Chandigarh
ਪੰਜਾਬ ਵਿੱਚ 8 ਦਸੰਬਰ ਤੋਂ ਮੀਂਹ ਪੈਣ ਦੀ ਸੰਭਾਵਨਾ
ਪੱਛਮੀ ਗੜਬੜੀ ਸਰਗਰਮ, ਪਿਛਲੇ ਤਿੰਨ ਦਿਨਾਂ ਦੌਰਾਨ ਤਾਪਮਾਨ ਵਿੱਚ ਆਈ ਕਰੀਬ 5 ਡਿਗਰੀ ਦੀ ਗਿਰਾਵਟ
ਚੰਡੀਗੜ੍ਹ, 7 ਦਸੰਬਰ (ਸ.ਬ.) ਪੰਜਾਬ ਵਿੱਚ ਭਲਕੇ (8 ਦਸੰਬਰ ਤੋਂ) ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਅਤੇ ਇਸ ਦਾ ਪ੍ਰਭਾਵ ਦੋ ਦਿਨ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਹਿਮਾਲਿਆ ਦੀਆਂ ਪਹਾੜੀਆਂ ਤੇ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੇਕਰ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਵਿੱਚ ਠੰਡ ਵਧੇਗੀ।
ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ ਕਰੀਬ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਇਹ ਬਦਲਾਅ ਪਿਛਲੇ ਕੁਝ ਦਿਨਾਂ ਵਿੱਚ ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਪੰਜਾਬ-ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ।
Chandigarh
ਭਾਈ ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਤਾ ਨਾਲ ਮਿਲਣ ਲਈ ਤੁਰੰਤ ਪੈਰੋਲ ਦਿੱਤੀ ਜਾਵੇ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਪੰਥ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਸਬੰਧੀ ਰਾਜਪਾਲ ਨੂੰ ਮੈਮੋਰੰਡਮ ਸੌਂਪਿਆ
ਚੰਡੀਗੜ੍ਹ, 29 ਜੁਲਾਈ (ਸ.ਬ.) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਫ਼ਦ ਨੇ ਅੱਜ ਪੰਜਾਬ ਅਤੇ ਪੰਥ ਨਾਲ ਸਬੰਧਤ ਅਹਿਮ ਮੁੱਦਿਆਂ ਨੂੰ ਲੈ ਕੇ ਮਾਨਯੋਗ ਪੰਜਾਬ ਦੇ ਰਾਜਪਾਲ ਨੂੰ ਇੱਕ ਵਿਸਥਾਰਪੂਰਵਕ ਮੈਮੋਰੰਡਮ ਸੌਂਪਿਆ। ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ, ਕਰਨੈਲ ਸਿੰਘ ਪੰਜੋਲੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਓ ਐਸ ਡੀ ਹਰਦੇਵ ਸਿੰਘ ਹਰਪਾਲਪੁਰ ਸ਼ਾਮਲ ਸਨ।
ਮੈਮੋਰੰਡਮ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਪਿਛਲੇ ਕਰੀਬ 37 ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਬਿਰਧ ਅਤੇ ਗੰਭੀਰ ਬਿਮਾਰ ਮਾਤਾ ਨਾਲ ਮਿਲਣ ਦੀ ਇਜਾਜ਼ਤ ਨਾ ਦੇਣਾ ਬਹੁਤ ਹੀ ਗੈਰਮਨੁੱਖੀ ਅਤੇ ਸੰਵੇਦਨਹੀਣ ਰਵੱਈਆ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਅੰਤਿਮ ਪੜਾਅ ਵਿੱਚ ਇੱਕ ਮਾਂ ਦੀ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਅਤੇ ਇੱਕ ਪੁੱਤਰ ਦੀ ਆਪਣੀ ਮਾਤਾ ਨਾਲ ਮਿਲਣ ਦੀ ਤੜਪ ਨੂੰ ਅਣਦੇਖਾ ਕਰਨਾ ਮਨੁੱਖੀ ਕਦਰਾਂ ਕੀਮਤਾਂ ਅਤੇ ਸੰਵਿਧਾਨਕ ਸੰਵੇਦਨਸ਼ੀਲਤਾ ਦੇ ਉਲਟ ਹੈ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਮਨੁੱਖਤਾ ਦੇ ਆਧਾਰ ਤੇ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਮਾਤਾ ਨਾਲ ਮਿਲ ਸਕਣ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿੰਡ ਹਵਾਰਾ ਸਮੇਤ ਇਲਾਕੇ ਦੀਆਂ 100 ਤੋਂ ਵੱਧ ਗ੍ਰਾਮ ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਭਾਈ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਗਈ ਹੈ।
ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਤੁਰੰਤ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਲਟਕਦੇ ਮਾਮਲਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਨਸਾਫ਼ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਉਠਾਈ ਗਈ।
ਮੈਮੋਰੰਡਮ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਹੋਰ ਸੁਚਾਰੂ ਅਤੇ ਨਿਰਵਿਘਨ ਖੋਲ੍ਹਣਾ ਅਤੇ ਪੰਜਾਬ ਨਾਲ ਜੁੜੇ ਹੋਰ ਧਾਰਮਿਕ, ਸਮਾਜਿਕ ਅਤੇ ਲੋਕ ਹਿੱਤਾਂ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਵਫ਼ਦ ਨੇ ਆਸ ਪ੍ਰਗਟਾਈ ਕਿ ਰਾਜਪਾਲ ਇਨ੍ਹਾਂ ਅਹਿਮ ਮਸਲਿਆਂ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਮਨੁੱਖਤਾ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਦੇ ਮੱਦੇਨਜ਼ਰ ਜਲਦ ਸਕਾਰਾਤਮਕ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ।
Chandigarh
ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਪੈਂਸ਼ਨਰਾਂ ਅਤੇ ਫੈਮਿਲੀ ਪੈਂਸ਼ਨਰਾਂ ਨੂੰ ਅੱਠ ਮਹੀਨਿਆਂ ਤੋਂ ਨਹੀਂ ਮਿਲੀ ਪੈਂਸ਼ਨ
ਪੰਜਾਬ ਸਰਕਾਰ ਨੇ ਦਸੰਬਰ 2025 ਤੋਂ ਨਹੀਂ ਕੀਤਾ ਪੈਂਸ਼ਨ ਦਾ ਭੁਗਤਾਨ : ਪੈਨਸ਼ਨਰ
ਚੰਡੀਗੜ੍ਹ, 29 ਜੁਲਾਈ (ਸ.ਬ.) ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ, ਚੰਡੀਗੜ ਦੇ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਪਿਛਲੇ ਅੱਠ ਮਹੀਨਿਆਂ ਤੋਂ ਪੈਂਸ਼ਨ ਦੀ ਰਕਮ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹਨ ਅਤੇ ਉਹਨਾਂ ਨੂੰ ਆਪਣੇ ਰੋਜਾਨਾਂ ਖਰਚਿਆਂ ਦੀ ਪੂਰਤੀ ਲਈ ਤੰਗ ਹੋਣਾ ਪੈ ਰਿਹਾ ਹੈ।
ਬੋਰਡ ਦੇ ਪੈਨਸ਼ਨਰ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਾਰਦਾ, ਸ਼੍ਰੀ ਕੇਵਲ ਕ੍ਰਿਸ਼ਨ, ਸ੍ਰੀ ਸ਼ਿਵ ਕੁਮਾਰ ਦੁਗੱਲ, ਗਣੇਸ਼ ਦੱਤ ਭਾਰਦਵਾਜ, ਅਤੇ ਸ੍ਰੀ ਪਵਨ ਅਨੇਜਾ ਨੇ ਦਸਿਆ ਕਿ ਬੋਰਡ ਦੇ ਕੁੱਲ 93 ਪੈਨਸ਼ਨਰ, ਫੈਮਲੀ ਪੈਨਸ਼ਨਰ ਹਨ। ਇਹਨਾਂ ਵਿਚੋਂ ਕਈ ਪੈਨਸ਼ਰਾਂ ਦੀ ਉਮਰ 70 ਸਾਲ ਤੋਂ ਜਿਆਦਾ ਹੈ ਅਤੇ ਇਹਨਾਂ ਨੂੰ ਅਪਣੀਆਂ ਰੋਜਾਨਾ ਜਰੂਰਤਾਂ ਦੀ ਪੂਰਤੀ ਅਤੇ ਇਲਾਜ ਕਰਵਾਉਣ ਲਈ ਸਿਰਫ ਉਹਨਾਂ ਨੂੰ ਮਿਲਣ ਵਾਲੀ ਪੈਨਸ਼ਨ ਦਾ ਹੀ ਸਹਾਰਾ ਹੈ, ਜਿਸ ਨਾਲ ਉਹ ਅਪਣਾ ਗੁਜ਼ਾਰਾ ਚਲਾਉਂਦੇ ਹਨ ਪਰੰਤੂ ਪੰਜਾਬ ਸਰਕਾਰ ਵਲੋਂ ਪੈਨਸ਼ਨਾਂ ਦਾ ਭੁਗਤਾਨ ਨਹੀਂ ਕੀਤੇ ਜਾਣ ਕਾਰਨ ਸਾਰੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਸੰਬਰ 2025 ਤੋਂ ਉਹਨਾਂ ਦੀਆਂ ਪੈਨਸ਼ਨਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬੋਰਡ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ। ਇਸ ਸਮੇਂ ਦੌਰਾਨ ਸਰਕਾਰ ਵਲੋਂ ਪੈਨਸ਼ਨ ਦਾ ਭੁਗਤਾਨ ਨਾਂ ਹੋਣ ਕਾਰਣ ਬੋਰਡ ਦੇ ਦੋ ਪੈਨਸ਼ਨਰਾਂ ਦਾ ਸਵਰਗਵਾਸ ਵੀ ਹੋ ਗਿਆ ਹੈ।
ਉਹਨਾਂ ਦਸਿਆ ਗਿਆ ਕਿ ਦਸੰਬਰ 2025 ਤੋਂ ਫਰਵਰੀ 2026 ਤੱਕ ਦੇ ਸਮੇਂ ਦੀ ਪੈਨਸ਼ਨ ਦੇ ਭੁਗਤਾਨ ਲਈ ਬਿੱਲ 18.03.2026 ਨੂੰ ਜ਼ਿਲਾ ਖਜ਼ਾਨਾ ਅਫਸਰ, ਪੰਜਾਬ, ਚੰਡੀਗੜ ਪਾਸ ਭਿਜਵਾਇਆ ਗਿਆ ਸੀ, ਜੋ ਉਹਨਾਂ ਦੇ ਦਫਤਰ ਵਲੋਂ ਮਿਤੀ 31.03.2026 ਤੱਕ ਕਲੀਅਰ ਨਹੀ ਕੀਤਾ ਗਿਆ, ਜਿਸ ਕਾਰਨ ਇਸ ਸਮੇਂ ਦੀ ਪੈਨਸ਼ਨ ਦਾ ਭੁਗਤਾਨ ਨਹੀਂ ਹੋ ਸਕਿਆ। ਇਸ ਤੋਂ ਬਾਅਦ ਹੁਣ ਮਾਰਚ 2026 ਤੋਂ ਮਹੀਨਾ ਮਈ 2026 ਤੱਕ ਦੇ ਸਮੇਂ ਦਾ ਬਿੱਲ ਸਾਰੇ ਲੋੜੀਂਦੇ ਦਸਤਾਵੇਜਾਂ ਨਾਲ ਅਤੇ ਮੁਕੰਮਲ ਕਾਰਵਾਈ ਕਰਨ ਉਪਰੰਤ 19.06.2026 ਨੂੰ ਜ਼ਿਲਾ ਖਜ਼ਾਨਾ ਅਫਸਰ, ਪੰਜਾਬ ਚੰਡੀਗੜ ਦੇ ਦਫਤਰ ਵਿੱਖੇ ਭਿਜਵਾਇਆ ਗਿਆ ਜੋ ਕਿ ਹੁਣ ਤੱਕ ਭੁਗਤਾਨ ਲਈ (ਲਗਭਗ ਡੇਢ ਮਹੀਨੇ ਤੋਂ) ਉਹਨਾਂ ਪਾਸ ਹੀ ਪੈਂਡਿੰਗ ਪਿਆ ਹੈ।
ਪੈਂਸ਼ਨਰਾਂ ਨੇ ਦੱਸਿਆ ਕਿ ਇਸ ਬਿੱਲ ਦੇ ਭੁਗਤਾਨ ਬਾਰੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਨਿਜੀ ਤੌਰ ਤੇ ਸੰਪਰਕ ਕਰਕੇ ਬੇਨਤੀ ਵੀ ਕੀਤੀ ਗਈ ਹੈ, ਪਰੰਤੂ ਪੈਨਸ਼ਨ ਦੀ ਜਾਰੀ ਹੋਣ ਵਾਲੀ ਰਕਮ ਦੇ ਬਿੱਲ ਦਾ ਭੁਗਤਾਨ, ਜ਼ਿਲਾ ਖਜ਼ਾਨਾ ਅਫਸਰ, ਪੰਜਾਬ, ਚੰਡੀਗੜ ਦੇ ਦਫਤਰ ਤੋਂ ਨਹੀਂ ਕੀਤਾ ਜਾ ਰਿਹਾ ਹੈ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਹੀਨਾ ਮਾਰਚ 2026 ਤੋਂ ਮਹੀਨਾ ਮਈ 2026 ਤੱਕ ਦੇ ਸਮੇਂ ਦੀ ਪੈਨਸ਼ਨ ਦੇ ਭੁਗਤਾਨ ਲਈ, ਜ਼ਿਲਾ ਖਜਾਨਾ ਅਫਸਰ, ਪੰਜਾਬ, ਚੰਡੀਗੜ ਦੇ ਦਫਤਰ ਵਿਖੇ ਪੈਂਡਿੰਗ ਪਏ ਬਿੱਲ ਨੂੰ ਜਲਦੀ ਕਲੀਅਰ ਕਰਵਾਇਆ ਜਾਵੇ ਜੀ ਤਾਂ ਜੋ ਬੋਰਡ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਵਲੋਂ ਅਪਣੀਆਂ ਰੋਜਾਨਾ ਦੀਆਂ ਜਰੂਰਤਾਂ ਦੀ ਪੂਰਤੀ ਕੀਤੀ ਜਾ ਸਕੇ ਅਤੇ ਨਾਲ ਹੀ ਮਹੀਨਾ ਦਸੰਬਰ 2025 ਤੋ ਮਹੀਨਾ ਫਰਵਰੀ 2026 ਤੱਕ ਦੇ ਸਮੇਂ ਦੀ ਪੈਨਸ਼ਨ ਜਾਰੀ ਕੀਤੀ ਜਾਵੇ।
Chandigarh
ਪੰਜਾਬ ਯੂਨੀਵਰਸਿਟੀ ਵਿੱਚ ਪੀ. ਐਚ. ਡੀ. ਰਿਸਰਚ ਸਕਾਲਰ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ
ਵਿਦਿਆਰਥਣ ਦੀ ਮੌਤ ਕਾਰਨ ਰੋਹ ਵਿੱਚ ਆਏ ਵਿਦਿਆਰਥੀਆਂ ਵਲੋਂ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ , 28 ਜੁਲਾਈ (ਸ.ਬ.) ਪੰਜਾਬ ਯੂਨੀਵਰਸਿਟੀ ਵਿੱਚ ਕਰੰਟ ਲੱਗਣ ਕਾਰਨ ਪੀ. ਐਚ. ਡੀ. ਰਿਸਰਚ ਸਕਾਲਰ ਵਿਦਿਆਰਥਣ ਜੋਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਗਰਲਜ਼ ਹਾਸਟਲ ਦੇ ਨੇੜੇ ਹੋਇਆ। ਮ੍ਰਿਤਕ ਜੋਤੀ ਦੇ ਪਿਤਾ ਬੱਸ ਚਾਲਕ ਹਨ, ਜਿਨ੍ਹਾਂ ਨੇ ਆਪਣੀ ਧੀ ਦੇ ਸੁਫ਼ਨੇ ਪੂਰੇ ਕਰਨ ਲਈ ਉਸ ਨੂੰ ਪੰਜਾਬ ਯੂਨੀਵਰਸਿਟੀ ਭੇਜਿਆ ਸੀ। ਜੋਤੀ ਦੀ ਪੀ. ਐਚ. ਡੀ. ਇਕ ਮਹੀਨੇ ਵਿੱਚ ਖ਼ਤਮ ਹੋਣ ਵਾਲੀ ਸੀ। ਜੋਤੀ ਦਾ ਰਿਸ਼ਤਾ ਵੀ ਹੋ ਚੁੱਕਾ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਵਿਦਿਆਰਥਣ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪੰਜਾਬ ਯੂਨੀਗਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਹਿਲਾਂ ਵਿਦਿਆਰਥੀਆਂ ਵਲੋਂ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਪ੍ਰਣਾਲੀ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ। ਵਿਦਿਆਰਥੀਆਂ ਨੇ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ, ਬਿਜਲੀ ਸੁਰੱਖਿਆ ਪ੍ਰਣਾਲੀ ਲਈ ਜਵਾਬਦੇਹੀ ਤੈਅ ਕਰਨ ਅਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਅਤੇ ਵੀ. ਸੀ. ਨੂੰ ਸਵਾਲ ਕੀਤਾ ਕਿ ਉਨ੍ਹਾਂ ਦਾ ਅੱਜ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਅਤੇ ਇਸ ਦੌਰਾਨ ਇਹ ਹਾਦਸਾ ਹੋਇਆ ਤਾਂ ਪੀ. ਯੂ ਪ੍ਰਸ਼ਾਸਨ ਵੱਲੋਂ ਕੌਣ ਜਿੰਮੇਵਾਰ ਹੈ। ਇਸ ਮੌਕੇ ਵੀ. ਸੀ. ਨੇ ਵਿਦਿਆਰਥੀਆਂ ਨੂੰ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਹਾਦਸੇ ਦੇ ਲਈ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਹਾਦਸੇ ਤੇ ਕਾਰਵਾਈ ਕਰਦੇ ਹੋਏ ਚਾਰ ਮੈਂਬਰੀ ਟੀਮਾਂ ਬਣਾਈਆਂ ਜਾਣਗੀਆਂ।
-
National2 months agoਏਅਰਬੇਸ ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਅਗਨੀਵੀਰਾਂ ਸਮੇਤ 5 ਜਵਾਨ ਸ਼ਹੀਦ, ਸਹਿ-ਪਾਇਲਟ ਸੁਰੱਖਿਅਤ
-
Punjab2 months ago
ਸਰਹਿੰਦ ਨਹਿਰ ਵਿੱਚੋਂ ਅਣਪਛਾਤੀ ਲਾਸ਼ ਬਰਾਮਦ
-
National1 month agoਸਾੜੀ ਅਤੇ ਲਹਿੰਗਾ ਸ਼ੋਅਰੂਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
-
National2 months agoਤੇਜ਼ ਰਫ਼ਤਾਰ ਟ੍ਰੇਲਰ ਅਤੇ ਕਾਰ ਦੀ ਟੱਕਰ ਕਾਰਨ 4 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖਮੀ
-
International1 month agoਕਤਰ ਵਿੱਚ ਗੈਸ ਪਲਾਂਟ ਵਿੱਚ ਧਮਾਕਾ ਹੋਣ ਕਾਰਨ 54 ਵਿਅਕਤੀ ਜ਼ਖ਼ਮੀ, ਕਈ ਲਾਪਤਾ
-
Punjab1 month agoਪੰਜ ਸਿੰਘ ਸਾਹਿਬਾਨ ਵਲੋਂ ਵਿਵਾਦਿਤ ਵੀਡੀਓ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ
-
National2 months agoਪੰਜ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, 2 ਗੰਭੀਰ ਜ਼ਖਮੀ
-
International1 month agoਰੂਸ ਵੱਲੋਂ ਕੀਵ ਸਮੇਤ ਕਈ ਥਾਂਵਾਂ ਤੇ ਹਵਾਈ ਹਮਲੇ, 9 ਵਿਅਕਤੀਆਂ ਦੀ ਮੌਤ
