Editorial
ਆਧੁਨਿਕ ਯੁੱਗ ਵਿੱਚ ਫੈਲਾਏ ਜਾ ਰਹੇ ਅੰਧਵਿਸ਼ਵਾਸ ਅਤੇ ਵਹਿਮ ਭਰਮ
ਇੱਕ ਪਾਸੇ ਆਧੁਨਿਕ ਯੁੱਗ ਵਿੱਚ ਵਿਗਿਆਨੀਆਂ ਵੱਲੋਂ ਚੰਦ ਉੱਪਰ ਮਨੁੱਖੀ ਬਸਤੀਆਂ ਵਸਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਸਾਡਾ ਸਮਾਜ ਅਜੇ ਵੀ ਅੰਧਵਿਸ਼ਵਾਸ, ਡਰ ਅਤੇ ਠੱਗੀਆਂ ਦੇ ਵਿੱਚ ਫਸਿਆ ਹੋਇਆ ਹੈ। ਜਿਸ ਸੋਸ਼ਲ ਮੀਡੀਆ ਦੀ ਖੋਜ ਮਨੁੱਖ ਦੀ ਭਲਾਈ ਲਈ ਕੀਤੀ ਗਈ ਸੀ, ਉਸੇ ਸੋਸ਼ਲ ਮੀਡੀਆ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਵਰਤੋ ਵੀ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਵਰਦਾਨੀ ਖੋਜਾਂ ਵੀ ਅਭਿਸ਼ਾਪ ਬਣਕੇ ਰਹਿ ਗਈਆਂ ਹਨ।
ਭਾਰਤ ਵਿੱਚ ਤਿਉਹਾਰਾਂ ਦੇ ਦਿਨਾਂ ਦੌਰਾਨ ਅਨੇਕਾਂ ਲੋਕ ਸਾਂਝੀਆਂ ਥਾਵਾਂ, ਆਪਣੇ ਦੁਸ਼ਮਣਾਂ, ਹੋਰਨਾਂ ਲੋਕਾਂ ਦੇ ਘਰਾਂ ਅਤੇ ਚੌਂਕਾਂ, ਚੁਰਸਤਿਆਂ ਵਿੱਚ ਤਾਂ ਜਾਦੂ ਟੂੁਣੇ ਕਰਦੇ ਹੀ ਹਨ, ਪਰ ਕੁਝ ਲੋਕ ਵਿਗਿਆਨੀਆਂ ਵੱਲੋਂ ਖੋਜ ਕੀਤੀਆਂ ਆਧੁਨਿਕ ਸਹੂਲਤਾਂ ਵਾਲੀਆਂ ਵਸਤੂਆਂ ਤੇ ਵੀ ਜਾਦੂ ਟੂਣਾ ਕਰਨ ਦਾ ਯਤਨ ਕਰਦੇ ਹਨ। ਕਈ ਲੋਕ ਮੋਬਾਇਲ ਫੋਨ ਰਾਹੀਂ ਹੀ ਇੱਕ ਦੂਜੇ ਉਪਰ ਜਾਦੂ ਟੂਣਾ ਕਰਨ ਦਾ ਯਤਨ ਕਰਦੇ ਹਨ। ਇਸੇ ਕਰਕੇ ਕੁਝ ਲੋਕ ਕੁਝ ਧਾਰਮਿਕ ਤਸਵੀਰਾਂ ਸੋਸ਼ਲ ਮੀਡੀਆ’ਤੇ ਪਾ ਦਿੰਦੇ ਹਨ ਅਤੇ ਉਹਨਾਂ ਨੂੰ ਤਸਵੀਰਾਂ ਨੂੰ ਅੱਗੇ ਭੇਜਣ ਲਈ ਚਿਤਾਵਨੀ ਵੀ ਲਿੱਖ ਦਿੰਦੇ ਹਨ। ਇਹ ਅਸਲ ਵਿੱਚ ਜਾਦੂ ਟੂਣਾ ਕਰਨ ਅਤੇ ਅੰਧ ਵਿਸ਼ਵਾਸ ਫੈਲਾਉਣ ਦਾ ਆਧੁਨਿਕ ਤਰੀਕਾ ਹੈ।
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਜਾਂ ਸਿਰਫਿਰੇ ਵਿਅਕਤੀ ਵੱਲੋਂ ਕਿਸੇ ਦੇਵੀ ਦੇਵਤੇ ਦੀ ਤਸਵੀਰ ਜਾਂ ਹੋਰ ਧਾਰਮਿਕ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਤਸਵੀਰਾਂ ਨਾਲ ਦੋ ਤਿੰਨ ਲਾਈਨਾਂ ਵੀ ਲਿਖੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੁੰਦਾ ਹੈ ਕਿ ਤੁਰੰਤ ਹੀ ਇਹ ਤਸਵੀਰਾਂ 15 ਲੋਕਾਂ ਨੂੰ ਭੇਜੋ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ। ਇਸ ਦੇ ਨਾਲ ਹੀ ਇਹਨਾਂ ਤਸਵੀਰਾਂ ਦੇ ਨਾਲ ਚਿਤਾਵਨੀ ਵੀ ਲਿਖੀ ਹੁੰਦੀ ਹੈ ਕਿ ਜੇ ਇਹ ਤਸਵੀਰਾਂ ਤੁਸੀਂ ਅੱਗੇ 15 ਲੋਕਾਂ ਨੂੰ ਸ਼ੇਅਰ ਨਹੀਂ ਕੀਤੀਆਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ, ਜਾਂ ਮਾਂ ਮਰ ਜਾਵੇਗੀ ਜਾਂ ਅਜਿਹਾ ਹੀ ਕੁਝ ਹੋਰ ਡਰਾਵਾ ਦਿੱਤਾ ਗਿਆ ਹੁੰਦਾ ਹੈ।
ਅਕਸਰ ਅਜਿਹੀਆਂ ਤਸਵੀਰਾਂ ਅਤੇ ਤਸਵੀਰਾਂ ਨਾਲ ਲਿਖੀ ਹੋਈ ਚਿਤਾਵਨੀ ਦੇਖ ਕੇ ਆਮ ਲੋਕ ਡਰ ਜਾਂਦੇ ਹਨ ਅਤੇ ਇਸੇ ਡਰ ਤਹਿਤ ਉਹ ਇਹ ਤਸਵੀਰਾਂ ਅੱਗੇ ਹੋਰਨਾਂ ਲੋਕਾਂ ਨੂੰ ਭੇਜ ਦਿੰਦੇ ਹਨ। ਜਿਸ ਕਾਰਨ ਇਹ ਤਸਵੀਰਾਂ ਦੇਸ਼ ਵਿਦੇਸ਼ ਵਿੱਚ ਘੁੰਮਣ ਲੱਗਦੀਆਂ ਹਨ। ਜਿਸ ਕਾਰਨ ਆਧੁਨਿਕ ਅਤੇ ਤਰਕਸ਼ੀਲ ਕਹੇ ਜਾਂਦੇ ਇਸ ਯੁੱਗ ਵਿੱਚ ਵੀ ਅੰਧਵਿਸ਼ਵਾਸ ਅਤੇ ਠੱਗੀਆਂ ਫੈਲ ਜਾਂਦੇ ਹਨ।
ਇਹ ਵਰਤਾਰਾ ਸਿਰਫ਼ ਕਿਸੇ ਇੱਕ ਪਿੰਡ ਜਾਂ ਸ਼ਹਿਰ ਤੱਕ ਸੀਮਿਤ ਨਹੀਂ ਹੈ, ਬਲਕਿ ਪੂਰੇ ਭਾਰਤ ਵਿੱਚ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਕਸਰ ਸ਼ਰਾਰਤੀ ਅਨਸਰ ਅਤੇ ਸਿਰਫਿਰੇ ਲੋਕ ਅਜਿਹੀਆਂ ਧਾਰਮਿਕ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਹਨ ਅਤੇ ਨਾਲ ਹੀ ਚਿਤਾਵਨੀ ਲਿਖ ਕੇ ਆਮ ਲੋਕਾਂ ਨੂੰ ਡਰਾਉਂਦੇ ਹਨ ਤੇ ਆਮ ਭੋਲੇ ਭਾਲੇ ਲੋਕਾਂ ਨੂੰ ਇਹ ਤਸਵੀਰਾਂ ਅੱਗੇ ਸ਼ੇਅਰ ਕਰਨ ਲਈ ਮਜਬੂਰ ਕਰਦੇ ਹਨ। ਸੋਸ਼ਲ ਮੀਡੀਆ ਤੇ ਕਿਸੇ ਗਰੁੱਪ ਵਿੱਚ ਅਜਿਹੀਆਂ ਤਸਵੀਰਾਂ ਆਉਣ ਤੋਂ ਬਾਅਦ ਆਮ ਵਿਅਕਤੀ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰਨ। ਕੁਝ ਲੋਕ ਤਾਂ ਅਜਿਹੀਆਂ ਤਸਵੀਰਾਂ ਆਉਣ ਤੇ ਤੁਰੰਤ ਇਹਨਾਂ ਤਸਵੀਰਾਂ ਨੂੰ ਡਿਲੀਟ ਕਰ ਦਿੰਦੇ ਹਨ ਜਦੋਂ ਕਿ ਕਈ ਲੋਕ ਅਜਿਹੀਆਂ ਤਸਵੀਰਾਂ ਆਉਣ ਅਤੇ ਨਾਲ ਹੀ ਨੁਕਸਾਨ ਹੋਣ ਦੀ ਚਿਤਾਵਨੀ ਲਿਖੀ ਹੋਣ ਕਰਕੇ ਡਰ ਜਾਂਦੇ ਹਨ ਅਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਉਹ ਕੀ ਕਰਨ। ਅਕਸਰ ਆਮ ਲੋਕ ਡਰਦੇ ਹੋਏ ਅਜਿਹੀਆਂ ਤਸਵੀਰਾਂ ਸ਼ੇਅਰ ਕਰ ਦਿੰਦੇ ਹਨ ਜਿਸ ਕਾਰਨ ਸ਼ਰਾਰਤੀ ਅਨਸਰ ਅਤੇ ਸਿਰਫਿਰੇ ਲੋਕ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਂਦੇ ਹਨ।
ਆਮ ਲੋਕਾਂ ਨੰ ਡਰਾਊਣ ਵਾਲੀਆਂ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦਾ ਕੋਈ ਦੀਨ-ਧਰਮ ਨਹੀਂ ਹੁੰਦਾ ਸਗੋਂ ਅਜਿਹੇ ਲੋਕਾਂ ਦਾ ਮਕਸਦ ਸਿਰਫ਼ ਆਮ ਲੋਕਾਂ ਵਿੱਚ ਡਰ ਅਤੇ ਸਨਸਨੀ ਫੈਲਾਉਣਾ ਹੀ ਹੁੰਦਾ ਹੈ। ਹਰ ਇਲਾਕੇ ਵਿੱਚ ਅਜਿਹੇ ਸਿਰਫਿਰੇ ਲੋਕ ਅਕਸਰ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਾ ਹੋਣ ਕਰਕੇ ਉਹ ਅਜਿਹੇ ਗਲਤ ਕੰਮ ਕਰਦੇ ਰਹਿੰਦੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਕਈ ਤਰਾਂ ਦੀਆਂ ਅਫ਼ਵਾਹਾਂ ਵੀ ਫੈਲ ਜਾਂਦੀਆਂ ਹਨ। ਕਾਨੂੰਨ ਲਾਗੂ ਕਰਨ ਵਾਲਿਆਂ ਦੀ ਢਿੱਲ ਮੱਠ ਕਾਰਨ ਸ਼ਰਾਰਤੀ ਅਨਸਰ ਅਜਿਹੀਆਂ ਕਾਰਵਾਈਆਂ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕੋਈ ਸਜ਼ਾ ਨਾ ਮਿਲਣ ਕਾਰਨ ਉਹਨਾਂ ਦੇ ਹੌਂਸਲੇ ਵੱਧ ਜਾਂਦੇ ਹਨ ਅਤੇ ਉਹ ਸਿਰਫ਼ ਆਪਣੇ ਸਸਤੇ ਮਨੋਰੰਜਨ ਲਈ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਪਾਉਂਦੇ ਰਹਿੰਦੇ ਹਨ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਯਤਨ ਕਰਦੇ ਰਹਿੰਦੇ ਹਨ।
ਲੋਕਾਂ ਨੂੰ ਅਜਿਹੀਆਂ ਤਸਵੀਰਾਂ ਦੇ ਅਚਾਨਕ ਸਾਮ੍ਹਣੇ ਆ ਜਾਣ ਤੇ ਘਬਰਾਉਣਾ ਨਹੀਂ ਚਾਹੀਦਾ ਅਤੇ ਇਹਨਾਂ ਤਸਵੀਰਾਂ ਨੂੰ ਵਾਪਸ ਉਸ ਨੰਬਰ ਜਾਂ ਗਰੁੱਪ ਵਿੱਚ ਹੀ ਭੇਜ ਦੇਣਾ ਚਾਹੀਦਾ ਹੈ, ਜਿਸ ਨੰਬਰ ਜਾਂ ਗਰੁੱਪ ਵਿਚੋਂ ਇਹ ਤਸਵੀਰਾਂ ਆਈਆਂ ਹੋਣ ਅਤੇ ਇਹਨਾਂ ਤਸਵੀਰਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਸ਼ਰਾਰਤੀ ਅਨਸਰ ਕਈ ਵਾਰ ਮਨੋਰੋਗੀ ਹੁੰਦੇ ਹਨ ਤੇ ਉਹਨਾਂ ਨੂੰ ਦੂਸਰੇ ਲੋਕਾਂ ਨੂੰ ਪਰੇਸ਼ਾਨ ਕਰਕੇ ਖੁਸ਼ੀ ਮਿਲਦੀ ਹੈ। ਇਸ ਕਰਕੇ ਅਜਿਹੀਆਂ ਤਸਵੀਰਾਂ ਵੇਖ ਕੇ ਡਰਨਾ ਨਹੀਂ ਚਾਹੀਦਾ ਅਤੇ ਆਪਣੀ ਸੋਚ ਤਰਕਸ਼ੀਲ ਰੱਖਣੀ ਚਾਹੀਦੀ ਹੈ ਤੇ ਕਿਸੇ ਵਹਿਮ ਭਰਮ ਵਿੱਚ ਨਹੀਂ ਪੈਣਾ ਚਾਹੀਦਾ।
Editorial
ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ
ਸਰਦੀ ਦਾ ਮੌਸਮ ਆਰੰਭ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਕਾਫੀ ਛੋਟੇ ਹੋ ਗਏ ਹਨ। ਅੱਜ ਕੱਲ ਸ਼ਾਮ ਦੇ ਛੇ ਵੱਜਦੇ ਵੱਜਦੇ ਹਨੇਰਾ ਹੋ ਜਾਂਦਾ ਹੈ ਅਤੇ ਇਸ ਕਾਰਨ ਵਾਹਨ ਚਾਲਕਾਂ ਦੀ ਵੇਖਣ ਦੀ ਸਮਰਥਾ ਵੀ ਪ੍ਰਭਾਵਿਤ ਹੁੰਦੀ ਹੈ। ਅਜਿਹੇ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਇਸ ਪੱਖੋਂ ਜੇਕਰ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦੀ ਇਹ ਕਾਰਵਾਈ ਆਮ ਦਿਖ ਜਾਂਦੀ ਹੈ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਵਲੋਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਲਗਾਤਾਰ ਵੱਧਦੀ ਰਹੀ ਹੈ ਅਤੇ ਪਿਛਲੇ ਕੁੱਝ ਸਮੇਂ ਦੌਰਾਨ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੀਆਂ ਗੱਡੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
ਸਾਡੇ ਸ਼ਹਿਰ ਦੀ ਹਾਲਤ ਇਹ ਹੈ ਕਿ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਆਮ ਦਿਖ ਜਾਂਦੀ ਹੈ ਅਤੇ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਇਸਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਮੁੱਖ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਫੇਜ਼ 5 ਵਿੱਚ 3-5 ਦੇ ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ ਦੀ ਮੁੱਖ ਸੜਕ, ਫੇਜ਼ 7 ਦੀ ਮਾਰਕੀਟ ਦੇ ਸਾਮ੍ਹਣੇ ਵਾਲੀ ਸੜਕ (ਜਿੱਥੇ ਵੱਡੀ ਗਿਣਤੀ ਬੈਂਕ ਮੌਜੂਦ ਹਨ) ਅਤੇ ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਤੋਂ ਇਲਾਵਾ ਫੇਜ਼ 9, ਫੇਜ਼ 10 ਅਤੇ ਫੇਜ਼11 ਵਿੱਚ ਮਾਰਕੀਟਾਂ ਦੇ ਸਾਮ੍ਹਣੇ ਵਾਲੀ ਥਾਂ ਅਤੇ ਏਅਰਪੋਰਟ ਸੜਕ ਤੇ ਬਣੇ ਵੱਡੇ ਮਾਲ ਅਤੇ ਹੋਰਨਾਂ ਥਾਵਾਂ ਤੇ ਵੀ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਦੀ ਇਹ ਸਮੱਸਿਆ ਆਮ ਦਿਖ ਜਾਂਦੀ ਹੈ, ਜਿਸ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਵਸਨੀਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਕਸਰ ਅਜਿਹਾ ਹੀ ਕਰਦੇ ਦਿਖਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਦੇ ਵਸਨੀਕ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ। ਇਸਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਸ਼ਹਿਰਵਾਸੀ ਆਪਣੇ ਹੱਕਾਂ ਪ੍ਰਤੀ ਤਾਂ ਪੂਰੀ ਤਰ੍ਹਾਂ ਸੁਚੇਤ ਦਿਖਦੇ ਹਨ ਪਰੰਤੂ ਆਪਣੀ ਜਿੰਮੇਵਾਰੀ ਅਤੇ ਫਰਜ ਨੂੰ ਉਹ ਅਕਸਰ ਭੁੱਲ ਜਾਂਦੇ ਹਨ। ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਸ਼ਾਇਦ ਕੁੱਝ ਅਜਿਹੀ ਹੋ ਗਈ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਵਾਸੀ ਕਿਸੇ ਹੋਰ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾ ਤੇ ਤਾਂ ਇਤਰਾਜ ਕਰਦੇ ਦਿਖਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਖੁਦ ਨੂੰ ਜਾਇਜ ਕਰਾਰ ਦੇਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।
ਲੋਕਾਂ ਵਲੋਂ ਇਸ ਤਰੀਕੇ ਨਾਲ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਕ੍ਰੇਨ ਲਿਆ ਕੇ ਅਜਿਹੀਆਂ ਗੱਡੀਆਂ ਨੂੰ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਇਹਨਾਂ ਵਾਹਨਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹ ਵਾਹਨ ਛੱਡੇ ਜਾਂਦੇ ਸੀ, ਪਰੰਤੂ ਪਿਛਲੇ ਕੁੱਝ ਸਾਲਾਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ।
ਸਥਾਨਕ ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਪੁਲੀਸ ਅਤੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।
Editorial
ਤਿਉਹਾਰੀ ਰੁੱਤ ਦੌਰਾਨ ਚਰਚਾ ਵਿੱਚ ਆਇਆ ਪ੍ਰਾਪਰਟੀ ਦਾ ਧੰਦਾ
ਤਿਉਹਾਰਾਂ ਦੇ ਇਸ ਸੀਜਨ ਵਿੱਚ ਪ੍ਰਾਪਰਟੀ ਦੀ ਖਰੀਦ ਵੇਚ ਦਾ ਧੰਦਾ ਵੀ ਚਰਚਾ ਵਿੱਚ ਆਇਆ ਹੋਇਆ ਹੈ। ਕੁਝ ਪ੍ਰਾਪਰਟੀ ਡੀਲਰ ਦਾਅਵਾ ਕਰ ਰਹੇ ਹਨ ਕਿ ਚੰਡੀਗੜ੍ਹ ਦੀ ਤਰਜ਼ ਤੇ ਵਸਾਏ ਗਏ ਸ਼ਹਿਰ ਮੁਹਾਲੀ ਵਿੱਚ ਅੱਜ ਕੱਲ੍ਹ ਪ੍ਰਾਪਰਟੀ ਦੇ ਰੇਟ ਘੱਟ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰਾਪਰਟੀ ਦੇ ਰੇਟ ਹੋਰ ਵੀ ਜਿਆਦਾ ਘੱਟ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਦੂਜੇ ਪਾਸੇ ਪ੍ਰਾਪਰਟੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਮੁਹਾਲੀ ਸ਼ਹਿਰ ਦੀ ਪ੍ਰਾਪਰਟੀ ਦੇ ਵਪਾਰ ਦਾ ਪੂਰੇ ਪੰਜਾਬ ਉਪਰ ਪ੍ਰਭਾਵ ਪੈਂਦਾ ਹੈ। ਇਸ ਕਾਰਨ ਜੇ ਮੁਹਾਲੀ ਵਿੱਚ ਪ੍ਰਾਪਰਟੀ ਦੇ ਭਾਅ ਤੇਜ ਹੁੰਦੇ ਹਨ ਤਾਂ ਪੂਰੇ ਪੰਜਾਬ ਵਿੱਚ ਪ੍ਰਾਪਰਟੀ ਦੇ ਰੇਟ ਵੱਧ ਜਾਂਦੇ ਹਨ ਅਤੇ ਜੇ ਇਸ ਦੇ ਉਲਟ ਮੁਹਾਲੀ ਵਿੱਚ ਪ੍ਰਾਪਰਟੀ ਦੇ ਰੇਟ ਘੱਟ ਹੋਣ ਤਾਂ ਸਾਰੇ ਪੰਜਾਬ ਵਿੱਚ ਪ੍ਰਾਪਰਟੀ ਦੇ ਭਾਅ ਵਿੱਚ ਗਿਰਾਵਟ ਆ ਜਾਂਦੀ ਹੈ।
ਇਸ ਸਮੇਂ ਸੋਸ਼ਲ ਮੀਡੀਆ ਤੇ ਵੱਖ ਵੱਖ ਵਿਅਕਤੀਆਂ ਦੀਆਂ ਵੀਡੀਓ ਘੁੰਮ ਰਹੀਆਂ ਹਨ ਜਿਹਨਾਂ ਵਿੱਚ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਹਾਲੀ ਵਿੱਚ ਪ੍ਰਾਪਰਟੀ ਦੇ ਰੇਟ ਪਹਿਲਾਂ ਬਹੁਤ ਜਿਆਦਾ ਹੋ ਗਏ ਸਨ, ਪਰ ਹੁਣ ਇਨਾਂ ਰੇਟਾਂ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਮੁਹਾਲੀ ਇਲਾਕੇ ਵਿੱਚ ਗਮਾਡਾ ਵੱਲੋਂ ਕੁਝ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨ ਸਬੰਧੀ ਯਤਨ ਕਰਨ ਦੀ ਵੀ ਚਰਚਾ ਹੋ ਰਹੀ ਹੈ, ਜਿਸ ਕਾਰਨ ਪ੍ਰਾਪਰਟੀ ਦੇ ਧੰਦੇ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਅੱਜ ਕੱਲ੍ਹ ਜਿਸ ਤਰੀਕੇ ਨਾਲ ਪ੍ਰਾਪਰਟੀ ਡੀਲਿੰਗ ਦਾ ਕੰਮ ਲਗਾਤਾਰ ਵੱਧਦਾ ਜਾ ਰਿਹਾ ਹੈ, ਉਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਕੰਮ ਵਿੱਚ ਬੱਸ ਪੈਰ ਧਰਨ ਦੀ ਦੇਰ ਹੈ ਤੇ ਫਿਰ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਵਾਰੇ ਨਿਆਰੇ ਹੋ ਜਾਣਗੇ ਅਤੇ ਘਰ ਦਾ ਹਰ ਕਮਰਾ ਨੋਟਾਂ ਨਾਲ ਭਰ ਜਾਵੇਗਾ। ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਵੇਖ ਲਓ ਹਰ ਪਾਸੇ ਹੀ ਥਾਂ ਥਾਂ ਪ੍ਰਾਪਰਟੀ ਡੀਲਰ, ਪ੍ਰਾਪਰਟੀ ਸਲਾਹਕਾਰ ਦੇ ਬੋਰਡ ਟੰਗੇ ਹੋਏ ਦਿਖਾਈ ਦੇਣਗੇ। ਹਾਲ ਤਾਂ ਇਹ ਹੈ ਕਿ ਹੁਣ ਦੁੱਧ ਪਾਉਣ ਵਾਲੇ ਦੋਧੀ, ਮੱਝਾ ਚਾਰਨ ਵਾਲੇ ਵੀ ਆਪਣੇ ਆਪ ਵਿੱਚ ਪ੍ਰਾਪਰਟੀ ਡੀਲਰ ਬਣੇ ਫਿਰਦੇ ਹਨ। ਇਸ ਤਰਾਂ ਇਸ ਧੰਦੇ ਦਾ ਮਿਆਰ ਹੀ ਖਤਮ ਹੁੰਦਾ ਜਾ ਰਿਹਾ ਹੈ। ਹਾਲ ਤਾਂ ਉਦੋਂ ਮਾੜਾ ਹੋ ਜਾਂਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਦੀ ਕੋਈ ਟੂਟੀ ਠੀਕ ਕਰਵਾਉਣ ਲਈ ਕਿਸੇ ਪਲੰਬਰ ਨੂੰ ਬੁਲਾਉਂਦੇ ਹਾਂ ਤਾਂ ਉਹ ਟੂਟੀ ਬਾਅਦ ਵਿਚ ਠੀਕ ਕਰਦਾ ਹੈ ਪਰ ਘਰ ਦੀ ਕੀਮਤ ਦਾ ਹਿਸਾਬ ਪਹਿਲਾਂ ਹੀ ਲਾ ਲੈਂਦਾ ਹੈ ਤੇ ਪੁਛਦਾ ਹੈ ” ਬਾਬੂ ਜੀ ਜੇ ਘਰ ਵੇਚਣਾ ਹੋਵੇ ਤਾਂ ਦਸਿਓ, ਮੇਰੀ ਨਜ਼ਰ ਵਿੱਚ ਇੱਕ ਦੋ ਗਾਹਕ ਹੈਗੇ ਨੇ। ”
ਅੱਜਕੱਲ ਪੰਜਾਬ ਵਿੱਚ ਹਰ ਪਾਸੇ ਹੀ ਨਵੀਂਆਂ ਨਵੀਆਂ ਕਾਲੋਂਨੀਆਂ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਅਨੇਕਾਂ ਹੀ ਪ੍ਰਾਪਰਟੀ ਡੀਲਰਾਂ ਨੇ ਖੇਤ ਮੁੱਲ ਲੈ ਕੇ ਉਥੇ ਕਾਲੋਨੀਆਂ ਕੱਟ ਦਿਤੀਆਂ ਤੇ ਕਰੋੜਾਂ ਰੁਪਏ ਕਮਾ ਲਏ। ਇਸੇ ਤਰ੍ਹਾਂ ਹੀ ਹਰ ਸ਼ਹਿਰ ਦੇ ਨਾਲ ਹੀ ਹੁਣ ਪਿੰਡਾਂ ਵਿੱਚ ਨਵੀਆਂ ਨਵੀਆਂ ਕਾਲੋਨੀਆਂ ਕੱਟ ਕੇ ਕੁਝ ਪ੍ਰਾਪਰਟੀ ਡੀਲਰ ਕਰੋੜਾਂ ਰੁਪਏ ਕਮਾ ਚੁੱਕੇ ਹਨ, ਜਿਸ ਕਰਕੇ ਅੱਜ ਹਰ ਬੰਦਾ ਹੀ ਪ੍ਰਾਪਰਟੀ ਡੀਲਰ ਬਣਨਾ ਚਾਹੁੰਦਾ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਸਾਲ ਵਿੱਚ ਇੱਕ ਹੀ ਸੌਦਾ ਕਰਵਾਉਣ ਵਿੱਚ ਵੀ ਪ੍ਰਾਪਰਟੀ ਡੀਲਰ ਸਾਰੇ ਸਾਲ ਦੀਆਂ ਰੋਟੀਆਂ ਕੱਢ ਲੈਂਦੇ ਹਨ।
ਸ਼ਹਿਰਾਂ ਦੇ ਨਾਲ ਹੀ ਹੁਣ ਪਿੰਡਾਂ ਵਿੱਚ ਵੀ ਪ੍ਰਾਪਰਟੀ ਡੀਲਰਾਂ/ਸਲਾਹਕਾਰਾਂ ਦਾ ਹੜ ਆਇਆ ਪਿਆ ਹੈ। ਕਈ ਪ੍ਰਾਪਰਟੀ ਡੀਲਰਾਂ ਦੇ ਤਾਂ ਦਫਤਰ ਇਸ ਤਰਾਂ ਹਨ ਜਿਵੇਂ ਫਾਈਵ ਸਟਾਰ ਹੋਟਲ ਹੋਣ। ਉਹਨਾਂ ਕੌਲ ਮਹਿੰਗੀਆਂ ਗੱਡੀਆਂ ਵੀ ਹਨ ਅਤੇ ਅੱਗੇ ਪਿਛੇ ਨੌਕਰ ਵੀ ਘੁੰਮਦੇ ਹਨ। ਦੂਜੇ ਪਾਸੇ ਕਈ ਪ੍ਰਾਪਰਟੀ ਡੀਲਰ ਅਜਿਹੇ ਵੀ ਹਨ, ਜਿਹਨਾਂ ਦਾ ਹੁਣ ਸੀਜਨ ਆਫ ਚਲ ਰਿਹਾ ਹੈ, ਉਹ ਵਿਹਲੇ ਬੈਠੇ ਹਨ। ਲੰਬੇ ਸਮੇਂ ਤੋਂ ਉਹਨਾਂ ਨੇ ਪ੍ਰਾਪਰਟੀ ਦਾ ਕੋਈ ਸੌਦਾ ਨਹੀਂ ਕਰਵਾਇਆ, ਜਿਸ ਕਰਕੇ ਉਹਨਾਂ ਲਈ ਦੁਕਾਨਾਂ ਦਾ ਖਰਚਾ ਕੱਢਣਾ ਵੀ ਮੁਸ਼ਕਿਲ ਹੋ ਗਿਆ ਹੈ। ਵੱਡੀ ਗਿਣਤੀ ਪ੍ਰਾਪਰਟੀ ਡੀਲਰ ਅਜਿਹੇ ਹਨ, ਜੋ ਕਿ ਕਿਰਾਏ ਦੀਆਂ ਦੁਕਾਨਾਂ ਵਿੱਚ ਬੈਠੇ ਹਨ। ਉਹਨਾਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਬਿਜਲੀ ਦਾ ਖਰਚਾ, ਗੱਡੀ ਦੇ ਤੇਲ ਦਾ ਖਰਚਾ, ਚਾਹ ਪਾਣੀ ਦਾ ਖਰਚਾ ਸਮੇਤ ਹੋਰ ਵੀ ਅਜਿਹੇ ਖਰਚੇ ਹਨ, ਜੋ ਕਿ ਉਹਨਾਂ ਨੂੰ ਪੈ ਰਹੇ ਹਨ ਪਰ ਆਮਦਨੀ ਨਹੀਂ ਦੇ ਬਰਾਬਰ ਹੈ।
ਇੱਕ ਪ੍ਰਾਪਰਟੀ ਡੀਲਰ ਦਾ ਕਹਿਣਾ ਸੀ ਕਿ ਉਸਨੇ ਕੁਝ ਸਾਲ ਪਹਿਲਾਂ ਸਿਰਫ ਪੰਦਰਾਂ ਸੌ ਮਹੀਨੇ ਉਪਰ ਇੱਕ ਮੁੰਡਾ ਦੁਕਾਨ ਉਪਰ ਕੰਮ ਕਰਨ ਲਈ ਰਖਿਆ ਸੀ, ਪਰ ਹੁਣ ਉਹ ਮੁੰਡਾ ਆਪਣੀ ਵੱਖਰੀ ਦੁਕਾਨ ਖੋਲ ਕੇ ਪਾ੍ਰਪਰਟੀ ਡੀਲਰ ਦਾ ਬੋਰਡ ਲਾ ਕੇ ਬੈਠ ਗਿਆ ਹੈ ਤੇ ਉਸਦੇ ਸਾਰੇ ਹੀ ਗਾਹਕ ਪੱਟ ਕੇ ਲੈ ਗਿਆ ਹੈ। ਜ਼ਮੀਨ ਦੀਆਂ ਵਧੀਆਂ ਕੀਮਤਾਂ ਕਾਰਨ ਵੀ ਲੋਕ ਹੁਣ ਨਵੀਂ ਪ੍ਰਾਪਰਟੀ ਖਰੀਦਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਹਾਲ ਤਾਂ ਇਹ ਹੈ ਕਿ ਹਰ ਪਾਸੇ ਹੀ ਮੰਦਹਾਲੀ ਛਾਈ ਹੋਈ ਹੈ। ਜੇ ਪ੍ਰਾਪਰਟੀ ਦੇ ਧੰਦੇ ਵਿਚੋਂ ਫਾਇਦਾ ਹੋ ਰਿਹਾ ਹੈ ਤਾਂ ਉਹ ਸਿਰਫ ਵੱਡੀਆਂ ਕੰਪਨੀਆਂ ਜਾਂ ਵੱਡੇ ਪ੍ਰਾਪਰਟੀ ਡੀਲਰਾਂ ਨੂੰ ਹੀ ਹੋ ਰਿਹਾ ਹੈ।
ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਵੱਡੇ ਪ੍ਰਾਪਰਟੀ ਡੀਲਰ ਆਮ ਪ੍ਰਾਪਰਟੀ ਡੀਲਰਾਂ ਦਾ ਧੰਦਾ ਹੀ ਨਹੀਂ ਚੱਲਣ ਦਿੰਦੇ ਅਤੇ ਉਹ ਆਮ ਪ੍ਰਾਪਰਟੀ ਡੀਲਰਾਂ ਦੇ ਨੌਕਰਾਂ ਨਾਲ ਗੰਢਤੁੱਪ ਕਰਕੇ ਉਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਰਹਿੰਦੇ ਹਨ ਤੇ ਫਿਰ ਆਪ ਉਸ ਪ੍ਰਾਪਰਟੀ ਦੀ ਖਰੀਦ ਵੇਚ ਕਰਵਾ ਕੇ ਮੋਟਾ ਫਾਇਦਾ ਉਠਾ ਜਾਂਦੇ ਹਨ। ਇਹੀ ਕਾਰਨ ਹੈ ਕਿ ਵੱਡੀਆਂ ਕੰਪਨੀਆਂ ਜਾਂ ਵੱਡੇ ਪ੍ਰਾਪਰਟੀ ਡੀਲਰ ਤਾਂ ਮੋਟਾ ਮੁਨਾਫਾ ਕਮਾ ਰਹੇ ਹਨ ਪਰ ਆਮ ਪ੍ਰਾਪਰਟੀ ਡੀਲਰਾਂ ਲਈ ਤਾਂ ਘਰ ਦਾ ਖਰਚਾ ਤੌਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਈ ਵਾਰ ਵੱਡੇ ਪ੍ਰਾਪਰਟੀ ਡੀਲਰ ਜਾਣ ਬੁਝ ਕੇ ਕਿਸੇ ਇਲਾਕੇ ਬਾਰੇ ਅਫਵਾਹ ਉਡਾ ਦਿੰਦੇ ਹਨ ਕਿ ਉਥੇ ਕੋਈ ਵੱਡੀ ਫੈਕਟਰੀ ਆ ਰਹੀ ਹੈ, ਕੋਈ ਉਦਯੋਗ ਆ ਰਿਹਾ ਹੈ ਤੇ ਜ਼ਮੀਨ ਮਹਿੰਗੀ ਹੋ ਰਹੀ ਹੈ ਤੇ ਉਥੇ ਦਿਖਾਵੇ ਲਈ ਉਹ ਖੁਦ ਹੀ ਆਪਣੇ ਹੀ ਬੰਦਿਆਂ ਨੂੰ ਗਾਹਕ ਬਣਾ ਕੇ ਭੇਜ ਦਿੰਦੇ ਹਨ, ਆਮ ਲੋਕ ਉਹਨਾਂ ਦੀ ਗਲ ਵਿਚ ਆ ਜਾਂਦੇ ਹਨ ਤੇ ਉਥੇ ਸਸਤੀ ਜ਼ਮੀਨ ਵੀ ਮਹਿੰਗੇ ਭਾਅ ਖਰੀਦ ਲੈਂਦੇ ਹਨ ਤੇ ਫਿਰ ਪਛਤਾਉਂਦੇ ਹਨ।
ਪਿਛਲੇ ਸਮੇਂ ਦੌਰਾਨ ਮੁਹਾਲੀ -ਬਨੂੰੜ ਰੋਡ ਉਪਰ ਬਹੁਤ ਸਾਰੇ ਲੋਕਾਂ ਨੇ ਪ੍ਰਾਪਰਟੀ ਦਾ ਵਪਾਰ ਕਰਕੇ ਮੋਟਾ ਮੁਨਾਫਾ ਕਮਾਇਆ, ਜਿਸ ਕਰਕੇ ਪ੍ਰਾਪਰਟੀ ਦੇ ਧੰਦੇ ਵਿੱਚ ਉਛਾਲ ਆ ਗਿਆ। ਇਸ ਕਾਰਨ ਹਰ ਬੰਦਾ ਪ੍ਰਾਪਰਟੀ ਦੇ ਧੰਦੇ ਨੂੰ ਲਾਹੇਵੰਦ ਸਮਝਣ ਲੱਗ ਪਿਆ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਣ ਲੱਗਿਆ ਕਿ ਜੇ ਕਿਸੇ ਧੰਦੇ ਵਿੱਚ ਮੁਨਾਫਾ ਹੈ ਤਾਂ ਉਹ ਪ੍ਰਾਪਰਟੀ ਦੇ ਧੰਦੇ ਵਿੱਚ ਹੀ ਹੈ, ਜਿਸ ਕਰਕੇ ਆਮ ਦੁਕਾਨਦਾਰ ਵੀ ਪ੍ਰਾਪਰਟੀ ਦਾ ਧੰਦਾ ਕਰਨ ਲੱਗ ਪਏ।
ਹਰ ਧੰਦੇ ਵਿੱਚ ਹੀ ਜਦੋਂ ਕੰਪੀਟੀਸ਼ਨ ਵੱਧ ਜਾਵੇ ਤਾਂ ਮੁਨਾਫਾ ਘੱਟ ਜਾਂਦਾ ਹੈ। ਅਰਥ ਸ਼ਾਸਤਰ ਦਾ ਨਿਯਮ ਹੈ ਕਿ ਜਦੋਂ ਵੀ ਕਿਸੇ ਚੀਜ਼ ਦੀ ਮੰਗ ਘੱਟ ਜਾਵੇ ਤੇ ਗਿਣਤੀ ਵੱਧ ਜਾਵੇ ਤਾਂ ਉਸਦੀ ਕੀਮਤ ਘਟ ਜਾਂਦੀ ਹੈ। ਬਿਲਕੁਲ ਇਹ ਹੀ ਹਾਲ ਪ੍ਰਾਪਰਟੀ ਦੇ ਧੰਦੇ ਵਿੱਚ ਹੋਇਆ ਹੈ। ਥਾਂ ਥਾਂ ਪ੍ਰਾਪਰਟੀ ਡੀਲਰਾਂ ਦੀਆਂ ਦੁਕਾਨਾਂ ਖੁਲਣ ਕਾਰਨ ਇਨਾਂ ਦੇ ਗਾਹਕ ਆਪਸ ਵਿੱਚ ਵੰਡੇ ਗਏ ਹਨ। ਪ੍ਰਾਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਜੇ ਰਜਿਸਟਰੀਆਂ ਹੀ ਸਹੀ ਤਰੀਕੇ ਨਾਲ ਹੋਣ ਲੱਗ ਪੈਣ ਤੇ ਸਰਕਾਰ ਪ੍ਰਾਪਰਟੀ ਡੀਲਰਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਵੇ ਤਾਂ ਉਹਨਾਂ ਦੇ ਕਈ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਹਨ।
ਬਿਊਰੋ
Editorial
ਮੇਲੇ ਪਿੱਛੋਂ ਹਵਾ ਵਿੱਚ ਉੱਡਦੇ ਖਾਲੀ ਲਿਫ਼ਾਫ਼ੇ
ਦੀਵਾਲੀ ਦਾ ਤਿਉਹਾਰ ਲੰਘ ਗਿਆ ਹੈ ਅਤੇ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਦੀਵਾਲੀ ਦੀਆਂ ਖੁਸ਼ੀਆਂ, ਖੇੜੇ, ਪਟਾਕਿਆਂ, ਮਿਠਾਈਆਂ ਅਤੇ ਧੂਮ ਧੜੱਕੇ ਤੋਂ ਬਾਅਦ ਰੌਣਕਾਂ ਘੱਟ ਗਈਆਂ ਹਨ।
ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਅਤੇ ਦੀਵਾਲੀ ਮੌਕੇ ਹਰ ਪਾਸੇ ਰੌਣਕਾਂ ਹੀ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਸਨ ਅਤੇ ਹਰ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੱਡੀ ਗਿਣਤੀ ਲੋਕ ਖਰੀਦਦਾਰੀ ਕਰਦੇ ਅਤੇ ਮੇਲੇ ਦਾ ਆਨੰਦ ਮਾਣਦੇ .ਨਜ਼ਰ ਆ ਰਹੇ ਸਨ, ਪਰ ਦੀਵਾਲੀ ਤੋਂ ਅਗਲੇ ਦਿਨਾਂ ਦੌਰਾਨ ਵੱਖ ਵੱਖ ਸ਼ਹਿਰਾਂ ਦੀਆਂ ਮਾਰਕੀਟਾਂ ਅਤੇ ਬਾਜ਼ਾਰ ਸੁੰਨੇ ਜਿਹੇ ਹੋ ਗਏ ਹਨ। ਜਿਹੜੇ ਬਾਜ਼ਾਰਾਂ ਅਤੇ ਮਾਰਕੀਟਾਂ ਵਿੱਚ ਕੁਝ ਦਿਨ ਪਹਿਲਾਂ ਧੱਕਾ ਪੈਂਦਾ ਸੀ, ਉਥੇ ਹੁਣ ਟਾਵਾਂ ਟਾਵਾਂ ਵਿਅਕਤੀ ਦਿਖਾਈ ਦੇ ਰਿਹਾ ਹੈ।
ਵੱਖ ਵੱਖ ਮਾਰਕੀਟਾਂ ਦੀਆਂ ਦੁਕਾਨਾਂ ਵਿੱਚ ਵੀ ਜਿੱਥੇ ਦੁਕਾਨਾਂ ਸਜੀਆਂ ਹੋਈਆਂ ਸਨ ਉਥੇ ਹੁਣ ਸਿਰਫ਼ ਲੋਹੇ ਦੀਆਂ ਪਾਈਪਾਂ ਅਤੇ ਖਾਲੀ ਟੈਂਟ ਦਿਖਾਈ ਦੇ ਰਹੇ ਹਨ, ਇਹਨਾਂ ਟੈਂਟਾਂ ਵਿੱਚ ਦਿਵਾਲੀ ਮੌਕੇ ਸਜੀਆਂ ਵੱਖ ਵੱਖ ਕਿਸਮ ਦੀਆਂ ਦੁਕਾਨਾਂ ਗਾਇਬ ਹੋ ਗਈਆਂ ਹਨ। ਇਸ ਤੋਂ ਇਲਾਵਾ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰ ਵੀ ਕੁਝ ਵਿਹਲੇ ਦਿਖਾਈ ਦੇ ਰਹੇ ਹਨ।
ਇਸ ਦਾ ਇੱਕ ਵੱਡਾ ਕਾਰਨ ਭਾਰਤ ਵਿੱਚ ਸਾਰੀਆਂ ਹੱਦਾਂ ਤੋੜ ਕੇ ਵੱਧ ਰਹੀ ਮਹਿੰਗਾਈ ਵੀ ਹੈ। ਅੱਜ ਦੇ ਮਹਿੰਗਾਈ ਭਰੇ ਜ਼ਮਾਨੇ ਵਿੱਚ ਪਰਿਵਾਰ ਦੇ ਹਰ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ ਤਾਂ ਕਿ ਘਰ ਦਾ ਗੁਜਾਰਾ ਸਹੀ ਤਰੀਕੇ ਨਾਲ ਹੋ ਸਕੇ। ਦਿਵਾਲੀ ਮੌਕੇ ਹੋਈਆਂ ਛੁੱਟੀਆਂ ਦੇ ਖਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਲੋਕ ਆਪੋ ਆਪਣੀਆਂ ਡਿਊਟੀਆਂ ਤੇ ਪਹੁੰਚ ਗਏ ਹਨ। ਦਿਵਾਲੀ ਮੌਕੇ ਜਿਹੜੇ ਲੋਕ ਵੱਡੇ ਸ਼ਹਿਰਾਂ ਤੋਂ ਆਪਣੇ ਜੱਦੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਪਹੁੰਚੇ ਸਨ, ਉਹ ਵੀ ਹੁਣ ਵਾਪਸ ਵੱਡੇ ਸ਼ਹਿਰਾਂ ਵਿੱਚ ਆਪਣੇ ਕੰਮਾਂ ਕਾਰਾਂ ਤੇ ਵਾਪਸ ਆ ਚੁੱਕੇ ਹਨ ਅਤੇ ਉਹਨਾਂ ਦੀ ਡਿਊਟੀ ਵੀ ਪਹਿਲਾਂ ਵਾਂਗ ਸ਼ੁਰੂ ਹੋ ਗਈ ਹੈ। ਇਹ ਜ਼ਰੂਰ ਹੈ ਕਿ ਦਿਵਾਲੀ ਮੌਕੇ ਵੱਡੀ ਗਿਣਤੀ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ ਅਤੇ ਮਾਰਕੀਟਾਂ ਤੇ ਬਾਜ਼ਾਰਾਂ ਵਿੱਚ ਤੇਜ਼ੀ ਛਾਈ ਰਹੀ ਪਰ ਮਹਿੰਗਾਈ ਕਾਰਨ ਦਿਵਾਲੀ ਤੋਂ ਬਾਅਦ ਆਮ ਲੋਕ ਸਿਰਫ਼ ਜਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ।
ਵੱਖ- ਵੱਖ ਸ਼ਹਿਰਾਂ ਦੀਆਂ ਰਿਪੋਰਟਾਂ ਅਤੇ ਤਸਵੀਰਾਂ ਵੇਖਣ ਤੋਂ ਬਾਅਦ ਇਹ ਸਾਹਮਣੇ ਆਉਂਦਾ ਹੈ ਕਿ ਹੁਣ ਤਾਂ ਵੱਖ ਵੱਖ ਸ਼ਹਿਰਾਂ ਦੀਆਂ ਮਾਰਕੀਟਾਂ ਵਿੱਚ ਮੇਲੇ ਪਿੱਛੋਂ ਹਵਾ ਵਿੱਚ ਖਾਲੀ ਲਿਫ਼ਾਫ਼ੇ ਹੀ ਉੱਡਦੇ ਦਿਖਾਈ ਦਿੰਦੇ ਹਨ। ਇਹ ਠੀਕ ਹੈ ਕਿ ਦਿਵਾਲੀ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿੱਚ ਹਰ ਪਾਸੇ ਸਫਾਈ ਮੁਹਿੰਮ ਚਲਾਈ ਗਈ ਪਰ ਇਹ ਤਿਉਹਾਰ ਲੰਘਣ ਤੋਂ ਬਾਅਦ ਮੁੜ ਹਰ ਪਾਸੇ ਕੂੜਾ ਅਤੇ ਗੰਦਗੀ ਦਿਖਾਈ ਦੇਣ ਲੱਗੇ ਹਨ।
ਇਸ ਸਮੇਂ ਵੱਖ- ਵੱਖ ਇਲਾਕਿਆਂ ਦੇ ਰੂਟਾਂ ਤੇ ਚਲ ਰਹੀਆਂ ਬੱਸਾਂ ਵਿੱਚ ਵੀ ਭਾਰੀ ਭੀੜ ਦਿਖਾਈ ਦੇ ਰਹੀ ਹੈ ਅਤੇ ਵੱਖ ਵੱਖ ਇਲਾਕਿਆਂ ਨੂੰ ਜਾ ਰਹੀਆਂ ਰੇਲ ਗੱਡੀਆਂ ਵਿੱਚ ਵੀ ਸਫ਼ਰ ਕਰਨ ਵਾਲਿਆਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਹਨ। ਅਸਲ ਵਿੱਚ ਇਹ ਭੀੜਾਂ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਤੋਂ ਨਜ਼ਰ ਆਉਣ ਲੱਗੀਆਂ ਸਨ। ਦਿਵਾਲੀ ਤੋਂ ਪਹਿਲਾਂ ਵੱਡੀ ਗਿਣਤੀ ਲੋਕ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਆਪਣੇ ਮੂਲ ਪ੍ਰਦੇਸ਼ਾਂ ਅਤੇ ਪਿੰਡਾਂ ਨੂੰ ਪਰਤ ਰਹੇ ਸਨ ਅਤੇ ਹੁਣ ਇਹ ਲੋਕ ਦਿਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਵਾਪਸ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਹਨ।
ਜੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਵੀ ਇਸ ਸਮੇਂ ਧੂੰਏਂ ਕਾਰਨ ਦਮ ਘੁੱਟ ਰਿਹਾ ਹੈ। ਦਿਵਾਲੀ ਮੌਕੇ ਲੋਕਾਂ ਵੱਲੋਂ ਭਾਰੀ ਮਾਤਰਾ ਵਿੱਚ ਚਲਾਏ ਗਏ ਪਟਾਕਿਆਂ ਕਾਰਨ ਅਤੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਲਾਈ ਗਈ ਅੱਗ ਕਾਰਨ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਵਾਤਾਵਰਣ ਧੁੰਆਖਿਆ ਪਿਆ ਹੈ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਹੈ। ਮੌਸਮ ਮਾਹਿਰ ਕਹਿ ਰਹੇ ਹਨ ਕਿ ਅਜਿਹਾ ਮੌਸਮ ਮੀਂਹ ਪੈਣ ਤੱਕ ਰਹੇਗਾ ਕਿਉਂਕਿ ਮੀਂਹ ਪੈਣ ਤੋਂ ਬਾਅਦ ਹੀ ਮੌਸਮ ਸਾਫ਼ ਹੋਵੇਗਾ।
ਦਿਵਾਲੀ ਦੇ ਤਿਉਹਾਰ ਮੌਕੇ ਭਾਰੀ ਮਾਤਰਾ ਵਿੱਚ ਵੱਖ ਵੱਖ ਕਿਸਮਾਂ ਦੇ ਸਮਾਨ ਦੀ ਵਿਕਰੀ ਹੋਣ ਕਾਰਨ ਜਿੱਥੇ ਦੁਕਾਨਦਾਰ, ਵਪਾਰੀ ਅਤੇ ਕੰਪਨੀਆਂ ਦੇ ਮਾਲਕ ਖੁਸ਼ ਅਤੇ ਸੰਤੁਸ਼ਟ ਦਿਖਾਈ ਦੇ ਰਹੇ ਹਨ, ਉਥੇ ਇਹ ਤਿਉਹਾਰ ਸੁੱਖੀ ਸਾਂਦੀ ਲੰਘ ਜਾਣ ਕਾਰਨ ਵੀ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ।
ਬਿਊਰੋ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
