ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

ਚੋਰੀ ਦੇ 11 ਸਕੂਟਰ ਅਤੇ ਦੋ ਮੋਟਰਸਾਈਕਲ ਬਰਾਮਦ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਮੁਹਾਲੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਚੋਰੀ ਦੇ 11 ਐਕਟਿਵਾ ਸਕੂਟਰ ਅਤੇ 2 ਮੋਟਰ ਸਾਈਕਲ ਬਰਾਮਦ ਕੀਤੇ ਹਨ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਸਮੇਂ ਦੌਰਾਨ ਇਸ ਖੇਤਰ ਵਿੱਚ ਸਕੂਟਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।

ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਐਸ ਐਸ ਪੀ ਡਾ. ਸੰਦੀਪ ਗਰਗ ਦੀਆਂ ਹਿਦਾਇਤਾਂ ਤੇ ਸਮਾਜਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਥਾਣਾ ਸੋਹਾਣਾ ਦੇ ਐਸ ਐਚ ਓ ਸz. ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਬੀਤੀ 17 ਅਪ੍ਰੈਲ ਨੂੰ ਰਿੰਪਲਦੀਪ ਕੌਰ, ਵਾਸੀ ਪਿੰਡ ਜੋਗੀ ਚੀਮਾ, ਜਿਲ੍ਹਾ ਗੁਰਦਾਸਪੁਰ (ਹਾਲ ਵਾਸੀ ਫੇਜ਼ 5 ਮੁਹਾਲੀ) ਦੀ ਸ਼ਿਕਾਇਤ ਤੇ ਆਈ ਪੀ ਸੀ ਦੀ ਧਾਰਾ 379 ਤਹਿਤ ਐਕਟਿਵਾ ਚੋਰੀ ਹੋਣ ਸੰਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸਤੋਂ ਬਾਅਦ ਸੋਹਾਣਾ ਥਾਣੇ ਦੇ ਏ ਐਸ ਆਈ ਸ਼ੀਸ਼ ਪਾਲ ਅਤੇ ਪੁਲੀਸ ਪਾਰਟੀ ਵਲੋਂ ਹਾਉਸ ਫੈਡ ਕੰਪਲੈਕਸ ਸੈਕਟਰ 85 ਮੁਹਾਲੀ ਨਾਕਾ ਬੰਦੀ ਕਰਕੇ ਸਾਗਰ ਉਰਫ ਸੈਣੀ ਵਾਸੀ ਈ ਬਲਾਕ, ਕੰਮਾਡੋ ਕੰਪਲੈਕਸ ਫੇਜ਼ 11 ਮੁਹਾਲੀ ਨੂੰ ਕਾਬੂ ਕੀਤਾ ਗਿਆ ਅਤੇ ਉਸਦੇ ਕਬਜੇ ਤੋਂ ਚੋਰੀ ਦੇ 9 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਸਨ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਸਾਗਰ ਦੀ ਪੁੱਛ ਗਿੱਛ ਦੌਰਾਨ ਉਸਨੇ ਆਪਣੇ ਦੋ ਹੋਰ ਸਹਿਯੋਗੀਆਂ ਬਾਰੇ ਜਾਣਕਾਰੀ ਦਿੱਤੀ ਸੀ ਜਿਸਤੇ ਉਹਨਾਂ ਦੋਵਾਂ ਵਿਅਕਤੀਆਂ ਅੰਕੁਸ਼ ਵਾਸੀ ਫੇਜ਼ 11 ਅਤੇ ਗੁਰਪ੍ਰਤਾਪ ਸਿੰਘ ਉਰਫ ਮੋਹਿਤ ਵਾਸੀ ਪੰਜਾਬ ਮੰਡੀ ਬੋਰਡ ਕਾਲੋਨੀ ਸੈਕਟਰ 66 ਮੁਹਾਲੀ ਨੂੰ ਮਾਮਲੇ ਵਿੱਚ ਨਾਮਜਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਤੋਂ ਵੀ ਪੁਲੀਸ ਨੇ ਦੋ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।