Editorial
ਨਕਲੀ ਦੁੱਧ ਦੇ ਕਾਰੋਬਾਰ ਨੂੰ ਨੱਥ ਪਾਵੇ ਸਰਕਾਰ
ਭਾਰਤ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਲੋਕਾਂ ਦੀ ਪਹਿਲੀ ਪਸੰਦ ਹਨ। ਵੱਡੀ ਗਿਣਤੀ ਲੋਕ ਜਿਥੇ ਹਰ ਦਿਨ ਦੁੱਧ ਪੀਣਾ ਸਿਹਤ ਲਈ ਚੰਗਾ ਸਮਝਦੇ ਹਨ, ਉਥੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਖਾਣ ਵਿੱਚ ਵੀ ਆਪਣੀ ਸ਼ਾਨ ਸਮਝਦੇ ਹਨ।
ਇਹੋ ਕਾਰਨ ਹੈ ਕਿ ਤਿਉਹਾਰਾਂ ਮੌਕੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਬਹੁਤ ਵੱਧ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਨਕਲੀ ਅਤੇ ਮਿਲਾਵਟੀ ਦੁੱਧ ਵੇਚਣ ਦੀਆਂ ਖ਼ਬਰਾਂ ਆ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਵਿਕਰੀ ਹੁੰਦੀ ਹੈ, ਜਿਸ ਵਿੱਚੋਂ 50 ਕਰੋੜ ਲੀਟਰ ਦੁੱਧ ਦੇ ਮਿਲਾਵਟੀ ਤੇ ਨਕਲੀ ਹੋਣ ਦਾ ਖ਼ਦਸ਼ਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਲਾਵਟੀ ਅਤੇ ਨਕਲੀ ਦੁੱਧ ਦੇ ਕਾਰੋਬਾਰ ਨੂੰ ਨਾ ਰੋਕਿਆ ਗਿਆ ਤਾਂ ਭਾਰਤੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਅੰਦਰ 25 ਲੱਖ ਗਊਆਂ ਅਤੇ 40 ਲੱਖ ਮੱਝਾਂ ਹੋਣ ਦੇ ਸਰਕਾਰੀ ਅੰਕੜੇ ਹਨ ਪਰ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਦੱਸੀ ਜਾ ਰਹੀ ਹੈ। ਪੰਜਾਬ ਅੰਦਰ ਰੋਜ਼ਾਨਾ 16 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ। ਜਦੋਂਕਿ ਪੰਜਾਬ ਵਿੱਚ ਦੁੱਧ ਦੀ ਵਿਕਰੀ ਇਸ ਤੋਂ ਬਹੁਤ ਜਿਆਦਾ ਹੁੰਦੀ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਦੁੱਧ ਆਸਾਨੀ ਨਾਲ ਬਾਜ਼ਾਰ ਵਿੱਚ ਮਿਲ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਵੀ ਪੰਜਾਬ ਵਿੱਚ ਹੋ ਰਹੀ ਹੈ। ਜੇ ਕਿਸੇ ਦੁੱਧ ਵੇਚਣ ਵਾਲੇ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਤੋਂ ਵਧੇਰੇ ਮਾਤਰਾ ਵਿੱਚ ਦੁੱਧ ਕਿਵੇਂ ਵਿਕ ਰਿਹਾ ਹੈ ਤਾਂ ਦੁੱਧ ਵੇਚਣ ਵਾਲੇ ਦਾ ਜਵਾਬ ਹੁੰਦਾ ਹੈ ਕਿ ਦੂਜੇ ਸੂਬਿਆਂ ਤੋਂ ਲਿਆਂਦਾ ਦੁੱਧ ਵੀ ਪੰਜਾਬ ਵਿੱਚ ਵਿਕ ਰਿਹਾ ਹੈ।
ਕਿਹਾ ਜਾਂਦਾ ਹੈ ਕਿ ਨਕਲੀ ਦੁੱਧ ਬਣਾਉਣ ਲਈ ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ। ਜੋ ਕਿ ਮਨੁੱਖੀ ਸਿਹਤ ਲਈ ਨੁਕਸਾਨ ਦੇਹ ਹੁੰਦੇ ਹਨ। ਭਾਰਤ ਵਿੱਚ ਨਕਲੀ ਦੁੱਧ ਦਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ਦੌਰਾਨ ਨਕਲੀ ਦੁੱਧ ਅਤੇ ਨਕਲੀ ਦੁੱਧ ਤੋਂ ਬਣੇ ਪਦਾਰਥਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ, ਕਿਉਂਕਿ ਉਸ ਸਮੇਂ ਦੁੱਧ ਤੋਂ ਬਣੇ ਪਦਾਰਥ ਭਾਰੀ ਮਾਤਰਾ ਵਿੱਚ ਵਿਕਦੇ ਹਨ।
ਨਕਲੀ ਦੁੱਧ ਦੇ ਨਾਲ ਭਾਰਤ ਵਿੱਚ ਮਿਲਾਵਟੀ ਦੁੱਧ ਵੀ ਵਿਕਦਾ ਹੈ। ਅਕਸਰ ਦੁੱਧ ਵੇਚਣ ਵਾਲੇ ਦੁੱਧ ਵਿੱਚ ਪਾਣੀ ਜਾਂ ਹੋਰ ਪਦਾਰਥਾਂ ਦੀ ਮਿਲਾਵਟ ਕਰ ਦਿੰਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਸ਼ੁੱਧ ਦੁੱਧ ਨਹੀਂ ਮਿਲਦਾ। ਇਸ ਤੋਂ ਇਲਾਵਾ ਵੱਡੀ ਗਿਣਤੀ ਪਸ਼ੂ ਪਾਲਕ ਦੁਧਾਰੂ ਪਸ਼ੂਆਂ ਦਾ ਦੁੱਧ ਚੋਣ ਵੇਲੇ ਉਹਨਾਂ ਨੂੰ ਟੀਕਾ ਲਗਾ ਦਿੰਦੇ ਹਨ, ਜਿਸ ਨਾਲ ਦੁੱਧ ਦੀ ਪੈਦਾਵਾਰ ਤਾਂ ਵਧੱ ਜਾਂਦੀ ਹੈ, ਪਰ ਟੀਕੇ ਰਾਹੀਂ ਕੱਢਿਆ ਦੁੱਧ ਮਨੁੱਖੀ ਸਿਹਤ ਲਈ ਠੀਕ ਨਹੀਂ ਹੁੰਦਾ ਕਿਉਂਕਿ ਟੀਕੇ ਦਾ ਅਸਰ ਇਸ ਦੁੱਧ ਵਿੱਚ ਹੋ ਜਾਂਦਾ ਹੈ। ਕੁਝ ਪਸ਼ੂ ਪਾਲਕ ਅਜਿਹੇ ਹਨ ਜੋ ਕਿ ਆਪਣੇ ਪਰਿਵਾਰ ਦੀ ਵਰਤੋ ਲਈ ਉਹਨਾਂ ਮੱਝਾਂ ਦਾ ਦੁੱਧ ਰਖਦੇ ਹਨ, ਜਿਹਨਾਂ ਨੂੰ ਟੀਕਾ ਨਹੀਂ ਲਗਾਇਆ ਜਾਂਦਾ ਜਦੋਂਕਿ ਲੋਕਾਂ ਨੂੰ ਉਹ ਉਹਨਾਂ ਮੱਝਾਂ ਦਾ ਦੁੱਧ ਵੇਚਦੇ ਹਨ, ਜਿਹਨਾਂ ਨੂੰ ਟੀਕਾ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਪਸ਼ੂ ਪਾਲਕ ਆਪਣੇ ਪਰਿਵਾਰਾਂ ਨੂੰ ਸ਼ੁੱਧ ਦੁੱਧ ਪਿਲਾਉਂਦੇ ਹਨ ਜਦੋਂਕਿ ਲੋਕਾਂ ਨੂੰ ਟੀਕੇ ਵਾਲਾ ਦੁੱਧ ਪਿਲਾ ਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ।
ਜਿਸ ਤਰੀਕੇ ਨਾਲ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਨਕਲੀ ਅਤੇ ਮਿਲਾਵਟੀ ਦੁੱਧ ਦਾ ਕਾਰੋਬਾਰ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਨਕਲੀ ਅਤੇ ਮਿਲਾਵਟੀ ਦੁੱਧ ਦੇ ਕਾਰੋਬਾਰ ਨੂੰ ਬੰਦ ਕਰਨ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਬਿਊਰੋ
Editorial
ਬੁਰੀ ਤਰ੍ਹਾਂ ਮੁਸ਼ਕਿਲਾਂ ਵਿੱਚ ਫਸੇ ਮੱਧ ਵਰਗ ਵੱਲ ਵੀ ਧਿਆਨ ਦੇਵੇ ਸਰਕਾਰ
ਪਿਛਲੇ ਸਾਲਾਂ ਦੌਰਾਨ ਦੇਸ਼ ਵਿੱਚ ਹਰ ਪਾਸੇ ਪਸਰੀ ਆਰਥਿਕ ਸੁਸਤੀ ਦੀ ਸਭਤੋਂ ਵੱਧ ਮਾਰ ਮੱਧ ਵਰਗ ਨੂੰ ਹੀ ਸਹਿਣੀ ਪਈ ਹੈ ਜਿਸ ਕਾਰਨ ਇਹ ਵਰਗ ਬੁਰੀ ਤਰ੍ਹਾਂ ਨਪੀੜਿਆ ਗਿਆ ਹੈ। ਜੇਕਰ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਦੇ ਮੱਧ ਵਰਗੀ ਲੋਕ (ਜਿਹਨਾਂ ਵਿੱਚ ਜਿਆਦਾਤਰ ਛੋਟੇ ਕਾਰੋਬਾਰੀ ਅਤੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਹਨ), ਭਾਰੀ ਆਰਥਿਕ ਪਰੇਸ਼ਾਨੀ ਦਾ ਸਾਮ੍ਹਣਾ ਕਰ ਰਹੇ ਹਨ। 2020 ਵਿੱਚ ਆਈ ਕੋਰੋਨਾ ਦੀ ਮਹਾਮਾਰੀ ਕਾਰਨ ਆਈ ਆਰਥਿਕ ਤਬਾਹੀ ਦੀ ਸਭਤੋਂ ਵੱਡੀ ਕੀਮਤ ਦੇਸ਼ ਦੇ ਮੱਧ ਵਰਗ ਨੂੰ ਹੀ ਚੁਕਾਉਣੀ ਪਈ ਹੈ ਅਤੇ ਇਸ ਦੌਰਾਨ ਆਮ ਲੋਕਾਂ ਦੀ ਆਮਦਨ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋ ਗਈ ਹੈ ਜਿਸ ਕਾਰਨ ਇਹ ਵਰਗ ਬਸ ਕਿਵੇਂ ਨਾ ਕਿਵੇਂ ਗੁਜਾਰਾ ਕਰਦਾ ਆ ਰਿਹਾ ਹੈ।
ਕੇਂਦਰ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਹੁਣ ਹਾਲਾਤ ਸੁਧਰ ਗਏ ਹਨ ਅਤੇ ਦੇਸ਼ ਦਾ ਸ਼ੇਅਰ ਬਾਜਾਰ ਨਿੱਤ ਨਵੀਆਂ ਉਚਾਈਆਂ ਹਾਸਿਲ ਕਰ ਰਿਹਾ ਹੈ, ਪਰੰਤੂ ਅਸਲੀਅਤ ਇਹੀ ਹੈ ਕਿ ਮੱਧ ਵਰਗੀ ਪਰਿਵਾਰਾਂ ਨੂੰ ਇਸ ਦੌਰਾਨ ਨਾ ਤਾਂ ਉਹਨਾਂ ਉੱਪਰ ਚੜ੍ਹੇ ਤਰ੍ਹਾਂ ਤਰ੍ਹਾਂ ਦੇ ਕਰਜਿਆਂ ਦੇ ਵਿਆਜ ਤੋਂ ਕੋਈ ਰਾਹਤ ਹਾਸਿਲ ਹੋਈ ਅਤੇ ਨਾ ਹੀ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਉੱਪਰ ਲਗਾਏ ਜਾਂਦੇ ਭਾਰੀ ਭਰਕਮ ਟੈਕਸਾਂ ਤੋਂ ਕੋਈ ਰਾਹਤ ਦਿੱਤੀ ਗਈ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਚਲ ਰਹੀ ਭਾਰਤ ਅਮਰੀਕਾ ਜੰਗ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਚੁੱਕੇ ਹਨ ਅਤੇ ਮਹਿੰਗਾਈ ਦੀ ਮਾਰ ਕਾਰਨ ਲੋਕਾਂ ਨੂੰ ਆਪਣੇ ਜਰੂਰੀ ਖਰਚਿਆਂ ਦੀ ਪੂਰਤੀ ਲਈ ਵੀ ਕਰਜੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੋ ਸਾਲ ਪਹਿਲਾਂ ਮੱਧ ਵਰਗੀ ਪਰਿਵਾਰਾਂ ਨੂੰ ਰਾਹਤ ਦੇਣ ਦੇ ਸੁਫਨੇ ਵਿਖਾ ਕੇ ਦੇਸ਼ ਦੀ ਸੱਤਾ ਤੇ ਮੁੜ ਕਾਬਿਜ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਮੱਧ ਵਰਗ ਨੂੰ ਰਾਹਤ ਤਾਂ ਕੀ ਦੇਣੀ ਸੀ ਉਲਟਾ ਮੱਧਵਰਗ ਤੇ ਟੈਕਸਾਂ ਦਾ ਭਾਰ ਹੋਰ ਵੀ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਜਿੱਥੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਤੇ ਲਗਾਈ ਜਾਂਦੀ ਐਕਸਾਈਜ਼ ਡਿਊਟੀ ਵਿੱਚ ਲਗਾਤਾਰ ਵਾਧਾ ਕੀਤਾ ਜਾਂਦਾ ਰਿਹਾ ਹੈ ਉੱਥੇ ਲਗਾਤਾਰ ਵੱਧਦੀ ਮਹਿੰਗਾਈ ਤੇ ਕਾਬੂ ਕਰਨ ਲਈ ਵੀ ਕੁੱਝ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਗਰੀਬਾਂ ਨੂੰ ਮੁਫਤ ਅਨਾਜ ਅਤੇ ਹੋਰ ਸਾਮਾਨ ਤਾਂ ਵੰਡਿਆ ਜਾਂਦਾ ਹੈ ਪਰੰਤੂ ਭਾਰੀ ਭਰਕਮ ਟੈਕਸ ਦੇ ਕੇ ਸਰਕਾਰ ਦਾ ਖਜਾਨਾ ਭਰਨ ਵਾਲੇ ਮੱਧਮ ਵਰਗ ਨੂੰ ਕੋਈ ਮਦਦ ਨਹੀਂ ਦਿੱਤੀ ਗਈ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਮੱਧ ਵਰਗੀ ਪਰਿਵਾਰਾਂ ਦਾ ਇੱਕ ਵੱਡਾ ਹਿੱਸਾ ਵੀ ਗਰੀਬੀ ਦੀ ਮਾਰ ਹੇਠ ਆ ਗਿਆ ਹੈ ਅਤੇ ਉਹਨਾਂ ਪਰਿਵਾਰਾਂ ਲਈ ਭੁੱਖੇ ਮਰਨ ਦੀ ਨੌਬਤ ਆ ਗਈ ਹੈ।
ਇਸ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਨਵੇਂ ਰੁਜਗਾਰ ਪੈਦਾ ਕਰਨ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ ਅਤੇ ਰੁਜਗਾਰ ਨਾ ਮਿਲਣ ਕਾਰਨ ਮੱਧਵਰਗੀ ਪਰਿਵਾਰਾਂ ਦੇ ਬੇਰੁਜਗਾਰ ਨੌਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਸਲੀਅਤ ਇਹੀ ਹੈ ਕਿ ਮੱਧ ਵਰਗੀ ਪਰਿਵਾਰਾਂ ਨੂੰ ਸਰਕਾਰ ਤੋਂ (ਸਿਵਾਏ ਲਾਰਿਆਂ ਦੇ) ਕੁੱਝ ਵੀ ਹਾਸਿਲ ਨਹੀਂ ਹੋਇਆ ਹੈ ਅਤੇ ਹੁਣੇ ਵੀ ਸਰਕਾਰ ਦੀ ਕਾਰਗੁਜਾਰੀ ਤੋਂ ਅਜਿਹਾ ਨਹੀਂ ਲੱਗਦਾ ਕਿ ਮੱਧਵਰਗੀ ਪਰਿਵਾਰਾਂ ਨੂੰ ਲੋੜੀਂਦੀ ਰਾਹਤ ਦੇਣਾ ਉਸਦੀ ਪਹਿਲ ਤੇ ਹੈ। ਇਸ ਦੌਰਾਨ ਲਗਾਤਾਰ ਵੱਧਦੀ ਮਹਿੰਗਾਈ ਨੇ ਮੱਧ ਵਰਗੀ ਪਰਿਵਾਰਾਂ ਦੀ ਹਾਲਤ ਹੋਰ ਵੀ ਬਦਤਰ ਬਣਾ ਦਿੱਤੀ ਹੈ ਅਤੇ ਉਹਨਾਂ ਲਈ ਆਪਣੇ ਜਰੂਰੀ ਖਰਚੇ ਤਕ ਪੂਰੇ ਕਰਨੇ ਵੀ ਔਖੇ ਹੋ ਗਏ ਹਨ। ਲਗਾਤਾਰ ਵੱਧ ਰਹੀ ਟੈਕਸਾਂ ਦੀ ਮਾਰ ਅਤੇ ਮਹਿੰਗਾਈ ਨਾਲ ਮੱਧ ਵਰਗ ਦਾ ਜੀਉਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ।
ਕੇਂਦਰ ਸਰਕਾਰ ਗਰੀਬਾਂ, ਬੁਜ਼ਰਗਾਂ, ਸਕੂਲਾਂ ਵਿੱਚ ਪੜ੍ਹਦੇ ਬੱਚਿਆਂ, ਕਿਸਾਨਾਂ ਆਦਿ ਦੀ ਭਲਾਈ ਲਈ ਸਕੀਮਾਂ ਲਾਗੂ ਕਰਨ ਦਾ ਦਾਅਵਾ ਕਰਕੇ ਖੁਦ ਦੇ ਲੋਕ ਪੱਖੀ ਹੋਣ ਦਾ ਢੰਡੋਰਾ ਪਿੱਟਦੀ ਹੈ ਪਰ ਅਸਲ ਵਿੱਚ ਇਹਨਾਂ ਤਮਾਮ ਸਕੀਮਾਂ ਤੇ ਖਰਚ ਹੋਣ ਵਾਲੇ ਪੈਸੇ ਦਾ ਸਭਤੋਂ ਵੱਡਾ ਹਿੱਸਾ ਮੱਧ ਵਰਗ ਤੋਂ ਹੀ ਵਸੂਲਿਆ ਜਾਂਦਾ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਟੈਕਸਾਂ ਦੇ ਬੋਝ ਥਲੇ ਦੱਬਿਆ ਮੱਧ ਵਰਗ ਭਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੈ ਅਤੇ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ ਨੇ ਮੱਧ ਵਰਗ ਦੇ ਘਰ ਖਰੀਦਣ ਤੋਂ ਲੈ ਕੇ ਬੱਚਿਆਂ ਦੀ ਉਚੇਰੀ ਪੜ੍ਹਾਈ ਦੇ ਸੁਪਨੇ ਪੂਰੇ ਹੋਣ ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੇ ਵਿਕਾਸ ਵਿੱਚ ਮੱਧ ਵਰਗ ਦਾ ਅਹਿਮ ਰੋਲ ਹੈ ਅਤੇ ਮੱਧ ਵਰਗ ਹੀ ਹੈ ਜਿਹੜਾ ਇਮਾਨਦਾਰੀ ਨਾਲ ਟੈਕਸ ਅਦਾ ਕਰਕੇ ਸਰਕਾਰ ਦਾ ਖਜਾਨਾ ਭਰਦਾ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਮੱਧ ਵਰਗ ਦੇ ਹਿੱਤਾਂ ਬਾਰੇ ਵੀ ਸੋਚੇ ਅਤੇ ਉਸਤੋਂ ਵਸੂਲੇ ਜਾਂਦੇ ਟੈਕਸਾਂ ਦੀ ਸਮੀਖਿਆ ਕਰਕੇ ਇਹਨਾਂ ਨੂੰ ਤਰਕ ਸੰਗਤ ਬਣਾਇਆ ਜਾਵੇ। ਸਰਕਾਰ ਨੇ ਜਿੱਥੇ ਹੋਰਨਾਂ ਵਰਗਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਉੱਥੇ ਸਰਕਾਰ ਨੂੰ ਮੱਧ ਵਰਗ ਨੂੰ ਪੇਸ਼ ਮੁਸ਼ਕਿਲਾਂ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਮੱਧ ਵਰਗ ਨੂੰ ਵੀ ਰਾਹਤ ਮਿਲੇ।
Editorial
ਹਰ ਪਾਸੇ ਫੈਲੇ ਹਵਾ ਪ੍ਰਦੂਸ਼ਣ ਲਈ ਮਨੁੱਖ ਖੁਦ ਹੈ ਜ਼ਿੰਮੇਵਾਰ
ਭਾਰਤ ਦੀ ਰਾਜਧਾਨੀ ਦਿੱਲੀ ਅੱਜ ਕੱਲ੍ਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਵੱਡਾ ਕਾਰਨ ਦਿੱਲੀ ਵਿੱਚ ਹਰ ਪਾਸੇ ਫੈਲਿਆ ਹਵਾ ਪ੍ਰਦੁਸ਼ਣ ਹੈ। ਸਿਰਫ਼ ਦਿੱਲੀ ਹੀ ਨਹੀਂ ਬਲਕਿ ਪੰਜਾਬ ਸਮੇਤ ਵੱਖ ਵੱਖ ਰਾਜਾਂ ਵਿੱਚ ਇਸ ਸਮੇਂ ਵਾਤਾਵਰਣ ਵਿੱਚ ਧੂੰਆਂ ਫੈਲਿਆ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਸਾਹ ਸਬੰਧੀ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ।
‘ਆਈ ਕਿਊ ਏਅਰ’ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਛਾੜਦਿਆਂ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ। ਲਗਭਗ ਦੋ ਕਰੋੜ ਦੀ ਆਬਾਦੀ ਵਾਲੇ ਇਸ ਮਹਾਨਗਰ ਵਿੱਚ ਹਵਾ ਦੀ ਗੁਣਵੱਤਾ ‘ਖ਼ਤਰਨਾਕ’ ਪੱਧਰ ਤੱਕ ਡਿੱਗ ਗਈ ਹੈ ਅਤੇ ਸੰਘਣੀ ਜ਼ਹਿਰੀਲੀ ਧੁੰਦ (ਸਮੌਗ) ਦੀ ਚਾਦਰ ਵਿਛ ਜਾਣ ਕਾਰਨ ਦਿਸਣ ਹੱਦ (ਵਿਜ਼ੀਬਿਲਟੀ) ਬੇਹੱਦ ਘਟ ਗਈ ਹੈ।
ਸਵੇਰ ਵੇਲੇ ਮੁੱਖ ਸੜਕਾਂ ਤੇ ਸੰਘਣੇ ਧੂੰਏਂ ਵਿੱਚੋਂ ਗੱਡੀਆਂ ਅਤੇ ਮੋਟਰਸਾਈਕਲ ਨਿਕਲਦੇ ਦਿਖਾਈ ਦਿੰਦੇ ਹਨ, ਜਿੱਥੇ ਸਟਰੀਟ ਲਾਈਟਾਂ ਦੀ ਰੌਸ਼ਨੀ ਵੀ ਮੱਧਮ ਪੈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੀ ਆਮਦ ਨਾਲ ਹਵਾ ਪ੍ਰਦੂਸ਼ਣ ਇੱਕ ਗੰਭੀਰ ਮੌਸਮੀ ਸਮੱਸਿਆ ਬਣ ਜਾਂਦਾ ਹੈ। ਠੰਢੀ ਅਤੇ ਭਾਰੀ ਹਵਾ ਕਾਰਨ ਵਾਹਨਾਂ ਦਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਪਰਾਲੀ ਸਾੜਨ ਦਾ ਧੂੰਆਂ ਵਾਤਾਵਰਣ ਦੀ ਹੇਠਲੀ ਸਤਹਿ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੇ ਮੌਸਮ ਤੇ ਵਾਤਾਵਰਣ ਲਈ ਜਿੰਮੇਵਾਰ ਕੌਣ ਹੈ? ਭਾਵੇਂ ਕਿ ਆਮ ਲੋਕ ਅਕਸਰ ਹੀ ਇਸ ਲਈ ਕਈ ਕਾਰਨਾਂ ਨੂੰ ਦੋਸ਼ ਦਿੰਦੇ ਹਨ ਪਰ ਵਿਦਵਾਨ ਕਹਿੰਦੇ ਹਨ ਕਿ ਅਜਿਹੇ ਮੌਸਮ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ। ਧੂੰਏਂ ਭਰੀ ਧੁੰਦ ਲਈ ਜਿਥੇ ਵੱਡੀ ਗਿਣਤੀ ਲੋਕ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਲਈ ਜ਼ਿਮੇਵਾਰ ਸਮਝਦੇ ਹਨ, ਉਥੇ ਦਿਵਾਲੀ ਮੌਕੇ ਲੋਕਾਂ ਵੱਲੋਂ ਚਲਾਏ ਗਏ ਭਾਰੀ ਗਿਣਤੀ ਪਟਾਕਿਆਂ ਕਾਰਨ ਵੀ ਬਹੁਤ ਧੂੰਆਂ ਪੈਦਾ ਹੋਇਆ ਜੋ ਕਿ ਸਾਡੇ ਵਾਤਾਵਰਣ ਵਿੱਚ ਹੀ ਘੁੰਮ ਰਿਹਾ ਹੈ। ਇਸ ਤੋਂ ਇਲਾਵਾ ਵਾਹਨਾਂ ਅਤੇ ਉਦਯੋਗਾਂ ਦਾ ਧੂੰਆਂ ਵੀ ਵਾਤਾਵਰਣ ਵਿੱਚ ਰਲਿਆ ਹੋਇਆ ਹੈ, ਜਿਸ ਕਾਰਨ ਸਮੌਗ ਦੀ ਸਥਿਤੀ ਬਣੀ ਹੋਈ ਹੈ।
ਮਾਹਿਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਵੱਖ-ਵੱਖ ਸਮੇਂ ਆਉਂਦੀਆਂ ਕੁਦਰਤੀ ਆਫਤਾਂ ਲਈ ਵੀ ਕੁਦਰਤ ਨਹੀਂ ਬਲਕਿ ਮਨੁੱਖ ਖੁਦ ਹੀ ਜ਼ਿੰਮੇਵਾਰ ਹੁੰਦਾ ਹੈ। ਮਨੁੱਖ ਨੇ ਜਦੋਂ ਤੋਂ ਕੁਦਰਤ ਨਾਲ ਆਢਾ ਲੈਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਕੁਦਰਤੀ ਆਫਤਾਂ ਦੇ ਆਉਣ ਵਿੱਚ ਵਾਧਾ ਹੋ ਗਿਆ ਹੈ। ਮਨੁੱਖ ਨੇ ਆਪਣੇ ਲਾਲਚ ਵਿੱਚ ਪਹਾੜਾਂ ਤੋਂ ਜੰਗਲਾਂ ਦਾ ਸਫਾਇਆ ਕਰ ਦਿਤਾ ਹੈ, ਜਿਸ ਕਾਰਨ ਪਹਾੜਾਂ ਵਿੱਚ ਮੀਂਹ ਪੈਣ ਕਾਰਨ ਸਾਰਾ ਪਾਣੀ ਰੁੜ ਕੇ ਮੈਦਾਨੀ ਇਲਾਕਿਆਂ ਵਿੱਚ ਆ ਜਾਂਦਾ ਹੈ। ਜਿਸ ਕਾਰਨ ਹੜ੍ਹ ਆ ਜਾਂਦੇ ਹਨ। ਇਸ ਤੋਂ ਇਲਾਵਾ ਮੈਦਾਨੀ ਇਲਾਕਿਆਂ ਵਿੱਚ ਵੀ ਮਨੁੱਖ ਨੇ ਵਿਕਾਸ ਦੀ ਆੜ ਵਿੱਚ ਵੱਡੀ ਗਿਣਤੀ ਦਰਖਤਾਂ ਦਾ ਕਤਲੇਆਮ ਕਰ ਦਿੱਤਾ ਹੈ। ਜਿਸ ਕਾਰਨ ਜਾਂ ਤਾਂ ਮੀਂਹ ਨਹੀਂ ਪੈਂਦਾ ਅਤੇ ਜੇਕਰ ਪੈਂਦਾ ਹੈ ਤਾਂ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਆ ਜਾਂਦੇ ਹਨ। ਇਸਦੇ ਇਲਾਵਾ ਮਨੁੱਖ ਵੱਲੋਂ ਆਪਣੇ ਲਾਲਚ ਲਈ ਦਰਿਆਵਾਂ, ਨਦੀਆਂ ਅਤੇ ਬਰਸਾਤੀ ਨਾਲਿਆਂ ਦੀ ਜੱਦੀ ਪੁਸ਼ਤੀ ਰਸਤੇ ਤੇ ਕਬਜੇ ਕਰਕੇ ਨਾਜਾਇਜ ਉਸਾਰੀਆਂ ਕਰ ਲਈਆਂ ਗਈਆਂ ਹਨ, ਜਿਸ ਕਾਰਨ ਬਰਸਾਤਾਂ ਵੇਲੇ ਜਦੋਂ ਪਾਣੀ ਨੂੰ ਕੋਈ ਆਪਣਾ ਜੱਦੀ ਰਸਤਾ ਨਹੀਂ ਮਿਲਦਾ ਤਾਂ ਉਹ ਮੈਦਾਨੀ ਇਲਾਕਿਆਂ ਵੱਲ ਆ ਜਾਂਦਾ ਹੈ।
ਭਾਰਤ ਵਿੱਚ ਦਰਖਤਾਂ ਦੀ ਘਾਟ ਕਾਰਨ ਵੀ ਸਮੌਗ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਦਰਖਤ ਧੂੰਏਂ ਅਤੇ ਕਾਰਬਨ ਆਕਸਾਈਡ ਗੈਸ ਨੂੰ ਸੋਖ ਕੇ ਆਕਸੀਜਨ ਦਿੰਦੇ ਹਨ, ਜਿਸ ਕਾਰਨ ਵਾਤਾਵਰਣ ਸ਼ੁੱਧ ਹੁੰਦਾ ਹੈ। ਇਸ ਸਮੇਂ ਵੱਡੀ ਗਿਣਤੀ ਭਾਰਤ ਵਾਸੀ ਮੀਂਹ ਦੀ ਉਡੀਕ ਕਰ ਰਹੇ ਹਨ ਅਤੇ ਉਹਨਾਂ ਨੂੰ ਆਸ ਹੈ ਕਿ ਮੀਂਹ ਪੈਣ ਤੋਂ ਬਾਅਦ ਦਿੱਲੀ ਸਮੇਤ ਪੂਰੇ ਭਾਰਤ ਦਾ ਮੌਸਮ ਠੀਕ ਹੋ ਜਾਵੇਗਾ।
ਬਿਊਰੋ
Editorial
ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਛੁਪੇ ਹੁੰਦੇ ਹਨ ਹੈਕਰਾਂ ਲਈ ਹਜ਼ਾਰਾਂ ਸੁਰਾਗ!
ਹੈਕਿੰਗ ਦੀ ਅਸਲ ਸ਼ੁਰੂਆਤ ਕੋਡਿੰਗ ਨਾਲ ਨਹੀਂ, ਸਾਡੀ ਸਾਂਝੀ ਕੀਤੀ ਜਾਣਕਾਰੀ ਨਾਲ ਹੁੰਦੀ ਹੈ!
ਆਮ ਤੌਰ ਤੇ ਜਦੋਂ ਵੀ ਅਸੀਂ ਹੈਕਿੰਗ ਜਾਂ ਸਾਈਬਰ ਹਮਲਿਆਂ ਬਾਰੇ ਸੁਣਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਇੱਕ ਅਜਿਹੀ ਤਸਵੀਰ ਉੱਭਰਦੀ ਹੈ, ਜਿਸ ਵਿੱਚ ਕੋਈ ਵਿਅਕਤੀ ਹਨੇਰੇ ਕਮਰੇ ਵਿੱਚ ਬੈਠ ਕੇ ਲੈਪਟਾਪ ਤੇ ਤੇਜ਼ੀ ਨਾਲ ਕੋਡਿੰਗ ਕਰ ਰਿਹਾ ਹੁੰਦਾ ਹੈ। ਪਰ ਅਸਲੀਅਤ ਇਸ ਤੋਂ ਕਾਫ਼ੀ ਵੱਖਰੀ ਅਤੇ ਸੋਚਣ ਲਈ ਮਜਬੂਰ ਕਰਨ ਵਾਲੀ ਹੈ। ਕਿਸੇ ਵੀ ਪੇਸ਼ੇਵਰ ਸਾਈਬਰ ਹਮਲੇ ਦੀ ਸ਼ੁਰੂਆਤ ਲਾਜ਼ਮੀ ਤੌਰ ਤੇ ਕੋਡਿੰਗ ਜਾਂ ਹੈਕਿੰਗ ਟੂਲਜ਼ ਨਾਲ ਨਹੀਂ ਹੁੰਦੀ, ਬਲਕਿ ਇਸ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਜਾਣਕਾਰੀ ਇਕੱਠੀ ਕਰਨਾ ਹੁੰਦਾ ਹੈ।
ਇਸ ਪ੍ਰਕਿਰਿਆ ਨੂੰ ਸਾਈਬਰ ਸੁਰੱਖਿਆ ਦੀ ਭਾਸ਼ਾ ਵਿੱਚ ਓਪਨ ਸੋਰਸ ਇੰਟੈਲੀਜੈਂਸ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਇੰਟਰਨੈਟ ਅਤੇ ਹੋਰ ਜਨਤਕ ਸਰੋਤਾਂ ਤੋਂ ਉਪਲਬਧ ਜਾਣਕਾਰੀ ਇਕੱਠੀ ਕਰਨਾ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ। ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਦਫ਼ਤਰਾਂ ਅਤੇ ਸੰਸਥਾਵਾਂ ਦੀਆਂ ਵੈਬਸਾਈਟਾਂ, ਕਰਮਚਾਰੀਆਂ ਦੀ ਜਾਣਕਾਰੀ, ਈਮੇਲ ਪਤੇ, ਨੌਕਰੀਆਂ ਦੇ ਇਸ਼ਤਿਹਾਰ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿਸੇ ਸਾਈਬਰ ਅਪਰਾਧੀ ਲਈ ਮਹੱਤਵਪੂਰਨ ਜਾਣਕਾਰੀਆਂ ਬਣ ਸਕਦੀਆਂ ਹਨ।
ਮਿਸਾਲ ਵਜੋਂ, ਜੇਕਰ ਕੋਈ ਕਰਮਚਾਰੀ ਸੋਸ਼ਲ ਮੀਡੀਆ ਤੇ ਆਪਣੀ ਨਵੀਂ ਨੌਕਰੀ, ਦਫ਼ਤਰ ਦਾ ਨਾਮ, ਅਹੁਦਾ ਜਾਂ ਕੰਮ ਕਰਨ ਵਾਲੀ ਥਾਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਇਹ ਜਾਣਕਾਰੀ ਕਿਸੇ ਸਾਈਬਰ ਅਪਰਾਧੀ ਨੂੰ ਉਸ ਦੀ ਪਛਾਣ ਅਤੇ ਕੰਮਕਾਜ ਬਾਰੇ ਕਾਫ਼ੀ ਕੁਝ ਸਮਝਣ ਵਿੱਚ ਮਦਦ ਕਰ ਸਕਦੀ ਹੈ। ਇਸੇ ਤਰ੍ਹਾਂ, ਕਿਸੇ ਸੰਸਥਾ ਦੀ ਵੈਬਸਾਈਟ ਤੇ ਮੌਜੂਦ ਸੰਪਰਕ ਵੇਰਵੇ ਜਾਂ ਤਕਨੀਕੀ ਜਾਣਕਾਰੀ ਵੀ ਨਿਸ਼ਾਨਾ ਬਣਾਉਣ ਲਈ ਵਰਤੀ ਜਾ ਸਕਦੀ ਹੈ।
ਇੱਥੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਸੀਂ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਨੂੰ ਬਿਨਾਂ ਸੋਚੇ-ਸਮਝੇ ਇੰਟਰਨੈਟ ਤੇ ਸਾਂਝਾ ਕਰ ਦਿੰਦੇ ਹਾਂ। ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਵੱਖ-ਵੱਖ ਥਾਵਾਂ ਤੇ ਸਾਂਝੀਆਂ ਕੀਤੀਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਨੂੰ ਜੋੜ ਕੇ ਸਾਡੇ ਬਾਰੇ ਇੱਕ ਪੂਰੀ ਤਸਵੀਰ ਤਿਆਰ ਕੀਤੀ ਜਾ ਸਕਦੀ ਹੈ। ਇਸੇ ਜਾਣਕਾਰੀ ਦੇ ਆਧਾਰ ਤੇ ਫਿਸ਼ਿੰਗ ਈਮੇਲਾਂ, ਫਰਜ਼ੀ ਫ਼ੋਨ ਕਾਲਾਂ ਅਤੇ ਹੋਰ ਸਾਈਬਰ ਧੋਖਾਧੜੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਇਸ ਲਈ ਸਾਈਬਰ ਸੁਰੱਖਿਆ ਸਿਰਫ਼ ਐਂਟੀਵਾਇਰਸ ਸਾਫ਼ਟਵੇਅਰ ਲਗਾਉਣ, ਮਜ਼ਬੂਤ ਪਾਸਵਰਡ ਰੱਖਣ ਜਾਂ ਮਹਿੰਗੇ ਸੁਰੱਖਿਆ ਸਿਸਟਮ ਖਰੀਦਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਦੀ ਸ਼ੁਰੂਆਤ ਸਾਡੀ ਆਪਣੀ ਜਾਗਰੂਕਤਾ ਅਤੇ ਡਿਜੀਟਲ ਵਿਹਾਰ ਤੋਂ ਹੋਣੀ ਚਾਹੀਦੀ ਹੈ। ਹਰ ਵਿਅਕਤੀ ਅਤੇ ਸੰਸਥਾ ਨੂੰ ਸਮੇਂ- ਸਮੇਂ ਤੇ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਇੰਟਰਨੈਟ ਤੇ ਉਨ੍ਹਾਂ ਬਾਰੇ ਕਿਹੜੀ ਜਾਣਕਾਰੀ ਜਨਤਕ ਤੌਰ ਤੇ ਉਪਲਬਧ ਹੈ ਅਤੇ ਕੀ ਉਸ ਜਾਣਕਾਰੀ ਦੀ ਕਿਸੇ ਵੀ ਤਰੀਕੇ ਨਾਲ ਦੁਰਵਰਤੋਂ ਹੋ ਸਕਦੀ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀਆਂ ਪ੍ਰਾਈਵੇਸੀ ਸੈਟਿੰਗਾਂ ਦੀ ਸਮੀਖਿਆ ਕਰਨੀ, ਅਣਜਾਣ ਲਿੰਕਾਂ ਤੇ ਕਲਿੱਕ ਕਰਨ ਤੋਂ ਬਚਣਾ, ਨਿੱਜੀ ਜਾਣਕਾਰੀ ਸਾਂਝੀ ਕਰਨ ਵੇਲੇ ਸਾਵਧਾਨ ਰਹਿਣਾ ਅਤੇ ਹਰ ਖਾਤੇ ਲਈ ਮਜ਼ਬੂਤ ਤੇ ਵੱਖਰਾ ਪਾਸਵਰਡ ਵਰਤਣਾ ਵੀ ਬਹੁਤ ਜ਼ਰੂਰੀ ਹੈ। ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਲਈ ਸਾਈਬਰ ਸੁਰੱਖਿਆ ਸਬੰਧੀ ਸਿਖਲਾਈ ਅਤੇ ਨਿਯਮਤ ਸੁਰੱਖਿਆ ਜਾਂਚ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ।
ਅੰਤ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਿਜੀਟਲ ਦੁਨੀਆ ਵਿੱਚ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਕਈ ਵਾਰ ਸਾਡੀ ਆਪਣੀ ਲਾਪਰਵਾਹੀ ਹੁੰਦੀ ਹੈ। ਹੈਕਿੰਗ ਹਮੇਸ਼ਾ ਕਿਸੇ ਤਕਨੀਕੀ ਕਮਜ਼ੋਰੀ ਰਾਹੀਂ ਹੀ ਨਹੀਂ ਹੁੰਦੀ, ਕਈ ਵਾਰ ਇਹ ਸਾਡੇ ਵੱਲੋਂ ਖੁਦ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਵੀ ਸ਼ੁਰੂ ਹੋ ਸਕਦੀ ਹੈ। ਯਾਦ ਰੱਖੋ, ਸਾਈਬਰ ਸੁਰੱਖਿਆ ਦੀ ਪਹਿਲੀ ਕੰਧ ਕੋਈ ਸਾਫ਼ਟਵੇਅਰ ਨਹੀਂ, ਬਲਕਿ ਸਾਡੀ ਜਾਗਰੂਕਤਾ ਹੈ। ਇੰਟਰਨੈਟ ਤੇ ਹਰ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ, ਕਿਉਂਕਿ ਡਿਜੀਟਲ ਦੁਨੀਆ ਵਿੱਚ ਤੁਹਾਡੀ ਜਾਣਕਾਰੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਵੀ ਹੋ ਸਕਦੀ ਹੈ ਅਤੇ ਸਭ ਤੋਂ ਵੱਡੀ ਕਮਜ਼ੋਰੀ ਵੀ।
ਚਾਨਣਦੀਪ ਸਿੰਘ ਔਲਖ (ਮਾਨਸਾ)
ਸੰਪਰਕ 9876888177
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
