Editorial
ਸਿੱਖ ਆਬਾਦੀ ਵਿੱਚ ਗਿਰਾਵਟ ਦੇ ਅਸਲ ਕਾਰਨਾਂ ਵੱਲ ਧਿਆਨ ਦੇਣ ਦੀ ਲੋੜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਵਾਰ ਫੇਰ ਸਿੱਖਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਹਰ ਸਿੱਖ ਪਰਿਵਾਰ ਨੂੰ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹਨ। ਸਿੱਖ ਹਲਕਿਆਂ ਵਲੋਂ ਜਥੇਦਾਰ ਦੇ ਇਸ ਸੰਦੇਸ਼ ਨੂੰ ਪੰਥਕ ਅਤੇ ਸਮਾਜਿਕ ਪੱਖੋਂ ਸਵਾਗਤਯੋਗ ਦੱਸਿਆ ਜਾ ਰਿਹਾ ਹੈ ਪਰ ਇਹ ਸੰਦੇਸ਼ ਉਸ ਵੇਲੇ ਅਧੂਰਾ ਰਹਿ ਜਾਂਦਾ ਹੈ, ਜਦੋਂ ਸਿੱਖ ਆਬਾਦੀ ਘਟਣ ਦੇ ਅਸਲ ਕਾਰਨਾਂ ਵਿੱਚ ‘ਧਰਮ ਪਰਿਵਰਤਨ’ ਵਰਗੀ ਗੰਭੀਰ ਚੁਣੌਤੀ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਸਿੱਖ ਆਬਾਦੀ ਪਹਿਲਾਂ ਦੇ ਮੁਕਾਬਲੇ ਘੱਟ ਰਹੀ ਹੈ। ਜਿੱਥੇ ਭਾਰਤ ਦੀ ਜਣਨ ਦਰ 2.1 ਤੋਂ ਵੀ ਹੇਠਾਂ ਡਿੱਗ ਰਹੀ ਹੈ, ਉਥੇ ਹੀ ਸਿੱਖਾਂ ਦੀ ਜਣਨ ਦਰ ਕੇਵਲ 1.6 ਤੋਂ 1.7 ਪ੍ਰਤੀ ਔਰਤ ਰਹਿ ਗਈ ਹੈ, ਜਿਸ ਨੂੰ ਵੱਡੀ ਚਿੰਤਾ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸ਼ਾਇਦ ਇਸ ਚਿੰਤਾ ਨੂੰ ਮੁੱਖ ਰੱਖਦਿਆਂ ਹੀ ਜਥੇਦਾਰ ਸਾਹਿਬ ਵੱਲੋਂ ਵਾਰ- ਵਾਰ ਸਿੱਖਾਂ ਨੂੰ ਤਿੰਨ ਬੱਚੇ ਪੈਦਾ ਕਰਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਹਰ ਸਿੱਖ ਪਰਿਵਾਰ ਨੂੰ ਪੰਜ ਬੱਚੇ ਪੈਦਾ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ ਸੀ।
ਸਿੱਖ ਆਬਾਦੀ ਦੇ ਘੱਟ ਹੋਣ ਦੇ ਕਈ ਕਾਰਨ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚ ਸਿੱਖਿਆ ਦਾ ਵਧਦਾ ਪੱਧਰ, ਸ਼ਹਿਰੀਕਰਨ, ਜੀਵਨ-ਸ਼ੈਲੀ ਵਿੱਚ ਬਦਲਾਅ, ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਅਤੇ ਆਰਥਿਕ ਚੁਣੌਤੀਆਂ ਵੀ ਸ਼ਾਮਲ ਹਨ। ਅੱਜ ਵੱਡੀ ਗਿਣਤੀ ਪਰਿਵਾਰ ਸਿਰਫ਼ ਇੱਕ ਬੱਚਾ ਪੈਦਾ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਵੱਡਾ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਵੀ ਹੈ। ਮਹਿੰਗਾਈ ਦੇ ਇਸ ਦੌਰ ਵਿੱਚ ਬੱਚੇ ਪਾਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਵੱਡੀ ਗਿਣਤੀ ਮਾਪੇ ਨੌਕਰੀ ਪੇਸ਼ਾ ਹਨ, ਜਿਸ ਕਾਰਨ ਘਰ ਵਿੱਚ ਇਕੱਲੇ ਬੱਚਿਆਂ ਦੀ ਦੇਖ-ਭਾਲ਼ ਲਈ ਕੋਈ ਨਹੀਂ ਹੁੰਦਾ। ਇਸ ਕਾਰਨ ਵੀ ਵੱਡੀ ਗਿਣਤੀ ਮਾਪੇ ਸਿਰਫ਼ ਇੱਕ ਬੱਚੇ ਦੇ ਜਨਮ ਨੂੰ ਤਰਜੀਹ ਦਿੰਦੇ ਹਨ।
ਸਿੱਖਾਂ ਦੀ ਆਬਾਦੀ ਵਿੱਚ ਆ ਰਹੀ ਗਿਰਾਵਟ ਦਾ ਇੱਕ ਹੋਰ ਵੱਡਾ ਕਾਰਨ ਪੰਜਾਬ ਵਿੱਚ ਹੋ ਰਿਹਾ ‘ਧਰਮ ਪਰਿਵਰਤਨ’ ਵੀ ਹੈ। ਅੱਜ ਵੱਡੀ ਗਿਣਤੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇਹਧਾਰੀ ਗੁਰੂੁਆਂ ਅਤੇ ਡੇਰਿਆਂ ਦੇ ਬਾਬਿਆਂ ਦੇ ਚੇਲੇ ਬਣ ਗਏ ਹਨ ਜਿਹੜੇ ਗੁਰਦੁਆਰਾ ਸਾਹਿਬ ਜਾਣ ਦੀ ਥਾਂ ਡੇਰਿਆਂ ਤੇ ਜਾਂਦੇ ਹਨ। ਇਸ ਤੋਂ ਇਲਾਵਾ ਚਰਚ ਅਤੇ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਆਗੂਆਂ ਵੱਲੋਂ ਚਲਾਈਆਂ ਜਾ ਰਹੀਆਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਕਾਰਨ ਵੀ ਸਿੱਖ ਆਬਾਦੀ ਵਿੱਚ ਗਿਰਾਵਟ ਆ ਰਹੀ ਹੈ।
ਪੰਜਾਬ ਦੇ ਗ਼ਰੀਬ ਅਤੇ ਪਿਛੜੇ ਸਿੱਖ ਪਰਿਵਾਰਾਂ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵੱਖ- ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਸਿੱਖ ਅਜਿਹੇ ਹਨ, ਜੋ ਆਪਣੇ ਨਾਮ ਦੇ ਨਾਲ ਸਿੰਘ ਤਾਂ ਲਗਾਉਂਦੇ ਹਨ ਪਰ ਸਿੰਘ ਤੋਂ ਬਾਅਦ ਮਸੀਹ ਜਾਂ ਇਸਾਈ ਵੀ ਲਗਾਉਂਦੇ ਹਨ। ਇਸ ਦਾ ਭਾਵ ਇਹ ਹੈ ਕਿ ਇਹਨਾਂ ਲੋਕਾਂ ਨੇ ਸਿੱਖ ਧਰਮ ਨੂੰ ਛੱਡ ਦੇ ਇਸਾਈ ਧਰਮ ਨੂੰ ਅਪਨਾ ਲਿਆ ਹੈ।
ਸਿੱਖ ਆਗੂ ਦਾਅਵਾ ਕਰਦੇ ਹਨ ਕਿ ਇਸਾਈ ਪ੍ਰਚਾਰਕ ਲਗਾਤਾਰ ਪ੍ਰਚਾਰ ਕਰਕੇ ਪੰਜਾਬ ਵਿੱਚ ਧਰਮ ਪਰਿਵਰਤਨ ਕਰਵਾ ਰਹੇ ਹਨ। ਖਾਸ ਕਰਕੇ ਗਰੀਬ ਸਿੱਖਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਸਿੱਖ ਆਗੂਆਂ ਦੇ ਨਾਲ ਨਾਲ ਹਿੰਦੂ ਜਥੇਬੰਦੀਆਂ ਵੀ ਇਸਾਈ ਪ੍ਰਚਾਰਕਾਂ ਅਤੇ ਚਰਚਾਂ ਵੱਲੋਂ ਕਰਵਾਏ ਜਾਂਦੇ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾ ਚੁੱਕੀਆਂ ਹਨ ਪਰ ਇਹ ਧਰਮ ਪਰਿਵਰਤਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸ ਕਾਰਨ ਵੀ ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਘਟ ਰਹੀ ਹੈ।
ਪੰਜਾਬ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਗ਼ੈਰ ਸਿੱਖਾਂ ਦੇ ਨੌਜਵਾਨ ਵੀ ਪੱਗਾਂ ਬੰਨ੍ਹਣ ਲੱਗ ਪਏ ਸਨ ਪਰ ਉਸ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਅੱਤਵਾਦ ਨੂੰ ਖਤਮ ਕਰਨ ਦੇ ਨਾਂਅ ਹੇਠ ਸਿੱਖ ਨੌਜਵਾਨਾਂ ਖ਼ਿਲਾਫ਼ ਚਲਾਏ ਦਮਨ ਚੱਕਰ ਕਾਰਨ ਵੱਡੀ ਗਿਣਤੀ ਸਿੱਖ ਨੌਜਵਾਨ ਦਸਤਾਰਾਂ ਸਜਾਉਣ ਦੀ ਥਾਂ ਮੋਨੇ ਹੋ ਗਏ ਅਤੇ ਸਿੱਖੀ ਤੋਂ ਦੂਰ ਹੋ ਗਏ। ਇਸ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਨੌਜਵਾਨ ਫ਼ੈਸ਼ਨਪ੍ਰਸਤੀ ਕਾਰਨ ਵੀ ਦਸਤਾਰਾਂ ਸਜਾਉਣ ਦੀ ਥਾਂ ਸਿਰ ਦੇ ਕੇਸ ਕਤਲ ਕਰਵਾ ਕੇ ਟੋਪੀ ਧਾਰੀ ਬਣ ਚੁੱਕੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਤਿੰਨ ਬੱਚੇ ਪੈਦਾ ਕਰਨ ਦਾ ਸੰਦੇਸ਼ ਦੇਣ ਦੇ ਨਾਲ ਸਿੱਖੀ ਤੋਂ ਦੂਰ ਹੋ ਰਹੇ ਲਕਾਂ ਦੀ ਵੰਘਦੀ ਗਿਣਤੀ ਅਤੇ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਬਾਰੇ ਵੀ ਚਿੰਤਾ ਜਾਹਿਰ ਕਰਨ ਅਤੇ ਇਸ ਸਬੰਧੀ ਆਪਣਾ ਸੰਦੇਸ਼ ਵੀ ਜਾਰੀ ਕਰਨ।
ਬਿਊਰੋ
Editorial
ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੇ ਕਾਬੂ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾਣੀ ਜਰੂਰੀ
ਅੱਜ ਦੇ ਇਸ ਆਧੁਨਿਕ ਯੁਗ ਵਿੱਚ ਜਿੱਥੇ ਵਿਗਿਆਨੀਆਂ ਵਲੋਂ ਕੀਤੀਆਂ ਗਈਆਂ ਨਵੀਆਂ ਖੋਜਾਂ ਨੇ ਨਾ ਸਿਰਫ ਪੂਰੀ ਦੁਨੀਆ ਨੂੰ ਇੱਕ ਦੂਜੇ ਦੇ ਨੇੜੇ ਲਿਆ ਦਿੱਤਾ ਹੈ ਉੱਥੇ ਇਨਸਾਨ ਸਿਰਫ ਸਾਡੀ ਧਰਤੀ ਤਕ ਹੀ ਸੀਮਿਤ ਨਾ ਰਹਿ ਕੇ ਪੁਲਾੜ ਵਿੱਚ ਨਵੇਂ ਨਵੇਂ ਗ੍ਰਿਹਾਂ ਦੀ ਭਾਲ ਕਰਕੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ, ਪਰੰਤੂ ਇਹ ਵੀ ਅਸਲੀਅਤ ਹੈ ਕਿ ਅੱਜ ਦੇ ਦੌਰ ਦਾ ਇਹ ਅਖੌਤੀ ਆਧੁਨਿਕ ਮਨੁੱਖ ਹੁਣੇ ਵੀ ਸਦੀਆਂ ਪੁਰਾਣੇ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਵਿੱਚ ਗ੍ਰਸਿਆ ਹੋਇਆ ਹੈ। ਕਹਿਣ ਨੂੰ ਅਸੀਂ ਬਹੁਤ ਤਰੱਕੀ ਕਰ ਲਈ ਹੈ ਅਤੇ ਵਿਗਿਆਨ ਦੇ ਇਸ ਦੌਰ ਵਿੱਚ ਸਾਇੰਸ ਦੀਆਂ ਕਾਢਾਂ ਨਾਲ ਭਾਵੇਂ ਹਰ ਸਮੱਸਿਆ ਦਾ ਹਲ ਲੱਭ ਲਿਆ ਗਿਆ ਹੈ ਪਰੰਤੂ ਸਾਡੇ ਦੇਸ਼ ਦੀ ਜਨਤਾ ਦਾ ਇੱਕ ਵੱਡਾ ਹਿੱਸਾ ਹੁਣੇ ਵੀ ਅਜਿਹਾ ਹੈ ਜਿਹੜਾ ਤਰ੍ਹਾਂ ਤਰ੍ਹਾਂ ਦੇ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ।
ਇਹ ਉਹ ਲੋਕ ਹਨ ਜਿਹੜੇ ਕਿਸੇ ਵੀ ਪਰੇਸ਼ਾਨੀ ਦਾ ਵਿਗਿਆਨਕ ਹਲ ਕੱਢਣ ਦੀ ਥਾਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਦੇ ਸਹਾਰੇ ਹੀ ਉਸਦਾ ਹਲ ਲੱਭਣ ਦਾ ਯਤਨ ਕਰਦੇ ਹਨ। ਸਾਡੇ ਸਮਾਜ ਵਿੱਚ ਅੰਧਵਿਸ਼ਵਾਸ਼ ਦਾ ਇਹ ਵਰਤਰਾ ਇਸ ਕਦਰ ਹਾਵੀ ਹੈ ਕਿ ਇੱਥੇ ਲੋਕ ਛਿੱਕ ਆਉਣ ਦਾ ਵੀ ਵਹਿਮ ਕਰਦੇ ਹਨ ਅਤੇ ਜੇਕਰ ਕਿਸੇ ਵਿਅਕਤੀ ਦੇ ਘਰੋਂ ਬਾਹਰ ਜਾਣ ਜਾਂ ਕੋਈ ਕੰਮ ਸ਼ੁਰੂ ਕਰਨ ਵੇਲੇ ਕਿਸੇ ਹੋਰ ਵਲੋਂ ਛਿੱਕ ਮਾਰ ਦਿੱਤੀ ਜਾਵੇ ਤਾਂ ਇਸਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਕਿਸੇ ਕੰਮ ਤੇ ਜਾਣ ਵੇਲੇ ਬਿੱਲੀ ਵਲੋਂ ਰਾਸਤਾ ਕੱਟ ਦਿੱਤੇ ਜਾਣ ਨੂੰ ਵੀ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਅਜਿਹੇ ਲੋਕ ਆਮ ਮਿਲ ਜਾਂਦੇ ਹਨ ਜਿਹੜੇ ਰਾਹ ਵਿੱਚ ਬਿੱਲੀ ਦੇ ਸਾਮ੍ਹਣੇ ਤੋਂ ਲੰਘ ਜਾਣ ਤੇ ਕੰਮ ਤੇ ਜਾਣ ਦੀ ਥਾਂ ਵਾਪਸ ਪਰਤ ਆਉਂਦੇ ਹਨ। ਹੋਰ ਤਾਂ ਹੋਰ ਕੋਰੋਨਾ ਦੀ ਮਹਾਮਾਰੀ ਦੇ ਹਲ ਲਈ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜਨਤਾ ਨੂੰ ਪਹਿਲਾਂ ਥਾਲੀਆਂ ਅਤੇ ਫਿਰ ਤਾਲੀਆਂ ਵਜਾਉਣ ਦਾ ਟੋਟਕਾ ਦਿੱਤਾ ਜਾ ਚੁੱਕਿਆ ਹੈ, ਜਿਸ ਨਾਲ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਦੀਆਂ ਜੜ੍ਹਾ ਕਿੰਨੀਆਂ ਗਹਿਰੀਆਂ ਹਨ।
ਸਾਡੇ ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਅਜਿਹਾ ਹੈ ਜਿਹੜਾ ਸਵੇਰੇ ਸਭ ਤੋਂ ਪਹਿਲਾਂ ਆਪਣਾ ਰਾਸ਼ੀਫਲ ਪੜ੍ਹਦਾ ਹੈ, ਇਹਨਾਂ ਵਿੱਚੋਂ ਵੱਡੀ ਗਿਣਤੀ ਲੋਕ ਅਜਿਹੇ ਹੰਦੇ ਹਨ ਜਿਹੜੇ ਇਸ ਰਾਸ਼ੀਫਲ ਨੂੰ ਵੇਖ ਕੇ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਜੇਕਰ ਉਹਨਾਂ ਦੀ ਰਾਸ਼ੀ ਵਿੱਚ ਕੁਝ ਅਸ਼ੁੱਭ ਲਿਖਿਆ ਹੋਵੇ ਤਾਂ ਉਹ ਉਸ ਦਿਨ ਘਰ ਤੋਂ ਬਾਹਰ ਤਕ ਨਹੀਂ ਨਿਕਲਦੇ। ਇਹਨਾਂ ਲੋਕਾਂ ਨੂੰ ਇਹ ਛੋਟੀ ਜਿਹੀ ਗੱਲ ਤਕ ਸਮਝ ਨਹੀਂ ਆਉਂਦੀ ਕਿ ਜੇਕਰ ਉਹ ਵੱਖ ਵੱਖ ਅਖਬਾਰਾਂ ਜਾਂ ਹੋਰਨਾਂ ਥਾਂਵਾ ਤੇ ਛਪਦੇ ਰਾਸ਼ੀਫਲਾਂ ਨੂੰ ਆਪਸ ਵਿੱਚ ਮਿਲਾ ਕੇ ਵੇਖਣਗੇ ਤਾਂ ਉਹ ਸਾਰੇ ਵੱਖ ਵੱਖ ਨਿਕਲਣਗੇ ਅਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ।
ਅਸਲੀਅਤ ਇਹ ਹੈ ਕਿ ਲੋਕਾਂ ਦਾ ਅਗਲੇ ਜਨਮ ਵਿੱਚ ਵਿਸ਼ਵਾਸ, ਆਪਣੇ ਭਵਿੱਖ ਦੀ ਅਗਾਉਂ ਜਾਣਕਾਰੀ ਹਾਸਿਲ ਕਰਨ ਦੀ ਚਾਹਤ ਅਤੇ ਬਿਨਾ ਕੁੱਝ ਕੀਤੇ ਅਮੀਰ ਬਣਨ ਦੀ ਲਾਲਸਾ ਵੀ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਰੱਖਦੀ ਹੈ। ਅੰਧਵਿਸ਼ਵਾਸ਼ ਦੇ ਪਸਾਰ ਲਈ ਦੇਸ਼ ਭਰ ਵਿੱਚ ਫੈਲੇ ਜੋਤਸ਼ੀ ਅਤੇ ਤੰਤਰ ਮੰਤਰ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲੇ ਅਖੌਤੀ ਬਾਬੇ ਵੀ ਜਿੰਮੇਵਾਰ ਹਨ ਜਿਹੜੇ ਲੋਕਾਂ ਵਿੱਚ ਇਹਨਾਂ ਵਹਿਮਾਂ ਭਰਮਾਂ ਦਾ ਪਸਾਰ ਕਰਦੇ ਹਨ ਅਤੇ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਉਲ ਜਲੂਲ ਉਪਾਅ ਦੱਸ ਕੇ ਇਹਨਾਂ ਵਹਿਮਾਂ ਨੂੰ ਹੋਰ ਵਧਾਉਂਦੇ ਰਹਿੰਦੇ ਹਨ। ਇਸ ਦੌਰਾਨ ਜੇਕਰ ਕੋਈ ਵਿਅਕਤੀ ਇਹਨਾਂ ਵਹਿਮਾਂ ਭਰਮਾਂ ਦੇ ਖਿਲਾਫ ਆਵਾਜ ਚੁੱਕਦਾ ਹੈ ਤਾਂ ਉਸਦਾ ਸਭਤੋਂ ਵੱਡਾ ਵਿਰੋਧ ਉਸਦੇ ਆਪਣੇ ਪਰਿਵਾਰ ਤੋਂ ਹੀ ਹੁੰਦਾ ਹੈ।
ਆਮ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ ਦੇ ਇਸ ਚੰਗੁਲ ਤੋਂ ਬਾਹਰ ਕੱਢਣ ਲਈ ਜਰੂਰੀ ਹੈ ਕਿ ਇਸ ਸੰਬੰਧੀ ਸਮਾਜ ਵਿੱਚ ਜਾਗਰੂਕਤਾ ਲਿਆਂਦੀ ਜਾਵੇ। ਇਸ ਵਾਸਤੇ ਸਾਡੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਇਹਨਾਂ ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਵਾਸਤੇ ਸਰਕਾਰ ਵਲੋਂ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਸਦੇ ਤਹਿਤ ਆਮ ਲੋਕਾਂ ਵਿੱਚ ਵਹਿਮਾਂ ਭਰਮਾਂ ਦਾ ਪਸਾਰ ਕਰਨ ਵਾਲੀਆਂ ਫਿਲਮਾਂ, ਟੀ ਵੀ ਸੀਰੀਅਲਾਂ ਅਤੇ ਹੋਰ ਪ੍ਰੋਗਰਾਮਾਂ ਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਅਤੇ ਬਾਬਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ਦੀ ਜਨਤਾ ਨੂੰ ਇਹਨਾਂ ਫਿਜੂਲ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਤੋਂ ਬਾਹਰ ਕੱਢਿਆ ਜਾ ਸਕੇ।
Editorial
ਧਰਨਿਆਂ ਦੌਰਾਨ ਹੁੰਦੇ ਹਾਦਸਿਆਂ ਲਈ ਜ਼ਿੰਮੇਵਾਰ ਕੌਣ?
ਪੰਜਾਬ ਵਿੱਚ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਂਵਾਂ ਤੇ ਦਿੱਤੇ ਜਾਂਦੇ ਧਰਨੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਹੁਣ ਇੱਕ ਕਿਸਾਨ ਧਰਨੇ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਹੋਰ ਨੌਜਵਾਨ ਦੇ ਗੰਭੀਰ ਜਖ਼ਮੀ ਹੋਣ ਦੀਆਂ ਖ਼ਬਰਾਂ ਆਈਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ ਉਤੇ ਮੁਕੇਰੀਆਂ ਵਿੱਚ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਾਈਵੇਅ ਉਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹਾਈਵੇਅ ਜਾਮ ਕਰਨ ਲਈ ਸੜਕ ਉਤੇ ਕਿਸਾਨਾਂ ਵੱਲੋਂ ਇੱਕ ਟਰਾਲੀ ਖੜ੍ਹੀ ਕਰ ਦਿੱਤੀ ਗਈ। ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਇਸੇ ਖੜ੍ਹੀ ਟਰਾਲੀ ਨਾਲ ਇੱਕ ਮੋਟਰਸਾਈਕਲ ਟਕਰਾ ਗਿਆ, ਜਿਸ ਉੱਤੇ ਸਵਾਰ ਦੋ ਚਚੇਰੇ ਭਰਾਵਾਂ ਵਿਚੋਂ ਇੱਕ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕੇ ਉੱਤੇ ਪਹੁੰਚ ਕੇ ਕਿਸਾਨਾਂ ਦਾ ਧਰਨਾ ਖ਼ਤਮ ਕਰਵਾ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਹਾਲਾਂਕਿ ਕਿਸਾਨਾਂ ਦੇ ਧਰਨਿਆਂ ਦੌਰਾਨ ਹਾਦਸੇ ਵਾਪਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਸੜਕਾਂ ਅਤੇ ਰੇਲ ਮਾਰਗਾਂ ਉਤੇ ਲਗਾਏ ਜਾਂਦੇ ਧਰਨਿਆਂ ਦੌਰਾਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਇਸ ਦੇ ਬਾਵਜੂਦ ਅਕਸਰ ਕਿਸਾਨ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਸੜਕ ਅਤੇ ਰੇਲ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੰਦੇ ਹਨ। ਕਿਸਾਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਲਗਾਏ ਜਾਂਦੇ ਧਰਨਿਆਂ ਕਾਰਨ ਸਭ ਤੋਂ ਜਿਆਦਾ ਰਾਹਗੀਰ, ਵਾਹਨ ਚਾਲਕ ਅਤੇ ਆਮ ਲੋਕ ਪ੍ਰੇਸ਼ਾਨ ਅਤੇ ਖੱਜਲ ਖੁਆਰ ਹੁੰਦੇ ਹਨ ਅਤੇ ਇਸ ਕਾਰਨ ਆਮ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਲਗਾਏ ਜਾਂਦੇ ਧਰਨਿਆਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ।
ਜਦੋਂ ਵੀ ਕਿਸਾਨ ਸੜਕ ਅਤੇ ਰੇਲ ਆਵਾਜਾਈ ਠੱਪ ਕਰਦੇ ਹਨ ਤਾਂ ਅਕਸਰ ਆਮ ਲੋਕਾਂ ਨਾਲ ਕਿਸਾਨ ਆਗੂਆਂ ਦੀ ਬਹਿਸ ਹੋ ਜਾਂਦੀ ਹੈ ਤੇ ਕਈ ਵਾਰ ਮਾਹੌਲ ਤਨਾਓਪੂਰਨ ਹੋ ਜਾਂਦਾ ਹੈ। ਜਦੋਂ ਆਮ ਲੋਕ ਮੌਕੇ ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਕਿਸਾਨਾਂ ਦਾ ਧਰਨਾ ਉਠਾਉਣ ਅਤੇ ਆਵਾਜਾਈ ਬਹਾਲ ਕਰਵਾਉਣ ਦੀ ਬੇਨਤੀ ਕਰਦੇ ਹਨ ਤਾਂ ਅਕਸਰ ਪੁਲੀਸ ਅਫ਼ਸਰਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਵੀ ਤਾਂ ਕਿਸਾਨਾਂ ਦੇ ਹੀ ਪੁੱਤਰ ਹਨ। ਦੂਜੇ ਪਾਸੇ ਸਰਕਾਰ ਵੱਲੋਂ ਵੀ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਚੱਕਰ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਰਕੇ ਕਿਸਾਨ ਆਪਣੀ ਮਨ ਮਰਜ਼ੀ ਨਾਲ ਵੱਖ- ਵੱਖ ਥਾਵਾਂ ਤੇ ਧਰਨੇ ਲਗਾ ਕੇ ਰੇਲ ਅਤੇ ਸੜਕ ਆਵਾਜਾਈ ਠੱਪ ਕਰਦੇ ਰਹਿੰਦੇ ਹਨ।
ਪੰਜਾਬ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਿਰਫ਼ ਕਿਸਾਨ ਹੀ ਧਰਨੇ ਨਹੀਂ ਲਗਾਉਂਦੇ ਬਲਕਿ ਵੱਖ ਵੱਖ ਬੇਰੁਜ਼ਗਾਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਆਂਗਨਵਾੜੀ ਵਰਕਰ ਅਤੇ ਅਨੇਕਾਂ ਕਿਸਮ ਦੀਆਂ ਹੋਰ ਜਥੇਬੰਦੀਆਂ ਵੀ ਅਕਸਰ ਧਰਨੇ ਲਗਾ ਕੇ ਆਵਾਜਾਈ ਠੱਪ ਕਰ ਦਿੰਦੀਆਂ ਹਨ ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਆਵਾਜਾਈ ਠੱਪ ਹੋਣ ਕਾਰਨ ਆਮ ਲੋਕ ਬਹੁਤ ਤੰਗ ਪ੍ਰੇਸ਼ਾਨ ਹੁੰਦੇ ਹਨ। ਇਹੋ ਕਾਰਨ ਹੈ ਕਿ ਆਮ ਲੋਕਾਂ ਵੱਲੋਂ ਹਮੇਸ਼ਾ ਹੀ ਆਵਾਜਾਈ ਠੱਪ ਕਰਨ ਵਾਲੇ ਸੰਗਠਨਾਂ ਦਾ ਵਿਰੋਧ ਕੀਤਾ ਜਾਂਦਾ ਹੈ।
ਆਮ ਲੋਕਾਂ ਦਾ ਕਹਿਣਾ ਹੈ ਕਿ ਧਰਨੇ ਲਗਾ ਕੇ ਆਵਾਜਾਈ ਠੱਪ ਕਰਨ ਵਾਲਿਆਂ ਵਿੱਚ ਸ਼ਰਾਰਤੀ ਅਨਸਰ ਵੀ ਮੌਜੂਦ ਹੁੰਦੇ ਹਨ ਜੋ ਕਿ ਅਕਸਰ ਆਵਾਜਾਈ ਠੱਪ ਕਰਨ ਦੌਰਾਨ ਅਨੇਕਾਂ ਵਾਹਨਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ ਜਾਂ ਧਰਨੇ ਦਾ ਵਿਰੋਧ ਕਰ ਰਹੇ ਆਮ ਲੋਕਾਂ ਨੂੰ ਮੰਦਾ ਬੋਲਦੇ ਹਨ, ਜਿਸ ਕਾਰਨ ਕਈ ਵਾਰ ਸਥਿਤੀ ਹੱਥੋਪਾਈ ਤੱਕ ਵੀ ਪਹੁੰਚ ਜਾਂਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਵਾਜਾਈ ਠੱਪ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਆਵਾਜਾਈ ਠੱਪ ਕਰਨ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਸਰਕਾਰੀ ਸਹੂਲਤਾਂ ਲੈਣ ਲਈ ਸਦਾ ਲਈ ਅਯੋਗ ਕਰਾਰ ਦੇ ਦੇਣਾ ਚਾਹੀਦਾ ਹੈ ਤਾਂ ਕਿ ਵੱਖ ਵੱਖ ਜਥੇਬੰਦੀਆਂ ਆਵਾਜਾਈ ਠੱਪ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰ ਸਕਣ।
ਬਿਊਰੋ
Editorial
ਕੀ ਪਹਿਲਾਂ ਨਾਲੋਂ ਮਜਬੂਤ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ?
ਅੱਜਕੱਲ੍ਹ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਦਾ ਹੜ੍ਹ ਆਇਆ ਹੋਇਆ ਹੈ। ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵੱਖ ਵੱਖ ਯਾਤਰਾਵਾਂ ਅਤੇ ਮਾਰਚ ਕੱਢ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ। ਪੰਜਾਬ ਦੀ ਅਕਾਲੀ ਸਿਆਸਤ ਵਿੱਚ ਵੀ ਇਸ ਸਮੇਂ ਵੱਡੇ ਫੇਰਬਦਲ ਹੋ ਰਹੇ ਹਨ। ਇੱਕ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਵਿਚਾਲੇ ਚੋਣ ਸਮਝੌਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬਾਗੀ ਅਕਾਲੀ ਆਗੂਆਂ ਨੂੰ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਕਰਨ ਲਈ ਅਕਾਲੀ ਦਲ ਬਾਦਲ ਦੇ ਆਗੂ ਸਰਗਰਮ ਹੋ ਚੁੱਕੇ ਹਨ।
ਪਿਛਲੇ ਦਿਨੀਂ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਅਕਾਲੀ ਦਲ ਬਾਦਲ ਵਿੱਚ ਮੁੜ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਪ੍ਰਸਤ ਅਜਮੇਰ ਸਿੰਘ ਲੱਖੋਵਾਲ ਅਤੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਵੀ ਅਕਾਲੀ ਦਲ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੋ ਕਿਸਾਨ ਤੇ ਪੰਜਾਬ ਦੇ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਉਹ ਹੋਰ ਕਿਸੇ ਪਾਰਟੀ ਦੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਕਿਸਾਨਾਂ ਦੀਆਂ ਹਰ ਮੰਗਾਂ ਨੂੰ ਮਨਵਾ ਲੈਂਦੇ ਸਨ, ਪਰ ਮੌਜੂਦਾ ਸਰਕਾਰ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਦੀ ਚੱਲਦੀ ਹੈ ਅਤੇ ਨਾ ਹੀ ਕਿਸੇ ਮੰਤਰੀ ਦੀ ਚਲਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਅਕਾਲੀ ਦਲ ਦੀ ਹਰ ਸਟੇਜ ਤੇ ਜਾ ਕੇ ਉਹਨਾਂ ਦੇ ਉਮੀਦਵਾਰਾਂ ਦਾ ਸਮਰਥਨ ਕਰਨਗੇ ਅਤੇ 2027 ਵਿੱਚ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਣਗੇ।
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਕਸਰ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਸਿਰਫ਼ ਚੋਣਾਂ ਹੋਣ ਦੀ ਦੇਰ ਹੈ, ਚੋਣਾਂ ਬਾਅਦ ਤੁਰੰਤ ਅਕਾਲੀ ਸਰਕਾਰ ਬਣ ਜਾਵੇਗੀ। ਇਸੇ ਤਰ੍ਹਾਂ ਹੋਰ ਵੀ ਕਈ ਅਕਾਲੀ ਆਗੂ ਵੱਡੇ ਦਾਅਵੇ ਕਰਦੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਬਾਦਲ ਦੀ ਹੀ ਬਣੇਗੀ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸ਼ਾਸ਼ਨ ਤੋਂ ਅੱਕ ਚੁੱਕੇ ਹਨ ਅਤੇ ਇਸ ਸਮੇਂ ਉਹ ਪੰਜਾਬ ਵਿੱਚ ਨਵਾਂ ਬਦਲਾਓ ਲਿਆਉਣਾ ਚਾਹੁੰਦੇ ਹਨ। ਇਸੇ ਕਾਰਨ ਪੰਜਾਬ ਦੇ ਵੱਡੀ ਗਿਣਤੀ ਲੋਕ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਹਨ। ਸੁਖਬੀਰ ਬਾਦਲ ਅਕਸਰ ਦਾਅਵਾ ਕਰਦੇ ਹਨ ਕਿ ਅਕਾਲੀ ਦਲ ਬਾਦਲ ਪਹਿਲਾਂ ਨਾਲੋਂ ਬਹੁਤ ਮਜਬੂੁਤ ਹੋ ਗਿਆ ਹੈ ਅਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਇਸ ਪਾਰਟੀ ਨੂੰ ਹੁੰਗਾਰਾ ਭਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਇਸ ਪਾਰਟੀ ਦਾ ਵੱਡਾ ਇਤਿਹਾਸ ਹੈ, ਜੋ ਕਿ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹੋ ਕਾਰਨ ਹੈ ਕਿ ਪੰਜਾਬੀਆਂ ਵੱਲੋਂ ਅਕਾਲੀ ਦਲ ਵਿੱਚ ਭਰੋਸਾ ਕਰਕੇ ਪਾਈਆਂ ਗਈਆਂ ਵੋਟਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਪੰਜਾਬ ਵਿੱਚ ਸੱਤਾ ਦਾ ਸੁੱਖ ਭੋਗ ਚੁੱਕਿਆ ਹੈ ਪਰ ਪਿਛਲੇ ਦਸ ਸਾਲਾਂ ਤੋਂ ਅਕਾਲੀ ਦਲ ਪੰਜਾਬ ਦੀ ਸੱਤਾ ਤੋਂ ਦੂਰ ਰਹਿ ਰਿਹਾ ਹੈ, ਜਿਸ ਦਾ ਦਰਦ ਅਕਾਲੀ ਆਗੂਆਂ ਦੇ ਬਿਆਨਾਂ ਵਿੱਚ ਵੀ ਦਿਖਾਈ ਦਿੰਦਾ ਹੈ।
ਹੁਣ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪਾਰਟੀ ਨੂੰ ਮੁੜ ਮਜਬੂਤ ਕਰਨ ਦੇ ਬਹੁਤ ਯਤਨ ਕੀਤੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਹੀ ਪੰਜਾਬ ਵਿੱਚ ਸਭ ਤੋਂ ਮਜਬੂਤ ਸਿਆਸੀ ਪਾਰਟੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜੇ ਆਪਸੀ ਮੱਤਭੇਦ ਭੁਲਾ ਕੇ ਇਕੱਠੇ ਹੋ ਕੇ ਚੋਣਾਂ ਲੜਨ ਤਾਂ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣ ਸਕਦੀ ਹੈ ਪਰ ਅਕਾਲੀ ਧੜਿਆਂ ਵਿੱਚ ਏਕਤਾ ਅਜੇ ਦੂਰ ਦੀ ਗੱਲ ਜਾਪਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੀ ਸਪਸ਼ਟ ਕਰਨਗੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕਿੰਨਾ ਕੁ ਮਜਬੂਤ ਹੋਇਆ ਹੈ ਅਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਕਿੰਨਾ ਕੁ ਹੁੰਗਾਰਾ ਭਰਿਆ ਹੈ।
ਬਿਊਰੋ
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International1 month agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
