ਆਨੰਦਪੁਰ ਸਾਹਿਬ ਹਲਕੇ ਲਈ ਮਜਬੂਤ ਉਮੀਦਵਾਰ ਹਨ ਪ੍ਰੋਫੈਸਰ ਚੰਦੂਮਾਜਰਾ

ਪਹਿਨਾਂ ਤਿੰਨ ਵਾਰ ਸਾਂਸਦ ਅਤੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਹਨ ਚੰਦੂਮਾਜਰਾ

ਐਸ ਏ ਐਸ ਨਗਰ, 22 ਅਪ੍ਰੈਲ (ਭਗਵੰਤ ਸਿੰਘ ਬੇਦੀ) ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਮਾਹੌਲ ਭਖਣਾ ਆਰੰਭ ਹੋ ਗਿਆ ਹੈ ਅਤੇ ਇੱਥੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗਰਮੀਆਂ ਵੀ ਜੋਰ ਫੜਣ ਲੱਗ ਗਈਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰੇ ਗਏ ਹਨ ਪਰੰਤੂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਦੀ ਪਾਰਟੀਮੈਂਟ ਵਿੱਚ ਪਹਿਲਾਂ ਨੁਮਾਇੰਦਗੀ ਕਰ ਚੁੱਕੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਚੁੱਕੇ ਹਨ ਅਤੇ ਪੰਜਵੀਂ ਵਾਰ ਪਾਰਲੀਮੈਂਟ ਦੀ ਚੋਣ ਲੜ ਰਹੇ ਹਨ। 1996 ਅਤੇ 1998 ਵਿੱਚ ਉਹ ਪਟਿਆਲਾ ਲੋਕਸਭਾ ਹਲਕੇ ਤੋਂ ਸਾਂਸਦ ਚੁਣੇ ਗਏ ਸਨ ਅਤੇ 2014 ਵਿੱਚ ਉਹਨਾਂ ਨੇ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਸੀ। ਪਿਛਲੀ ਵਾਰ (2019 ਵਿੱਚ) ਉਹ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾਰੀ ਤੋਂ ਹਾਰ ਗਏ ਸਨ ਅਤੇ ਇਸ ਵਾਰ ਫਿਰ ਮੈਦਾਨ ਵਿੱਚ ਹਨ।

ਇਸ ਤੋਂ ਇਲਾਵਾ ਉਹ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਹਨ। ਵਿਦਿਆਰਥੀ ਆਗੂ ਦੇ ਤੌਰ ਤੇ ਰਾਜਨੀਤੀ ਵਿੱਚ ਵਿੱਚ ਆਏ ਅਤੇ 1977 ਤੋਂ ਲਗਾਤਾਰ ਰਾਜਨੀਤੀ ਵਿੱਚ ਸਰਗਰਮ ਹਨ। ਚੰਦੂਮਾਜਰਾ ਦੀ ਇਸ ਹਲਕੇ ਵਿੱਚ ਇਹ ਤੀਸਰੀ ਚੋਣ ਹੋਣ ਕਾਰਨ ਹਰ ਉਹ ਹਲਕੇ ਦੇ ਹਰੇਕ ਪਿੰਡ, ਸ਼ਹਿਰ ਦੇ ਵਾਕਫ ਹਨ ਅਤੇ ਉਹਨਾਂ ਦੇ ਸਮਰਥਕ ਵੀ ਪੂਰੀ ਤਰ੍ਹਾਂ ਸਰਗਰਮ ਹਨ।

ਇਸ ਦੌਰਾਨ ਚੰਦੂਮਾਜਰਾ ਹਲਕੇ ਵਿੱਚ ਆਪਣੀ ਪਕੜ ਮਜਬੂਤ ਕਰਨ ਵਿੱਚ ਲੱਗੇ ਹੋਏ ਹਨ। ਇਸ ਦੇ ਮੱਦੇਨਜ਼ਰ ਅਕਾਲੀ ਦਲ ਰੁਸਿਆਂ ਨੂੰ ਮਨਾਉਣ ਵਿੱਚ ਲੱਗਿਆ ਹੋਇਆ ਹੈ। ਬੇਸ਼ੱਕ ਪਿਛਲੀਆਂ ਚੋਣਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਚੋਣ ਲੜ ਰਹੇ ਸਨ ਪਰੰਤੂ ਇਸ ਹਲਕੇ ਵਿੱਚ ਭਾਜਪਾ ਦਾ ਨੰਗਲ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਬਿਨਾਂ ਬਾਕੀ ਹਲਕਿਆਂ ਵਿੱਚ ਜਿਆਦਾ ਪ੍ਰਭਾਵ ਨਹੀਂ ਹੈ। ਇਸ ਦੌਰਾਨ ਚਾਰ ਜਾਂ ਪੰਜ ਕੋਨਾ ਚੋਣ ਮੁਕਾਬਲਾ ਹੋਣ ਕਾਰਨ ਪਲੜਾ ਕਿਸ ਤਰਫ ਝੁਕੇਗਾ ਕਹਿਣਾ ਮੁਸ਼ਕਿਲ ਹੈ।

ਪ੍ਰੋਫੈਸਰ ਚੰਦੂਮਾਜਰਾ ਵਲੋਂ ਬੀਤੇ ਕਲ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ ਵੀ ਕਰ ਦਿੱਤਾ ਗਿਆ ਹੈ। ਸਕਾਈ ਹਾਕ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਅਤੇ ਅੱਜ ਦੇਸ਼ ਜਿਹਨਾਂ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ ਉਸ ਵੇਲੇ ਰਾਜਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਖੇਤਰੀ ਪਾਰਟੀਆਂ ਦਾ ਮਜਬੂਤ ਹੋਣਾ ਜਰੂਰੀ ਹੈ ਤਾਂ ਜੋ ਕੇਂਦਰ ਵਲੋਂ ਰਾਜਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਵਿਰੁੱਧ ਆਵਾਜ ਬੁਲੰਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹ ਹਲਕਾ ਉਹਨਾਂ ਦੇ ਪਰਿਵਾਰ ਵਰਗਾ ਹੈ ਅਤੇ ਉਹ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇੱਥੇ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖੋਂ ਨਕਾਰਾ ਸਾਬਿਤ ਹੋਈ ਹੈ ਅਤੇ ਇਸਦੇ ਦੋਗਲੇਪਨ ਦਾ ਪਤਾ ਇੱਥੋਂ ਲੱਗਦਾ ਹੈ ਕਿ ਇਹ ਪਾਰਟੀ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿੱਚ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੀ ਹੈ ਜਦੋਂਕਿ ਪੰਜਾਬ ਵਿੱਚ ਇਹ ਦੋਵੇਂ ਇੱਕ ਦੂਜੇ ਦੇ ਖਿਲਾਫ ਖੜ੍ਹੇ ਹਨ।

ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਭੁਗਤਦੀ ਰਹੀ ਹੈ ਅਤੇ ਇਸਨੇ ਹਮੇਸ਼ਾਂ ਕੇਂਦਰ ਦੀਆਂ ਸਰਕਾਰਾਂ ਦੇ ਅੱਗੇ ਝੁਕਦਿਆਂ ਪੰਜਾਬ ਦੇ ਹਿੱਤਾਂ ਦੀ ਬਲੀ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਬਾਰੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਭਾਵੇਂ ਭਾਜਪਾ ਨਾਲ ਲੰਬੀ ਸਾਂਝ ਰਹੀ ਹੈ ਪਰੰਤੂ ਭਾਜਪਾ ਵਲੋਂ ਕਿਸਾਨਾਂ ਦੇ ਮੁੱਦੇ ਅਤੇ ਪੰਥਕ ਮਸਲਿਆਂ ਦੇ ਹਲ ਕਰਨ ਦੀ ਥਾਂ ਅੜੀਅਲ ਰਵਾਈਆ ਅਖਤਿਆਰ ਕੀਤਾ ਗਿਆ ਅਤੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਜਪਾ ਦਾ ਸਾਥ ਛੱਡਣ ਦਾ ਫੈਸਲਾ ਕੀਤਾ ਸੀ।

ਉਹਨਾਂ ਕਿਹਾ ਕਿ ਉਹਨਾਂ ਨੂੰ ਵੋਟਰਾਂ ਵਲੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਜਰੂਰ ਸਫਲ ਬਣਾਉਣਗੇ।