Mohali
ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਗਿੱਦੜਪੁਰ ਅਤੇ ਸੈਦਪੁਰ ਦੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਸਨਮਾਨਿਤ
ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕਾ ਮੁਹਾਲੀ ਦੇ ਪਿੰਡ ਗਿੱਦੜਪੁਰ ਅਤੇ ਸੈਦਪੁਰ ਵਿਖੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਪਿੰਡ ਦੇ ਵਿਕਾਸ ਲਈ ਆਪਣਾ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਸz. ਸਿੱਧੂ ਨੇ ਕਿਹਾ ਕਿ ਪਿੰਡ ਗਿੱਦੜਪੁਰ ਵਿਖੇ ਲੋਕਾਂ ਨੇ ਆਪਸੀ ਸਹਿਮਤੀ ਕਰਕੇ ਬਿਨਾਂ ਚੋਣਾਂ ਤੋਂ ਨਵੇਂ ਪੰਚਾਇਤ ਮੈਂਬਰ ਚੁਣੇ ਹਨ ਜਿਨ੍ਹਾਂ ਵਿਚ ਸਰਪੰਚ ਅਮਨਦੀਪ ਕੌਰ, ਪੰਚ ਰਜਿੰਦਰ ਕੌਰ, ਪੰਚ ਸੁਨੀਤਾ ਰਾਣੀ, ਪੰਚ ਬਲਬੀਰ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਅਜੀਤ ਸਿੰਘ ਦੇ ਨਾਮ ਸ਼ਾਮਲ ਹਨ।
ਇਸ ਦੌਰਾਨ ਸz. ਸਿੱਧੂ ਵਲੋਂ ਪਿੰਡ ਸੈਦਪੁਰ ਵਿਖੇ ਇਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਸਰਪੰਚ ਬੀਬੀ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਬੀਬੀ ਗੁਰਪ੍ਰੀਤ ਕੌਰ ਨੇ ਪਿੰਡ ਦੀਆਂ ਕੁੱਲ 816 ਵੋਟਾਂ ਵਿਚੋਂ 663 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸ ਮੌਕੇ ਸ. ਸਿੱਧੂ ਨੇ ਬੀਬੀ ਗੁਰਪ੍ਰੀਤ ਕੌਰ ਦੀ ਟੀਮ ਦੇ ਜੇਤੂ ਰਹੇ ਸਾਰੇ ਪੰਚਾਂ ਭਗਤ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਵਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਦੀਪ ਕੌਰ, ਰਾਜਰਾਣੀ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੁਰਜੀਤ ਸਿੰਘ, ਮਨਦੀਪ ਸਿੰਘ ਗੋਲਡੀ, ਹਰਚਰਨ ਸਿੰਘ (ਤਿੰਨੋ ਸਾਬਕਾ ਸਰਪੰਚ), ਪਿੰਡ ਗਿੱਦੜਪੁਰ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ, ਜੰਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Mohali
ਪਿੰਡ ਮੁਹਾਲੀ ਵਿੱਚ ਸਿਲੰਡਰ ਵਿੱਚੋਂ ਗੈਸ ਕੱਢ ਕੇ ਛੋਟੇ ਸਿਲੰਡਰ ਵਿੱਚ ਭਰਨ ਦੌਰਾਨ ਫਟਿਆ ਸਿਲੰਡਰ, ਰਾਹਗੀਰ ਔਰਤ ਅਤੇ ਸਿਲੰਡਰ ਭਰਨ ਵਾਲਾ ਜਖਮੀ
ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਨਾਜਾਇਜ਼ ਕਾਰੋਬਾਰ : ਰਵਿੰਦਰ ਸਿੰਘ
ਐਸ ਏ ਐਸ ਨਗਰ, 26 ਨਵੰਬਰ (ਜਸਬੀਰ ਜੱਸੀ) ਅੱਜ ਸਵੇਰ ਸਮੇਂ ਇਥੋਂ ਦੇ ਮੁਹਾਲੀ ਪਿੰਡ ਵਿਖੇ ਵੱਡੇ ਗੈਸ ਸਲੰਡਰ ਵਿੱਚੋਂ ਛੋਟੇ ਗੈਸ ਸਲੰਡਰ ਵਿੱਚ ਗੈਸ ਭਰਨ ਸਮੇਂ ਸਿਲੰਡਰ ਫਟਣ ਨਾਲ ਦੋ ਜਣਿਆਂ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਹਾਲੀ ਪਿੰਡ ਦੇ ਕੌਂਸਲਰ ਰਵਿੰਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਪਿੰਡ ਮੁਹਾਲੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੈਸ ਸਿਲੰਡਰ ਭਰ ਕੇ ਵੇਚਣ ਦਾ ਨਜਾਇਜ਼ ਧੰਦਾ ਚੱਲ ਰਿਹਾ ਹੈ ਅਤੇ ਇਹ ਨਾਜਾਇਜ ਕਾਰੋਬਾਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਜਾਇਜ਼ ਧੰਦੇ ਸਬੰਧੀ ਫੂਡ ਸਪਲਾਈ ਮਹਿਕਮੇ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪ੍ਰੰਤੂ ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਪਤਾ ਲੱਗਦਾ ਹੈ ਕਿ ਮਹਿਕਮੇ ਦੇ ਕੁਝ ਅਫਸਰਾਂ ਦੀ ਸ਼ਹਿ ਤੇ ਇਹ ਨਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪਿੰਡ ਮੁਹਾਲੀ ਵਿਚਲੀ ਮਾਰਕੀਟ ਵਿਚ ਅਚਾਨਕ ਇਕ ਧਮਾਕਾ ਹੋਇਆ। ਧਮਾਕੇ ਦੀ ਆਵਾਜ ਸੁਣ ਕੇ ਪਹਿਲਾਂ ਤਾਂ ਲੋਕ ਕਿਸੇ ਬੰਬ ਫਟਣ ਦੀ ਅਵਾਜ ਸਮਝ ਕੇ ਇਧਰ ਉਧਰ ਭੱਜਣ ਲੱਗ ਪਏ। ਇਸ ਦੌਰਾਨ ਇੱਕ ਦੁਕਾਨਦਾਰ ਵਲੋਂ ਜਦੋਂ ਰੌਲਾ ਪਾਇਆ ਗਿਆ ਕਿ ਇਹ ਧਮਾਕਾ ਗੈਸ ਸਲੰਡਰ ਫਟਣ ਕਾਰਨ ਹੋਇਆ ਹੈ ਤਾਂ ਲੋਕ ਇਕੱਠੇ ਹੋ ਗਏ।
ਗੈਸ ਸਲੰਡਰ ਦੇ ਧਮਾਕੇ ਕਾਰਨ ਉਕਤ ਗੋਦਾਮ ਦਾ ਦਰਵਾਜਾ ਵੀ ਟੁੱਟ ਗਿਆ, ਭਾਵੇਂ ਇਸ ਧਮਾਕੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਇਸ ਧਮਾਕੇ ਦੀ ਲਪੇਟ ਵਿੱਚ ਰਾਹ ਜਾਂਦੀ ਇਕ ਮਹਿਲਾ ਵੀ ਆ ਗਈ, ਜਦੋਂ ਕਿ ਵੱਡੇ ਸਿਲੰਡਰ ਵਿੱਚੋਂ ਛੋਟੇ ਸਿਲੰਡਰ ਵਿੱਚ ਗੈਸ ਭਰਨ ਵਾਲਾ ਸਾਗਰ ਨਾਮ ਦਾ ਵਿਅਕਤੀ ਵੀ ਜਖਮੀ ਹੋ ਗਿਆ, ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਮੁਤਾਬਕ ਜੇਕਰ ਪਿੰਡ ਵਿੱਚੋਂ ਇਹ ਨਜਾਇਜ਼ ਧੰਦਾ ਬੰਦ ਨਾ ਕਰਵਾਇਆ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਗੈਸ ਸਿਲੰਡਰ ਵਾਲਾ ਗੁਦਾਮ ਕਿਸੇ ਗੁਪਤਾ ਨਾਂ ਦੇ ਵਿਅਕਤੀ ਨੇ ਕਿਰਾਏ ਤੇ ਲੈ ਕੇ ਖੋਲਿਆ ਹੋਇਆ ਹੈ, ਜਦੋਂ ਕਿ ਮਕਾਨ ਦਾ ਮਾਲਕ ਅਮਰਜੀਤ ਸਿੰਘ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲਿਆ। ਉਕਤ ਗੁਦਾਮ ਵਿੱਚ 100 ਤੋਂ ਵੱਧ ਘਰੇਲੂ ਅਤੇ ਕਮਰਸ਼ੀਅਲ ਗੈਸ ਸਲੰਡਰ ਪਏ ਸਨ। ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਸੁਖਬੀਰ ਸਿੰਘ ਨੇ ਦਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਸਲਿੰਡਰ ਅਤੇ ਹੋਰ ਸਾਮਾਨ ਵੀ ਜਬਤ ਕੀਤਾ ਜਾ ਰਿਹਾ ਹੈ।
2012 ਵਿੱਚ ਵੀ ਪਿੰਡ ਵਿੱਚ ਸਲੰਡਰ ਫਟਨ ਕਾਰਨ ਇਕ ਨੌਜਵਾਨ ਦੀ ਹੋਈ ਸੀ ਮੌਤ
ਇੱਥੇ ਜਿਕਰਯੋਗ ਹੈ ਕਿ 12 ਸਾਲ ਪਹਿਲਾਂ ( 20 ਜੁਲਾਈ 2012 ਦੀ ਰਾਤ ਨੂੰ) ਵਿਕਾਸ ਨਾਮ ਦਾ ਵਿਅਕਤੀ ਸ਼ਕਤੀ ਮਾਰਕੀਟ ਵਿਚ ਇਕ ਕਮਰੇ ਵਿਚ ਗੈਰ ਕਾਨੂੰਨੀ ਢੰਗ ਨਾਲ ਐਲ.ਪੀ.ਜੀ ਗੈਸ ਦੇ ਵੱਡੇ ਸਿਲੰਡਰ ਵਿਚੋਂ ਛੋਟੇ ਸਿਲੰਡਰ ਵਿਚ ਗੈਸ ਭਰ ਰਿਹਾ ਸੀ। ਇਸ ਦੌਰਾਨ ਵੱਡੇ ਸਿਲੰਡਰ ਵਿੱਚੋਂ ਅਚਾਨਕ ਗੈਸ ਲੀਕ ਹੋਣ ਲੱਗ ਪਈ ਅਤੇ ਦੇਖਦੇ ਹੀ ਦੇਖਦੇ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਕਾਰਨ ਵਿਕਾਸ ਜ਼ਖ਼ਮੀ ਹੋ ਗਿਆ, ਉਸਨੇ ਆਪਣਾ ਬਚਾਅ ਕਰਦਿਆਂ ਅੱਗ ਲੱਗਿਆ ਸਿਲੰਡਰ ਬਾਹਰ ਵਿਹੜੇ ਵਿਚ ਸੁੱਟ ਦਿੱਤਾ ਅਤੇ ਸਿਲੰਡਰ ਫੱਟ ਗਿਆ। ਇਸ ਦੌਰਾਨ ਵਿਹੜੇ ਵਿੱਚ ਮੰਜੇ ਤੇ ਸੁੱਤੇ ਪਏ 12 ਸਾਲ ਦੇ ਸੋਨੂੰ ਅਤੇ 14 ਸਾਲ ਦੇ ਸਾਜਿਦ ਨੂੰ ਅੱਗ ਨੇ ਆਪਣੇ ਲਪੇਟੇ ਵਿਚ ਲੈ ਲਿਆ ਸੀ ਅਤੇ ਤਿੰਨੋ ਜਣੇ ਜ਼ਖ਼ਮੀ ਹੋ ਗਏਸਨ। ਇਸ ਹਾਦਸੇ ਵਿੱਚ 70 ਫੀਸਦੀ ਤੱਕ ਸੜਨ ਕਾਰਨ ਸੋਨੂੰ ਦੀ ਮੌਤ ਹੋ ਗਈ ਸੀ। ਉਸ ਸਮੇਂ ਥਾਣਾ ਫੇਜ਼-1 ਦੀ ਪੁਲੀਸ ਨੇ ਵਿਕਾਸ ਵਾਸੀ ਪਿੰਡ ਮੁਹਾਲੀ ਦੇ ਖਿਲਾਫ ਧਾਰਾ 308,304 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Mohali
ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਅਤੇ ਨਸ਼ੇ ਦੇ ਟੀਕੇ ਬਰਾਮਦ ਹੋਣ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ 10-10 ਸਾਲ ਕੈਦ, 1-1 ਲੱਖ ਜੁਰਮਾਨਾ
ਐਸ ਏ ਐਸ ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਦੀ ਇਕ ਅਦਾਲਤ ਨੇ ਥਾਣਾ ਲਾਲੜੂ ਵਿੱਚ 19 ਫਰਵਰੀ 2022 ਵਿੱਚ ਦਰਜ਼ ਨਸ਼ੀਲੀਆਂ ਸ਼ੀਸ਼ੀਆਂ ਅਤੇ ਨਸ਼ੀਲੇ ਟੀਕੇ ਬਰਾਮਦ ਹੋਣ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜਾ ਸੁਣਾਈ ਹੈ।
ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਅਜੀਤ ਅਤਰੀ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਮੋਰਿੰਡਾ ਜਿਲਾ (ਰੂਪਨਗਰ) ਅਤੇ ਪ੍ਰਿੰਸ ਸਿੰਘ ਵਾਸੀ ਮੋਰਿੰਡਾ ਨੂੰ ਐਨ. ਡੀ. ਪੀ. ਐਸ ਐਕਟ ਵਿੱਚ ਦੋਸ਼ੀ ਕਰਾਰ ਦਿੰਦਿਆ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲਾਲੜੂ ਦੀ ਪੁਲੀਸ ਵਲੋਂ ਭੈੜੇ ਅਨਸਰਾਂ ਖਿਲਾਫ ਅੰਬਾਲਾ ਚੰਡੀਗੜ੍ਹ ਰੋਡ ਖੇਡ ਸਟੇਡੀਅਮ ਲਾਲੜੂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੇ ਸਾਹਮਣੇ ਤੋਂ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲੀਸ ਨੂੰ ਦੇਖ ਕੇ ਘਬਰਾ ਗਏ ਅਤੇ ਆਪਣੇ ਹੱਥ ਵਿੱਚ ਫੜੇ ਲਿਫਾਫਿਆਂ ਨੂੰ ਸੁੱਟ ਕੇ ਵਾਪਸ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲੀਸ ਕਰਮਚਾਰੀਆਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਸਿੰਘ ਦੱਸਿਆ। ਉਨ੍ਹਾਂ ਵਲੋਂ ਸੁੱਟੇ ਗਏ ਦੋਵਾਂ ਲਿਫਾਫਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਕਤ ਲਿਫਾਫਿਆਂ ਵਿੱਚੋਂ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਅਤੇ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਦੀ ਗਿਣਤੀ 25 ਅਤੇ ਨਸ਼ੀਲੇ ਟੀਕਿਆਂ ਦੀ ਗਿਣਤੀ ਵੀ 25 ਸੀ। ਥਾਣਾ ਲਾਲੜੂ ਦੀ ਪੁਲੀਸ ਨੇ ਦੋਵਾਂ ਮੁਲਜਮਾਂ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਵਿਰੁਧ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Mohali
ਕਿਸਾਨ ਜੱਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਮਨਾਇਆ ਗਿਆ ਰੋਸ ਦਿਵਸ
ਏ ਡੀ ਸੀ ਸ੍ਰੀ ਵਿਰਾਜ ਐਸ ਤਿੜਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 26 ਨਵੰਬਰ (ਸ.ਬ.) ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 26 ਨਵੰਬਰ ਨੂੰ ਰੋਸ ਦਿਵਸ ਮਨਾਉਣ ਸੰਬੰਧੀ ਦਿੱਤੀ ਦੇਸ਼ ਵਿਆਪੀ ਕਾਲ ਤੇ ਅੱਜ ਕਿਸਾਨ ਜੱਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਵਿੱਚ ਏ ਡੀ ਸੀ ਸ੍ਰੀ ਵਿਰਾਜ ਐਸ ਤਿੜਕੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਸਾਂਝਾ ਮੰਗ ਪੱਤਰ ਸੌਪਿਆ ਗਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ 26 ਨਵੰਬਰ ਦਾ ਦਿਨ ਇਸ ਲਈ ਰੋਸ ਦਿਵਸ ਮਨਾਉਣ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਉਹ ਦਿਨ ਕਿਸਾਨਾਂ ਨੇ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਸਦ ਵੱਲ ਆਪਣਾ ਇਤਿਹਾਸਕ ਮਾਰਚ ਸ਼ੁਰੂ ਕੀਤਾ ਸੀ ਅਤੇ ਮਜਦੂਰ ਵਿਰੋਧੀ ਚਾਰ ਲੇਬਰ ਕੋਡਜ ਦੇ ਵਿਰੋਧ ਵਿੱਚ ਟਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਕੀਤੀ ਸੀ। ਕਿਸਾਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ ਹਨ।
ਪੱਤਰ ਵਿੱਚ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕਿ ਉਹ ਭਾਰਤ ਦੇ ਕਿਰਤੀਆਂ ਦੀ ਭਲਾਈ ਲਈ ਦਖਲ ਦੇਣ ਅਤੇ ਕਿਰਤੀਆਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਰਤੀ ਵਰਗ ਐੱਨ ਡੀ ਏ – 3 ਸਰਕਾਰ ਦੀਆਂ ਕਾਰਪੋਰੇਟ ਅਤੇ ਅਮੀਰ ਨੂੰ ਹੋਰ ਅਮੀਰ ਬਣਾਉਣ ਦੀਆਂ ਨੀਤੀਆਂ ਦੇ ਕਾਰਨ ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖੇਤੀ ਦੀ ਲਾਗਤ ਅਤੇ ਮਹਿੰਗਾਈ ਹਰ ਸਾਲ 12-15 ਫੀਸਦੀ ਦੀ ਦਰ ਨਾਲ ਵੱਧ ਰਹੀ ਹੈ ਪਰ ਸਰਕਾਰ ਐਮਐਸਪੀ ਵਿੱਚ ਸਿਰਫ 2 ਤੋਂ 7 ਫੀਸਦੀ ਤੱਕ ਵਾਧਾ ਕਰ ਰਹੀ ਹੈ ਅਤੇ ਇਸ ਮੁੱਲ ਤੇ ਵੀ ਖਰੀਦ ਦੀ ਕੋਈ ਗਰੰਟੀ ਨਹੀਂ ਹੈ। ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਖਰੀਦੀ ਫਸਲ ਦੀ ਚੁਕਾਈ ਨਹੀਂ ਕਰਵਾਈ ਗਈ ਜਿਸ ਕਾਰਨ ਮੰਡੀਆਂ ਵਿੱਚ ਥਾਂ ਦੀ ਘਾਟ ਕਾਰਨ ਝੋਨੇ ਦੀ ਖਰੀਦ ਰੁਕੀ ਹੋਈ ਹੈ ਅਤੇ ਕਿਸਾਨ ਆਪਣੀ ਮਾਮੂਲੀ ਐਮ ਐਸ ਪੀ, ਏ ਪੀ ਐਮ ਸੀ ਮੰਡੀਆਂ, ਐਫ ਸੀ ਆਈ ਅਤੇ ਪੀਡੀਐਸ ਦੀ ਸਪਲਾਈ ਨੂੰ ਬਚਾਉਣ ਲਈ ਦੁਬਾਰਾ ਸੜਕਾਂ ਤੇ ਆਉਣ ਲਈ ਮਜ਼ਬੂਰ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਬਹੁ ਕੌਮੀ ਕੰਪਨੀਆਂ ਦੇ ਹਿਤਾਂ ਨੂੰ ਫਾਇਦਾ ਪਹੁੰਚਾਉਣ ਲਈ ਡਿਜੀਟਲ ਐਗਰੀਕਲਚਰ ਮਿਸ਼ਨ ਰਾਹੀਂ ਜ਼ਮੀਨ ਅਤੇ ਫਸਲਾਂ ਦਾ ਡਿਜੀਟਲੀਕਰਨ ਲਾਗੂ ਕਰ ਰਹੀ ਹੈ ਅਤੇ ਠੇਕਾ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਫਸਲਾਂ ਦੇ ਪੈਟਰਨ ਨੂੰ ਖਾਣ ਲਈ ਅਨਾਜ ਉਗਾਉਣ ਤੋਂ ਵਪਾਰਕ ਫਸਲਾਂ ਵੱਲ ਬਦਲ ਜਾਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ ਤਾਂ ਕਿ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਯਕੀਨੀ ਬਣਾਏ ਜਾ ਸਕਣ। 2024-25 ਦੇ ਬਜਟ ਵਿੱਚ ਐਲਾਨੀ ਗਈ ਰਾਸ਼ਟਰੀ ਸਹਿਕਾਰਤਾ ਨੀਤੀ ਦਾ ਉਦੇਸ਼ ਫਸਲ ਦੀ ਵਾਢੀ ਤੋਂ ਬਾਅਦ ਦੇ ਕਾਰਜ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਅਤੇ ਸਹਿਕਾਰੀ ਖੇਤਰ ਦਾ ਫਾਇਦਾ ਕਾਰਪੋਰੇਟਾਂ ਨੂੰ ਦੇਣਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਖੇਤੀ ਵਿੱਚ ਲਗਾਤਾਰ ਵੱਧਦਾ ਘਾਟਾ ਅਤੇ ਕਰਜ਼ੇ ਵਿੱਚ ਹੋਣ ਵਾਲਾ ਵਾਧਾ ਕਿਸਾਨਾਂ ਦੀ ਖੇਤੀਬਾੜੀ ਤੋਂ ਬੇਦਖਲੀ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਗੰਭੀਰ ਖੇਤੀ ਸੰਕਟ ਲੱਖਾਂ ਦੀ ਗਿਣਤੀ ਵਿੱਚ ਪੇਂਡੂ ਨੌਜਵਾਨਾਂ ਨੂੰ ਕਸਬਿਆਂ ਵਿੱਚ ਪਰਵਾਸ ਕਰਨ ਅਤੇ ਮਜਦੂਰਾਂ ਦੀ ਰਾਖਵੀਂ ਫੌਜ ਨੂੰ ਵਧਾਉਣ ਲਈ ਮਜਬੂਰ ਕਰਦਾ ਹੈ। ਇਸ ਦਾ ਉਦਯੋਗਿਕ ਅਤੇ ਸੇਵਾ ਖੇਤਰਾਂ ਦੇ ਕਾਮਿਆਂ ਤੇ ਗੰਭੀਰ ਪ੍ਰਭਾਵ ਪਿਆ ਹੈ। ਕੇਂਦਰ ਸਰਕਾਰ ਵਲੋਂ 4 ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ ਜਿਹੜੇ ਘੱਟੋ-ਘੱਟ ਉਜਰਤਾਂ, ਰੁਜਗਾਰ ਦੀ ਸੁਰੱਖਿਆ, ਕੰਮ ਕਰਨ ਦਾ ਸਹੀ ਸਮਾਂ ਅਤੇ ਯੂਨੀਅਨ ਬਣਾਉਣ ਦੇ ਅਧਿਕਾਰ ਤੇ ਕਿਸੇ ਵੀ ਗਰੰਟੀ ਨੂੰ ਰੱਦ ਕਰਦੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਲਗਾਤਾਰ ਤਿੰਨ ਸਾਲਾਂ ਵਿੱਚ ਸਰਕਾਰ ਨੇ ਖੁਰਾਕ ਸਬਸਿਡੀ 60,470 ਕਰੋੜ ਰੁਪਏ ਅਤੇ ਖਾਦ ਸਬਸਿਡੀ 62,445 ਕਰੋੜ ਰੁਪਏ ਘਟਾ ਦਿੱਤੀ ਹੈ । ਬਹੁਤ ਸਾਰੇ ਰਾਜਾਂ ਵਿੱਚ ਨਕਦ ਟ੍ਰਾਂਸਫਰ ਸਕੀਮ ਰਾਹੀਂ ਪੀ ਡੀ ਐਸ ਨੂੰ ਖਤਮ ਕੀਤਾ ਗਿਆ ਹੈ। ਮਜਦੂਰਾਂ ਅਤੇ ਗਰੀਬ ਲੋਕਾਂ ਦੀ ਖੁਰਾਕ ਦੀ ਘਾਟ ਵਿੱਚ ਵਾਧਾ ਹੋ ਰਿਹਾ ਹੈ। 5 ਸਾਲ ਤੋਂ ਘੱਟ ਉਮਰ ਦੇ 36 ਫੀਸਦੀ ਬੱਚੇ ਘੱਟ ਵਜਨ ਵਾਲੇ ਹਨ, 21 ਫੀਸਦੀ ਭੁੱਖਮਰੀ ਦਾ ਸ਼ਿਕਾਰ ਹਨ, ਜਦੋਂ ਕਿ 38 ਫੀਸਦੀ ਭੋਜਨ ਦੀ ਘਾਟ ਕਾਰਨ ਬਿਮਾਰੀਆਂ ਦਾ ਸ਼ਿਕਾਰ ਹਨ। 57 ਫੀਸਦੀ ਔਰਤਾਂ ਅਤੇ 67 ਫੀਸਦੀ ਬੱਚਿਆਂ ਵਿੱਚ ਖੂਨ ਦੀ ਘਾਟ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਤੇ ਝੋਨੇ ਦੀ ਖਰੀਦ ਸਮੇਂ ਨਮੀ ਦੇ ਨਾਂ ਤੇ ਲਗਾਈ ਕਾਟ ਦੀ ਰਕਮ ਕਿਸਾਨਾਂ ਨੂੰ ਦਿਵਾਈ ਜਾਵੇ, ਝੋਨੇ ਵਿੱਚੋਂ ਕਾਟ ਕੱਟਣ ਵਾਲੇ ਆੜ੍ਹਤੀਆਂ ਦੇ ਲਾਇਸੰਸ ਰੱਦ ਕੀਤੇ ਜਾਣ, ਕਿਸਾਨਾਂ ਨੂੰ ਲੁੱਟਣ ਵਾਲੇ ਸ਼ੈਲਰ ਮਾਲਕਾਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ, ਮਜ਼ਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਏ ਪਰਚੇ ਅਤੇ ਜੁਰਮਾਨੇ ਰੱਦ ਕੀਤੇ ਜਾਣ ਅਤੇ ਉਹਨਾਂ ਦੀ ਜਮਾਂਬੰਦੀ ਵਿੱਚ ਕੀਤੇ ਲਾਲ ਇੰਦਰਾਜ ਖਤਮ ਕੀਤੇ ਜਾਣ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆੳ, ਦਵਿੰਦਰ ਸਿੰਘ, ਜਸਪਾਲ ਸਿੰਘ ਨਿਆਮੀਆਂ, ਨਛੱਤਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਹਰੀ ਸਿੰਘ, ਰਣਜੀਤ ਸਿੰਘ, ਗੁਰਮੁਖ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਚਿੱਲਾ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਦੁਰਾਲੀ ਵੀ ਹਾਜਿਰ ਸਨ।
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ