਵੇਗੀ।

ਟੈਲੀਵਿਜ਼ਨ ਅਤੇ ਰੇਡੀਓ ਦੀਆਂ ਐਂਟਰੀਆਂ ਵਿੱਚ ਸੀ. ਡੀ., ਡੀ. ਵੀ. ਡੀ., ਜਾਂ ਪੈਨ ਡਰਾਈਵ ਰਾਹੀ ਡੇਟਾ ਦਿੱਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਮਿਆਦ ਸਬੰਧੀ, ਲਗਾਤਾਰਤਾ ਅਤੇ ਕੁੱਲ ਪ੍ਰਸਾਰਣ ਸਮੇਂ ਦੇ ਵੇਰਵੇ ਸ਼ਾਮਲ ਹੋਣ।

ਔਨਲਾਈਨ ਅਤੇ ਸੋਸ਼ਲ ਮੀਡੀਆ ਦੀਆਂ ਐਂਟਰੀਆਂ ਲਈ ਸੰਬੰਧਤ ਲਿੰਕਾਂ ਜਾਂ ਪੀ. ਡੀ. ਐਫ਼ਜ਼. ਦੇ ਨਾਲ ਪੋਸਟਾਂ, ਬਲੌਗ, ਟਵੀਟਸ ਜਾਂ ਮੁਹਿੰਮਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਉਹਨਾਂ ਦੱਸਿਆ ਕਿ ਸਾਰੀਆਂ ਐਂਟਰੀਆਂ 2024 ਦੌਰਾਨ ਪ੍ਰਕਾਸ਼ਿਤ, ਪ੍ਰਸਾਰਣ ਜਾਂ ਪੋਸਟ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਅੰਗਰੇਜ਼ੀ ਜਾਂ ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਐਂਟਰੀਆਂ ਦੇ ਨਾਲ ਅੰਗਰੇਜ਼ੀ ਅਨੁਵਾਦ ਵੀ ਹੋਣਾ ਚਾਹੀਦਾ ਹੈ। ਐਂਟਰੀਆਂ ਵਿੱਚ ਮੀਡੀਆ ਹਾਊਸ ਦਾ ਨਾਮ, ਪਤਾ ਅਤੇ ਸੰਪਰਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ ਜੋ 10 ਦਸੰਬਰ, 2024 ਤੱਕ ਭਾਰਤੀ ਚੋਣ ਕਮਿਸ਼ਨ ਦੇ ਪਤੇ ਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ।

 

Continue Reading

Chandigarh

ਕਿਸਾਨਾਂ ਨੇ ਘੇਰਿਆ ਚੰਡੀਗੜ੍ਹ, ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਭਵਨ ਦੇ ਗੇਟ ਉੱਤੇ ਹੀ ਲਗਾਇਆ ਧਰਨਾ

Published

on

By

 

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਚੰਡੀਗੜ੍ਹ ਵੱਲ ਤੁਰੇ ਕਿਸਾਨ, ਪੁਲੀਸ ਨੇ ਕੀਤੀ ਬੈਰੀਕੇਡਿੰਗ, ਜਾਮ ਵਿੱਚ ਫ਼ਸੇ ਲੋਕ

ਚੰਡੀਗੜ੍ਹ, 18 ਅਕਤੂਬਰ (ਸ.ਬ.) ਸੰਯੁਕਤ ਕਿਸਾਨ ਮੋਰਚਾ ਵਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਏ ਜਾਣ ਵਾਲੇ ਧਰਨੇ ਲਈ ਜਾ ਰਹੇ ਕਿਸਾਨਾਂ ਨੂੰ ਪੁਲੀਸ ਵਲੋਂ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਭਵਨ ਦੇ ਗੇਟ ਉੱਤੇ ਹੀ ਧਰਨਾ ਲਗਾ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਵਿਚ ਪੁੱਜੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਹੁਣ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੀ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਹਿਰਾਸਤ ਵਿਚ ਲਏ ਗਏ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਮੰਡੀਆਂ ਵਿਚ ਝੋਨਾ ਨਹੀਂ ਖਰੀਦਿਆ ਜਾਂਦਾ, ਉਦੋਂ ਤੱਕ ਕਿਸਾਨ ਇਥੇ ਹੀ ਡਟੇ ਰਹਿਣਗੇ। ਇਸ ਮੌਕੇ ਤੇ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ ਆਦਿ ਆਗੂ ਕਿਸਾਨ ਭਵਨ ਵਿਚ ਮੌਜੂਦ ਹਨ ਅਤੇ ਇੱਥੇ ਪੁਲੀਸ ਕਰਮਚਾਰੀ ਉਨ੍ਹਾਂ ਨੂੰ ਕਿਸਾਨ ਭਵਨ ਤੋਂ ਬਾਹਰ ਜਾਣ ਲਈ ਰੋਕ ਰਹੇ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਦੇ ਬੋਧ ਸਿੰਘ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰ ਦੇ ਧੰਨਾ ਮਲ ਗੋਇਲ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ ਸਮੇਤ ਹੋਰਨਾਂ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਸ਼ਨਿਚਰਵਾਰ ਸ਼ਾਮ 4 ਵਜੇ ਮੀਟਿੰਗ ਕਰਨ ਦਾ ਸੱਦਾ ਭੇਜਿਆ ਗਿਆ ਹੈ।

Continue Reading

Chandigarh

ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਕੀਤੀ ਬੈਰੀਕੇਡਿੰਗ, ਜਾਮ ਵਿੱਚ ਫ਼ਸੇ ਲੋਕ

Published

on

By

 

ਚੰਡੀਗੜ੍ਹ, 18 ਅਕਤੂਬਰ (ਸ.ਬ.) ਪੰਜਾਬ ਤੋਂ ਚੰਡੀਗੜ੍ਹ ਵੱਲ ਆਉਣ ਵਾਲੇ ਬਹੁਤ ਸਾਰੇ ਰਸਤਿਆਂ ਨੂੰ ਪੁਲੀਸ ਵਲੋਂ ਰੋਕ ਦਿੱਤਾ ਗਿਆ ਹੈ। ਖ਼ਾਸ ਕਰਕੇ ਫਰਨੀਚਰ ਮਾਰਕੀਟ ਤੋਂ ਚੰਡੀਗੜ੍ਹ ਆਉਣ ਵਾਲੀ ਰੋਡ ਨੂੰ ਰੋਕਣ ਦੇ ਕਾਰਨ ਬੱਸ ਸਟੈਂਡ ਵੱਲ ਸੈਕਟਰ 43 ਵੱਲ ਆ ਰਹੇ ਲੋਕਾਂ ਨੂੰ ਵੱਡੇ ਵੱਡੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਕਿਸਾਨ ਆਗੂਆਂ ਜਿਨ੍ਹਾਂ ਵਿਚ 32 ਜਥੇਬੰਦੀਆਂ ਸ਼ਾਮਿਲ ਹਨ, ਵਲੋਂ ਪਹਿਲਾਂ ਮਿੱਥੇ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਲ ਕੂਚ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਏਅਰ ਪੋਰਟ ਰੋਡ ਤੇ ਪੰਜਾਬ ਪੁਲੀਸ ਵਲੋਂ ਆਗੂਆਂ ਨੂੰ ਰੋਕੇ ਜਾਣ ਤੇ ਕਿਸਾਨਾਂ ਵਲੋਂ ਸੜਕ ਜਾਮ ਕਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

Continue Reading

Chandigarh

ਨਾਇਬ ਸਿੰਘ ਸੈਣੀ ਬਣੇ ਹਰਿਆਣਾ ਦੇ ਮੁੱਖ ਮੰਤਰੀ

Published

on

By

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਆਗੂ ਹੋਏ ਸ਼ਾਮਿਲ

ਪੰਚਕੂਲਾ, 17 ਅਕਤੂਬਰ (ਸ.ਬ.) ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਵਿੱਚ ਆਯੋਜਿਤ ਇਕ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਸ੍ਰੀ ਸੈਣੀ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਮਨੋਹਰ ਲਾਲ ਖੱਟਰ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਵੀ ਮੰਚ ਤੇ ਮੌਜੂਦ ਸਨ।

ਮੁੱਖ ਮੰਤਰੀ ਤੋਂ ਇਲਾਵਾ 13 ਵਿਧਾਇਕ ਅਨਿਲ ਵਿਜ, ਕ੍ਰਿਸ਼ਨ ਲਾਲ ਪੰਵਾਰ, ਰਾਉ ਨਰਬੀਰ, ਮਹੀਪਾਲ ਢੰਡਾ, ਵਿਪੁਲ ਗੋਇਲ, ਅਰਵਿੰਦ ਸ਼ਰਮਾ, ਸ਼ਿਆਮ ਸਿੰਘ ਰਾਣਾ, ਰਣਬੀਰ ਗੰਗਵਾ, ਕ੍ਰਿਸ਼ਨ ਬੇਦੀ, ਸ਼ਰੂਤੀ ਚੌਧਰੀ, ਆਰਤੀ ਰਾਓ, ਰਾਜੇਸ਼ ਨਗਰ, ਗੌਰਵ ਗੌਤਮ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ।

ਸਹੁੰ ਚੁੱਕਣ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰੇ ਵਿਚ ਨਤਮਸਤਕ ਹੋਏ। ਇਸ ਤੋਂ ਇਲਾਵਾ ਸੈਣੀ ਨੇ ਪੰਚਕੂਲਾ ਦੇ ਮਨਸਾ ਦੇਵੀ ਮੰਦਰ ਵਿੱਚ ਵੀ ਮੱਥਾ ਟੇਕਿਆ।

ਇਸ ਮੌਕੇ ਪੰਚਕੂਲਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ 12 ਮਾਰਚ 2024 ਨੂੰ ਉਹ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਚੁਣੇ ਗਏ ਸਨ।

 

Continue Reading

Latest News

Trending