Connect with us

Punjab

ਆਪ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਸਾਥੀ ਗੰਭੀਰ ਜ਼ਖ਼ਮੀ

Published

on

ਅੰਮ੍ਰਿਤਸਰ, 27 ਅਕਤੂਬਰ (ਸ.ਬ.) ਅੰਮ੍ਰਿਤਸਰ ਦਿਹਾਤੀ ਪੁਲੀਸ ਅਧੀਨ ਪੈਂਦੇ ਥਾਣਾ ਚਾਟੀਵਿੰਡ ਦੇ ਪਿੰਡ ਝੀਤੇ ਕਲਾਂ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਕਾਰਜ ਸਿੰਘ ਦੇ ਭਰਾ ਤੀਰਥ ਸਿੰਘ ਦਾ ਗੁਰਦੁਆਰਾ ਸਾਹਿਬ ਨੇੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤ ਗਿਆ। ਇਸ ਹਮਲੇ ਦੌਰਾਨ ਉਸ ਦਾ ਦੋਸਤ ਰਣਜੀਤ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਇਹ ਖ਼ੂਨੀ ਵਾਰਦਾਤ ਬੀਤੀ ਰਾਤ ਉਸ ਸਮੇਂ ਵਾਪਰੀ ਜਦੋਂ ਤੀਰਥ ਸਿੰਘ ਅਤੇ ਉਸ ਦਾ ਦੋਸਤ ਰਣਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਧਾਰਮਿਕ ਅਸਥਾਨ ਨੇੜੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ 7 ਤੋਂ 8 ਰਾਊਂਡ ਫ਼ਾਇਰਿੰਗ ਕਰ ਦਿੱਤੀ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਤੀਰਥ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਜ਼ਖ਼ਮੀ ਰਣਜੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਕਾਰਜ ਸਿੰਘ ਬਲਾਕ ਸੰਮਤੀ ਮੈਂਬਰ ਹੈ ਅਤੇ ਉਸ ਦੀ ਮਾਤਾ ਪਿੰਡ ਦੀ ਆਪ ਸਰਪੰਚ ਹੈ।

ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉਸੇ ਪਿੰਡ ਦੇ ਗੁਰਦਿੱਤ ਸਿੰਘ, ਹਰਕੀਰਤ ਸਿੰਘ, ਗੁਰਜੰਟ ਸਿੰਘ ਅਤੇ ਗੋਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਗੁਰਦਿੱਤ ਸਿੰਘ ਦੀ ਕਾਰਜ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਪੁਰਾਣੀ ਦੁਸ਼ਮਣੀ ਸੀ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਝੜਪਾਂ ਹੋਈਆਂ ਸਨ, ਪਰ ਪਿੰਡ ਵਾਸੀਆਂ ਨੇ ਦਖ਼ਲ ਦੇ ਕੇ ਆਪਸੀ ਰਾਜ਼ੀਨਾਵਾਂ ਕਰਵਾ ਦਿੱਤਾ ਸੀ। ਬੀਤੀ ਰਾਤ ਨੂੰ ਮੁਲਜ਼ਮਾਂ ਨੇ ਪੀੜਤਾਂ ਨੂੰ ਗੁਰਦੁਆਰਾ ਸਾਹਿਬ ਨੇੜੇ ਰੋਕ ਲਿਆ, ਜਿੱਥੇ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਫਿਰ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਗੁਰਦਿੱਤ ਦੇ ਬਾਕੀ ਸਾਥੀ ਵੀ ਹਥਿਆਰਾਂ ਸਮੇਤ ਪਹੁੰਚ ਗਏ ਅਤੇ ਉਨ੍ਹਾਂ ਤੀਰਥ ਸਿੰਘ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਥਾਣਾ ਚਾਟੀਵਿੰਡ ਦੀ ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

Mohali

ਕਰਵਾ ਚੌਥ ਦੇ ਤਿਉਹਾਰ ਵਾਸਤੇ ਮਾਰਕੀਟਾਂ ਵਿੱਚ ਲੱਗੀਆਂ ਰੌਣਕਾਂ

Published

on

By

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) 29 ਅਕਤੂਬਰ ਦਿਨ ਵੀਰਵਾਰ ਨੂੰ ਮਨਾਏ ਜਾਣ ਵਾਲੇ ਕਰਵਾ ਚੌਥ ਦੇ ਤਿਉਹਾਰ ਸਬੰਧੀ ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਪੂਰੀਆਂ ਰੌਣਕਾਂ ਲੱਗ ਗਈਆਂ ਹਨ। ਸ਼ਹਿਰ ਦੀਆਂ ਕਰੀਬ ਸਾਰੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਨਜ਼ਰ ਆਉਂਦੀ ਹੈ ਅਤੇ ਵੱਡੀ ਗਿਣਤੀ ਲੋਕ ਤਿਉਹਾਰਾਂ ਨਾਲ ਸਬੰਧਿਤ ਸਮਾਨ ਅਤੇ ਹੋਰ ਚੀਜ਼ਾਂ ਨੂੰ ਖਰੀਦ ਰਹੇ ਹਨ।

ਕਰਵਾ ਚੌੌਥ ਦੇ ਤਿਉਹਾਰ ਸਬੰਧੀ ਮਹਿਲਾਵਾਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਤਿਉਹਾਰ ਮਹਿਲਾਵਾਂ ਅਤੇ ਉਹਨਾਂ ਦੇ ਪਤੀਆਂ ਨਾਲ ਸਬੰਧਿਤ ਹੈ। ਇਸ ਦਿਨ ਵੱਡੀ ਗਿਣਤੀ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ ਦੇ ਤਿਉਹਾਰ ਮੌਕੇ ਪਾਉਣ ਲਈ ਵੱਡੀ ਗਿਣਤੀ ਮਹਿਲਾਵਾਂ ਨਵੇਂ ਕੱਪੜੇ ਵੀ ਖਰੀਦਦੀਆਂ ਦਿਖਾਈ ਦੇ ਰਹੀਆਂ ਹਨ।

ਵੱਖ- ਵੱਖ ਮਾਰਕੀਟਾਂ ਵਿੱਚ ਅਨੇਕਾਂ ਦੁਕਾਨਦਾਰਾਂ ਅਤੇ ਰੇਹੜੀਆਂ- ਫੜੀਆਂ ਵਾਲਿਆਂ ਨੇ ਕਰਵਾ ਚੌਥ ਦੇ ਵਰਤ ਨਾਲ ਸਬੰਧਿਤ ਸਮਾਨ ਜਿਵੇਂ ਮਿੱਟੀ ਦਾ ਕਰੂਆ ਅਤੇ ਢੱਕਣ, ਛਾਨਣੀ, ਦੀਵਾ, ਘਿਓ, ਬੱਤੀ ਅਤੇ ਚੰਦਨ, ਸੋਟੀ (ਤਿਲ ਦੇ ਬੀਜ), ਰੋਲੀ, ਚੌਲਾਂ ਦੇ ਦਾਣੇ, ਪਵਿੱਤਰ ਧਾਗਾ, ਧੂਪ, ਖਾਣ ਲਈ ਸੇਵੀਂਆਂ (ਫਿਉਨੀਆਂ) ਸੁਹਾਗ ਦੀਆਂ ਚੀਜ਼ਾਂ (ਚੂੜੀਆਂ, ਬਿੰਦੀ, ਸਿੰਦੂਰ, ਆਦਿ) ਵੇਚਣ ਲਈ ਸਜਾ ਕੇ ਰੱਖੇ ਹੋਏ ਹਨ। ਇਸ ਤੋਂ ਇਲਾਵਾ ਮਾਰਕੀਟਾਂ ਵਿੱਚ ਮਹਿੰਦੀ ਲਗਾਉਣ ਵਾਲੇ ਵੀ ਆਪਣੀਆਂ ਦੁਕਾਨਾਂ ਸਜਾ ਕੇ ਬੈਠੇ ਹਨ। ਵੱਖ- ਵੱਖ ਉਮਰ ਵਰਗ ਦੀਆਂ ਮਹਿਲਾਵਾਂ ਆਪਣੇ ਦੋਵਾਂ ਹੱਥਾਂ ਤੇ ਸ਼ਗਨਾਂ ਦੀ ਮਹਿੰਦੀ ਵੀ ਲਗਵਾਉਂਦੀਆਂ ਨਜ਼ਰ ਆ ਰਹੀਆਂ ਹਨ।

ਵੱਖ- ਵੱਖ ਹਲਵਾਈਆਂ ਅਤੇ ਮਿਠਾਈਆਂ ਵੇਚਣ ਵਾਲੀਆਂ ਦੁਕਾਨਾਂ ਤੇ ਵੀ ਵੱਡੀ ਗਿਣਤੀ ਲੋਕ ਮਿਠਾਈਆਂ ਖਰੀਦਦੇ ਵੀ ਵੇਖੇ ਜਾ ਰਹੇ ਹਨ। ਵੱਡੀ ਗਿਣਤੀ ਲੋਕ ਵੱਖ ਵੱਖ ਕਿਸਮਾਂ ਦੇ ਫਲ ਵੀ ਖਰੀਦਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਕਿਸਮ ਦੇ ਡਰਾਈ ਫਰੂਟ ਦੀ ਵੀ ਵਿਕਰੀ ਕਾਫੀ ਹੋ ਰਹੀ ਹੈ। ਜਿਹੜੇ ਲੋਕ ਸਾਕਾਹਾਰੀ ਹਨ, ਉਹ ਡਰਾਈ ਫਰੂਟ ਨੂੰ ਕਾਫੀ ਪਸੰਦ ਕਰਦੇ ਹਨ।

ਇਸ ਸਮੇਂ ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਹਰ ਪਾਸੇ ਉਤਸ਼ਾਹ ਅਤੇ ਤਿਉਹਾਰਾਂ ਦੀ ਰੌਣਕ ਵਾਲਾ ਮਾਹੌਲ ਬਣਿਆ ਦਿਖਾਈ ਦੇ ਰਿਹਾ ਹੈ। ਵੱਡੀ ਗਿਣਤੀ ਦੁਕਾਨਦਾਰਾਂ ਨੇ ਤਿਉਹਾਰਾਂ ਕਾਰਨ ਆਪਣੀਆਂ ਦੁਕਾਨਾਂ, ਸ਼ੋਅਰੂਮਾਂ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਕਰੀਬ ਸਾਰੀਆਂ ਮਾਰਕੀਟਾਂ ਨੂੰ ਵੀ ਬਿਜਲਈ ਲੜੀਆਂ ਅਤੇ ਸਜਾਵਟ ਦੇ ਹੋਰ ਸਮਾਨ ਨਾਲ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ ਹੈ। ਕੁਝ ਦਿਨ ਪਹਿਲਾਂ ਮਨਾਏ ਗਏ ਦੁਸ਼ਹਿਰੇ ਦੇ ਤਿਉਹਾਰ ਮੌਕੇ ਵੱਖ- ਵੱਖ ਦੁਕਾਨਦਾਰਾਂ, ਵਪਾਰੀਆਂ ਅਤੇ ਕੰਪਨੀਆਂ ਦੀ ਵਿਕਰੀ ਚੰਗੀ ਰਹਿਣ ਅਤੇ ਚੰਗੀ ਕਮਾਈ ਹੋਣ ਕਾਰਨ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਕਰਵਾ ਚੌਥ, ਦਿਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਵੱਖ- ਵੱਖ ਕਿਸਮਾਂ ਦੇ ਸਮਾਨ ਦੀ ਚੰਗੀ ਵਿਕਰੀ ਹੋਵੇਗੀ।

ਸ਼ਾਮ ਸਮੇਂ ਅਤੇ ਰਾਤ ਸਮੇਂ ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਕੀਤੀ ਗਈ ਸਜਾਵਟ ਅਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਦੀਆਂ ਭੀੜਾਂ ਯਾਦਗਾਰੀ ਦ੍ਰਿਸ਼ ਪੇਸ਼ ਕਰਦੀਆਂ ਹਨ। ਬੱਚਿਆਂ ਤੋਂ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਅਤੇ ਹਰ ਉਮਰ ਵਰਗ ਦੇ ਲੋਕ ਸ਼ਹਿਰ ਵਿੱਚ ਤਿਉਹਾਰਾਂ ਕਾਰਨ ਲੱਗੀਆਂ ਰੌਣਕਾਂ ਦਾ ਆਨੰਦ ਮਾਣ ਰਹੇ ਹਨ।

Continue Reading

Mohali

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Published

on

By

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਤਸੰਗ ਸੈਕਟਰ 21 ਸੀ ਚੰਡੀਗੜ੍ਹ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਤੇ ਕੀਰਤਨ ਦਰਬਾਰ ਕਰਵਾਇਆ ਗਿਆ।

ਸਮਾਗਮ ਵਿੱਚ ਉਚੇਚੇ ਤੌਰ ਤੇ ਪ੍ਰਸਿੱਧ ਕੀਰਤਨੀਏ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਜਥੇ ਵੱਲੋਂ ਇਲਾਹੀ ਬਾਣੀ ਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਤਜਿੰਦਰਪਾਲ ਸਿੰਘ ਤੁੰਗ, ਦਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ, ਰਣਵੀਰ ਸਿੰਘ, ਲੱਕੀ, ਭਾਈ ਗੁਰਮੀਤ ਸਿੰਘ ਹੈਡ ਗ੍ਰੰਥੀ, ਭਾਈ ਹਰਪਾਲ ਸਿੰਘ ਮੀਤ ਗ੍ਰੰਥੀ, ਭਾਈ ਮੱਖਣ ਸਿੰਘ ਹਜੂਰੀ ਰਾਗੀ ਸਮੇਤ ਬੇਅੰਤ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜਰੀ ਲਵਾਈ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Continue Reading

Mohali

ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

Published

on

By

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਟ੍ਰੈਫਿਕ ਐਜੂਕੇਸ਼ਨ ਸੈਲ ਅਤੇ ਸਾਂਝ ਕੇਂਦਰ ਸਿਟੀ-1 ਦੇ ਇੰਚਾਰਜ ਏ.ਐਸ.ਆਈ. ਜਨਕ ਰਾਜ ਵੱਲੋਂ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਅਤੇ ਵਿਦਿਆਰਥਣਾਂ ਲਈ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟ੍ਰੈਫਿਕ ਨਿਯਮਾਂ ਅਤੇ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਵਿਦਿਆਰਥਣਾਂ ਨੂੰ ਪੁਲੀਸ ਸਹਾਇਤਾ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ 112 ਅਤੇ ਸਾਈਬਰ ਕ੍ਰਾਈਮ ਨਾਲ ਸਬੰਧਤ ਮਾਮਲਿਆਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1930 ਦੀ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ।

ਵਿਦਿਆਰਥਣਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇੱਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ।

Continue Reading

Trending