International
ਇਜ਼ਰਾਈਲ ਵੱਲੋਂ ਇਰਾਨ ਤੇ ਹਮਲਾ
ਤਹਿਰਾਨ, 13 ਜੂਨ (ਸ.ਬ.) ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਇਰਾਦੇ ਨਾਲ ਇਜ਼ਰਾਈਲ ਨੇ ‘ਆਪਰੇਸ਼ਨ ਰਾਈਜ਼ਿੰਗ ਲਾਈਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਦਾਅਵਾ ਕੀਤਾ ਕਿ ਨਤਾਂਜ ਸਥਿਤ ਇਰਾਨ ਦੇ ਮੁੱਖ ਸੰਸ਼ੋਧਨ ਕੇਂਦਰ ਸਣੇ ਹੋਰਨਾਂ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਇਰਾਨ ਦੇ ਨੀਮ ਫੌਜੀ ਬਲ ‘ਰੈਵੋਲਿਊਸ਼ਨਰੀ ਗਾਰਡ’ ਦੇ ਮੁਖੀ ਜਨਰਲ ਹੁਸੈਨ ਸਲਾਮੀ ਦੀ ਮੌਤ ਹੋ ਗਈ। ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਆਪਣੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਬਿਆਨ ਵਿਚ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਧਰ ਇਜ਼ਰਾਈਲ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਣ ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਨੇਤਨਯਾਹੂ ਨੇ ਅੱਜ ਸਵੇਰੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਕੁਝ ਹੀ ਸਮਾਂ ਪਹਿਲਾਂ ਇਜ਼ਰਾਈਲ ਨੇ ‘ਆਪਰੇਸ਼ਨ ਰਾਈਜ਼ਿੰਗ ਲਾਈਨ’ ਸ਼ੁਰੂ ਕੀਤਾ ਹੈ ਜੋ ਇਜ਼ਰਾਈਲ ਦੀ ਹੋਂਦ ਲਈ ਇਰਾਨੀ ਖਤਰੇ ਨੂੰ ਖ਼ਤਮ ਕਰਨ ਵਾਸਤੇ ਇਕ ਸੋਚਿਆ ਸਮਝਿਆ ਫੌਜੀ ਅਪਰੇਸ਼ਨ ਹੈ। ਖ਼ਤਰਾ ਖ਼ਤਮ ਹੋਣ ਤੱਕ ਇਹ ਅਪਰੇਸ਼ਨ ਜਾਰੀ ਰਹੇਗਾ।
ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਦਹਾਕਿਆਂ ਤੋਂ ਤਹਿਰਾਨ ਦੇ ਤਾਨਾਸ਼ਾਹ ਸ਼ਰੇਆਮ ਇਜ਼ਰਾਈਲ ਦੇ ਵਿਨਾਸ਼ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨਸਲਕੁਸ਼ੀ ਦੀ ਆਪਣੀ ਬਿਆਨਬਾਜ਼ੀ ਦੇ ਨਾਲ ਪ੍ਰਮਾਣੂ ਹਥਿਆਰ ਵਿਕਸਤ ਕਰਨ ਦਾ ਪ੍ਰੋਗਰਾਮ ਅੱਗੇ ਵਧਾਇਆ ਹੈ। ਇਰਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਨੌਂ ਪ੍ਰਮਾਣੂ ਬੰਬ ਬਣਾਉਣ ਲਈ ਕਾਫ਼ੀ ਜ਼ਿਆਦਾ ਸੋਧਿਆ ਯੂਰੇਨੀਅਮ ਪੈਦਾ ਕੀਤਾ ਹੈ।
ਨੇਤਨਯਾਹੂ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ, ਇਰਾਨ ਨੇ ਉਹ ਕਦਮ ਚੁੱਕੇ ਹਨ ਜੋ ਉਸ ਨੇ ਪਹਿਲਾਂ ਕਦੇ ਨਹੀਂ ਚੁੱਕੇ। ਜਿਵੇਂ ਕਿ ਸੋਧੇ ਹੋਏ ਯੂਰੇਨੀਅਮ ਤੋਂ ਹਥਿਆਰ ਬਣਾਉਣ ਦਾ ਕਦਮ, ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ, ਤਾਂ ਇਰਾਨ ਬਹੁਤ ਘੱਟ ਸਮੇਂ ਵਿੱਚ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ। ਇਹ ਇੱਕ ਸਾਲ ਵਿੱਚ ਹੋ ਸਕਦਾ ਹੈ, ਇਹ ਕੁਝ ਮਹੀਨਿਆਂ ਵਿੱਚ ਹੋ ਸਕਦਾ ਹੈ, ਜਾਂ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੋ ਸਕਦਾ ਹੈ। ਇਹ ਇਜ਼ਰਾਈਲ ਦੇ ਵਜੂਦ ਲਈ ਇੱਕ ਸਪਸ਼ਟ ਖ਼ਤਰਾ ਹੈ।
ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਰਾਨੀ ਸ਼ਾਸਨ ਦੇ ਪ੍ਰਮਾਣੂ ਘੁਟਾਲੇ ਦਾ ਸ਼ਿਕਾਰ ਨਹੀਂ ਬਣੇਗਾ। ਇਜ਼ਰਾਈਲ ਨੇ ਦੇਸ਼ ਭਰ ਵਿੱਚ ਐਮਰਜੈਂਸੀ ਵਾਲੀ ਸਥਿਤੀ ਐਲਾਨ ਦਿੱਤੀ ਹੈ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ, ਉਸ ਦੇ ਪ੍ਰਮਾਣੂ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਤੇ ਉਸ ਦੇ ਬੈਲਸਟਿਕ ਮਿਜ਼ਾਈਲ ਆਰਸਨਲ ਨੂੰ ਨਿਸ਼ਾਨਾ ਬਣਾਇਆ ਹੈ।
ਉਧਰ ਇਜ਼ਰਾਈਲ ਵੱਲੋਂ ਇਰਾਨ ਤੇ ਹਮਲੇ ਮਗਰੋਂ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਗੈਰਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ‘ਆਪਰੇਸ਼ਨ ਰਾਈਜ਼ਿੰਗ ਲਾਈਨ’ ਸ਼ੁਰੂ ਕਰਨ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਭਾਰਤੀ ਅੰਬੈਸੀ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਜ਼ਰਾਈਲ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਜ਼ਰਾਇਲ ਵੱਲੋਂ ਇਰਾਨ ਉੱਤੇ ਹਮਲੇ ਤੇ ਇਰਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਮਗਰੋਂ ਏਅਰ ਇੰਡੀਆ ਨੇ ਲੰਮੀ ਦੂਰੀ ਵਾਲੀਆਂ ਆਪਣੀਆਂ 16 ਉਡਾਣਾਂ ਡਾਈਵਰਟ ਕੀਤੀਆਂ ਹਨ। ਏਅਰਲਾਈਨ ਨੇ ਇਕ ਯਾਤਰਾ ਐਡਵਾਈਜ਼ਰੀ ਵਿਚ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਏਅਰ ਇੰਡੀਆ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਇਰਾਨ ਤੇ ਕੀਤੇ ਹਮਲੇ ਤੇ ਇਰਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ ਆਪਣੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਇੰਡੀਆ ਦੀਆਂ ਕੁਝ ਉਡਾਣਾਂ ਨੂੰ ਮੋੜਿਆ ਜਾ ਰਿਹਾ ਹੈ ਜਾਂ ਆਪਣੇ ਮੂਲ ਸਥਾਨ ਤੇ ਵਾਪਸ ਭੇਜਿਆ ਜਾ ਰਿਹਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਦੀ ਉਡਾਣ ਏ ਆਈ130 – ਲੰਡਨ ਹੀਥਰੋ-ਮੁੰਬਈ ਨੂੰ ਵਇਏਨਾ, ਏ ਆਈ102 ਨਿਊਯਾਰਕ-ਦਿੱਲੀ ਨੂੰ ਸ਼ਾਰਜਾਹ ਜਦੋਂ ਕਿ ਏ ਆਈ116 ਨਿਊਯਾਰਕ-ਮੁੰਬਈ ਨੂੰ ਜੇਦਾਹ ਵੱਲ ਮੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਡਾਣ ਏ ਆਈ2018 – ਲੰਡਨ ਹੀਥਰੋ-ਦਿੱਲੀ ਨੂੰ ਮੁੰਬਈ ਵੱਲ ਜਦੋਂ ਕਿ ਏ ਆਈ129 -ਮੁੰਬਈ-ਲੰਡਨ ਹੀਥਰੋ ਅਤੇ ਏ ਆਈ119 ਮੁੰਬਈ-ਨਿਊਯਾਰਕ ਨੂੰ ਮੁੰਬਈ ਵਾਪਸ ਭੇਜ ਦਿੱਤਾ ਗਿਆ ਹੈ। ਏਅਰ ਇੰਡੀਆ ਦੀ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀ ਉਡਾਣ ਏ ਆਈ103 ਦਿੱਲੀ ਵਾਪਸ ਆ ਰਹੀ ਹੈ ਅਤੇ ਏ ਆਈ106 ਨੇਵਾਰਕ-ਦਿੱਲੀ ਨੂੰ ਵਇਏਨਾ ਵੱਲ ਮੋੜਿਆ ਜਾ ਰਿਹਾ ਹੈ।
International
ਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਕਾਠਮੰਡੂ, 9 ਅਕਤੂਬਰ (ਸ.ਬ.) ਨੇਪਾਲ ਦੇ ਪੱਛਮੀ ਸ਼ਹਿਰ ਪੋਖਰਾ ਵਿੱਚ ਅੱਜ ਤੜਕਸਾਰ ਇੱਕ ਸਕੂਲੀ ਬੱਸ ਸੜਕ ਤੇ ਪਲਟ ਕੇ 200 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਚਾਰ ਸਕੂਲੀ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਿਕਾ ਇੰਗਲਿਸ਼ ਬੋਰਡਿੰਗ ਸਕੂਲ ਦੀ ਇਹ ਬੱਸ ਸਵੇਰੇ ਕਰੀਬ 6:20 ਵਜੇ ਕਾਸਕੀ ਜ਼ਿਲ੍ਹੇ ਦੇ ਪੋਖਰਾ ਮਹਾਨਗਰ ਦੇ ਵਾਰਡ ਨੰਬਰ 28 ਵਿੱਚ ਸਥਿਤ ਓਖਲੇਕੋ ਭੀਰ ਵਿਖੇ ਸੜਕ ਤੋਂ ਤਿਲਕ ਕੇ ਖੱਡ ਵਿਚ ਡਿੱਗ ਗਈ। ਕਾਸਕੀ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਮੁਖੀ ਨਵੀਨ ਕਾਰਕੀ ਅਨੁਸਾਰ ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ, ਇੱਕ ਲੜਕਾ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਹਨ।
ਨਵੀਨ ਕਾਰਕੀ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਾਨੂੰ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਬੱਸ ਵਿੱਚ 20 ਵਿਦਿਆਰਥੀ, ਇੱਕ ਹੋਰ ਯਾਤਰੀ ਅਤੇ ਇੱਕ ਡਰਾਈਵਰ ਸਵਾਰ ਸਨ। ਪੁਲੀਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਪੋਖਰਾ ਇੰਸਟੀਚਿਊਟ ਆਫ਼ ਹੈਲਥ ਸਾਇੰਸਿਜ਼ ਲਿਜਾਇਆ ਗਿਆ। ਪੁਲੀਸ ਦੀ ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਵਿੱਚ 18 ਬੱਚੇ ਜ਼ਖ਼ਮੀ ਹੋਏ ਸਨ, ਪਰ ਤਾਜ਼ਾ ਜਾਣਕਾਰੀ ਵਿੱਚ ਪੰਜ ਮੌਤਾਂ ਅਤੇ 14 ਜ਼ਖ਼ਮੀ ਯਾਤਰੀਆਂ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਕੁੱਲ 22 ਲੋਕ ਸਵਾਰ ਸਨ। ਪੁਲੀਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਨ ਸਿੰਘ ਗੁਰੂੰਗ ਨੇ ਦੱਸਿਆ ਕਿ ਬੱਸ ਵਿੱਚ ਜ਼ਿਆਦਾਤਰ 10ਵੀਂ ਜਮਾਤ ਦੇ ਵਿਦਿਆਰਥੀ ਸਵਾਰ ਸਨ, ਜੋ ਟਿਊਸ਼ਨ ਕਲਾਸਾਂ ਵਿੱਚ ਜਾਣ ਲਈ ਸਫ਼ਰ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
International
ਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
ਇਗਬੋਕੋਡਾ, 6 ਅਕਤੂਬਰ (ਸ.ਬ.) ਨਾਈਜੀਰੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬਚਾਅ ਅਤੇ ਰਾਹਤ ਟੀਮਾਂ ਨੂੰ ਤੱਟਵਰਤੀ ਸ਼ਹਿਰ ਇਗਬੋਕੋਡਾ ਨੇੜੇ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਮਿਲਿਆ ਹੈ। ਲਾਸ਼ਾਂ ਨੂੰ ਬਰਾਮਦ ਕਰਕੇ ਮੁਰਦਾਘਰ ਵਿੱਚ ਰੱਖ ਦਿੱਤੀਆਂ ਗਈਆਂ ਹਨ। ਦੇਸ਼ ਦੇ ਹਵਾਬਾਜ਼ੀ ਮੰਤਰੀ, ਫੇਸਟਸ ਕੀਮੋ, ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਤਿੰਨ ਦਿਨਾਂ ਦੇ ਸੋਗ ਦੀ ਮਿਆਦ ਦਾ ਐਲਾਨ ਕੀਤਾ ਹੈ।
ਹਵਾਬਾਜ਼ੀ ਮੰਤਰੀ ਫੇਸਟਸ ਕੀਮੋ ਦੇ ਅਨੁਸਾਰ, ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਬੀਤੇ ਦਿਨ ਸਥਾਨਕ ਸਮੇਂ ਅਨੁਸਾਰ ਸਵੇਰੇ 8:13 ਵਜੇ ਹਵਾਈ ਆਵਾਜਾਈ ਕੰਟਰੋਲਰਾਂ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਸੀ, ਅਤੇ ਮਲਬਾ ਦੱਖਣ-ਪੱਛਮੀ ਓਂਡੋ ਰਾਜ ਦੇ ਇਗਬੋਕੋਡਾ ਸ਼ਹਿਰ ਵਿੱਚ ਮਿਲਿਆ ਸੀ। ਹਾਦਸੇ ਵਿੱਚ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਬੋਲਾ ਟੀਨੂਬੂ ਨੇ ਕਿਹਾ ਕਿ ਜਹਾਜ਼ ਹਾਦਸਾ ਹਾਲ ਹੀ ਦੇ ਸਾਲਾਂ ਵਿੱਚ ਨਾਈਜੀਰੀਆ ਵਿੱਚ ਸਭ ਤੋਂ ਭਿਆਨਕ ਹਵਾਈ ਆਫ਼ਤ ਹੈ। ਕੋਈ ਵੀ ਨਹੀਂ ਬਚਿਆ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਹਵਾਈ ਸੈਨਾ ਦੇ ਮੁਖੀ ਨੇ ਮੈਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮੈਂ ਨਾਈਜੀਰੀਆਈ ਹਵਾਈ ਸੈਨਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੂਰੀ ਜਾਂਚ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਿਪੋਰਟ ਮੰਗੇ।
International
ਨਾਲੇ ਵਿੱਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 6 ਵਿਅਕਤੀਆਂ ਦੀ ਮੌਤ, 10 ਜ਼ਖ਼ਮੀ
ਕਾਠਮਾਂਡੂ, 3 ਅਕਤੂਬਰ (ਸ.ਬ.) ਅੱਜ ਨੇਪਾਲ ਦੇ ਨਵਲਪਰਾਸੀ (ਬਰਦਾਘਾਟ ਸੁਸਤਾ ਈਸਟ) ਜ਼ਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਿਨਾਯੀ ਤ੍ਰਿਵੇਣੀ ਪੇਂਡੂ ਨਗਰਪਾਲਿਕਾ-2 ਵਿੱਚ ਐਸ-ਬੈਂਡ ਨੇੜੇ ਪੂਰਬ-ਪੱਛਮ ਰਾਜਮਾਰਗ ਤੇ ਵਾਪਰਿਆ। ਬੱਸ ਵਿੱਚ ਡਰਾਈਵਰ ਸਮੇਤ ਕੁੱਲ 18 ਲੋਕ ਸਵਾਰ ਸਨ। ਦੋ ਯਾਤਰੀ ਸੁਰੱਖਿਅਤ ਬਚ ਗਏ। ਹਾਦਸੇ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ, ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਪੁਲੀਸ ਅਨੁਸਾਰ, ਬੱਸ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ। ਐਸ-ਬੈਂਡ ਨੇੜੇ ਡਰਾਈਵਰ ਨੇ ਵਾਹਨ ਤੇ ਕਾਬੂ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਖਾਈ ਵਿੱਚ ਪਲਟ ਗਈ। ਹਾਦਸੇ ਦੀ ਸੂਚਨਾ ਮਿਲਣ ਤੇ ਇੰਸਪੈਕਟਰ ਥਮਨ ਸਿੰਘ ਰਾਣਾ ਦੀ ਅਗਵਾਈ ਵਿੱਚ ਪੁਲੀਸ ਟੀਮ ਮੌਕੇ ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲੀਸ ਮੁਲਾਜ਼ਮਾਂ ਨੇ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ।
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਜਾਜਰਕੋਟ ਜ਼ਿਲ੍ਹੇ ਦੀ ਭੇਰੀ ਨਗਰਪਾਲਿਕਾ-3 ਦੇ ਵਸਨੀਕ 50 ਸਾਲਾ ਨਿਰਜੰਗ ਖਤਰੀ ਵਜੋਂ ਹੋਈ ਹੈ। ਬਾਕੀ ਪੰਜ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਡਾਂਡਾ ਸਥਿਤ ਮੱਧਯਬਿੰਦੂ ਸੂਬਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਇਸ ਹਾਦਸੇ ਦੀ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।
-
National2 months agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
International4 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
Mohali2 months agoਬੂਥ ਮਾਰਕੀਟ ਐਸੋਸੀਏਸ਼ਨ ਫੇਜ਼ 2 ਮੁਹਾਲੀ ਦਾ ਵਫਦ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ
-
International1 month agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International1 month agoਤਿੱਬਤ ਤੋਂ ਆਏ ਹੜ੍ਹ ਕਾਰਨ ਨੇਪਾਲ ਵਿੱਚ ਭਾਰੀ ਤਬਾਹੀ, ਦਰਜਨਾਂ ਪਿੰਡ ਤਬਾਹ
-
International3 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
