Editorial
ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵੀ ਧਿਆਨ ਦੇਵੇ ਸਰਕਾਰ
ਸਾਢੇ ਚਾਰ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਆਪਣੇ ਆਖਰੀ ਦੌਰ ਵਿੱਚ ਹੈ ਅਤੇ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਮੰਤਰੀਆਂ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਪਾਰਟੀ ਦੇ ਵੱਡੇ ਛੋਟੇ ਆਗੂਆਂ ਵਲੋਂ ਸਮੇਂ ਸਮੇਂ ਤੇ ਸੂਬੇ ਦੇ ਸਰਬਪੱਖੀ ਵਿਕਾਸ ਕਰਨ ਲਈ ਕੰਮ ਕਰਨ ਦੀ ਗੱਲ ਕਰਦਿਆਂ ਆਮ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਵਲੋਂ ਪੰਜਾਬ ਦਾ ਲੋੜੀਂਦਾ ਵਿਕਾਸ ਕਰਕੇ ਇਸਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ।
ਇਸਦੇ ਨਾਲ ਹੀ ਸਰਕਾਰ ਵਲੋਂ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵਾਂਗ ਲੋੜੀਂਦੀਆਂ ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਅਤੇ ਪੇਂਡੂ ਨੌਜਵਾਨਾਂ ਦੇ ਰੁਜਗਾਰ ਲਈ ਪਿੰਡਾਂ ਵਿੱਚ ਹੀ ਲੋੜੀਂਦੇ ਪ੍ਰਬੰਧ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਪਰੰਤੂ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਵੱਲ ਨਜਰ ਮਾਰੀਏ ਤਾਂ ਸਾਫ ਜਾਹਿਰ ਹੁੰਦਾ ਹੈ ਕਿ ਸਰਕਾਰ ਦੇ ਇਹ ਦਾਅਵੇ ਹਵਾ ਹਵਾਈ ਹੀ ਸਾਬਿਤ ਹੋਏ ਹਨ।
ਪੰਜਾਬ ਦੀ ਸੱਤਾ ਤੇ ਸਮੇਂ ਸਮੇਂ ਤੇ ਕਾਬਜ ਰਹੀਆਂ ਸਰਕਾਰਾਂ ਵਲੋਂ ਪਹਿਲਾਂ ਵੀ ਪਿੰਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਪਿੰਡਾਂ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਸਨ, ਪਰੰਤੂ ਇਹ ਦਾਅਵੇ ਵੀ ਹਵਾ ਹਵਾਈ ਹੀ ਸਾਬਿਤ ਹੁੰਦੇ ਆਏ ਹਨ। ਪਿਛਲੀ ਸਰਕਾਰ ਵਲੋਂ ਵੀ ਦਾਅਵਾ ਕੀਤਾ ਜਾਂਦਾ ਸੀ ਕਿ ਉਸ ਵਲੋਂ ਪਿੰਡਾਂ ਵਿੱਚ ਬਹੁਤ ਵਿਕਾਸ ਕਰਵਾਇਆ ਗਿਆ ਹੈ ਅਤੇ ਸਰਕਾਰ ਦੇ ਦਾਅਵਿਆਂ ਵਿੱਚ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਪਰੰਤੂ ਅਸਲੀਅਤ ਇਹੀ ਹੈ ਕਿ ਸੂਬੇ ਦੇ ਜਿਆਦਾਤਰ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨਾਂਹ ਦੇ ਬਰਾਬਰ ਹਨ ਅਤੇ ਮਨੁੱਖ ਦੀ ਮੁੱਢਲੀ ਲੋੜ ਸਿਖਿਆ, ਸਿਹਤ ਅਤੇ ਰੁਜਗਾਰ ਦੇ ਲੋੜੀਂਦੇ ਪ੍ਰਬੰਧਾਂ ਦੀ ਘਾਟ, ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵੱਲ ਜਾਣ ਲਈ ਮਜਬੂਰ ਕਰਦੀ ਹੈ।
ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਜੇਕਰ ਸਰਕਾਰ ਵਾਕਈ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੀ ਚਾਹਵਾਨ ਹੈ ਤਾਂ ਉਸਨੂੰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ ਤੇ ਆਧੁਨਿਕ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣੀਆਂ ਚਾਹੀਦੀਆਂਹਨ। ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਲੰਬੇ ਚੌੜੇ ਵਾਇਦੇ ਤਾਂ ਬਹੁਤ ਕੀਤੇ ਗਏ ਸਨ ਪਰੰਤੂ ਅਸਲੀਅਤ ਇਹੀ ਹੈ ਕਿ ਮੌਜੂਦਾ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਬਹੁਤ ਘੱਟ ਕੰਮ ਹੋਇਆ ਹੈ।
ਸੂਬੇ ਦੇ ਪਿੰਡਾਂ ਵਿੱਚ ਨਾ ਤਾਂ ਸੜਕਾਂ ਬਣੀਆਂ ਤੇ ਨਾ ਹੀ ਗਲੀਆਂ ਨਾਲੀਆਂ। ਸੀਵਰੇਜ ਸਿਸਟਮ ਤਾਂ ਦੂਰ, ਗੰਦੇ ਪਾਣੀ ਦੇ ਨਿਕਾਸ ਲਈ ਲੋੜੀਂਦੀਆਂ ਨਾਲੀਆਂ ਤਕ ਨਾ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਗਲੀਆਂ ਵਿਚ ਹੀ ਖੜਾ ਰਹਿੰਦਾ ਹੈ ਅਤੇ ਇਸ ਕਾਰਨ ਲੋਕਾਂ ਵਿਚ ਆਪਸੀ ਲੜਾਈ ਝਗੜੇ ਵੀ ਹੁੰਦੇ ਹਨ। ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਪਿੰਡਾਂ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਤੇ ਹੀ ਚਿੱਕੜ ਅਤੇ ਗੰਦਾ ਪਾਣੀ ਜਮਾ ਹੋ ਜਾਂਦਾ ਹੈ, ਜੋ ਕਿ ਕਈ-ਕਈ ਦਿਨ ਖੜਾ ਰਹਿੰਦਾ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ। ਪਿੰਡਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਸਰਕਾਰੀ ਸਿਹਤ ਸੁਵਿਧਾਵਾਂ ਬੁਰੀ ਤਰ੍ਹਾਂ ਬਦਹਾਲ ਹਨ ਜਿਸ ਕਾਰਨ ਪਿੰਡਾਂ ਤੋਂ ਸ਼ਹਿਰਾਂ ਵੱਲ ਹੋਣ ਵਾਲੇ ਪਲਾਇਨ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ।
ਹਾਲਾਂਕਿ ਸੂਬੇ ਦੇ ਕੁੱਝ ਪਿੰਡ ਜਰੂਰ ਅਜਿਹੇ ਹਨ ਜਿੱਥੇ ਵਿਕਾਸ ਵੀ ਹੋਇਆ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਮਿਲਦੀਆਂ ਹਨ ਪਰੰਤੂ ਇਹਨਾਂ ਪਿੰਡਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਜਿਆਦਾਤਰ ਪਿੰਡ ਹੁਣੇ ਵੀ ਆਪਣੇ ਬੁਨਿਆਦੀ ਵਿਕਾਸ ਲਈ ਤਰਸ ਰਹੇ ਹਨ। ਪੰਜਾਬ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਤਾਂ ਕਰਦੀ ਹੈ ਪਰੰਤੂ ਅਜਿਹਾ ਕਰਨ ਲਈ ਉਸਨੂੰ ਸਭਤੋਂ ਪਹਿਲਾਂ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸਦੇ ਨਾਲ ਨਾਲ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਲੋੜੀਂਦੀਆਂ ਸਹੂਲਤਾਂ (ਖਾਸ ਕਰ ਸਿਖਿਆ, ਸਿਹਤ ਅਤੇ ਰੁਜਗਾਰ) ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਅਜਿਹਾ ਹੋਣ ਨਾਲ ਜਿੱਥੇ ਪਿੰਡਾਂ ਵਿੱਚ ਹੀ ਰੁਜਗਾਰ ਪੈਦਾ ਹੋਵੇਗਾ ਉੱਥੇ ਬੁਨਿਆਦੀ ਸੁਵਿਧਾਵਾਂ ਹਾਸਿਲ ਕਰਨ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਹੁੰਦੇ ਪਲਾਇਨ ਤੇ ਵੀ ਰੋਕ ਲਗੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਇਹਨਾਂ ਪਿੰਡਾਂ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਲਈ ਨਵੀਆਂ ਗ੍ਰਾਂਟਾਂ ਜਾਰੀ ਕਰੇ ਅਤੇ ਪਿੰਡਾਂ ਵਿੱਚ ਨਵੇਂ ਸਿਰੇ ਤੋਂ ਵਿਕਾਸ ਕਾਰਜ ਕਰਵਾਏ ਜਾਣ ਤਾ ਜੋ ਲੋਕਾਂ ਦੀਆਂ ਸਮੱਸਿਆਵਾਂ ਹਲ ਹੋਣ।
Editorial
ਸੂਬੇ ਦੀ ਪੁਲੀਸ ਫੋਰਸ ਦੀ ਕਾਰਗੁਜਾਰੀ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਜਰੂਰੀ
ਪੰਜਾਬ ਦੀ ਸੱਤਾ ਤੇ ਸਾਢੇ ਚਾਰ ਪਹਿਲਾਂ ਕਾਬਿਜ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਵੱਧ ਰਿਹਾ ਹੈ ਅਤੇ ਆਪਣੇ ਇਸ ਕਾਰਜਕਾਲ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਮੇਤ ਹੋਰਨਾਂ ਮੰਤਰੀਆਂ, ਪਾਰਟੀ ਦੇ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਵਲੋਂ ਸੂਬੇ ਦੀ ਜਨਤਾ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਸੂਬੇ ਦੀ ਜਨਤਾ ਸਰਕਾਰ ਦੇ ਇਹਨਾਂ ਦਾਅਵਿਆਂ ਨਾਲ ਸਹਿਮਤ ਨਹੀਂ ਦਿਖਦੀ। ਹਾਲਾਂਕਿ ਇਸ ਦੌਰਾਨ ਵਿਜੀਲੈਂਸ ਵਿਭਾਗ ਵਲੋਂ ਆਏ ਦਿਨ ਕਿਸੇ ਨਾ ਕਿਸੇ ਸਰਕਾਰੀ ਅਧਿਕਾਰੀ ਜਾਂ ਸਿਆਸੀ ਆਗੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਕਾਬੂ ਕੀਤੇ ਜਾਣ ਦੀਆਂ ਕਾਰਵਾਈਆਂ ਵੀ ਲਗਾਤਾਰ ਸਾਮ੍ਹਣੇ ਆਉਂਦੀਆਂ ਰਹੀਆਂ ਹਨ ਪਰੰਤੂ ਇਸਦੇ ਬਾਵਜੂਦ ਆਮ ਆਦਮੀ ਨਾਲ ਗੱਲ ਕਰਨ ਤੇ ਲੱਗਦਾ ਹੈ ਕਿ ਜਨਤਾ ਸਰਕਾਰ ਦੀ ਕਾਰਗੁਜਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ।
ਕਿਸੇ ਵੀ ਦੇਸ਼-ਸਮਾਜ ਦੀ ਸਰਕਾਰ ਦੀ ਕਾਰਗੁਜਾਰੀ ਉਸਦੇ ਅਧੀਨ ਆਉਂਦੇ ਖੇਤਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਅਤੇ ਪੁਲੀਸ ਫੋਰਸ ਦੀ ਕਾਰਗੁਜਾਰੀ ਦੇ ਪੈਮਾਨੇ ਤੇ ਹੀ ਪਰਖੀ ਜਾਂਦੀ ਹੈ ਅਤੇ ਇਸ ਪੱਖੋਂ ਜੇਕਰ ਪੰਜਾਬ ਪੁਲੀਸ ਦੀ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਜਨਤਾ ਵਲੋਂ ਇਹ ਆਮ ਇਲਜਾਮ ਲਗਾਇਆ ਜਾਂਦਾ ਹੈ ਕਿ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਹੋਣ ਦੇ ਬਾਵਜੂਦ ਪੁਲੀਸ ਫੋਰਸ ਵਲੋਂ ਆਮ ਜਨਤਾ ਨਾਲ ਕੀਤੇ ਜਾਂਦੇ ਵਤੀਰੇ ਅਤੇ ਉਸਦੀ ਕਾਰਗੁਜਾਰੀ ਵਿੱਚ ਕੋਈ ਖਾਸ ਫਰਕ ਨਹੀਂ ਆਇਆ ਹੈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸੂਬੇ ਦੀ ਜਨਤਾ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਅਤੇ ਧੱਕੇਸ਼ਾਹੀਆਂ ਦੀਆਂ ਸ਼ਿਕਾਇਤਾਂ ਵੀ ਪਹਿਲਾਂ ਵਾਗ ਹੀ ਸਾਮ੍ਹਣੇ ਆਉਂਦੀਆਂ ਹਨ। ਇੰਨਾ ਫਰਕ ਜਰੂਰ ਪਿਆ ਹੈ ਕਿ ਪਿਛਲੀ ਸਰਕਾਰ ਦੌਰਾਨ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਪੁਲੀਸ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਦੀ ਸ਼ਿਕਾਇਤ ਕਰਦੇ ਸਨ ਉੱਥੇ ਹੁਣ ਇਹ ਸ਼ਿਕਾਇਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੇਂਦਰਿਤ ਹੋ ਗਈਆਂਹਨ।
ਸੂਬੇ ਦੀ ਜਨਤਾ ਦੀ ਇਹ ਸ਼ਿਕਾਇਤ ਬਹੁਤ ਪੁਰਾਣੀ ਹੈ ਕਿ ਪੁਲੀਸ ਫੋਰਸ ਵਲੋਂ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਅਿਾ ਜਾਂਦਾ ਹੈ। ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਸੱਤਾ ਤੇ ਕਾਬਿਜ ਸਿਆਸੀ ਆਗੂਆਂ ਵਲੋਂ ਪੁਲੀਸ ਫੋਰਸ ਦੀ ਤਾਕਤ ਨੂੰ ਆਪਣੇ ਫਾਇਦੇ ਲਈ ਵਰਤਣ ਦੇ ਰੁਝਾਨ ਨੇ ਪੁਲੀਸ ਫੋਰਸ ਦੀ ਮਾਨਸਿਕਤਾ ਤੇ ਬਹੁਤ ਗਹਿਰਾ ਅਸਰ ਪਾਇਆ ਹੈ ਅਤੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਜਨਤਾ ਦਾ ਸੇਵਕ ਸਮਝਣ ਦੀ ਥਾਂ ਸ਼ਾਸ਼ਕ ਸਮਝਦੇ ਹਨ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਸਾਡੇ ਜਿਆਦਾਤਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਇਹ ਇਹ ਮਾਨਸਿਕਤਾ ਵੀ ਕਾਫੀ ਹੱਦ ਤਕ ਹਾਵੀ ਹੋ ਚੁੱਕੀ ਹੈ ਕਿਉਹ ਕੁੱਝ ਵੀ ਕਰ ਸਕਦੇ ਹਨ ਅਤੇ ਆਮ ਜਨਤਾ ਨੂੰ ਡੰਡੇ ਦੇ ਜੋਰ ਨਾਲ ਜਿੱਧਰ ਮਰਜੀ ਹੱਕਿਆ ਜਾ ਸਕਦਾ ਹੈ। ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਡੀ ਪੂਰੀ ਪੁਲੀਸ ਫੋਰਸ ਦਾ ਰਵਈਆ ਅਜਿਹਾ ਹੋ ਚੁੱਕਿਆ ਹੈ ਅਤੇ ਪੁਲੀਸ ਫੋਰਸ ਵਿੱਚ ਚੰਗੇ ਅਤੇ ਇਮਾਨਦਾਰ ਅਫਸਰ ਅਤੇ ਮੁਲਾਜਮ ਵੀ ਮੌਜੂਦ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਪੁਲੀਸ ਫੋਰਸ ਦੇ ਜਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਦੇ ਹਨ ਅਤੇ ਜਦੋਂ ਕਦੇ ਉਹਨਾਂ ਤੇ ਤਾਕਤ ਦਾ ਇਹ ਨਸ਼ਾ ਹਾਵੀ ਹੁੰਦਾ ਹੈ ਤਾਂ ਇਸਦਾ ਕਹਿਰ ਆਮ ਜਨਤਾ ਤੇ ਹੀ ਟੁੱਟਦਾ ਹੈ।
ਸਵਾਲ ਇਹ ਹੈ ਕਿ ਇਸਦਾ ਕਸੂਰ ਆਖਿਰ ਕਿਸਦੇ ਸਿਰ ਮੜ੍ਹਿਆ ਜਾਵੇ? ਕੀ ਇਹ ਕਿਹਾ ਜਾਵੇ ਕਿ ਆਪਣੇ ਫਾਇਦੇ ਲਈ ਪੁਲੀਸ ਫੋਰਸ ਦੀ ਵਰਤੋਂ ਕਰਨ ਵਾਲੇ ਸਾਡੇ ਸਿਆਸਤਦਾਨਾਂ ਨੇ ਸਾਡੀ ਪੁਲੀਸ ਫੋਰਸ ਦੀ ਮਾਨਸਿਕਤਾ ਨੂੰ ਹੀ ਗੰਧਲਾ ਕਰ ਦਿੱਤਾ ਹੈ ਜਾਂ ਫਿਰ ਇਹ ਕਿਹਾ ਜਾਵੇ ਕਿ ਪੁਲੀਸ ਦੀ ਮੁੱਢਲੀ ਟ੍ਰੇਨਿੰਗ ਵਿੱਚ ਹੀ ਅਜਿਹੀਆਂ ਖਾਮੀਆਂ ਮੌਜੂਦ ਹਨ ਜਿਸ ਕਾਰਨ ਕਈ ਵਾਰ ਸਾਡੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਆਮ ਲੋਕਾਂ ਦੇ ਰਾਖਿਆਂ ਦੀ ਭੂਮਿਕਾ ਵਿੱਚ ਆਉਣ ਦੀ ਥਾਂ ਉਲਟਾ ਜਾਲਮ ਦੀ ਭੂਮਿਕਾ ਵਿੱਚ ਆ ਜਾਂਦੇ ਹਨ।
ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੁਲੀਸ ਫੋਰਸ ਦੀ ਆਪਣੇ ਆਪ ਨੂੰ ਸਾਰੇ ਕੁੱਝ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਅਤੇ ਪੁਲੀਸ ਫੋਰਸ ਨੂੰ ਆਮ ਲੋਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਇਆ ਜਾਵੇ। ਜਨਤਾ ਨੂੰ ਪੁਲੀਸ ਦੇ ਰੁਪ ਵਿੱਚ ਵਰਦੀ ਵਾਲੇ ਗੁੰਡਿਆਂ ਦੀ ਨਹੀਂ ਬਲਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੋੜ ਹੈ ਜਿਹੜੇ ਮੁਸੀਬਤ ਵੇਲੇ ਜਨਤਾ ਦੀ ਮਦਦ ਕਰਨ। ਇਸ ਲਈ ਜਰੂਰੀ ਹੈ ਕਿ ਪੁਲੀਸ ਫੋਰਸ ਵਿੱਚ ਮੌਜੂਦ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਰੁੱਖ ਅਪਣਾਇਆ ਜਾਵੇ ਜਿਹੜੇ ਆਪਣੀਆਂ ਕਾਰਵਾਈਆਂ ਨਾਲ ਪੂਰੀ ਪੁਲੀਸ ਫੋਰਸ ਦਾ ਸਿਰ ਝੁਕਾ ਦਿੰਦੇ ਹਨ। ਸੂਬੇ ਦੀ ਪੁਲੀਸ ਫੋਰਸ ਨੂੰ ਦੇਸ਼ ਅਤੇ ਸਮਾਜ ਦੇ ਪ੍ਰਤੀ ਜਵਾਬਦੇਹ ਬਣਾਇਆ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਜਨਤਾ ਨੂੰ ਪੁਲੀਸ ਦੀਆਂ ਧੱਕੇਸ਼ਾਹੀਆਂ ਤੋਂ ਛੁਟਕਾਰਾ ਮਿਲੇ ਅਤੇ ਇੱਕ ਬਿਹਤਰ, ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਹਾਸਿਲ ਹੋਵੇ।
Editorial
ਲੰਬੀ ਚਲ ਸਕਦੀ ਹੈ ਅਮਰੀਕਾ ਤੇ ਇਰਾਨ ਵਿਚਾਲੇ ਜੰਗ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀਂ ਕਿਹਾ ਹੈ ਕਿ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ਉਤੇ ਵੱਡਾ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ। ਟਰੰਪ ਦੇ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਨੇੜ ਭਵਿੱਖ ਵਿੱਚ ਖਤਮ ਹੋਣ ਵਾਲੀ ਨਹੀਂ ਹੈ ਬਲਕਿ ਇਹ ਜੰਗ ਲੰਬਾ ਸਮਾਂ ਚੱਲ ਸਕਦੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਦੇ ਇਰਾਨ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਹੈ।
ਟਰੰਪ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਇਰਾਨ ਨੇ ਇਸ ਹਫ਼ਤੇ ਪੇਸ਼ਕਸ਼ ਕੀਤੀ ਸੀ ਕਿ ਜੇ ਅਮਰੀਕਾ ਇਰਾਨੀ ਬੰਦਰਗਾਹਾਂ ਦੀ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲੈਂਦਾ ਹੈ, ਇਰਾਨੀ ਤੇਲ ਦੀ ਵਿਕਰੀ ਤੇ ਪਾਬੰਦੀਆਂ ਨੂੰ ਛੋਟ ਦਿੰਦਾ ਹੈ ਅਤੇ ਜਿਸ ਵਿੱਚ ਲਿਬਨਾਨ ਵੀ ਸ਼ਾਮਲ ਹੋਵੇ, ਅਜਿਹੀ ਜੰਗਬੰਦੀ ਦੀ ਪਾਲਣਾ ਕਰਦਾ ਹੈ, ਤਾਂ ਉਹ ਸੱਤ ਦਿਨਾਂ ਵਿੱਚ ਜਲੜਡੂਮੱਧ ਨੂੰ ਦੁਬਾਰਾ ਖੋਲ੍ਹ ਦੇਵੇਗਾ ਅਤੇ ਆਪਣੇ ਪ੍ਰਮੁੱਖ ਪ੍ਰੋਗਰਾਮ ਤੇ ਗੱਲਬਾਤ ਮੁੜ ਸ਼ੁਰੂ ਕਰੇਗਾ।
ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਰਾਨ ਦੇ ਉਪਰ ਹੋਰ ਹਮਲੇ ਕਰਨ ਦੀ ਧਮਕੀ ਦਿੰਦੇ ਹਨ ਤਾਂ ਇਰਾਨ ਦੇ ਮੋਹਰੀ ਆਗੂ ਕਹਿੰਦੇ ਹਨ ਕਿ ਅਮਰੀਕਾ ਧਮਕੀ ਦਿੰਦਾ ਹੈ ਪਰ ਅਸੀਂ ਧਮਕੀ ਦੇਣ ਦੀ ਥਾਂ ਕਾਰਵਾਈ ਕਰਦੇ ਹਾਂ। ਅਮਰੀਕਾ ਅਤੇ ਇਰਾਨ ਦੇ ਆਗੂਆਂ ਦੇ ਅਜਿਹੇ ਬਿਆਨਾਂ ਕਾਰਨ ਅਕਸਰ ਤਨਾਓ ਪੈਦਾ ਹੋ ਜਾਂਦਾ ਹੈ। ਇਰਾਨ ਜੰਗ ਕਾਰਨ ਭਾਵੇਂ ਇਰਾਨ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਅਮਰੀਕਾ ਦਾ ਵੀ ਇਸ ਜੰਗ ਵਿੱਚ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਅਮਰੀਕਾ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰਨਾ ਟਰੰਪ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ।
ਅਮਰੀਕਾ ਨੂੰ ਇਸ ਜੰਗ ਵਿਚੋਂ ਕੁਝ ਵੀ ਹਾਸਲ ਨਹੀਂ ਹੋਇਆ ਬਲਕਿ ਇਰਾਨ ਨੇ ਉਸ ਦੀ ਚੌਧਰ ਨੂੰ ਪੂਰੀ ਦੁਨੀਆ ਸਾਹਮਣੇ ਲਲਕਾਰ ਦਿੱਤਾ ਹੈ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਕੁਝ ਘੰਟਿਆਂ ਵਿੱਚ ਤਬਾਹ ਹੋ ਜਾਵੇਗਾ ਅਤੇ ਆਪਣੀ ਹਾਰ ਮੰਨ ਲਵੇਗਾ ਪਰ ਇਸ ਜੰਗ ਵਿੱਚ ਇਰਾਨ ਡੱਟ ਕੇ ਅਮਰੀਕਾ ਦਾ ਮੁਕਾਬਲਾ ਕਰਦਾ ਆ ਰਿਹਾ ਹੈ। ਇਰਾਨ ਨੇ ਅਜੇ ਵੀ ਹਾਰ ਨਹੀਂ ਮੰਨੀ ਹੈ ਅਤੇ ਉਹ ਅਮਰੀਕਾ ਨਾਲ ਗੱਲਬਾਤ ਆਪਣੀਆਂ ਸ਼ਰਤਾਂ ਤੇ ਕਰਨਾ ਚਾਹੁੰਦਾ ਹੈ।
ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਅਮਰੀਕਾ ਨੇ ਇਜ਼ਰਾਇਲ ਦੇ ਇਸ਼ਾਰੇ ਤੇ ਇਰਾਨ ਉੱਪਰ ਹਮਲਾ ਕੀਤਾ ਸੀ। ਟਰੰਪ ਇਸ ਗੱਲ ਤੋਂ ਵੀ ਨਾਰਾਜ਼ ਸਨ ਕਿ ਇੰਨੇ ਸਖ਼ਤ ਦਬਾਅ ਦੇ ਬਾਵਜੂਦ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਂਦਾ ਰਿਹਾ। ਜਿਵੇਂ ਹੀ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਨੂੰ ਨਿਸ਼ਾਨਾ ਬਣਾਇਆ, ਇਰਾਨ ਨੇ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ। ਇਸ ਤੋਂ ਇਲਾਵਾ ਇਸਨੇ ਖਾੜੀ ਦੇਸ਼ਾਂ ਵਿੱਚਲੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਖਾੜੀ ਦੇਸ਼ ਆਪਣੀ ਸੁਰੱਖਿਆ ਲਈ ਅਮਰੀਕਾ ਤੇ ਨਿਰਭਰ ਕਰਦੇ ਹਨ। ਉਨ੍ਹਾਂ ਤੇ ਹਮਲਾ ਕਰਕੇ ਇਰਾਨ ਨੇ ਇੱਕ ਸੁਨੇਹਾ ਦਿੱਤਾ ਕਿ ਉਹ ਅਮਰੀਕੀ ਫ਼ੌਜੀ ਸੁਰੱਖਿਆ ਹੇਠ ਸੁਰੱਖਿਅਤ ਨਹੀਂ ਹਨ। ਇਰਾਨ ਕੋਲ ਮਿਜ਼ਾਈਲਾਂ ਅਤੇ ਸਸਤੇ ਪਰ ਘਾਤਕ ਡਰੋਨਾਂ ਦਾ ਭੰਡਾਰ ਸੀ। ਇਹੀ ਕਾਰਨ ਹੈ ਕਿ ਇਹ ਅਮਰੀਕੀ ਹਮਲਿਆਂ ਦਾ ਬਦਲਾ ਲੈਂਦਾ ਰਿਹਾ। ਇਰਾਨ ਵਿਰੁੱਧ ਹਮਲਿਆਂ ਤੇ ਅਰਬਾਂ ਡਾਲਰ ਖ਼ਰਚ ਕਰਨ ਦੇ ਬਾਵਜੂਦ, ਅਮਰੀਕਾ ਇਰਾਨ ਦੀਆਂ ਫ਼ੌਜੀ ਸਮਰੱਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਅਸਮਰੱਥ ਹੈ।
ਟਰੰਪ ਨੂੰ ਅਮਰੀਕਾ ਦਾ ਧੱਕੜ ਰਾਸ਼ਟਰਪਤੀ ਮੰਨਿਆ ਜਾਂਦਾ ਹੈ। ਉਹ ਆਪਣਾ ਹਰ ਫੈਸਲਾ ਧੱਕੇ ਨਾਲ ਲਾਗੂ ਕਰਨਾ ਚਾਹੁੰਦੇ ਹਨ। ਉਹਨਾਂ ਦੀ ਇੱਛਾ ਹੈ ਕਿ ਪੂਰਾ ਵਿਸ਼ਵ ਅਮਰੀਕਾ ਦੇ ਅਧੀਨ ਹੋ ਜਾਵੇ ਅਤੇ ਪੂਰੇ ਵਿਸ਼ਵ ਦੇ ਦੇਸ਼ ਅਮਰੀਕਾ ਦੀ ਮਰਜ਼ੀ ਅਨੁਸਾਰ ਚੱਲਣ। ਇਹੋ ਕਾਰਨ ਹੈ ਕਿ ਅਮਰੀਕਾ ਵੱਲੋਂ ਕਮਜੋਰ ਦੇਸ਼ਾਂ ਉੱਤੇ ਕਬਜ਼ੇ ਕਰਕੇ ਜਾਂ ਰਾਜ ਪਲਟੇ ਕਰਵਾ ਕੇ ਉਹਨਾਂ ਦੇਸ਼ਾਂ ਵਿੱਚ ਆਪਣੀਆਂ ਕਠਪੁਤਲੀ ਸਰਕਾਰਾਂ ਕਾਇਮ ਕੀਤੀਆਂ ਜਾ ਰਹੀਆਂ ਹਨ।
ਅਮਰੀਕਾ ਅਤੇ ਇਰਾਨ ਜੰਗ ਦੇ ਲੰਬਾ ਹੋਣ ਕਰਕੇ ਕੁਝ ਮਾਹਿਰ ਇਹ ਕਹਿ ਰਹੇ ਹਨ ਕਿ ਇਰਾਨ ਨਾਲ ਜੰਗ ਸ਼ੁਰੂ ਕਰਕੇ ਅਮਰੀਕਾ ਨੇ ਕੁਝ ਨਹੀਂ ਖੱਟਿਆ ਬਲਕਿ ਬਹੁਤ ਕੁਝ ਗੁਆਇਆ ਹੈ। ਜੇ ਇਰਾਨ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਰਾਨ ਵਾਂਗੂੰ ਹੋਰ ਦੇਸ਼ ਵੀ ਅਮਰੀਕਾ ਵਿਰੁੱਧ ਖੜੇ ਹੋ ਸਕਦੇ ਹਨ, ਜੋ ਕਿ ਅਮਰੀਕਾ ਨੂੰ ਪੂਰੀ ਦੁਨੀਆਂ ਸਾਹਮਣੇ ਵੰਗਾਰ ਸਕਦੇ ਹਨ। ਅਮਰੀਕਾ ਵੀ ਇਸ ਗੱਲ ਨੂੰ ਸਮਝਦਾ ਹੈ, ਇਹੋ ਕਾਰਨ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਅਮਰੀਕਾ ਦੀਆਂ ਮੱਧ ਕਾਲੀ ਚੋਣਾਂ ਤੋਂ ਬਾਅਦ ਇਰਾਨ ਜੰਗ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
ਬਿਊਰੋ
Editorial
ਕੀ ਪੰਜਾਬੀਆਂ ਵਿੱਚ ਵਾਕਈ ਵਿਕਸਿਤ ਹੋ ਰਹੀ ਹੈ ਖੇਡ ਭਾਵਨਾ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਆਪ ਸਰਕਾਰ ਨੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿਰਫ਼ ਮੁਕਾਬਲੇ ਕਰਵਾਉਣ ਨਾਲ ਹੀ ਚੈਂਪੀਅਨ ਤਿਆਰ ਨਹੀਂ ਹੁੰਦੇ, ਬਲਕਿ ਕਿਸੇ ਬੱਚੇ ਨੂੰ ਖੇਡਣ ਲਈ ਮੈਦਾਨ, ਅਗਵਾਈ ਲਈ ਕੋਚ, ਸਿਖਲਾਈ ਲਈ ਸਾਜ਼ੋ-ਸਾਮਾਨ ਅਤੇ ਮੁਕਾਬਲਾ ਕਰਨ ਲਈ ਮੌਕੇ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਇਹ ਸਭ ਕੁਝ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦਾ ਦਾਅਵਾ ਹੈ ਕਿ ਸਰਕਾਰ ਲੇਜ਼ਰ-ਗਾਈਡਡ ਸਿਸਟਮ, ਚੇਨਲਿੰਕ ਫੈਂਸਿੰਗ ਵਾਲੀ ਚਾਰਦੀਵਾਰੀ, ਫਲੱਡ ਲਾਈਟਾਂ, ਜੌਗਿੰਗ ਟਰੈਕਾਂ ਅਤੇ ਵੱਖ-ਵੱਖ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੀ ਹੈ।
ਮੁੱਖ ਮੰਤਰੀ ਦੇ ਇਹਨਾਂ ਦਾਅਵਿਆਂ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਚੱਲ ਜਾਵੇਗਾ ਪਰ ਇੱਕ ਗੱਲ ਜ਼ਰੂਰ ਮੰਨੀ ਜਾ ਸਕਦੀ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਉਪਰਾਲੇ ਜ਼ਰੂਰ ਕਰ ਰਹੀ ਹੈ। ਇਸ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਖੇਡਾਂ ਲਈ ਵਿਸ਼ੇਸ ਖੇਡ ਨੀਤੀ ਵੀ ਬਣਾਈ ਜਾ ਚੁੱਕੀ ਹੈ, ਜਿਸ ਨੂੰ ਲਾਗੂ ਵੀ ਕੀਤਾ ਜਾ ਚੁੱਕਿਆ ਹੈ।
ਪੰਜਾਬ ਬਾਰੇ ਪੂਰੀ ਦੁਨੀਆ ਵਿੱਚ ਮਸ਼ਹੁੂਰ ਹੈ ਕਿ ਇਸ ਧਰਤੀ ਨੇ ਸਿਰਫ਼ ਅੰਨਦਾਤਾ ਕਿਸਾਨ ਹੀ ਪੈਦਾ ਨਹੀਂ ਕੀਤੇ ਬਲਕਿ ਬਹਾਦਰ ਸੂਰਮੇ, ਸ਼ੂਰਵੀਰ ਫ਼ੌਜੀ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਹਰ ਖੇਤਰ ਦੇ ਮਾਹਿਰ ਵੀ ਪੈਦਾ ਕੀਤੇ ਹਨ, ਜਿਹਨਾਂ ਉੱਪਰ ਪੂਰੇ ਪੰਜਾਬੀਆਂ ਨੂੰ ਮਾਣ ਹੈ। ਜਿੱਥੋਂ ਤੱਕ ਖੇਡਾਂ ਦਾ ਸਵਾਲ ਹੈ ਤਾਂ ਖੇਡਾਂ ਪੰਜਾਬੀਆਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ ਅਤੇ ਵੱਡੀ ਗਿਣਤੀ ਪੰਜਾਬੀ ਅਜਿਹੇ ਹਨ, ਜਿਹੜੇ ਕਿ ਬਚਪਣ ਦੌਰਾਨ ਹੀ ਅਨੇਕਾਂ ਖੇਡਾਂ ਵਿੱਚ ਚੰਗੀ ਕਾਰਗੁਜਾਰੀ ਦਿਖਾ ਚੁੱਕੇ ਹਨ।
ਪੰਜਾਬ ਵਿੱਚ ਤਾਂ ਬੱਚਿਆਂ ਨੂੰ ਗੁੜਤੀ ਹੀ ਖੇਡਾਂ ਦੀ ਦਿੱਤੀ ਜਾਂਦੀ ਹੈ। ਭਾਰਤ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਲੰਬਾ ਸਮਾਂ ਖੇਡਾਂ ਦੇ ਖੇਤਰ ਵਿੱਚ ਪੂਰੇ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਅ ਚੁੱਕਿਆ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਹੋਰਨਾਂ ਖੇਤਰਾਂ ਦੇ ਨਾਲ ਨਾਲ ਖੇਡ ਜਗਤ ਵਿੱਚ ਵੀ ਫਾਡੀ ਹੋ ਗਿਆ ਸੀ। ਇਸ ਦਾ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਵੱਲੋਂ ਖੇਡਾਂ ਵੱਲ ਲੋੜੀਂਦਾ ਧਿਆਨ ਨਾ ਦੇਣਾ ਅਤੇ ਉਸ ਤੋਂ ਪਹਿਲਾਂ ਪੰਜਾਬ ਵਿੱਚ ਕਾਫੀ ਸਮਾਂ ਰਾਸ਼ਟਰਪਤੀ ਰਾਜ ਦਾ ਰਹਿਣਾ ਵੀ ਸੀ।
ਇਹ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਹੈ ਕਿ ਅੱਜ ਦੀ ਦੌੜ ਭੱਜ ਅਤੇ ਰੁਝੇਵੇਂ ਭਰੀ ਜ਼ਿੰਦਗੀ ਦੌਰਾਨ ਵੀ ਉਹ ਖੇਡ ਮੁਕਾਬਲਿਆਂ ਨੂੰ ਵੇਖਣ ਅਤੇ ਖੇਡਾਂ ਲਈ ਆਪਣਾ ਕੀਮਤੀ ਸਮਾਂ ਕੱਢ ਲੈਂਦੇ ਹਨ। ਇਸ ਸਮੇਂ ਜਾਪਾਨ ਦੇ ਆਇਚੀ-ਨਾਗੋਯਾ ਸ਼ਹਿਰ ਵਿੱਚ ਏਸ਼ਿਆਈ ਖੇਡਾਂ ਦਾ ਮਹਾਕੁੰਭ ਹੋ ਰਿਹਾ ਹੈ। ਹਾਂਗਝੂ ਵਿੱਚ ਤਿੰਨ ਸਾਲ ਪਹਿਲਾਂ ਭਾਰਤੀ ਖੇਡਾਂ ਨੇ ਜਿਸ ਉੱਚਾਈ ਨੂੰ ਛੂਹਿਆ ਸੀ, ਹੁਣ ਉਸ ਤੋਂ ਅੱਗੇ ਵਧਣ ਦੀ ਚੁਣੌਤੀ ਹੈ।
ਚੀਨ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 106 ਤਗਮਿਆਂ ਦੇ ਰਿਕਾਰਡ ਨਾਲ ਸਾਬਤ ਕੀਤਾ ਸੀ ਕਿ ਉਸ ਦੀ ਤਾਕਤ ਕੁਝ ਚੋਣਵੀਆਂ ਖੇਡਾਂ ਤੱਕ ਸੀਮਤ ਨਹੀਂ ਰਹੀ। ਹੁਣ ਆਇਚੀ-ਨਾਗੋਯਾ ਵਿੱਚ ਹੋ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਵਿੱਚ 501 ਮੈਂਬਰਾਂ ਵਾਲਾ ਭਾਰਤੀ ਦਲ ਉਸ ਨਵੇਂ ਵਿਸ਼ਵਾਸ ਨੂੰ ਪ੍ਰਦਰਸ਼ਨ ਵਿੱਚ ਬਦਲਣ ਦਾ ਯਤਨ ਕਰ ਰਿਹਾ ਹੈ। ਇਸ ਸਮੇਂ ਜਪਾਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਭਾਰਤ ਲਈ ਸਿਰਫ਼ ਮੈਡਲਾਂ ਦੀ ਗਿਣਤੀ ਨਹੀਂ, ਬਲਕਿ ਇਹ ਪਰਖਣ ਦਾ ਵੀ ਮੌਕਾ ਹੈ ਕਿ 2036 ਤੱਕ ਦੁਨੀਆ ਦੇ ਮੋਹਰੀ 10 ਖੇਡ ਮੁਲਕਾਂ ਵਿੱਚ ਸ਼ਾਮਲ ਹੋਣ ਦੇ ਉਸ ਦੇ ਸੁਪਨੇ ਦੀ ਦਿਸ਼ਾ ਸਹੀ ਹੈ ਜਾਂ ਨਹੀਂ।
1951 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 51 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ 34 ਤਗਮੇ ਅਥਲੈਟਿਕਸ ਵਿੱਚ ਆਏ ਸਨ। ਅਥਲੈਟਿਕਸ ਦੇ ਇਨ੍ਹਾਂ ਤਗਮਿਆਂ ਵਿੱਚੋਂ 20 ਤੋਂ ਵੱਧ ਤਗਮੇ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਸਨ, ਜੋ ਮਹਾਂਦੀਪੀ ਖੇਡਾਂ ਦੇ ਸ਼ੁਰੂਆਤੀ ਸਾਲਾਂ ਵਿੱਚ ਭਾਰਤੀ ਖੇਡਾਂ ਉੱਤੇ ਪੰਜਾਬ ਦੇ ਅਸਾਧਾਰਨ ਪ੍ਰਭਾਵ ਨੂੰ ਦਰਸਾਉਂਦਾ ਹੈ। ਦਹਾਕਿਆਂ ਤੱਕ ਪੰਜਾਬ ਦੇ ਪੁਰਸ਼ ਖਿਡਾਰੀ ਏਸ਼ੀਆਈ ਖੇਡਾਂ ਵਿੱਚ ਇੱਕ ਦਬਦਬੇ ਵਾਲੀ ਤਾਕਤ ਬਣੇ ਰਹੇ।
ਹਾਲਾਂਕਿ, ਔਰਤਾਂ ਲਈ ਕਹਾਣੀ ਕਾਫ਼ੀ ਵੱਖਰੀ ਸੀ। ਏਸ਼ਿਆਈ ਖੇਡਾਂ ਵਿੱਚ ਪੰਜਾਬ ਦੀਆਂ ਔਰਤਾਂ ਦੀ ਕਹਾਣੀ 1966 ਵਿੱਚ ਸ਼ੁਰੂ ਹੋਈ, ਜਦੋਂ ਕਪੂਰਥਲਾ ਦੀ ‘ਮਨਜੀਤ ਵਾਲੀਆ’ ਮਹਾਂਦੀਪੀ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਔਰਤ ਬਣੀ। ਉਸ ਸਮੇਂ ਪੰਜਾਬ ਵਿੱਚ ਸਥਿਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕਾਲਜ ਦੀ ਵਿਦਿਆਰਥਣ ਮਨਜੀਤ ਵਾਲੀਆ ਭਾਰਤੀ ਦਲ ਵਿੱਚ ਸੂਬੇ ਦੀ ਇਕਲੌਤੀ ਔਰਤ ਸੀ। ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਨੇ 1966 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ 80 ਮੀਟਰ ਹਰਡਲ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਖਿਡਾਰਨਾਂ, ਮਰਦ ਖਿਡਾਰੀਆਂ ਵਾਂਗ ਏਸ਼ਿਆਈ ਖੇਡਾਂ ਵਿੱਚ ਤਗਮੇ ਜਿੱਤ ਰਹੀਆਂ ਹਨ। ਇਸ ਵਾਰ ਦੀਆਂ ਏਸ਼ਿਆਈ ਖੇਡਾਂ ਵਿੱਚ ਜੇ ਭਾਰਤ ਦੀ ਪੁਰਸ਼ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ ਹੈ ਤਾਂ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਵੀ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਦੋਵਾਂ ਕਬੱਡੀ ਟੀਮਾਂ ਵਿੱਚ ਪੰਜਾਬ ਦੇ ਖਿਡਾਰੀ ਤੇ ਖਿਡਾਰਨਾਂ ਦੀ ਗਿਣਤੀ ਕਾਫੀ ਹੈ, ਜਿਸ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਖਿਡਾਰੀ ਅਤੇ ਖਿਡਾਰਨਾਂ ਦੀ ਖੇਡ ਕਲਾ ਦਾ ਵੀ ਭਾਰਤ ਦੇ ਖੇਡ ਸਭਿਆਚਾਰ ਉੱਤੇ ਚੰਗਾ ਪ੍ਰਭਾਵ ਪੈ ਰਿਹਾ ਹੈ।
ਜੇ ਸਿਰਫ਼ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਨਵਜੰਮੇ ਬੱਚਿਆਂ ਨੂੰ ਗੁੜਤੀ ਹੀ ਖੇਡਾਂ ਦੀ ਦਿੱਤੀ ਜਾਂਦੀ ਹੈ। ਹਰ ਪੰਜਾਬੀ ਨਵਜਾਤ ਬੱਚਾ ਜਨਮ ਲੈਣ ਤੋਂ ਬਾਅਦ ਖੇਡਾਂ ਖੇਡਣ ਦਾ ਯਤਨ ਹੀ ਕਰਦਾ ਹੁੰਦਾ ਹੈ। ਪੰਜਾਬ ਦੇ ਵਸਨੀਕ ਆਪਣੇ ਬੱਚਿਆਂ ਨੂੰ ਅਕਸਰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹਨ। ਪੰਜਾਬੀ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਸਰੀਰ ਵਿੱਚ ਮਨ/ਦਿਲ ਵੀ ਤੰਦਰੁਸਤ ਹੁੰਦਾ ਹੈ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਅਕਸਰ ਪੜਾਈ ਵਿੱਚ ਵੀ ਅੱਵਲ ਆਉਂਦੇ ਹਨ ਅਤੇ ਉਹ ਬਿਮਾਰ ਵੀ ਘੱਟ ਹੁੰਦੇ ਹਨ।
ਏਸ਼ਿਆਈ ਖੇਡਾਂ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਖੇ ਸਾਂਝੇ ਰੂਪ ਵਿੱਚ ਕਰਵਾਏ ਗਏ ਵਿਸ਼ਵ ਕੱਪ ਫੁੱਟਬਾਲ ਅਤੇ ਇਸ ਤੋਂ ਬਾਅਦ ਗਲਾਸਗੋ ਵਿਖੇ ਕਰਵਾਈਆਂ ਗਈਆਂ 23ਵੀਆਂ ਰਾਸ਼ਟਰ ਮੰਡਲ ਖੇਡਾਂ ਨੇ ਵੀ ਪੰਜਾਬੀਆਂ ਵਿੱਚ ਖੇਡਾਂ ਪ੍ਰਤੀ ਮੋਹ ਪਿਆਰ ਜਗਾਇਆ। ਇਸ ਸਮੇਂ ਪੰਜਾਬੀ ਜਪਾਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਮੈਚ ਵੱਖ- ਵੱਖ ਟੀ ਵੀ ਚੈਨਲਾਂ ਤੇ ਵੇਖ ਵੀ ਰਹੇ ਹਨ ਅਤੇ ਇਹਨਾਂ ਖੇਡਾਂ ਸਬੰੰਧੀ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਵੀ ਦਿਲਚਸਪੀ ਨਾਲ ਪੜ ਰਹੇ ਹਨ।
ਅੱਜ ਦੇ ਰੁਝੇਵੇਂ ਭਰੇ ਯੁੱਗ ਵਿੱਚ ਵੀ ਵੱਡੀ ਗਿਣਤੀ ਪੰਜਾਬੀ ਏਸ਼ਿਆਈ ਖੇਡਾਂ ਟੀ.ਵੀ. ਚੈਨਲਾਂ ਤੇ ਵੇਖਣ ਲਈ ਸਮਾਂ ਕੱਢ ਰਹੇ ਹਨ। ਇਸ ਤੋਂ ਇਲਾਵਾ ਅਨੇਕਾਂ ਪੰਜਾਬੀ ਮੋਬਾਇਲ ਅਤੇ ਕੰਪਿਊਟਰਾਂ ਤੇ ਵੀ ਇਹ ਖੇਡਾਂ ਜਾਂ ਇਹਨਾਂ ਖੇਡਾਂ ਦੇ ਮੁੱਖ ਅੰਸ਼ ਵੇਖ ਰਹੇ ਹਨ।
ਵੇਖਣ ਵਿੱਚ ਆਇਆ ਹੈ ਕਿ ਪਹਿਲਾਂ ਵਿਸ਼ਵ ਫੁੱਟਬਾਲ ਕੱਪ ਅਤੇ ਰਾਸ਼ਟਰ ਮੰਡਲ ਖੇਡਾਂ ਅਤੇ ਹੁਣ ਏਸ਼ਿਆਈ ਖੇਡਾਂ ਨੇ ਪੰਜਾਬੀਆਂ ਵਿੱਚ ਖੇਡ ਭਾਵਨਾ ਪੈਦਾ ਕੀਤੀ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲੱਗ ਪਏ ਹਨ। ਜਿਸ ਤਰੀਕੇ ਨਾਲ ਪੰਜਾਬੀਆਂ ਵਿੱਚ ਖੇਡ ਭਾਵਨਾ ਵਿਕਸਤ ਹੋ ਰਹੀ ਹੈ, ਉਸ ਤੋਂ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਪੰਜਾਬ ਇੱਕ ਵਾਰ ਫੇਰ ਖੇਡ ਜਗਤ ਵਿੱਚ ਭਾਰਤ ਦੀ ਅਗਵਾਈ ਕਰਨ ਵਾਲਾ ਸੂਬਾ ਬਣ ਜਾਵੇ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦਾ ਖੇਡ ਜਗਤ ਕੀ ਕਰਵਟ ਲੈਂਦਾ ਹੈ?
ਜਗਮੋਹਨ ਸਿੰਘ ‘ਲੱਕੀ’
ਮੋਬਾਇਲ : 9463819174
-
National2 months ago
ਨਾਸਿਕ ਅਤੇ ਚੰਬਾ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਅਫ਼ਗਾਨਿਸਤਾਨ ਵਿੱਚ ਵੀ ਆਇਆ ਭੂਚਾਲ
-
International3 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Mohali2 months ago
ਮਨਿਸਟੀਰੀਅਲ ਕਾਮਿਆਂ ਦੀ ਦੋ ਰੋਜ਼ਾ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਸ਼ੁਰੂ
-
National1 month agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
National2 months agoਫਰਨੀਚਰ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 1 ਵਿਅਕਤੀ ਦੀ ਮੌਤ, 1 ਗੰਭੀਰ
-
International1 month agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International1 month agoਤਿੱਬਤ ਤੋਂ ਆਏ ਹੜ੍ਹ ਕਾਰਨ ਨੇਪਾਲ ਵਿੱਚ ਭਾਰੀ ਤਬਾਹੀ, ਦਰਜਨਾਂ ਪਿੰਡ ਤਬਾਹ
-
Chandigarh1 month agoਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਂਬੰਦ
