‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼ ਕਿਉਂ ਹਨ ਰਾਜਨੀਤਕ ਧਿਰਾਂ?

ਹਰ ਕਿਸਮ ਦਾ ਪ੍ਰਦੂਸ਼ਣ ਮਨੁੱਖ ਅਤੇ ਸਮਾਜ ਲਈ ਨੁਕਸਾਨ ਦੇਹ ਹੈ। ਚਾਹੇ ਉਹ ਸਭਿਆਚਾਰਕ ਹੋਵੇ, ਸਮਾਜਿਕ, ਆਰਿਥਕ, ਸਿਆਸੀ ਜਾਂ ਫੇਰ ਹੋਵੇ ਵਾਤਾਵਰਣ ਦਾ। ਇਹਨੇ ਦੇਰ ਸਵੇਰ ਆਪਣਾ ਅਸਰ ਦਖਾਉਣਾ ਹੀ ਹੈ। ਬੇਸ਼ਕ ਸਮਾਜ ਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ ਅਤੇ ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ, ਪਰ ਇਸ ਸਭ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਮਾਨਿਸਕ ਤੌਰ ਤੇ ਬਿਮਾਰ ਅਤੇ ਅਪੰਗ ਸਮਾਜ ਲਈ ਸਭ ਕੁੱਝ ਅਰਥਹੀਣ ਹੈ।

ਵੈਸੇ ਤਾਂ ਟੀ. ਵੀ. ਚੈਨਲਾਂ ਅਤੇ ਫਿਲਮਾਂ ਵਿਚ ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੀ ਸਮੱਗਰੀ ਦੇ ਪ੍ਰਸਾਰਣ ਤੇ ਪਾਬੰਦੀ ਲਈ ਸੈਂਸਰ ਬੋਰਡ ਅਤੇ ਭਾਰਤੀ ਸੰਵਿਧਾਨ ਵਿਚ ਪਹਿਲੋਂ ਹੀ ਵਿਵਸਥਾ ਹੈ ਪਰ ਸਹੀ ਅਰਥਾਂ ਵਿਚ ਲਾਗੂ ਨਹੀਂ ਹੋ ਰਹੀ। ਤਕਰੀਬਨ ਦੋ ਦਹਾਕੇ ਪਹਿਲਾਂ ਕੇਂਦਰ ਦੀ ਉਸ ਸਮੇਂ ਹਾਕਿਮ ਧਿਰ ਨੇ ਚੈਨਲਾਂ ਤੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਅਪਲਿੰਕਿੰਗ ਸਿੰਗਾਪੁਰ ਤੋਂ ਕਰਨ ਦੀ ਇਜ਼ਾਜਤ ਦੇ ਕੇ ਪ੍ਰਾਈਵੇਟ ਚੈਨਲਾਂ ਨੂੰ ਮਨਆਈਆਂ ਕਰਨ ਦੀ ਖੁੱਲ ਦੇ ਦਿੱਤੀ ਸੀ। ਜਿਸ ਮੁਲਕ ਤੋਂ ਅਪਲਿੰਕਿੰਗ ਹੁੰਦੀ ਹੈ, ਉਸੇ ਮੁਲਕ ਦੇ ਪ੍ਰਸਾਰਣ ਨਿਯਮ ਲਾਗੂ ਹੁੰਦੇ ਹਨ। ਜਿਹੜੀ ਇਤਰਾਜ਼ ਯੋਗ ਪ੍ਰਸਾਰਣ ਸਮੱਗਰੀ ਸਾਡੀ ਪੀੜ੍ਹੀ ਅਤੇ ਨਸਲਾਂ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ। ਉਹ ਸਿੰਗਾਪੁਰ ਵਰਗਾ ਖੁੱਲੇ ਸਭਿਆਚਾਰ ਵਾਲਾ ਮੁਲਕ ਸ਼ਇਦ ਸਧਾਰਣ ਵਰਤਾਰੇ ਦੇ ਤੌਰ ਤੇ ਲੈਂਦਾ ਹੋਵੇ। ਰਹਿੰਦੀ-ਖੁਹੰਦੀ ਕਸਰ ਐਫ. ਡੀ. ਆਈ ਨੇ ਟੀ. ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ਵਧਾ ਕੇ ਪੂਰੀ ਕਰ ਦਿੱਤੀ। ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪਲਿੰਕਿੰਗ ਅਤੇ ਡਾਊਨ ਲਿੰਕਿੰਗ ਸਾਡੇ ਮੁਲਕ ਤੋਂ ਨਹੀ ਹੁੰਦੀ ਅਤੇ ਟੀ. ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ਤੇ ਲਗਾਮ ਨਹੀਂ ਕਸੀ ਜਾਂਦੀ, ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚ ਸੱਭਿਆਚਾਰਕ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਣੀ ਨਾ-ਮੁਮਕਿਨ ਹੈ।

ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿਚ ‘ਸੱਭਿਆਚਰਕ ਪ੍ਰਦੂਸ਼ਣ’ ਵਰਗੇ ਗੰਭੀਰ ਤੇ ਸੰਵੇਦਨਸ਼ੀਲ ਸਮਾਜਿਕ ਮਸਲੇ ਨੂੰ ਚੋਣ ਮੁੱਦਾ ਬਣਾਉਣ ਬਾਰੇ ਰਾਜਨੀਤਕ ਧਿਰਾਂ ਵਲੋਂ ਚੁੱਪ ਧਾਰੀ ਜਾ ਰਹੀ ਹੈ। ਇਸ ਸੰਬੰਧੀ ਇਪਟਾ ਵਲੋਂ ਇਨ੍ਹਾਂ ਰਾਜਨੀਤਿਕ ਧਿਰਾਂ ਨੂੰ ਬਾਕਾਇਦਾ ਗੁਜ਼ਾਰਿਸ਼ ਕੀਤੀ ਗਈ ਸੀ ਕਿ ਸਭਿਆਚਾਰ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈਆ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਚੋਣ ਮੁੱਦਾ ਬਣਾਇਆ ਜਾਵੇ ਤਾਂ ਜੋ ਸਮਾਜ ਇਕ ਵਾਰ ਫੇਰ ਤੱਰਕੀ ਦੀਆਂ ਬੁੰਲਦੀ ਸ਼ਿਖਰਾਂ ਛੂੰਹਣ ਦੇ ਨਾਲ-ਨਾਲ ਜ਼ਿਹਨੀ ਅਤੇ ਮਾਨਿਸਕ ਪੱਧਰ ਤੇ ਵੀ ਤੰਦਰੁਸਤ ਹੋ ਸਕੇ ਪਰੰਤੂ ਇਸਦੇ ਬਾਵਜੂਦ ਇਹਨਾਂ ਦੀ ਭੇਦ ਭਰੀ ਖਾਮੋਸ਼ੀ ਹੈਰਾਨੀਜਨਕ ਵੀ ਹੈ ਤੇ ਅਫਸੋਸਨਾਕ ਵੀ।

ਇਪਟਾ ਪੰਜਾਬ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਭਾਰਤ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਬੰਧਤ ਮੰਤਰਾਲਿਆਂ, ਰਾਸ਼ਟਰ ਅਤੇ ਸੂਬਾ ਪੱਧਰੀ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਨੇਕਾਂ ਵਾਰ ਲਿਖਤੀ ਤੌਰ ਤੇ ਸਭਿਆਚਾਰਕ ਪ੍ਰਦੂਸ਼ਣ ਬਾਰੇ ਜਾਣੂੰ ਅਤੇ ਸੁਚੇਤ ਕੀਤਾ ਜਾਂਦਾ ਰਿਹਾ ਹੈ। ਇਸ ਗੰਭੀਰ ਮਸਲੇ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ (ਸਵਰਗੀ) ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਸਮਾਜਿਕ ਮਸਲੇ ਬਾਰੇ ਇਪਟਾ ਵੱਲੋਂ ਲਿਖੇ ਪੱਤਰ ਨੂੰ ਅਹਿਮੀਅਤ ਦਿੰਦਿਆਂ ਸਕੱਤਰ, ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਭਾਰਤ ਸਰਕਾਰ ਨੂੰ ਸੱਭਿਆਚਾਰਕ ਪ੍ਰਦੂਸ਼ਣ ਵਰਗੇ ਭੱਖਵੇਂ ਅਤੇ ਗੰਭੀਰ ਮਸਲੇ ਨੂੰ ਠੱਲ ਪਾਉਣ ਲਈ ਕਾਨੂੰਨ ਅਨੁਸਾਰ ਅਗਲੇਰੀ ਜ਼ਰੂਰੀ ਕਾਰਵਾਈ ਕਰਨ ਅਤੇ ਸੈਂਸਰ ਬੋਰਡ ਦੀ ਸ਼ਾਖਾ ਪੰਜਾਬ ਵਿਚ ਖੋਲਣ ਦੀ ਬੇਨਤੀ ਵੀ ਕੀਤੀ ਸੀ ਪਰ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਇਸ ਅਹਿਮ ਮਾਮਲੇ ਨੂੰ ਉਲਝਾਉਣ ਅਤੇ ਲਟਕਾਉਣ ਵਾਲੇ ਸਵਾਲ ਪੁੱਛ ਕੇ ਜਿਵੇਂ ਗੋਗਲੂਆਂ ਤੋਂ ਮਿੱਟੀ ਝਾੜ ਲਈ ਸੀ।

ਇਕ ਕਲਾਕਾਰ ਹੋਣ ਦੇ ਨਾਤੇ ਭਗਵੰਤ ਮਾਨ ਦੇ ਮੁੱਖ-ਮੰਤਰੀ ਬਨਣ ਨਾਲ ਕੁੱਝ ਉਮੀਦ ਜਾਗੀ ਸੀ ਕਿ ‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਨਕੇਲ ਪਾਉਣ ਦੇ ਗੰਭੀਰ ਅਤੇ ਸੁਹਿਰਦ ਯਤਨ ਲਾਜ਼ਮੀ ਹੋਣਗੇ ਅਤੇ ਇਸਨੂੰ ਮੁੱਖ ਰੱਖਦਿਆਂ ਇਪਟਾ, ਪੰਜਾਬ ਵੱਲੋਂ ਇਸ ਲੋਕ-ਮਸਲੇ ਦੇ ਹੱਲ ਲਈ ਚਰਚਾ ਕਰਨ ਲਈ ਮੁੱਖ-ਮੰਤਰੀ ਦਫ਼ਤਰ ਨੂੰ ਵਾਰ ਵਾਰ ਈਮੇਲ ਕਰਕੇ ਇਪਟਾ ਦੇ ਵਫ਼ਦ ਲਈ ਮੁਲਕਾਤ ਦਾ ਸਮਾਂ ਮੰਗਿਆ, ਪਰ ਮੁੱਖ ਮੰਤਰੀ ਦਫ਼ਤਰ ਨੇ ਮੁਲਾਕਾਤ ਦਾ ਸਮਾਂ ਨਿਰਧਾਰਤ ਕਰਨ ਦੀ ਬਜਾਏ ਇਹ ਪੱਤਰ ਸਭਿਆਚਾਰਕ ਵਿਭਾਗ ਨੂੰ ਭੇਜ ਕੇ ਆਪਣੇ ਹੱਥ ਝਾੜ ਲਏ।

ਪੁਰਾਣੇ ਸਮਿਆਂ ਵਾਂਗ ਅੱਜ ਕਿਸੇ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਜਾਂ ਮਜ਼ਾਇਲਾਂ ਦੀ ਲੋੜ ਨਹੀਂ ਹੈ। ਕਿਸੇ ਮੁਲਕ ਦੇ ਸੱਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ, ਉਹ ਮੁਲਕ ਖੁਦ-ਬ-ਖੁਦ ਗੁਲਾਮ ਹੋ ਜਾਵੇਗਾ। ਭਾਰਤ ਵਿਰੋਧੀ ਸਮਰਾਜੀ ਤਾਕਤਾਂ ਵੱਲੋਂ ਬੜੀ ਸੋਚੀ ਸਮਝੀ ਸਾਜ਼ਿਸ ਤਾਹਿਤ ਸਾਡੀ ਆਰਿਥਕਤਾ, ਸਭਿਆਚਾਰ ਅਤੇ ਭਾਸ਼ਾ ਤੇ ਹਮਲੇ ਕੀਤੇ ਜਾ ਰਹੇ ਹਨ। ਮੁਲਕ ਦੀ ਆਜ਼ਾਦ ਹੌਂਦ ਖਤਰੇ ਵਿਚ ਹੈ। ਸਾਡੀ ਰਾਖੀ ਕਰਨ ਲਈ ਕਿਸੇ ਗੁਰੂ, ਪੀਰ-ਪੈਗੰਬਰ, ਦੇਵੀ-ਦੇਵਤੇ ਨੇ ਨਹੀਂ ਆਉਣਾ, ਨਾ ਹੀ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਜਾਂ ਸੁਭਾਸ਼ ਚੰਦਰ ਬੋਸ ਨੇ ਆਉਣਾ ਹੈ। ਬਲਕਿ ਇਨ੍ਹਾਂ ਲਾਸਾਨੀ ਅਤੇ ਅਦਭੁੱਤ ਸ਼ਖਸ਼ੀਅਤਾਂ ਦੀ ਸੋਚ ਅਤੇ ਦ੍ਰਿਸ਼ਟੀ ਤੋਂ ਸੇਧ ਅਤੇ ਤਾਕਤ ਲੈਕੇ ਸਾਨੂੰ ਆਪਣੀ ਹਿਫ਼ਾਜ਼ਤ ਲਈ ਆਪਣੀ ਜੰਗ ਆਪ ਲੜਣੀ ਪੈਣੀ ਹੈ।

ਸੱਭਿਆਚਾਰਕ ਪ੍ਰਦੂਸ਼ਣ ਦੇ ਰੂਪ ਵਿਚ ਇਸ ਇਨਸਾਨ ਅਤੇ ਸਮਾਜ ਵਿਰੋਧੀ ਵੱਗ ਰਹੀ ਹਨੇਰੀ ਨੂੰ ਠੱਲ ਪਾਉਂਣਾ ਅਹਿਮ ਕਾਰਜ ਹੈ ਪਰ ਇਹ ਕੱਲੇ-ਕਾਰੇ ਵਿਅਕਤੀ ਜਾਂ ਸੰਸਥਾ ਦੇ ਵੱਸ ਦਾ ਰੋਗ ਨਹੀਂ, ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਅਤੇ ਤਾਕਤ ਦੀ ਵੀ ਲੋੜ ਹੈ ਅਤੇ ਰਾਜਨੀਤਿਕ ਧਿਰਾਂ ਨੂੰ ਇਸ ਸੰਬੰਧੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਸੰਜੀਵਨ ਸਿੰਘ

94174-60656