Connect with us

Mohali

ਟ੍ਰਾਈਸਿਟੀ ਵਿੱਚ ਸਰਗਰਮ ਹੈ ਐਨ ਆਰ ਆਈ ਲੋਕਾਂ ਦੀਆਂ ਜਾਇਦਾਦਾਂ ਹੜਪਣ ਵਾਲਾ ਗਿਰੋਹ : ਬੌਬੀ ਕੰਬੋਜ

Published

on

ਜਾਅਲੀ ਅਟਾਰਨੀਆਂ ਬਣਾ ਕੇ ਅੱਗੇ ਵੇਚ ਦਿੱਤੀਆਂ ਜਾਂਦੀਆਂ ਹਨ ਜਾਇਦਾਦਾਂ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਭਾਜਪਾ ਦੇ ਸੀਨੀਅਰ ਆਗੂ ਅਤੇ ਮੁਹਾਲੀ ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਕਿਹਾ ਹੈ ਕਿ ਟ੍ਰਾਈਸਿਟੀ ਵਿੱਚ ਐਨ ਆਰ ਆਈ ਲੋਕਾਂ ਦੀਆਂ ਜਾਇਦਾਦਾਂ ਹੜਪਣ ਵਾਲਾ ਗਿਰੋਹ ਸਰਗਰਮ ਹੈ ਜਿਸ ਵਲੋਂ ਐਨ ਆਰ ਆਈ ਵਿਅਕਤੀਆਂ ਦੀਆਂ ਜਾਅਲੀ ਅਟਾਰਨੀਆਂ ਬਣਾ ਕੇ ਉਹਨਾਂ ਦੀ ਜਾਇਦਾਦ ਅੱਗੇ ਵੇਚ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਲੋਕ ਅਕਸਰ ਇਹ ਮੰਨਦੇ ਹਨ ਕਿ ਕਿਸੇ ਵੀ ਅਰਬਨ ਅਸਟੇਟ ਸਰਕਾਰੀ ਅਦਾਰੇ ਤੋਂ ਖਰੀਦ ਕੀਤੇ ਪਲਾਟ ਸੁਰਖਿਅਤ ਹਨ ਪਰ ਇਹ ਗਿਰੋਹ ਬੈਖੋਫ ਹੋ ਕੇ ਅਤੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੂਗਤ ਕਰਕੇ ਐਨ ਆਰ ਆਈ ਲੋਕਾਂ ਦੀਆਂ ਜਾਈਦਾਦਾਂ ਖੁਰਦ ਬੁਰਦ ਕਰ ਦਿੰਦਾ ਹੈ ਅਤੇ ਪੀੜਿਤ ਵਿਅਕਤੀਆਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ।

ਉਹਨਾਂ ਕਿਹਾ ਕਿ ਉਹਨਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਦੇ ਸ਼ੋਰੂਮ ਦੇ ਪਲਾਟ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਜਾਅਲਸਾਜੀ ਕੀਤੀ ਗਈ ਸੀ ਅਤੇ ਇਸ ਸੰਬੰਧੀ ਉਹਨਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਪਰੰਤੂ ਪੁਲੀਸ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਇਲਜਾਮ ਲਗਾਇਆ ਕਿ ਉਹਨਾਂ ਦੀ ਪਹਿਲੀ ਦਰਖਾਸਤ ਨੂੰ ਅਪਰਾਧੀਆਂ ਨਾਲ ਮਿਲ ਕੇ ਦਫਤਰ ਦਾਖਲ ਕਰ ਦਿੱਤਾ ਗਿਆ। ਇਸਤੇ ਉਹਨਾਂ ਵਲੋਂ ਦੂਜੀ ਦਰਖਾਸਤ ਦਿੱਤੀ ਗਈ ਅਤੇ ਜਦੋਂ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਜਾਇਦਾਦ ਹੜਪਣ ਲਈ ਇਸ ਸ਼ੋਰੂਮ ਦੇ ਪਲਾਟ ਤੇ ਲਗਾਤਾਰ ਕੰਮ ਕਰਕੇ ਚਾਰ ਮੰਜਿਲਾ ਇਮਾਰਤ ਖੜ੍ਹੀ ਕਰ ਦਿੱਤੀ ਗਈ।

ਉਹਨਾਂ ਕਿਹਾ ਕਿ ਜਦੋਂ ਥੱਕ ਹਾਰ ਕੇ ਉਹਨਾਂ ਵਲੋਂ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਦਾਖਿਲ ਕਰਕੇ ਇਸ ਮਾਮਲੇ ਵਿੱਚ ਐਫ ਆਈ ਆਰ ਰਜਿਸਟਰ ਕਰਨ ਦੀ ਮੰਗ ਕੀਤੀ ਅਤੇ ਅਦਾਲਤ ਵਲੋਂ ਪੁਲੀਸ ਨੂੰ ਨੋਟਿਸ ਕਰਨ ਤੇ ਪੁਲੀਸ ਵਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਗਿਆ ਹੈ ਕਿ ਐਫ ਆਈ ਆਰ ਦਰਜ ਕਰ ਦਿਤੀ ਹੈ। ਉਹਨਾਂ ਇਲਜਾਮ ਲਗਾਇਆ ਕਿ ਉਹਨਾਂ ਦੀ ਦਰਖਾਸਤ ਤੇ ਪਰਚਾ ਉਸ ਵਕਤ ਦਰਜ ਕੀਤਾ ਜਦੋਂ ਪੁਲੀਸ ਨੂੰ ਪਤਾ ਲੱਗ ਗਿਆ ਕਿ ਮਾਮਲਾ ਕੋਰਟ ਵਿੱਚ ਚਲਾ ਗਿਆ ਹੈ ਅਤੇ ਅੱਧੀ ਅਧੂਰੀ ਐਫ ਆਈ ਆਰ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਇਤਲਾਹ ਕਰ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਮਾਮਲੇ ਦਾ ਸੂਤਰਧਾਰ ਇਕ ਬਹੁਤ ਹੀ ਨਾਮੀ ਗਰਾਮੀ ਤੇ ਪਹੁੰਚ ਵਾਲਾ ਆਦਮੀ ਹੈ ਜਿਸ ਨੂੰ ਪੁਲੀਸ ਵਲੋਂ ਬਚਾਇਆ ਜਾ ਰਿਹਾ ਹੈ। ਇਸ ਵਿਅਕਤੀ ਦਾ ਕਰਿੰਦਾ ਇਕ ਸਾਬਕਾ ਪੁਲੀਸ ਇੰਸਪੈਕਟਰ ਹੈ ਜੋ ਇਸ ਤਰ੍ਹਾਂ ਦੀਆਂ ਪੁਰਾਣੀਆਂ ਜਾਈਦਾਦਾਂ ਦੀ ਜਾਣਕਾਰੀ ਦਫਤਰਾਂ ਵਿੱਚ ਮਿਲੀਭੂਗਤ ਕਰਕੇ ਹਾਸਲ ਕਰਕੇ ਉਸ ਦੀ ਜਾਅਲੀ ਅਟਾਰਨੀ ਆਪਣੇ ਗੈਂਗ ਦੇ ਬੰਦਿਆਂ ਦੇ ਨਾਮ ਤਿਆਰ ਕਰਵਾ ਕੇ ਗਮਾਡਾ ਵਿੱਚ ਮਿਲੀਭੁਗਤ ਕਰਕੇ ਐਨ ੳ ਸੀ ਹਾਸਲ ਕਰਕੇ ਆਪਣੇ ਹਮਮਸ਼ਵਰਾ ਖਰੀਦਦਾਰ ਦੇ ਹੱਕ ਵਿੱਚ ਕਰਵਾਕੇ ਜਾਈਦਾਦਾਂ ਖੁਰਦ ਬੁਰਦ ਕਰ ਦਿੰਦਾ ਹੈ।

ਉਹਨਾਂ ਕਿਹਾ ਕਿ ਇਹ ਰਿਟਾ. ਇੰਸਪੈਕਟਰ ਖੁਦ ਨੂੰ ਆਮ ਆਦਮੀ ਪਾਰਟੀ ਦਾ ਲੀਡਰ ਦਸਦਾ ਹੈ ਅਤੇ ਅਧਿਕਾਰੀਆਂ ਤੇ ਸਰਕਾਰ ਦਾ ਦਬਾਓ ਬਣਾ ਕੇ ਆਪਣਾ ਕੰਮ ਕਰਵਾਉਂਦਾ ਹੈ। ਉਹਨਾਂ ਦਾਅਵਾ ਕੀਤਾ ਕਿ ਅਜਿਹੇ ਇੱਕ ਮਾਮਲੇ ਵਿੱਚ ਉਸਨੇ ਮੁਹਾਲੀ ਦੇ ਸਬ ਰਜਿਸਟਰਾਰ ਨੂੰਕਿਸੇ ਐਮ ਐਲ ਏ ਦਾ ਨਾਮ ਲੈ ਕੇ ਉਹਨਾਂ ਤੋਂ ਗਲਤ ਰਜਿਸਟਰੀ ਵੀ ਕਰਵਾਈ ਹੈ। ਉਹਨਾਂ ਕਿਹਾ ਕਿ ਇਸ ਗਿਰੋਹ ਵਲੋਂ ਅਸ਼ੋਕ ਚੌਧਰੀ ਨਾਮ ਦੇ ਇੱਕ ਐਨ ਆਰ ਆਈ ਦੇ ਫੇਜ਼ 6 ਵਿਚਲੇ ਇੱਕ ਸ਼ੋਰੂਮ ਨੂੰ ਵੀ ਹੜ੍ਹਪ ਲਿਆ ਗਿਆ ਹੈ। ਇਸ ਮਾਮਲੇ ਵਿੱਚ ਭਾਵੇਂ ਪੁਲੀਸ ਵਲੋਂ ਅਸ਼ੋਕ ਚੌਧਰੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ ਪਰੰਤੂ ਅੱਗੇ ਕੋਈ ਕਾਰਵਾਈ ਨਹੀਂ ਹੋਈ। ਇਸਤੋਂ ਇਲਾਵਾ ਅਜਿਹੇ ਹੋਰ ਵੀ ਮਾਮਲੇ ਹਨ ਜਿਹਨਾਂ ਵਿੱਚ ਇਸ ਗਿਰੋਹ ਨੇ ਧੋਖਾਧੜੀ ਨਾਲ ਲੋਕਾਂ ਦੀਆਂ ਜਾਇਦਾਦਾਂ ਹੜ੍ਹਪ ਲਈਆਂ ਹਨ।

ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਲੈ ਕੇ ਮਾਨਯੋਗ ਗਵਰਨਰ ਪੰਜਾਬ ਅਤੇ ਹਲਕਾ ਐਮ ਐਲ ਏ ਨੂੰ ਵੀ ਮਿਲੇ ਸੀ ਪਰ ਪੁਲੀਸ ਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਇਸ ਤੋਂ ਪਤਾ ਲਗਦਾ ਹੈ ਕੀ ਇਹ ਗੈਂਗ ਕਿੰਨਾ ਪਾਵਰਫੂਲ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੰਜਾਬ ਦੇ ਮਾਨਯੋਗ ਗਵਰਨਰ ਤੋਂ ਇਸ ਮਾਮਲੇ ਦੀ ਜਾਂਚ ਦੇਸ਼ ਦੀ ਸਵਤੰਤਰ ਏਜੰਸੀ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਮਿਲ ਸਕੇ। ਉਹਨਾਂ ਕਿਹਾ ਕਿ ਜੇਕਰ ਪੁਲੀਸ ਵਲੋਂ ਇਸ ਮਾਮਲੇ ਵਿੱਚ ਸਾਬਕਾ ਪੁਲੀਸ ਇੰਸਪੈਕਟਰ ਰਣਜੀਤ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੁਲੀਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

 

ਕੀ ਹੈ ਸ਼ਿਕਾਇਤ

ਇਸ ਸੰਬੰਧੀ ਸ੍ਰੀ ਬੌਬੀ ਕੰਬੋਜ ਵਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਹ ਫੇਜ਼ 5 ਦੇ ਐਸ. ਸੀ. ਓ. ਨੰਬਰ 52 ਦੇ 1/3 ਅਣਵੰਡੇ ਹਿੱਸੇ ਦੇ ਮਾਲਕ ਚੰਦਰ ਮੋਹਨ ਸਿੰਘ ਨੇ ਆਪਣੇ ਅਣਵੰਡੇ ਹਿੱਸੇ ਦੇ ਮੁਖਤਿਆਰੇ ਆਮ ਹਨ। ਇਹ ਸ਼ੋਰੂਮ ਦਾ ਪਲਾਟ ਚੰਦਰਮੋਹਨ ਸਿੰਘ ਦੇ ਪਿਤਾ ਨੇ ਗਮਾਡਾ ਤੋਂ ਖੁੱਲੀ ਨੀਲਾਮੀ ਰਾਂਹੀ ਖਰੀਦਿਆ ਸੀ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਜਾਇਦਾਦ ਵਿਰਾਸਤ ਰਾਹੀਂ ਉਨ੍ਹਾਂ ਦੇ ਤਿੰਨਾਂ ਪੁੱਤਰਾਂ ਸ੍ਰੀ ਚੰਦਰ ਮੋਹਨ ਸਿੰਘ, ਸ੍ਰੀ ਸੁਰਿੰਦਰ ਸਿੰਘ ਅਤੇ ਸ੍ਰੀ ਕਮਲਜੀਤ ਸਿੰਘ ਦੇ ਨਾਮ ਬਰਾਬਰ ਹਿੱਸਿਆਂ ਵਿੱਚ ਤਬਦੀਲ ਹੋ ਗਈ ਸੀ ਅਤੇ ਇਸ ਸੰਬੰਧੀ 23.06.2011 ਨੂੰ ਉਨ੍ਹਾਂ ਦੇ ਹੱਕ ਵਿੱਚ ਕਨਵੇਅੰਸ ਡੀਡ ਵੀ ਰਜਿਸਟਰ ਹੋ ਗਈ ਜਿਸਤੋਂ ਬਾਅਦ ਗਮਾਡਾ ਵੱਲੋਂ ਵੀ ਉਨ੍ਹਾਂ ਦੀ ਮਲਕੀਅਤ ਆਪਣੇ ਰਿਕਾਰਡ ਵਿੱਚ ਦਰਜ ਕਰ ਲਈ ਗਈ।

ਉਹਨਾਂ ਕਿਹਾ ਕਿ ਚੰਦਰ ਮੋਹਨ ਸਿੰਘ ਦਾ ਪੁੱਤਰ ਗੁਰਿੰਦਰ ਸਿੰਘ ਸਮੇਂ-ਸਮੇਂ ਤੇ ਮੁਹਾਲੀ ਆ ਕੇ ਆਪਣੀ ਜਾਇਦਾਦ ਦੀ ਦੇਖਭਾਲ ਕਰਦਾ ਰਿਹਾ। ਬਾਅਦ ਵਿੱਚ ਇੱਕ ਪ੍ਰਾਪਰਟੀ ਡੀਲਰ ਵਲੋਂ ਗੁਰਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਉਕਤ ਐਸ.ਸੀ.ਐਫ.52 ਫੇਜ਼ 5 ਮੁਹਾਲੀ ਕਿਸੇ ਹੋਰ ਵਿਅਕਤੀ ਦੇ ਨਾਮ ਵੇਚਿਆ ਜਾ ਚੁੱਕਾ ਹੈ ਜਿਸਤੇ ਗੁਰਿੰਦਰ ਸਿੰਘ ਨੂੰ ਪਹਿਲੀ ਵਾਰ ਇਸ ਧੋਖਾਧੜੀ ਦਾ ਪਤਾ ਲੱਗਿਆ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਜਦੋਂ ਗੁਰਿੰਦਰ ਸਿੰਘ ਨੇ ਗਮਾਡਾ ਦਫ਼ਤਰ ਵਿਖੇ ਉਕਤ ਜਾਇਦਾਦ ਨਾਲ ਸੰਬੰਧਤ ਸਮੁੱਚੇ ਅਸਲ ਰਿਕਾਰਡ, ਫਾਈਲਾਂ, ਮੁਖਤਾਰਨਾਮੇ, ਹਲਫ਼ਨਾਮੇ, ਐਨ. ਓ. ਸੀ., ਪੱਤਰ ਵਿਹਾਰ ਅਤੇ ਹੋਰ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ। ਰਿਕਾਰਡ ਦੀ ਜਾਂਚ ਦੌਰਾਨ ਮਿਤੀ 3.3.2015 ਦਾ ਇੱਕ ਕਥਿਤ ਜਨਰਲ ਪਾਵਰ ਆਫ ਅਟਾਰਨੀ ਉਸ ਨਾਲ ਸੰਬੰਧਤ ਹਲਫ਼ਨਾਮੇ ਅਤੇ ਹੋਰ ਦਸਤਾਵੇਜ਼ ਪ੍ਰਾਪਤ ਹੋਏ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਉਕਤ ਦਸਤਾਵੇਜ਼ਾਂ ਉੱਤੇ ਮੌਜੂਦ ਦਸਤਖਤਾਂ ਦੀ ਤੁਲਨਾ 23.06.2011 ਦੀ ਰਜਿਸਟਰਡ ਕਨਵੇਅੰਸ ਡੀਡ, ਗਮਾਡਾ ਦੇ ਅਸਲ ਰਿਕਾਰਡ ਅਤੇ ਹੋਰਨਾਂ ਵਾਰਿਸਾਂ ਦੇ ਅਸਲੀ ਦਸਤਖਤਾਂ ਨਾਲ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਕਥਿਤ ਮੁਖਤਾਰਨਾਮੇ ਅਤੇ ਹੋਰ ਦਸਤਾਵੇਜ਼ਾਂ ਉੱਤੇ ਕੀਤੇ ਗਏ ਦਸਤਖਤ ਅਸਲ ਦਸਤਖਤਾਂ ਨਾਲ ਕਿਸੇ ਵੀ ਤਰ੍ਹਾਂ ਮੇਲ ਨਹੀਂ ਖਾਂਦੇ।

ਉਹਨਾਂ ਕਿਹਾ ਕਿ ਇਸ ਪੂਰੇ ਲੈਣ-ਦੇਣ ਦੀ ਬੁਨਿਆਦ 3.3.2015 ਦਾ ਜਾਅਲੀ ਅਤੇ ਮਨਘੜਤ ਮੁਖਤਾਰਨਾਮਾ ਆਮ ਹੈ, ਤਾਂ ਉਸ ਦੇ ਆਧਾਰ ਤੇ ਕੀਤੀਆਂ ਗਈਆਂ ਸਾਰੀਆਂ ਅਗਲੀਆਂ ਕਾਰਵਾਈਆਂ, ਗਮਾਡਾ ਵੱਲੋਂ ਜਾਰੀ ਕੀਤੀ ਗਈ ਐਨ. ਓ. ਸੀ., ਸੇਲ ਡੀਡ, ਰਜਿਸਟਰੀਆਂ, ਮਲਕੀਅਤ ਦੀਆਂ ਤਬਦੀਲੀਆਂ ਅਤੇ ਹੋਰ ਸਾਰੇ ਦਸਤਾਵੇਜ਼ ਆਪਣੇ ਆਪ ਹੀ ਕਾਨੂੰਨੀ ਤੌਰ ਤੇ ਅਵੈਧ ਹਨ। ਉਹਨਾਂ ਕਿਹਾ ਕਿ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਕਰੀਦੇਅ ਸਿੰਗਲਾ, ਸਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਸਹਿ-ਦੋਸ਼ੀਆਂ ਨੇ ਆਪਸੀ ਮਿਲੀਭੁਗਤ ਨਾਲ ਇੱਕ ਸੁਨਿਯੋਜਿਤ ਅਪਰਾਧਿਕ ਸਾਜ਼ਿਸ਼ ਰਚ ਕੇ ਇਹ ਧੋਖਾਧੜੀ ਕੀਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਮੰਗ ਕੀਤੀ ਸੀ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਧੋਖਾਧੜੀ, ਜਾਅਲਸਾਜ਼ੀ, ਕੀਮਤੀ ਸੁਰੱਖਿਆ ਦੀ ਜਾਅਲਸਾਜ਼ੀ, ਜਾਅਲੀ ਦਸਤਾਵੇਜ਼ ਤਿਆਰ ਕਰਨ, ਜਾਅਲੀ ਦਸਤਾਵੇਜ਼ ਨੂੰ ਅਸਲੀ ਵਜੋਂ ਵਰਤਣ, ਸਰਕਾਰੀ ਰਿਕਾਰਡ ਨਾਲ ਛੇੜਛਾੜ, ਅਪਰਾਧਿਕ ਸਾਜ਼ਿਸ਼ ਅਤੇ ਭਾਰਤੀ ਨਿਆਯ ਸੰਹਿਤਾ ਅਧੀਨ ਹੋਰ ਬਣਦੀਆਂ ਦੰਡਾਤਮਕ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ।

ਸ਼ਿਕਾਇਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਕਰੀਦੇਅ ਸਿੰਗਲਾ, ਸਲਵਿੰਦਰ ਸਿੰਘ, ਕਥਿਤ ਮੁਖਤਾਰਨਾਮੇ ਦੇ ਗਵਾਹਾਂ, ਪਛਾਣ ਕਰਵਾਉਣ ਵਾਲੇ ਵਿਅਕਤੀਆਂ, ਦਸਤਾਵੇਜ਼ ਤਿਆਰ ਕਰਨ ਵਾਲੇ ਵਿਅਕਤੀਆਂ, ਭੁਗਤਾਨ ਦੇ ਲੈਣ-ਦੇਣ ਵਿੱਚ ਸ਼ਾਮਲ ਵਿਅਕਤੀਆਂ ਅਤੇ ਜੇਕਰ ਜਾਂਚ ਦੌਰਾਨ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਵੀ ਇਸ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਸਮੇਤ ਹੋਰ ਸਾਰੇ ਸਹਿ-ਦੋਸ਼ੀਆਂ ਵਿਰੁੱਧ ਭਾਰਤੀ ਨਿਆਯ ਸੰਹਿਤਾ ਦੀਆਂ ਬਣਦੀਆਂ ਸਾਰੀਆਂ ਦੰਡਾਤਮਕ ਧਾਰਾਵਾਂ ਅਧੀਨ ਤੁਰੰਤ ਐਫ.ਆਈ.ਆਰ. ਦਰਜ ਕਰਕੇ ਨਿਰਪੱਖ, ਡੂੰਘੀ, ਵਿਗਿਆਨਕ ਅਤੇ ਵਿੱਤੀ ਜਾਂਚ ਕੀਤੀ ਜਾਵੇ। ਇਸ ਦੌਰਾਨ ਮੋਬਾਈਲ ਕਾਲ ਰਿਕਾਰਡ, ਬੈਂਕ ਲੈਣ-ਦੇਣ, ਦਸਤਾਵੇਜ਼ਾਂ ਦੀ ਜਾਂਚ, ਦਸਤਖਤਾਂ ਅਤੇ ਮੋਹਰਾਂ ਦੀ ਜਾਂਚ, ਰਜਿਸਟ੍ਰੇਸ਼ਨ ਰਿਕਾਰਡ ਅਤੇ ਹੋਰ ਡਿਜ਼ੀਟਲ ਸਬੂਤ ਇਕੱਠੇ ਕਰਕੇ ਪੂਰੇ ਅਪਰਾਧਿਕ ਗਿਰੋਹ ਦੀ ਭੂਮਿਕਾ ਸਾਹਮਣੇ ਲਿਆਂਦੀ ਜਾਵੇ ਅਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸਾਨੂੰ ਨੂੰ ਇਨਸਾਫ਼ ਮਿਲ ਸਕੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਜਾਅਲੀ ਰਜਿਸਟਰੀਆਂ ਅਤੇ ਧੋਖਾਧੜੀਆਂ ਨੂੰ ਰੋਕਿਆ ਜਾ ਸਕੇ।

Continue Reading

Mohali

ਪੰਜਾਬ-ਹਰਿਆਣਾ ਹਾਈਕੋਰਟ ਨੇ ਸਮਗੌਲੀ ਕੂੜਾ ਪ੍ਰਬੰਧਨ ਪਲਾਂਟ ਨੂੰ ਲੈ ਕੇ ਸਟੇਟਸ ਰਿਪੋਰਟ ਮੰਗੀ

Published

on

By

ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਪਟੀਸ਼ਨ ਤੇ ਹੋਈ ਕਾਰਵਾਈ, ਸਾਰੀਆਂ ਧਿਰਾਂ ਨੂੰ 3 ਦਸੰਬਰ ਲਈ ਨੋਟਿਸ ਆਫ ਮੋਸ਼ਨ ਜਾਰੀ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸ਼ਹਿਰ ਵਿੱਚ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਕੂੜੇ ਦੀ ਸਮੱਸਿਆ ਅਤੇ ਇਸ ਦੇ ਸਥਾਈ ਹੱਲ ਲਈ ਪ੍ਰਸਤਾਵਿਤ ਸਮਗੌਲੀ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਲੈ ਕੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਜਨਹਿੱਤ ਪਟੀਸ਼ਨ ਤੇ ਹਾਈਕੋਰਟ ਵੱਲੋਂ ਸਾਰੀਆਂ ਸਬੰਧਤ ਧਿਰਾਂ ਨੂੰ 3 ਦਸੰਬਰ ਲਈ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਨੋਟਿਸ ਦੇ ਨਾਲ ਅਜ ਇਸ ਮਾਮਲੇ ਵਿੱਚ ਸਰਕਾਰ ਤੋਂ ਸਟੇਟਸ ਰਿਪੋਰਟ ਵੀ ਮੰਗ ਲਈ ਗਈ ਹੈ। ਪਟੀਸ਼ਨ ਵਿੱਚ ਪਾਰਟੀ ਬਣਾਈਆਂ ਗਈਆਂ ਚਾਰੇ ਧਿਰਾਂ (ਜਿਸ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਿਲ ਹਨ) ਦੇ ਏ ਏ ਜੀ ਨੇ ਇਹ ਨੋਟਿਸ ਲੈ ਵੀ ਲਿਆ ਹੈ। ਸz. ਕੁਲਜੀਤ ਸਿੰਘ ਬੇਦੀ ਵੱਲੋਂ ਦਾਇਰ ਇਸ ਸਿਵਲ ਰਿਟ ਪਟੀਸ਼ਨ (ਪੀਆਈਐਲ) ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ, ਗਮਾਡਾ, ਡਿਪਟੀ ਕਮਿਸ਼ਨਰ ਮੁਹਾਲੀ, ਨਗਰ ਨਿਗਮ ਮੁਹਾਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਸਬੰਧਤ ਅਧਿਕਾਰੀਆਂ ਨੂੰ ਧਿਰ ਬਣਾਇਆ ਗਿਆ ਹੈ।

ਪਟੀਸ਼ਨਕਰਤਾ ਵੱਲੋਂ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਸਮਗੌਲੀ ਪਿੰਡ ਵਿਖੇ ਪ੍ਰਸਤਾਵਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਸਥਾਪਤ ਕਰਨ ਅਤੇ ਚਾਲੂ ਕਰਨ ਲਈ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਸਮਾਂਬੱਧ ਅਤੇ ਤਾਲਮੇਲ ਵਾਲੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾਣ। ਇਸ ਮਾਮਲੇ ਵਿੱਚ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਐਡਵੋਕੇਟ ਰੰਜੀਵਨ ਸਿੰਘ, ਐਡਵੋਕੇਟ ਰਿਸ਼ਮ ਰਾਗ ਸਿੰਘ ਅਤੇ ਐਡਵੋਕੇਟ ਜਸਜੋਤ ਸਿੰਘ ਨੇ ਆਪਣੀਆਂ ਦਲੀਲਾਂ ਰੱਖੀਆਂ ਜਿਸ ਤੋਂ ਬਾਅਦ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਹੈ।

ਸz. ਬੇਦੀ ਵੱਲੋਂ ਅਦਾਲਤ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਸਮਗੌਲੀ ਪਲਾਂਟ ਚਾਲੂ ਨਹੀਂ ਹੁੰਦਾ, ਉਦੋਂ ਤੱਕ ਮੁਹਾਲੀ ਵਿੱਚ ਕੂੜੇ ਦੀ ਵਿਗਿਆਨਕ ਢੰਗ ਨਾਲ ਇਕੱਤਰਤਾ, ਛਾਂਟੀ, ਢੋਆ-ਢੁਆਈ, ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਤੁਰੰਤ ਅੰਤਰਿਮ ਪ੍ਰਬੰਧ ਯਕੀਨੀ ਬਣਾਏ ਜਾਣ। ਖੁੱਲ੍ਹੀਆਂ ਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਕੂੜਾ ਸੁੱਟਣ, ਸਾੜਨ ਅਤੇ ਇਕੱਠਾ ਹੋਣ ਤੋਂ ਰੋਕਣ ਲਈ ਵੀ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਪਟੀਸ਼ਨ ਵਿੱਚ ਦਰਜ ਵੇਰਵਿਆਂ ਅਨੁਸਾਰ ਸਮਗੌਲੀ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੀ ਯੋਜਨਾ ਸਾਲ 2012 ਵਿੱਚ ਬਣਾਈ ਗਈ ਸੀ। ਇਸ ਨੂੰ ਗ੍ਰੇਟਰ ਮੁਹਾਲੀ ਖੇਤਰ ਲਈ ਇੱਕ ਸਾਂਝੇ ਅਤੇ ਏਕੀਕ੍ਰਿਤ ਕੂੜਾ ਪ੍ਰਬੰਧਨ ਕੇਂਦਰ ਵਜੋਂ ਵਿਕਸਤ ਕੀਤਾ ਜਾਣਾ ਸੀ। ਇਸ ਮਕਸਦ ਲਈ ਡੇਰਾਬੱਸੀ ਤਹਿਸੀਲ ਦੇ ਪਿੰਡ ਸਮਗੌਲੀ ਵਿੱਚ ਲਗਭਗ 50 ਏਕੜ ਜ਼ਮੀਨ ਦੀ ਪਛਾਣ ਕਰਕੇ ਅਲਾਟਮੈਂਟ ਅਤੇ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪਰ ਸਾਲ 2026 ਤੱਕ ਵੀ ਇਹ ਪ੍ਰਾਜੈਕਟ ਜ਼ਮੀਨੀ ਪੱਧਰ ਤੇ ਚਾਲੂ ਨਹੀਂ ਹੋ ਸਕਿਆ।

ਪਟੀਸ਼ਨ ਵਿੱਚ ਇਸ ਪ੍ਰਾਜੈਕਟ ਦੇ ਲੰਬੇ ਸਮੇਂ ਤੋਂ ਲਟਕਣ ਦੇ ਮਾਮਲੇ ਨੂੰ ਵੀ ਵਿਸਥਾਰ ਨਾਲ ਉਠਾਇਆ ਗਿਆ ਹੈ। ਇਸ ਸਬੰਧੀ ਸਭ ਤੋਂ ਅਹਿਮ ਗੱਲ ਇਹ ਹੈ ਕਿ 13 ਜਨਵਰੀ 2015 ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵੱਲੋਂ ਮੁਹਾਲੀ ਇੰਡਸਟਰੀ ਐਂਡ ਕਾਮਰਸ ਐਸੋਸੀਏਸ਼ਨ ਬਨਾਮ ਪੰਜਾਬ ਸਰਕਾਰ ਮਾਮਲੇ ਵਿੱਚ ਸਮਗੌਲੀ ਵਿਖੇ ਕੂੜਾ ਪ੍ਰਬੰਧਨ ਪਲਾਂਟ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਇੱਕ ਸਾਲ ਦੇ ਅੰਦਰ ਪੂਰੀ ਕਰਨ ਅਤੇ ਜਨਵਰੀ 2017 ਤੱਕ ਪਲਾਂਟ ਨੂੰ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਨਿਰਧਾਰਤ ਸਮਾਂ ਸੀਮਾ ਲੰਘਣ ਤੋਂ ਲਗਭਗ ਦਸ ਸਾਲ ਬਾਅਦ ਵੀ ਇਹ ਪ੍ਰਾਜੈਕਟ ਚਾਲੂ ਨਹੀਂ ਹੋ ਸਕਿਆ।

ਪਟੀਸ਼ਨ ਅਨੁਸਾਰ ਪ੍ਰਾਜੈਕਟ ਦੇ ਰਾਹ ਵਿੱਚ ਵੱਖ-ਵੱਖ ਪੜਾਵਾਂ ਤੇ ਰੁਕਾਵਟਾਂ ਆਉਂਦੀਆਂ ਰਹੀਆਂ। ਸਾਲ 2020 ਵਿੱਚ ਸਮਗੌਲੀ ਸਾਈਟ ਦੀ ਚਾਰਦੀਵਾਰੀ ਲਈ ਜਾਰੀ ਟੈਂਡਰ ਰੱਦ ਹੋ ਗਿਆ। ਬਾਅਦ ਵਿੱਚ ਐਨ ਟੀ ਪੀ ਸੀ ਨਾਲ ਬਣੀ ਭਾਈਵਾਲੀ ਵੀ ਸਾਲ 2023 ਵਿੱਚ ਖਤਮ ਹੋ ਗਈ। ਜ਼ਮੀਨ ਨਾਲ ਜੁੜੀਆਂ ਕਾਨੂੰਨੀ ਅਤੇ ਹੋਰ ਉਲਝਣਾਂ ਕਾਰਨ ਵੀ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ। ਦੂਜੇ ਪਾਸੇ ਮੁਹਾਲੀ ਸ਼ਹਿਰ ਦਾ ਵਿਸਥਾਰ ਲਗਾਤਾਰ ਵਧ ਰਿਹਾ ਹੈ ਅਤੇ ਪਟੀਸ਼ਨ ਵਿੱਚ ਦਰਜ ਅਨੁਮਾਨ ਅਨੁਸਾਰ ਸ਼ਹਿਰ ਵਿੱਚ ਰੋਜ਼ਾਨਾ ਲਗਭਗ 100 ਤੋਂ 150 ਮੀਟ੍ਰਿਕ ਟਨ ਕੂੜਾ ਪੈਦਾ ਹੋ ਰਿਹਾ ਹੈ। ਪਹਿਲਾਂ ਫੇਜ਼-8ਬੀ ਵਿੱਚ ਮੌਜੂਦ ਡੰਪਿੰਗ ਗਰਾਊਂਡ ਨੂੰ ਲੈ ਕੇ ਵੀ ਵਿਵਾਦ ਅਤੇ ਅਦਾਲਤੀ ਕਾਰਵਾਈ ਹੋਈ ਸੀ। ਸਾਲ 2024 ਵਿੱਚ ਇਸ ਸਾਈਟ ਨੂੰ ਬੰਦ ਜਾਂ ਸੀਮਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਇੱਕ ਸਥਾਈ ਅਤੇ ਵਿਗਿਆਨਕ ਪ੍ਰਬੰਧ ਦੀ ਲੋੜ ਹੋਰ ਵੀ ਗੰਭੀਰ ਹੋ ਗਈ।

ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਨਗਰ ਨਿਗਮ ਮੁਹਾਲੀ ਵੱਲੋਂ 11 ਅਗਸਤ 2023, 16 ਅਗਸਤ 2023, 22 ਨਵੰਬਰ 2023 ਅਤੇ 24 ਸਤੰਬਰ 2024 ਨੂੰ ਗਮਾਡਾ ਨੂੰ ਪੱਤਰ ਲਿਖ ਕੇ ਸੈਨੇਟਰੀ ਲੈਂਡਫਿਲ ਲਈ ਬਦਲਵੀਂ ਜ਼ਮੀਨ ਦੀ ਮੰਗ ਕੀਤੀ ਗਈ ਸੀ। ਨਗਰ ਨਿਗਮ ਵੱਲੋਂ ਇਸ ਦੇ ਪਿੱਛੇ ਕੂੜਾ ਸਮਗੌਲੀ ਤੱਕ ਲਿਜਾਣ ਦੀ ਦੂਰੀ ਅਤੇ ਆਵਾਜਾਈ ਖਰਚੇ ਵਰਗੇ ਕਾਰਨ ਦੱਸੇ ਗਏ ਸਨ। ਪਟੀਸ਼ਨਕਰਤਾ ਦਾ ਸਵਾਲ ਹੈ ਕਿ ਜਦੋਂ ਸਮਗੌਲੀ ਪ੍ਰਾਜੈਕਟ ਲਈ ਪਹਿਲਾਂ ਹੀ ਜ਼ਮੀਨ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਪੱਸ਼ਟ ਨਿਰਦੇਸ਼ ਵੀ ਮੌਜੂਦ ਹਨ ਤਾਂ ਇਸ ਨੂੰ ਚਾਲੂ ਕਰਨ ਲਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।

ਪਟੀਸ਼ਨ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੁਲਾਈ 2020 ਤੋਂ ਫਰਵਰੀ 2022 ਤੱਕ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਮੁਹਾਲੀ ਉੱਤੇ ਲਗਭਗ 29 ਲੱਖ ਰੁਪਏ ਦੀ ਵਾਤਾਵਰਣ ਮੁਆਵਜ਼ਾ ਰਾਸ਼ੀ ਲਗਾਏ ਜਾਣ ਦਾ ਹਵਾਲਾ ਦਿੱਤਾ ਗਿਆ ਹੈ।

ਇਸ ਜਨਹਿੱਤ ਪਟੀਸ਼ਨ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਮੁਹਾਲੀ ਦੇ ਨਵੇਂ ਵਿਕਸਤ ਹੋ ਰਹੇ ਖੇਤਰਾਂ ਨਾਲ ਜੁੜਿਆ ਹੋਇਆ ਹੈ। ਪਟੀਸ਼ਨਕਰਤਾ ਨੇ ਈਕੋ ਸਿਟੀ, ਏਅਰੋਸਿਟੀ ਅਤੇ ਹੋਰ ਨਵੇਂ ਸੈਕਟਰਾਂ ਵਿੱਚ ਰਿਸੋਰਸ ਮੈਨੇਜਮੈਂਟ ਸੈਂਟਰ, ਮਟੀਰੀਅਲ ਰਿਕਵਰੀ ਫੈਸਿਲਿਟੀ ਅਤੇ ਕੂੜੇ ਦੀ ਛਾਂਟੀ, ਇਕੱਤਰਤਾ ਤੇ ਵਿਗਿਆਨਕ ਨਿਪਟਾਰੇ ਲਈ ਲੋੜੀਂਦੀ ਜ਼ਮੀਨ ਪਹਿਲਾਂ ਤੋਂ ਰਾਖਵੀਂ ਰੱਖਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2026 ਦੇ ਨਿਯਮ 39 ਦਾ ਹਵਾਲਾ ਦਿੱਤਾ ਗਿਆ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਭਵਿੱਖ ਵਿੱਚ ਕਿਸੇ ਵੀ ਨਵੇਂ ਰਿਹਾਇਸ਼ੀ, ਵਪਾਰਕ ਜਾਂ ਸੰਸਥਾਗਤ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਸਮੇਂ ਕੂੜਾ ਪ੍ਰਬੰਧਨ ਲਈ ਲੋੜੀਂਦੀ ਜਗ੍ਹਾ ਅਤੇ ਬੁਨਿਆਦੀ ਢਾਂਚੇ ਦੀ ਵਿਵਸਥਾ ਲਾਜ਼ਮੀ ਕੀਤੀ ਜਾਵੇ।

ਪਟੀਸ਼ਨ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਅਤੇ 2026 ਦੇ ਨਾਲ-ਨਾਲ ਸੰਵਿਧਾਨ ਦੀ ਧਾਰਾ 21 ਅਧੀਨ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਦੇ ਅਧਿਕਾਰ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਵਿੱਚ ਸੁਪਰੀਮ ਕੋਰਟ ਦੇ 19 ਫਰਵਰੀ 2026 ਦੇ ਹੁਕਮ ਅਤੇ ਮਿਉਂਸਪਲ ਕੌਂਸਲ ਰਤਲਾਮ ਬਨਾਮ ਵਰਧੀਚੰਦ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਦਲੀਲ ਦਿੱਤੀ ਗਈ ਹੈ ਕਿ ਸਰਕਾਰੀ ਏਜੰਸੀਆਂ ਵਿੱਤੀ ਜਾਂ ਪ੍ਰਸ਼ਾਸਕੀ ਮੁਸ਼ਕਲਾਂ ਦਾ ਹਵਾਲਾ ਦੇ ਕੇ ਸਫ਼ਾਈ ਅਤੇ ਜਨਤਕ ਸਿਹਤ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟ ਸਕਦੀਆਂ।

Continue Reading

Mohali

ਮੁਹਾਲੀ ਦੀ ਸੁੰਦਰਤਾ ਤੇ ਧੱਬਾ ਹਨ ਗਮਾਡਾ ਦੀਆਂ ਦਹਾਕਿਆਂ ਤੋਂ ਅਣ ਵਰਤੀਆਂ ਖਾਲੀ ਪਈਆਂ ਜ਼ਮੀਨਾਂ : ਕੁਲਦੀਪ ਕੌਰ ਧਨੋਆ

Published

on

By

ਵਾਰਡ ਨੰ: 13 ਦੀ ਕੌਂਸਲਰ ਵਲੋਂ ਗਮਾਡਾ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਮਿਉਂਸਪਲ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਕਿਹਾ ਹੈ ਕਿ ਮੁਹਾਲੀ ਦ ਵੱਖ ਵੱਖ ਸੈਕਟਰਾਂ ਅਤੇ ਫੇਜ਼ਾਂ ਵਿੱਚ ਗਮਾਡਾ ਦੀਆਂ ਦਹਾਕਿਆ ਤੋ ਅਣ ਵਰਤੀਆ ਖਾਲੀ ਪਈਆਂ ਜ਼ਮੀਨਾਂ ਮੁਹਾਲੀ ਦੀ ਸੁੰਦਰਤਾ ਤੇ ਧੱਬਾ ਹਨ, ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਮੁਹਾਲੀ ਵਰਗੇ ਯੋਜਨਾਬੱਧ ਸ਼ਹਿਰ ਵਿੱਚ ਗਮਾਡਾ ਦੀ ਵੱਡੀ ਮਾਤਰਾ ਵਿੱਚ ਖਾਲੀ ਪਈਆਂ ਜ਼ਮੀਨਾਂ ਵਿੱਚ ਗੰਦਗੀ ਦੇ ਢੇਰ, ਝਾੜੀਆਂ ਅਤੇ ਕੂੜਾ-ਕਰਕਟ ਇਕੱਠਾ ਹੋ ਰਿਹਾ ਹੈ। ਕਈ ਥਾਵਾਂ ਤੇ ਇਹ ਖਾਲੀ ਜ਼ਮੀਨਾਂ ਗੈਰ-ਸਮਾਜਿਕ ਅਨਸਰਾਂ ਅਤੇ ਗਲਤ ਸਰਗਰਮੀਆਂ ਲਈ ਵੀ ਥਾਂ ਬਣ ਰਹੀਆਂ ਹਨ।

ਉਹਨਾਂ ਕਿਹਾ ਕਿ ਗਮਾਡਾ ਦੀ ਕਾਰਪੋਰੇਟ ਪਖੀ ਨੀਤੀ ਨੇ ਅਧੁਨਿਕ ਸਹਿਰ ਦੇ ਵਸਨੀਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਵੱਲ ਕਦੇ ਹਾਂ ਪੱਖੀ ਵਤੀਰਾ ਨਹੀਂ ਅਪਣਾਇਆ। ਉਹਨਾਂ ਕਿਹਾ ਕਿ ਗ੍ਰੀਨ ਬੈਲਟਾਂ, ਨੀਡ ਬੇਸਿਡ ਪਾਲਿਸੀ, ਪੰਜਾਬੀ ਭਵਨ, ਉਪਨ ਏਅਰ ਥਇਏਟਰ, ਪਾਰਕਿੰਗ ਸਮੱਸਿਆ ਸਮੇਤ ਸਹਿਰ ਵਸਾਉਣ ਵੇਲੇ ਕੀਤੇ ਗਏ ਹੋਰ ਅਨੇਕਾ ਵਾਅਦਿਆਂ ਨੂੰ ਗਮਾਡਾ ਵਲੋਂ ਕਦੇ ਸਹੀ ਤਰੀਕੇ ਵਿਚਾਰਿਆ ਨਹੀਂ ਗਿਆ।

ਉਹਨਾਂ ਕਿਹਾ ਕਿ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਦਾ ਇੱਕ ਵੱਡਾ ਕਾਰਨ ਗਮਾਡਾ ਦੀ ਜ਼ਮੀਨ ਸਬੰਧੀ ਨੀਤੀ ਅਤੇ ਸਮੇਂ ਸਿਰ ਕਾਰਵਾਈ ਦੀ ਘਾਟ ਹੈ। ਜਦੋਂ ਗਮਾਡਾ ਕਿਸੇ ਵਿਅਕਤੀ ਨੂੰ ਪਲਾਟ ਅਲਾਟ ਕਰਦਾ ਹੈ ਤਾਂ ਉਸ ਨੂੰ ਪਲਾਟ ਦੀ ਵਰਤੋਂ ਸ਼ੁਰੂ ਕਰਨ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਨਿਯਮਾਂ ਅਨੁਸਾਰ ਜੁਰਮਾਨੇ ਵੀ ਲਗਾਏ ਜਾਂਦੇ ਹਨ, ਫਿਰ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਲਈ ਕੋਈ ਸਮਾਂ-ਸੀਮਾ ਅਤੇ ਜਵਾਬਦੇਹੀ ਕਿਉਂ ਨਹੀਂ ਤੈਅ ਕੀਤੀ ਜਾਂਦੀ।

ਉਹਨਾਂ ਮੰਗ ਕੀਤੀ ਕਿ ਗਮਾਡਾ ਵੱਲੋਂ ਐਕਵਾਇਰ ਕੀਤੀ ਹਰ ਜ਼ਮੀਨ ਦੀ ਯੋਜਨਾਬੱਧ ਵਰਤੋਂ ਅਤੇ ਵਿਕਾਸ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਸਮਾਂ-ਸੀਮਾ ਤੈਅ ਕੀਤੀ ਜਾਵੇ। ਜੇਕਰ ਕਿਸੇ ਕਾਰਨ ਵਿਕਾਸ ਸੰਭਵ ਨਹੀਂ ਹੈ ਤਾਂ ਉਸ ਜ਼ਮੀਨ ਦੀ ਸਫ਼ਾਈ, ਚਾਰਦੀਵਾਰੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ।

ਇਸ ਮੌਕੇ ਸਾਬਕਾ ਕੌਂਸਲਰ ਸz. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਗਮਾਡਾ ਨੂੰ ਇਹ ਸਮਝਣਾ ਹੋਵੇਗਾ ਕਿ ਜ਼ਮੀਨ ਐਕਵਾਇਰ ਕਰਨਾ ਹੀ ਉਸ ਦੀ ਜ਼ਿੰਮੇਵਾਰੀ ਦਾ ਅੰਤ ਨਹੀਂ, ਬਲਕਿ ਉਸ ਜ਼ਮੀਨ ਦੀ ਸਹੀ ਵਰਤੋਂ ਅਤੇ ਲੋਕਾਂ ਦੇ ਹਿੱਤ ਵਿੱਚ ਵਿਕਾਸ ਕਰਨਾ ਵੀ ਉਸ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਸ਼ਹਿਰ ਵਾਸੀਆਂ ਤੋਂ ਸਾਫ਼-ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਸਰਕਾਰੀ ਸੰਸਥਾਵਾਂ ਨੂੰ ਵੀ ਆਪਣੀਆਂ ਖਾਲੀ ਪਈਆਂ ਜ਼ਮੀਨਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਗਮਾਡਾ ਨੂੰ ਆਪਣੀ ਨੀਤੀ ਵਿੱਚ ਬਦਲਾਅ ਕਰਕੇ ਜ਼ਮੀਨ ਦੀ ਸਹੀ ਅਤੇ ਸਮੇ ਸਿਰ ਵਰਤੋਂ ਕਰਨ ਯਕੀਨੀ ਬਣਾਉਣੀ ਚਾਹੀਦੀ ਹੈ।

Continue Reading

Mohali

ਟਰੇਡਰਜ਼ ਕਮਿਸ਼ਨ ਦੇ ਵਫਦ ਵਲੋਂ ਨਵ ਨਿਯੁਕਤ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ

Published

on

By

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਟ੍ਰੇਡਰਜ਼ ਕਮਿਸ਼ਨ ਮੁਹਾਲੀ ਦੇ ਨੁਮਾਇੰਦਿਆਂ ਵਲੋਂ ਅੱਜ ਟ੍ਰੇਡਰਜ਼ ਕਮਿਸ਼ਨ ਜਿਲ੍ਹਾ ਮੁਹਾਲੀ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਦੀ ਅਗਵਾਈ ਹੇਠ ਮੁਹਾਲੀ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਜਿਲ੍ਹੇ ਦੀ ਸਥਿਤੀ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵਪਾਰੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੇਡ ਕਮਿਸ਼ਨ ਹਲਕਾ ਮੁਹਾਲੀ ਦੇ ਚੇਅਰਮੈਨ ਅਕਬਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਵਫਦ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਪੁਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਵੀ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਕਮਿਸ਼ਨ ਦੇ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਜਿਲ੍ਹੇ ਦੀਆਂ ਮਾਰਕੀਟਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਵਲੋਂ 2 ਕਰੋੜ ਰੁਪਏ ਦੇ ਖਰਚ ਨੂੰ ਮੰਜੂਰੀ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਵਪਾਰੀਆਂ ਵਲੋਂ ਤਜਵੀਜ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਕੰਮ ਕਰਵਾਏ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਚੇਅਰਮੈਨ ਖਰੜ ਯਸ਼ਪਾਲ ਬਾਂਸਲ, ਹਲਕਾ ਚੇਅਰਮੈਨ ਡੇਰਾਬੱਸੀ ਗਗਨਦੀਪ ਸਿੰਘ, ਜਾਇੰਟ ਸਕੱਤਰ ਜਿਲ੍ਹਾ ਮੁਹਾਲੀ ਸਤ੍ਰਆਜੀਤ ਗਿਨੀ ਵੀ ਹਾਜ਼ਰ ਸਨ।

Continue Reading

Latest News

Trending