ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਨੂੰ ਤਹਿਸੀਲ ਦਫਤਰ ਦੀ ਤਰਜ ਤੇ ਉਹਨਾਂ ਦੇ ਘਰ ਜਾ ਕੇ ਫੋਟੋ ਖਿੱਚਣ ਤੇ ਸ਼ਨਾਖਤ ਦੀ ਸਹੂਲੀਅਤ ਦੇਵੇ ਗਮਾਡਾ : ਸ਼ਲਿੰਦਰ ਆਨੰਦ

ਐਮ ਪੀ ਸੀ ਏ ਦੇ ਸਾਬਕਾ ਪ੍ਰਧਾਨ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਮੁਹਾਲੀ ਪ੍ਰੋਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਪੰਜਾਬ ਦੇ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਤਹਿਸੀਲ ਦਫਤਰ ਵਾਂਗ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਨੂੰ ਉਹਨਾਂ ਦੇ ਘਰ ਜਾ ਕੇ ਫੋਟੋ ਖਿੱਚਣ ਤੇ ਸ਼ਨਾਖਤ ਦੀ ਸਹੂਲੀਅਤ ਦਿੱਤੀ ਜਾਵੇ।

ਪੱਤਰ ਵਿੱਚ ਸ੍ਰੀ ਆਨੰਦ ਨੇ ਲਿਖਿਆ ਹੈ ਕਿ ਗਮਾਡਾ ਵਲੋਂ ਆਪਣੀ ਜਾਇਦਾਦ ਨੂੰ ਵੇਚਣ, ਟ੍ਰਾਂਸਫਰ ਕਰਨ, ਖਰੀਦਣ ਆਦਿ ਲਈ ਜਰੂਰੀ ਨੋ ਓਬਜੈਕਸ਼ਨ ਸਰਟੀਫਿਕੇਟ (ਐਨਓਸੀ) ਕਰਵਾਉਣ ਵਾਲਿਆਂ ਨੂੰ ਖੁਦ ਦਫਤਰ ਵਿੱਚ ਹਾਜ਼ਰ ਹੋ ਕੇ ਫੋਟੋ ਖਿਚਵਾਉਣ ਹੋਣ ਦੀਆਂ ਲਾਜ਼ਮੀ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਬਗੈਰ ਐਨ ਓ ਸੀ ਦੇ ਕਾਗਜ ਜਮਾਂ ਹੀ ਨਹੀਂ ਕੀਤੇ ਜਾਂਦੇ। ਉਹਨਾਂ ਕਿਹਾ ਕਿ ਕਿਸੇ ਕਿਸਮ ਦੀ ਘਪਲੇਬਾਜੀ ਨੂੰ ਰੋਕਣ ਲਈ ਅਮਲ ਵਿੱਚ ਲਿਆਂਦਾ ਗਿਆ ਗਮਾਡਾ ਦਾ ਇਹ ਫੈਸਲਾ ਆਮ ਲੋਕਾਂ ਲਈ ਭਾਵੇਂ ਚੰਗਾ ਹੈ ਪਰੰਤੂ ਇਸ ਨਾਲ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਲਈ ਇੱਕ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋ ਰਹੀ ਹੈ, ਜੋ ਤੁਰਨ ਫਿਰਨ ਤੋਂ ਲਾਚਾਰ ਹਨ ਤੇ ਇਸ ਕਾਰਨ ਐਨਓਸੀ ਲਈ ਗਮਾਡਾ ਦੇ ਦਫਤਰ ਵਿੱਚ ਖੁਦ ਹਾਜ਼ਰੀ ਭਰਨ ਦੇ ਸਮਰਥ ਨਹੀਂ ਹੁੰਦੇ।

ਪੱਤਰ ਵਿੱਚ ਸ੍ਰੀ ਸ਼ਲਿੰਦਰ ਆਨੰਦ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਤਹਿਸੀਲ ਦਫਤਰ ਵੱਲੋਂ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾ ਨੂੰ ਸਹੂਲੀਅਤ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਈ ਵਿਅਕਤੀ ਚਲਣ ਫਿਰਨ ਤੋਂ ਲਾਚਾਰ ਹੋਵੇ ਤਾਂ ਖੁਦ ਤਹਸੀਲਦਾਰ ਅਜਿਹੇ ਲ਼ੋਕਾਂ ਦੇ ਘਰ ਪੁੱਜ ਕੇ ਦਸਤਾਵੇਜ ਰਜਿਸਟਰ ਕਰਦਾ ਹੈ ਅਤੇ ਸ਼ਨਾਖਤ ਕਰਦਾ ਹੈ।

ਉਹਨਾਂ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਕਰਵਾਉਣਾ ਸੂਬਾ ਸਰਕਾਰ ਦਾ ਫਰਜ਼ ਹੁੰਦਾ ਹੈ ਪਰ ਗਮਾਡਾ ਦੇ ਮਾਮਲੇ ਵਿੱਚ ਟਾਲਾ ਵੱਟਿਆ ਜਾ ਰਿਹਾ ਹੈ, ਜਿਸ ਕਾਰਨ ਸੀਨੀਅਰ ਸਿਟੀਜਨਾਂ ਅਤੇ ਅੰਗਹੀਣਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਭਰ ਦੇ ਤਮਾਮ ਤਹਿਸੀਲ ਦਫ਼ਤਰਾਂ ਵਾਂਗ ਗਮਾਡਾ ਅਤੇ ਪੂਡਾ ਵੱਲੋਂ ਵੀ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਫੋਟੋਗ੍ਰਾਫ ਲੈਣ ਤੇ ਸ਼ਨਾਖਤ ਕਰਨ ਦੀ ਸੁਵਿਧਾ ਦੇਣੀ ਚਾਹੀਦੀ ਹੈ।

ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਖੁਦ ਗਮਾਡਾ ਦੇ ਚੇਅਰਮੈਨ ਹੋਣ ਦੇ ਨਾਤੇ ਗਮਾਡਾ ਅਧਿਕਾਰੀਆਂ ਨੂੰ ਇਸ ਸੰਬੰਧੀ ਫੌਰੀ ਹਦਾਇਤਾਂ ਜਾਰੀ ਕਰਨ ਤਾਂ ਜੋ ਸੀਨੀਅਰ ਸਿਟੀਜ਼ਨਾਂ ਅਤੇ ਅੰਗਹੀਣਾਂ ਨੂੰ ਆਪਣੀ ਜਾਇਦਾਦ ਸਬੰਧੀ ਨੋ ਓਬਜੈਕਸ਼ਨ ਸਰਟੀਫਿਕੇਟ ਹਾਸਿਲ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਸ੍ਰੀ ਆਨੰਦ ਨੇ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਵੀ ਭੇਜੀ ਹੈ।