Uncategorized
ਜਨਤਕ ਥਾਵਾਂ ਤੇ ਹੁੰਦੀ ਸਿਗਰਟਨੋਸ਼ੀ ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਏ ਪ੍ਰਸ਼ਾਸ਼ਨ
ਪੰਜਾਬ ਸਰਕਾਰ ਵਲੋਂ ਸਾਡੇ ਸ਼ਹਿਰ ਅਤੇ ਜਿਲ੍ਹੇ ਨੂੰ ਭਾਵੇਂ ਕਈ ਸਾਲ ਪਹਿਲਾਂ ਹੀ ਤੰਬਾਕੂ ਦੇ ਧੂਏਂ ਤੋਂ ਰਹਿਤ ਸ਼ਹਿਰ ਅਤੇ ਜਿਲ੍ਹੇ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕੀਤੇ ਜਾਣ ਅਤੇ ਨਾਜ਼ਾਇਜ਼ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਦੀ ਕਾਰਵਾਈ ਆਮ ਹੈ। ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਥਾਂ ਥਾਂ ਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਅਨੇਕਾਂ ਫੜੀਆਂ ਲੱਗਦੀਆਂ ਹਨ, ਜਿਹਨਾਂ ਰਾਂਹੀ ਆਮ ਲੋਕਾਂ ਨੂੰ ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਅਜਿਹਾ ਹੋਰ ਸਾਮਾਨ ਵੇਚਿਆ ਜਾਂਦਾ ਹੈ।
ਜਨਤਕ ਥਾਵਾਂ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੇਂਦਰ ਸਰਕਾਰ ਵਲੋਂ ਕਈ ਸਾਲ ਪਹਿਲਾਂ ਦੇਸ਼ ਭਰ ਵਿੱਚ ਕਈ ਸਾਲ ਪਹਿਲਾਂ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਵੀ ਲਾਗੂ ਕੀਤਾ ਜਾ ਚੁੱਕਿਆ ਹੈ ਜਿਸਦੇ ਤਹਿਤ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਫੜੇ ਜਾਣ ਤੇ ਪਹਿਲਾਂ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਦੁਬਾਰਾ ਫੜੇ ਜਾਣ ਤੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਪਰੰਤੂ ਇਸਦੇ ਬਾਵਜੂਦ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਇਸ ਕਾਰਵਾਈ ਨੂੰ ਖੁੱਲ੍ਹੇਆਮ ਅੰਜਾਮ ਦਿੱਤਾ ਜਾਂਦਾ ਹੈ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਕੀਤੀ ਜਾਂਦੀ ਸਿਗਰਟਨੋਸ਼ੀ ਅਤੇ ਅਣਅਧਿਕਾਰਤ ਤਰੀਕੇ ਨਾਲ ਹੁੰਦੀ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਕਾਰਵਾਈ ਨੂੰ ਸਖਤੀ ਨਾਲ ਰੋਕਣ ਦੀ ਥਾਂ ਇਸਨੂੰ ਅਕਸਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸ਼ਹਿਰ ਵਿਚਲੀਆਂ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸ਼ੋਰੂਮਾਂ ਵਿੱਚ ਪਈਆਂ ਖਾਲੀ ਥਾਵਾਂ ਵਿੱਚ ਆਪਣੇ ਠੀਏ ਬਣਾ ਕੇ ਚਾਹ ਅਤੇ ਹੋਰ ਨਿੱਕ ਸੁੱਕ ਵੇਚਣ ਵਾਲੇ ਅਜਿਹੇ ਕਈ ਦੁਕਾਨਦਾਰ ਹਨ ਜਿਹੜੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਵੀ ਕਰਦੇ ਹਨ ਅਤੇ ਇਹਨਾਂ ਫੜੀ ਵਾਲਿਆਂ ਦੇ ਆਸ ਪਾਸ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀਆਂ ਸ਼ਿਕਾਇਤਾਂ ਵੀ ਆਮ ਹਨ। ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਵੀ ਪੇੜਾਂ ਥੱਲੇ ਆਪਣੇ ਝੋਲੇ ਰੱਖ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਫੜੀਆਂ ਵਾਲੇ ਨਜਰ ਆ ਜਾਂਦੇ ਹਨ। ਪਰੰਤੂ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਮਰਥ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਜਨਤਕ ਥਾਵਾਂ ਤੇ ਗੈਰਕਾਨੂੰਨੀ ਢੰਗ ਨਾਲ ਅੰਜਾਮ ਦਿੱਤੀ ਜਾਣ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਬਾਕਾਇਦਾ ਇੱਕ ਕਮੇਟੀ ਵੀ ਬਣਾਈ ਹੋਈ ਹੈ, ਜਿਹੜੀ ਕਦੇ ਕਦਾਰ (ਖਾਨਾ ਪੂਰਤੀ ਲਈ) ਇਹਨਾਂ ਫੜੀ ਵਾਲਿਆਂ ਤੇ ਛਾਪੇਮਾਰੀ ਕਰਦੀ ਅਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦਾ ਚਲਾਨ ਕਰਦੀ ਦਿਖਦੀ ਹੈ। ਇਸੇ ਤਰ੍ਹਾਂ ਸਿਹਾਤ ਵਿਭਾਗ ਦੇ ਅਧਿਕਾਰੀ ਵੀ ਕਦੇ ਕਦਾਰ ਬੀੜੀ ਸਿਗਰਟ ਅਤੇ ਤੰਬਾਕੂ ਦਾ ਹੋਰ ਸਾਮਾਨ ਵੇਚਣ ਵਾਲੀਆਂ ਦੁਕਾਨ ਤੇ ਛਾਪੇ ਮਾਰਦੀ ਹੈ ਪਰੰਤੂ ਇਹ ਕਾਰਵਾਈ ਸ਼ਹਿਰ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਦੀ ਕਾਰਵਾਈ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਹੈ ਅਤੇ ਇਸਦਾ ਕੋਈ ਖਾਸ ਅਸਰ ਵੀ ਨਹੀਂ ਦਿਖਦਾ।
ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਤੇ ਮੁਕੰਮਲ ਤੌਰ ਤੇ ਕਾਬੂੁ ਕਰਨ ਅਤੇ ਜਿਲ੍ਹੇ ਨੂੰ ਮੁਕੰਮਲ ਤੌਰ ਤੇ ਤੰਬਾਕੂ ਦੇ ਧੂਏਂ ਤੋਂ ਮੁਕਤ ਬਣਾਉਣ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਨਾਜ਼ਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਅਤੇ ਰੋਕ ਲਗਾਉਣ ਲਈ ਸਮਰਥ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਸਸੱਸਿਆ ਨੂੰ ਹਲ ਕੀਤਾ ਜਾ ਸਕੇ।
Uncategorized
ਸਾਵਣ ਰੂਪੋਵਾਲੀ ਨੇ ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਰਾਹੀਂ ਸੱਤ ਸਾਲਾਂ ਬਾਅਦ ਕੀਤੀ ਰੰਗਮੰਚ ਤੇ ਵਾਪਸੀ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਦੇ ਹਿੰਦੀ-ਰੁਪਾਂਤਰਣ ਰਾਹੀਂ ਛੋਟੇ ਪਰਦੇ ਦੀ ਤੇਜੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਨੇ ਸੱਤ ਸਾਲ ਬਾਅਦ ਰੰਗਮੰਚ ਤੇ ਵਾਪਸੀ ਕੀਤੀ ਹੈ। ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦੀ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਉਤਕਰਸ਼ ਸਿੰਘ ਅਤੇ ਵਸੰਤ ਸਾਗਰ ਵੀ ਅਹਿਮ ਕਿਰਦਾਰਾਂ ਵਿਚ ਆਏ।
ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ, ਅਵਾਜ਼ ਦੀ ਲਰਜ਼, ਸਾਹਾਂ ਦਾ ਸ਼ੋਰ, ਚੁੱਪ ਦੀ ਚੀਖ, ਸਾਵਣ ਨੇ ਅਨੀਤ ਦੇ ਕਿਰਦਾਰ ਦੀਆਂ ਅੰਦਰੂਨੀ ਪਰਤਾਂ ਤੇ ਰਮਜ਼ਾਂ ਨੂੰ ਆਤਮਸਾਤ ਕਰਕੇ ਵਿਖਾਇਆ। ਡੀ. ਐਸ. ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।
ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਆਪਣੇ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ। ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁੱਝ ਕਹਿ ਦਿੰਦੇ ਹਨ। ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਉਹ ਲਗਭਗ 10 ਸਾਲ ਬਾਅਦ ਸਾਵਣ ਨੂੰ ਦੂਸਰੀ ਵਾਰ ਮੰਚ ਤੇ ਵੇਖ ਰਹੇ ਹਨ। ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਜਗਦੀਪ ਵੜੈਚ, ਰਮਨ ਢਿੱਲੋਂ, ਕਮਲ ਨੈਨ ਸਿੰਘ ਸੇਖੋਂ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ।
Uncategorized
ਰਾਜਸਥਾਨ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗੀ, 7 ਬੱਚਿਆਂ ਦੀ ਮੌਤ, ਕਈ ਜ਼ਖਮੀ
ਝਾਲਾਵਾੜ, 25 ਜੁਲਾਈ (ਸ.ਬ.) ਰਾਜਸਥਾਨ ਦੇ ਝਾਲਾਵਾੜ ਵਿੱਚ ਅੱਜ ਸਵੇਰੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ 7 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 29 ਦੇ ਕਰੀਬ ਬੱਚੇ ਜ਼ਖਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਝਾਲਾਵਾੜ ਜ਼ਿਲ੍ਹੇ ਦੇ ਮਨੋਹਰ ਥਾਣਾ ਖੇਤਰ ਦੇ ਪਿਪਲੋਡੀ ਦੀ ਹੈ। ਜਿੱਥੇ ਅੱਜ ਸਵੇਰੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਕਲਾਸ ਵਿੱਚ ਮੌਜੂਦ ਕਈ ਵਿਦਿਆਰਥੀ ਮਲਬੇ ਹੇਠ ਦੱਬ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਸ ਹਾਦਸੇ ਬਾਰੇ ਝਾਲਾਵਾੜ ਦੇ ਐਸਪੀ ਅਮਿਤ ਕੁਮਾਰ ਨੇ ਕਿਹਾ ਕਿ ਪਿਪਲੋਡੀ ਪ੍ਰਾਇਮਰੀ ਸਕੂਲ ਦੀ ਛੱਤ ਡਿੱਗਣ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 29 ਦੇ ਕਰੀਬ ਬੱਚੇ ਜ਼ਖਮੀ ਹੋ ਗਏ ਹਨ।
ਪੁਲੀਸ ਅਨੁਸਾਰ, ਇਹ ਘਟਨਾ ਜ਼ਿਲ੍ਹੇ ਦੇ ਮਨੋਹਰਥਾਨਾ ਬਲਾਕ ਦੇ ਪਿਪਲੋਡੀ ਸਰਕਾਰੀ ਸਕੂਲ ਵਿੱਚ ਉਸ ਸਮੇਂ ਵਾਪਰੀ ਜਦੋਂ ਬੱਚੇ ਕਲਾਸ ਵਿੱਚ ਸਨ।
ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ, ਅਧਿਆਪਕਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।
ਰਾਜ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਝਾਲਾਵਾੜ ਦੇ ਪਿਪਲੋਡੀ ਵਿੱਚ ਇੱਕ ਸਕੂਲ ਦੀ ਛੱਤ ਡਿੱਗਣ ਨਾਲ ਹੋਇਆ ਦੁਖਦਾਈ ਹਾਦਸਾ ਬਹੁਤ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਹੈ। ਜ਼ਖਮੀ ਬੱਚਿਆਂ ਦੇ ਸਹੀ ਇਲਾਜ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਝਾਲਾਵਾੜ ਦੇ ਮਨੋਹਰਥਾਨਾ ਵਿੱਚ ਇੱਕ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਦੀ ਖ਼ਬਰ ਹੈ, ਜਿਸ ਵਿੱਚ ਬਹੁਤ ਸਾਰੇ ਬੱਚੇ ਅਤੇ ਅਧਿਆਪਕ ਜ਼ਖਮੀ ਹੋ ਗਏ ਹਨ। ਮੈਂ ਘੱਟੋ-ਘੱਟ ਜਾਨੀ ਨੁਕਸਾਨ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।
Uncategorized
ਲੈਂਡ ਪੁਲਿੰਗ ਪਾਲਿਸੀ 2025 ਨੂੰ ਕਾਰਗਰ ਬਣਾਉਣ ਲਈ ਜਰੂਰੀ ਸੁਝਾਵ
ਆਮ ਤੌਰ ਤੇ ਜਦੋਂ ਵੀ ਕੋਈ ਨਵਾਂ ਕਾਨੂੰਨ ਬਣਦਾ ਹੈ ਜਾਂ ਪਾਲਿਸੀ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਪੁਰਾਈਆਂ ਤਰੁੱਟੀਆਂ/ਘਾਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰੰਤੂ ਲੈਂਡ ਪੁਲਿੰਗ ਪਾਲਿਸੀ 2025 ਅਜਿਹੀ ਹੈ, ਜਿਸ ਵਿੱਚ ਪਹਿਲੀ ਤਰੁੱਟੀਆਂ ਨੂੰ ਦੂਰ ਕਰਨ ਦੀ ਬਜਾਏ ਹੋਰ ਨਵੀਆਂ ਤਰੁੱਟੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ ਜਮੀਨ ਮਾਲਕਾਂ ਨੂੰ ਇਸ ਕਦਰ ਨਪੀੜਿਆ ਗਿਆ ਹੈ ਕਿ ਉਹ ਆਪਣੀ ਜਮੀਨ ਗਵਾਉਣ ਤੋਂ ਬਾਅਦ ਸ਼ਹਿਰ ਵਿੱਚ ਨਿਵਾਸ ਅਤੇ ਕਾਰੋਬਾਰ ਦਾ ਸੁਪਨਾ ਤਿਆਗ ਕੇ ਲੈਂਡ ਪੁਲਿੰਗ ਤਹਿਤ ਦਿੱਤੇ ਪਲਾਟ ਵਗੈਰਾ ਵੇਚਣ ਲਈ ਮਜਬੂਰ ਹੋ ਜਾਣ, ਸਰਕਾਰ ਖੁਦ ਵੱਲੋਂ ਕੀਤੇ ਗਏ ਖਰਚੇ ਸੀ. ਡੀ. ਅਤੇ ਰਜਿਸਟਰੀਆਂ ਰਾਹੀਂ ਮਾਲੀਆ ਇੱਕਠਾ ਕਰਕੇ ਪੂਰਾ ਕਰ ਲਵੇ ਅਤੇ ਕਿਸਾਨਾਂ ਦੀ ਜਮੀਨ ਦਾ 1/2 ਹਿੱਸਾ ਮੁਫਤ ਵਿੱਚ ਪ੍ਰਾਪਤ ਕਰ ਲਵੇ। ਸੋ ਇਸ ਨਵੀਂ ਲੈਂਡ ਪੁਲਿੰਗ ਪਾਲਿਸੀ ਨੂੰ ਪੁਰਾਣੀ ਲੈਂਡ ਪੁਲਿੰਗ ਪਾਲਿਸੀ ਨਾਲ ਸੁਮੇਲ ਕਰਕੇ ਅਤੇ ਸੋਧਾਂ ਕਰਕੇ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ ਜਿਹੜੀ ਕਿਸਾਨਾਂ ਨੂੰ ਅਫਸਰਸ਼ਾਹੀ ਦੇ ਰਹਿਮੋ ਕਰਮ ਤੇ ਛੱਡਣ ਦੀ ਬਜਾਏ ਉਹਨਾਂ ਦਾ ਨਿਗੁਣਾ ਜਿਹਾ ਹੱਕ ਬਿਨਾਂ ਕਿਸੇ ਅੜਚਣਾ ਤੋਂ ਸੌਂਪ ਦੇਵੇ।
ਇਸ ਸੰਬੰਧੀ ਜਰੂਰੀ ਕੀਤੀ ਜਾਣ ਵਾਲੀਆਂ ਸੋਧਾਂ ਦਾ ਮੁਲਾਂਕਣ ਕਰਕੇ ਕਾਰਗਰ ਬਣਾਉਣ ਲਈ ਕੁਝ ਜਰੂਰੀ ਸੁਝਾਅ ਅਤੇ ਮੰਗਾਂ ਪੇਸ਼ ਹਨ।
1. ਇੱਕ ਕਨਾਲ ਵਾਲੇ ਜਮੀਨ ਮਾਲਕ ਨੂੰ 150 ਵਰਗ ਗਜ਼ ਦਾ ਪਲਾਟ ਅਤੇ 25 ਗਜ਼ ਦਾ ਬੂਥ ਦਿੱਤਾ ਜਾਵੇ ਜਾਂ ਫਿਰ ਕਿਸਾਨ ਦੀ ਲੋੜ ਮੁਤਾਬਿਕ 200 ਗਜ਼ ਦਾ ਪਲਾਟ ਜਮੀਨ ਮਾਲਕ ਦੀ ਮਰਜੀ ਮੁਤਾਬਿਕ ਇੱਕਠਾ ਜਾਂ 100-100 ਵਰਗ ਗਜ਼ ਦੇ 2 ਪਲਾਟ ਦਿੱਤੇ ਜਾਣ ਤਾਂ ਜੋ ਇੱਕ ਪਲਾਟ ਵੇਚ ਕੇ ਦੂਜੇ ਨੂੰ ਉਸਾਰ ਸਕੇ ਅਤੇ ਹੋਰ ਘਰੇਲੂ ਲੋੜਾਂ ਪੂਰੀਆਂ ਕਰ ਸਕੇ।
2. ਦੋ ਕਨਾਲ ਵਾਲੇ ਮਾਲਕ ਨੂੰ 250 ਵਰਗ ਗਜ਼ ਦਾ ਇੱਕ ਪਲਾਟ ਅਤੇ 60 ਵਰਗ ਗਜ਼ ਦਾ ਬੂਥ ਜਾਂ ਫਿਰ ਜੇ ਜਮੀਨ ਮਾਲਕ ਚਾਹੇ ਤਾਂ 400 ਗਜ਼ ਦਾ ਇੱਕ ਪਲਾਟ ਜਾਂ 200-200 ਵਰਗ ਗਜ਼ ਦੇ ਜਾਂ ਵੱਖ ਵੱਖ ਸਾਈਜ਼ਾਂ ਦੇ ਦੋ ਪਲਾਟ ਦਿੱਤੇ ਜਾਣ। ਮਰਜੀ ਜਮੀਨ ਮਾਲਕ ਦੀ ਹੋਵੇ ਕਿ ਉਸ ਨੇ ਦੋ ਕਨਾਲ ਜਮੀਨ ਦੇ ਬਦਲੇ ਆਪਣਾ ਹਿੱਸਾ ਕਿਵੇਂ ਲੈਣਾ ਹੈ।
3. ਤਿੰਨ ਕਨਾਲ ਵਾਲੇ ਜਮੀਨ ਮਾਲਕ ਨੂੰ ਉਸ ਦੀ ਮਰਜੀ ਮੁਤਾਬਿਕ 85 ਗਜ਼ ਦਾ ਵਪਾਰਕ ਏਰੀਆ ਅਤੇ 400 ਵਰਗ ਗਜ਼ ਦਾ ਇੱਕ ਜਾਂ ਦੋ ਵੱਖ ਵੱਖ ਪਲਾਟਾਂ ਦਾ ਏਰੀਆ ਪੂਰਾ ਕੀਤਾ ਜਾਵੇ ਜਾਂ ਫਿਰ ਰਿਹਾਇਸ਼ੀ 600 ਗਜ਼ ਦਾ ਪਲਾਟ ਮਰਜੀ ਮੁਤਾਬਿਕ ਇੱਕ ਜਾਂ ਵੱਧ ਹਿੱਸਿਆਂ ਵਿੱਚ ਵੰਡ ਕੇ ਦਿੱਤਾ ਜਾਵੇ।
4. ਇਸੇ ਤਰ੍ਹਾਂ ਚਾਰ ਕਨਾਲ ਵਾਲੇ ਮਾਲਕ ਦਾ ਹੱਕ ਭਾਵੇਂ ਪਹਿਲਾਂ ਦੀ ਤਰ੍ਹਾਂ 100 ਵਰਗ ਗਜ਼ ਕਮਰਸ਼ੀਅਲ ਅਤੇ 500 ਵਰਗ ਗਜ਼ ਰਿਹਾਇਸ਼ੀ ਰੱਖਿਆ ਹੋਇਆ ਹੈ, ਪਰ ਇਹਨਾਂ ਨੂੰ ਵੀ 500 ਵਰਗ ਗਜ਼ ਏਰੀਆ ਨੂੰ 2 ਪਲਾਟਾਂ ਵਿੱਚ ਵੰਡ ਕੇ ਲੈਣ ਦਾ ਅਧਿਕਾਰ ਹੋਵੇ।
5. ਇਸ ਤੋਂ ਇਲਾਵਾ 8 ਕਨਾਲ ਵਾਲੇ ਮਾਲਕ ਭਾਵੇਂ 200 ਵਰਗ ਗਜ਼ ਦਾ ਵਪਾਰਕ ਏਰੀਆ ਅਤੇ 1000 ਗਜ਼ ਰਿਹਾਇਸ਼ੀ ਪਲਾਟ ਦੇਣਾ ਠੀਕ ਲੱਗਦਾ ਹੈ, ਪਰ ਇਸ ਨੂੰ ਵੀ ਦੋ ਹਿੱਸਿਆਂ ਵਿੱਚ ਕਮਰਸੀਅਲ ਥਾਂ (100&2) 2 ਹਿੱਸਿਆਂ ਵਿੱਚ ਲੈਣ ਅਤੇ 1000 ਵਰਗ ਗਜ਼ ਰਿਹਾਇਸ਼ੀ ਥਾਂ ਵੀ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਕੇ ਲੋੜ ਮੁਤਾਬਿਕ ਪ੍ਰਾਪਤ ਕਰਨ ਦਾ ਹੱਕ ਹੋਵੇ।
6. ਭੌ ਮਾਲਕਾਂ ਦੀ ਮਰਜੀ ਹੋਵੇ ਕਿ ਉਸ ਨੇ ਕਿੰਨੇ ਸਾਈਜ਼ ਦਾ ਇੱਕ ਜਾਂ ਦੋ ਪਲਾਟ ਲੈਣੇ ਹੋਏ ਹਨ, ਇਸੇ ਤਰ੍ਹਾਂ ਕਮਰਸ਼ੀਅਲ ਏਰੀਆ ਲੈਣਾ ਹੈ ਜਾਂ ਰਿਹਾਇਸ਼ੀ ਜਾਂ ਫਿਰ ਇੰਡਸਟ੍ਰੀਅਲ ਜਾਂ ਇੰਸਟੀਚਿਊਸ਼ਨਲ। ਕਿਸਾਨ ਦੀ ਜਮੀਨ ਨਾਲ ਉਸ ਦੀ ਇੱਜਤ -ਕਮਾਈ – ਬੇਫਿਕਰ ਜਿੰਦਗੀ ਜੁੜੀ ਹੁੰਦੀ ਹੈ। ਕਿਉਂਕਿ ਹਾੜੀ ਸਾਉਣੀ ਬਿਨਾਂ ਮੁਕਾਬਲੇ ਤੋਂ ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲਦਾ ਰਹਿੰਦਾ ਹੈ। ਜਦੋਂਕਿ ਜਮੀਨ ਖੁਸਣ ਤੋਂ ਬਾਅਦ ਨਵੇਂ ਨਵੇਂ ਟੈਕਸ, ਨਵੇਂ ਕੰਮਾਂ ਦੀ ਤਲਾਸ਼ ਅਤੇ ਨਵੀਂਆਂ ਕਾਨੂੰਨੀ ਉਲਝਣਾਂ ਅਤੇ ਸਮਾਜਿਕ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੇਂਡੂ ਭਾਈਚਾਰਾ ਕਾਇਮ ਰਹੇ ਇਸ ਲਈ ਹਰ ਸੈਕਟਰ ਦੇ ਵਿੱਚ ਇੱਕ ਪਿੰਡ ਦੇ ਜੱਦੀ ਵਸਨੀਕਾਂ ਨੂੰ ਇੱਕ ਸਾਈਡ ਤੇ ਪਲਾਟ ਅਲਾਟ ਕੀਤੇ ਜਾਣ ਅਤੇ ਜਮੀਨ ਮਾਲਕਾਂ ਦੀ ਮਰਜੀ ਪੁੱਛ ਕੇ ਜੋ ਵੀ ਆਪਸ ਵਿੱਚ ਗਵਾਂਢੀ ਬਣਨਾ ਚਾਹੁਣ ਉਹਨਾਂ ਨੂੰ ਇੱਕ ਲਾਈਨ ਵਿੱਚ ਇੱਕਠੇ ਪਲਾਟ ਦੇ ਦਿੱਤੇ ਜਾਣ। ਪਿੰਡ ਵਾਲੇ ਜਮੀਨ ਮਾਲਕਾਂ ਦਾ ਕੋਟਾ ਪੂਰਾ ਹੋਣ ਤੋਂ ਬਾਅਦ ਹੀ ਬਾਕੀ ਬਚਦੇ ਪਲਾਟ ਬਾਅਦ ਵਿੱਚ ਵੇਚੇ ਜਾਣ।
7. ਫੇਸਿੰਗ ਪਾਰਕ, ਕਾਰਨਰ, ਸੰਨਵਿੰਡ ਡਾਇਰੈਕਸ਼ਨ ਆਦਿ ਵਰਗਾਂ ਦੇ ਪਲਾਟਾਂ ਨੂੰ ਜਮੀਨ ਮਾਲਕਾਂ ਵੱਲੋਂ ਅੱਗੇ ਵੇਚਣ ਸਮੇਂ ਵਾਧੂ ਚਾਰਜ ਨਵੇਂ ਖਰੀਦਦਾਰ ਤੋਂ ਨਾ ਲਿਆ ਜਾਵੇ ਤਾਂ ਜੋ ਕਿਸਾਨ ਦੇ ਵੇਚ ਮੁੱਲ ਵਿੱਚ ਘਾਟਾ ਨਾ ਪਵੇ।
8. ਜਿਸ ਪਿੰਡ ਦੀ ਜਮੀਨ ਐਕਵਾਇਰ ਕੀਤੀ ਜਾਵੇ, ਉਸ ਪਿੰਡ ਦੇ ਗੈਰ-ਰਾਜਨੀਤਿਕ ਅਤੇ ਨਿਰਪੱਖ ਲੋਕਾਂ ਦੀ ਗਿਆਰਾਂ ਮੈਂਬਰੀ ਕਮੇਟੀ ਨੂੰ ਸਰਕਾਰ ਦੇ ਅਫਸਰਾਂ ਦੇ ਕੰਮ ਕਾਜ ਦਾ ਨਿਰੀਖਣ ਕਰਨ ਦਾ ਅਧਿਕਾਰ ਹੋਵੇ।
9. ਸਹੂਲੀਅਤ ਸਰਟੀਫਿਕੇਟ ਮੁਤਾਬਿਕ 3 ਸਾਲ ਵਿੱਚ ਜਮੀਨ ਡਿਵੈਲਪ ਕਰਕੇ ਭੌਤਿਕ ਰੂਪ ਵਿੱਚ ਕਬਜਾ ਸੋਪਿਆ ਜਾਵੇ ਨਹੀਂ ਤਾਂ ਤਿੰਨ ਗੁਣਾ ਕਿਰਾਇਆ (ਕਿਰਾਇਆ+ਦੋ ਗੁਣਾ ਪੈਨਲਟੀ) ਕਬਜਾ ਸੌਂਪਣ ਤੱਕ ਜਮੀਨ ਮਾਲਕਾਂ ਨੂੰ ਅਦਾ ਕੀਤਾ ਜਾਵੇ।
10. ਨਵੇਂ ਸੈਕਟਰਾਂ ਦੀ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ ਸੈਕਟਰ 90 (ਸੰਨ 2004) ਅਤੇ ਐਰੋਸਿਟੀ ਐਟਰੋ ਪੌਲਿਸ਼ ਅਤੇ ਬਲਾਕ ਏ, ਬੀ ਸੀ ਤੋਂ ਜੇ ਤੱਕ ਅਤੇ ਸੈਕਟਰ 101, 103 ਆਦਿ ਨੂੰ ਡਿਵੈਲਪ ਕਰਕੇ ਜਮੀਨ ਮਾਲਕਾਂ ਨੂੰ ਕਬਜੇ ਸੌਂਪੇ ਜਾਣ। ਉਸ ਤੋਂ ਬਾਅਦ ਹੀ ਸੈਕਟਰ 87, 84, 120 ਤੋਂ 124 ਆਦਿ ਵਿੱਚ ਅਕਵਾਇਰ ਕਰਨ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ।
11. ਸੋਧ ਕਰਨ ਵੇਲੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਛੋਟੇ ਕਿਸਾਨਾਂ ਕੋਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਮਕਾਨ ਛੱਤਣ ਲਈ ਜਮਾਂ ਪੁੱਜੀ ਉਪਲੱਬਧ ਨਹੀਂ ਹੁੰਦੀ ਅਤੇ ਨਾ ਹੀ ਬਹੁਤੇ ਕਿਸਾਨ ਕਰਜਿਆਂ ਵਿੱਚ ਫੱਸਣਾ ਚਾਹੁੰਦੇ ਹਨ। ਸੋ ਕਿਸਾਨਾਂ ਨੂੰ ਇੱਕ ਪਲਾਟ ਵੇਚ ਕੇ ਦੂਜਾ ਛੱਤਣ ਅਤੇ ਅੱਗੇ ਦੇ ਵਾਰਸਾਂ ਵਾਲੇ ਨੂੰ ਬਾਅਦ ਵਿੱਚ ਵੰਡ ਵਡਾਈ ਦੇ ਝਗੜੇ ਤੋਂ ਬਚਾਈ ਰੱਖਣ ਲਈ, ਵੱਖਰਾ ਵੱਖਰਾ ਸਾਈਜ਼ ਦਾ ਵਪਾਰਕ ਅਤੇ ਮਕਾਨ ਦਾ ਮਾਲਕ ਬਣਨ ਦਾ ਮੌਕਾ ਦਿੱਤਾਜਾਵੇ ਅਤੇ ਕਿਸਾਨ ਦੀ ਮਰਜੀ ਮੁਤਾਬਿਕ 2-2 ਪਲਾਟਾਂ ਵਿੱਚ ਵੰਡ ਕੇ ਏਰੀਆ ਦਿੱਤਾ ਜਾਵੇ।
12. ਇਸ ਪਾਲਿਸੀ ਦਾ ਸਿਰਫ ਇੱਕੋ ਇੱਕ ਪਹਿਲੂ ਚੰਗਾ ਹੈ ਕਿ ਕਨਾਲਾਂ ਤੋਂ ਬਾਅਦ ਮਰਲਿਆਂ ਵਿੱਚ ਬਚਦੀ ਜਮੀਨ ਨੂੰ ਇੱਕ ਮਰਲੇ ਪਿੱਛੇ ਸਾਢੇ ਸੱਤ ਗਜ਼ ਦਾ ਏਰੀਆ ਦੇਣਾ ਹੈ। ਇਸ ਵਿੱਚ ਵੀ ਗਮਾਡਾ ਵੱਲੋਂ ਨਿਰਧਾਰਿਤ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਪੈਸੇ ਭਰ ਕੇ ਪਲਾਟ ਦਾ ਸਾਈਜ਼ ਪੂਰਾ ਕਰ ਲੈਣ ਦਾ ਮੌਕਾ ਦਿੱਤਾ ਜਾਵੇ ਜਾਂ ਫਿਰ ਮਰਲਿਆਂ ਵਿੱਚ ਬਚਦੀ ਥਾਂ ਦਾ ਪ੍ਰਤੀ ਵਰਗ ਗਜ਼ ਮੁਆਵਜਾ ਲੈਣ ਦਾ ਹੱਕਦਾਰ ਬਣਾਇਆ ਜਾਵੇ ਨਾ ਕਿ ਕਿਸੇ ਹੋਰ ਜਮੀਨ ਮਾਲਕ ਨਾਲ ਗੰਢਤੁਪ ਕਰਨ ਲਈ ਮਜਬੂਰ ਕੀਤਾ ਜਾਵੇ।
13. ਬੇਸ਼ੱਕ ਕਿਸਾਨਾਂ ਦੀ ਜਮੀਨ ਜਿਸ ਸੈਕਟਰ ਵਿੱਚ ਆਉਂਦੀ ਹੈ, ਉਸੇ ਸੈਕਟਰ ਵਿੱਚ ਲੈਂਡ ਪੁਲਿੰਗ ਏਰੀਆ ਦੇਣ ਦੀ ਪਰਵੀਜਨ ਹੈ, ਪਰ ਕਿਸਾਨ ਦੀ ਮਰਜੀ ਮੁਤਾਬਿਕ ਉਸ ਨੂੰ ਉਸ ਸੈਕਟਰ ਦੇ ਵਿੱਚ ਮਾਸਟਰ ਪਲੈਨ ਮੁਤਾਬਿਕ ਅਗਰ ਇੰਡਸਟ੍ਰੀਅਲ, ਵਪਾਰਕ, ਰਿਹਾਇਸ਼ੀ ਜਾਂ ਇੰਸਟੀਚਿਊਸ਼ਨਲ ਏਰੀਆ ਲੈਣ ਦੀ ਇੱਛਾ ਨਾ ਹੋਵੇ ਤਾਂ ਉਸ ਸੈਕਟਰ ਦੇ ਜਮੀਨ ਮਾਲਕਾਂ ਤੋਂ ਬਚਦੀ ਜਮੀਨ ਨੂੰ ਹੋਰ ਕਿਸਾਨ ਦੀ ਮਰਜੀ ਮੁਤਾਬਿਕ ਦੇਣ ਦੀ ਸੋਧ ਕੀਤੀ ਜਾਵੇ। ਕਿਉਂਕਿ ਉਦਾਹਰਣ ਦੇ ਤੌਰ ਤੇ 50 ਸਾਲ ਤੋਂ ਦੁਕਾਨਦਾਰੀ ਕਰਦੇ ਦੁਕਾਨਦਾਰ ਨੂੰ ਅਗਰ ਹੱਲ ਫੜਾ ਕੇ ਖੇਤੀ ਕਰਨ ਲਈ ਮਜਬੂਰ ਕੀਤਾ ਜਾਵੇ ਤਾਂ ਉਹ ਦੁਕਾਨ ਦੀ ਨਿਸਬਤ ਖੇਤੀ ਵਿੱਚ ਕਾਮਯਾਬ ਨਹੀਂ ਹੋਵੇਗਾ। ਕਿਉਂਕਿ ਹਰ ਕੰਮ ਦਾ ਆਪਣਾ ਤਜਰਬਾ ਅਤੇ ਇੱਛਾ ਹੁੰਦੀ ਹੈ। ਸੋ ਕਿਸਾਨ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਬਦਲਵੇਂ ਸੈਕਟਰਾਂ ਵਿੱਚ ਆਪਣਾ ਏਰੀਆ ਚੁਣਨ ਦੀ ਵੀ ਖੁੱਲ ਦਿੱਤੀ ਜਾਵੇ। ਕਿਉਂਕਿ ਸਭ ਕੁਝ ਦਾ ਮੁੱਢਲਾ ਮਾਲਕ ਤਾਂ ਜਮੀਨ ਮਾਲਕ ਹੀ ਹੈ। ਮਾਸਟਰ ਪਲੈਨ ਸਰਕਾਰ ਦੀ ਇੱਛਾ ਮੁਤਾਬਿਕ ਬਣਦੀ ਹੈ। ਸੋ ਸਰਕਾਰ ਦੀ ਇੱਛਾ ਤੋਂ ਪਹਿਲਾਂ ਜਮੀਨ ਮਾਲਕ ਦੀ ਇੱਛਾ ਪੂਰੀ ਕੀਤੀ ਜਾਵੇ।
ਨਛੱਤਰ ਬੈਦਵਾਨ ਸੋਹਾਣਾ
-
Chandigarh2 months agoਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ
-
Editorial2 months ago
ਪੰਜਾਬੀ ਸਭਿਆਚਾਰ ਦੇ ਨਾਮ ਤੇ ਪਰੋਸੀ ਜਾਂਦੀ ਹਿੰਸਾ ਅਤੇ ਅਸ਼ਲੀਲਤਾ ਤੇ ਸਖਤੀ ਨਾਲ ਰੋਕ ਲਗਾਏ ਸਰਕਾਰ
-
National2 months ago3 ਧੀਆਂ ਦਾ ਕਤਲ ਕਰਨ ਤੋਂ ਬਾਅਦ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
-
National2 months agoਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ, 13 ਜ਼ਖਮੀ
-
Mohali2 months agoਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਵਿੱਚ ਬੰਦ ਸੰਦੀਪ ਸਿੰਘ ਸਨੀ ਨੂੰ ਜੇਲ੍ਹ ਵਿੱਚ ਵੱਖਰਾ ਰੱਖਣ ਦੀ ਮੰਗ
-
National2 months ago
ਦਿੱਲੀ ਪੁਲੀਸ ਅਤੇ ਝਾਰਖੰਡ ਏ ਟੀ ਐਸ ਵੱਲੋਂ ਆਈ ਐਸ ਆਈ ਐਸ ਦੇ 2 ਕਾਰਕੁਨ ਕਾਬੂ
-
Mohali1 month agoਲਾਟਰੀ ਦੀ ਦੁਕਾਨ ਤੋਂ ਦੂਜਾ ਇਨਾਮ ਨਿਕਲਣ ਤੇ ਲੱਡੂ ਵੰਡੇ
-
Mohali2 months agoਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ
