Mohali
ਈਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਦੀ ਭਾਰਤੀ ਅੰਡਰ-19 ਟੀਮ ਵਿੱਚ ਚੋਣ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਪੰਜਾਬ ਦੇ ਦੋ ਹੋਣਹਾਰ ਨੌਜਵਾਨ ਕ੍ਰਿਕਟਰਾਂ ਈਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਦੀ ਆਗਾਮੀ ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਟੀਮ ਵਿੱਚ ਚੋਣ ਹੋਈ ਹੈ। ਇਹ ਟੂਰਨਾਮੈਂਟ 5 ਤੋਂ 14 ਨਵੰਬਰ 2026 ਤੱਕ ਓਮਾਨ ਵਿੱਚ ਖੇਡਿਆ ਜਾਵੇਗਾ।
ਈਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਨੂੰ ਵਧਾਈ ਦਿੰਦਿਆਂ ਪੀਸੀਏਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਡੇ ਦੋ ਹੋਣਹਾਰ ਨੌਜਵਾਨ ਖਿਡਾਰੀ ਈਸ਼ਾਨ ਸੂਦ ਅਤੇ ਅਰਜੁਨ ਰਾਜਪੂਤ ਭਾਰਤੀ ਅੰਡਰ-19 ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਹ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ।
ਉਹਨਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਪੂਰਾ ਵਿਸ਼ਵਾਸ ਹੈ ਕਿ ਦੋਵੇਂ ਖਿਡਾਰੀ ਅੰਤਰਰਾਸ਼ਟਰੀ ਮੰਚ ਤੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨਗੇ।
Mohali
ਆਮ ਆਦਮੀ ਪਾਰਟੀ ਵਲੋਂ ਵਿਧਾਇਕ ਕੁਲਵੰਤ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਤੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ
ਇਸ ਵਾਰ 100 ਤੋਂ ਵੀ ਵੱਧ ਸੀਟਾਂ ਤੇ ਜੇਤੂ ਹੋਵੇਗੀ ਆਮ ਆਦਮੀ ਪਾਰਟੀ : ਕੁਲਵੰਤ ਸਿੰਘ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੂੰ ਦੁਬਾਰਾ ਪਾਰਟੀ ਟਿਕਟ ਤੇ ਚੋਣ ਲੜਾਏ ਜਾਣ ਦਾ ਐਲਾਨ ਕੀਤੇ ਜਾਣ ਤੇ ਉਹਨਾਂ ਦੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਅੱਜ ਸਾਰਾ ਦਿਨ ਹਲਕਾ ਵਿਧਾਇਕ ਦੇ ਸੈਕਟਰ 79 ਦਫਤਰ ਵਿੱਚ ਉਹਨਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਦੀ ਭੀੜ ਜੁਟੀ ਰਹੀ।
ਇਸ ਦੌਰਾਨ ਜਿੱਥੇ ਸਮਰਥਾਂ ਵਲੋਂ ਸz. ਕੁਲਵੰਤ ਸਿੰਘ ਦੀ ਵੱਡੇ ਫਰਕ ਨਾਲ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਖੁਦ ਕੁਲਵੰਤ ਸਿੰਘ ਵੀ ਪੂਰੇ ਭਰੋਸੇ ਵਿੱਚ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ ਹੈ ਅਤੇ ਹੁਣ ਉਹਨਾਂ ਵਲੋਂ ਕੀਤੇ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਦਿਵਾਲੀ ਦੇ ਵਿੱਚ ਕੁਝ ਦਿਨ ਹੀ ਬਾਕੀਆਂ ਹਨ ਅਤੇ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਫਿਰ ਤੋਂ ਮੁਹਾਲੀ ਤੋਂ ਟਿਕਟ ਦਾ ਐਲਾਨ ਕਰਕੇ ਦਿਵਾਲੀ ਦਾ ਖੂਬਸੂਰਤ ਤੋਹਫਾ ਦਿੱਤਾ ਹੈ।
ਉਹਨਾਂ ਕਿਹਾ ਕਿ ਪਾਰਟੀ ਵਲੋਂ ਪਹਿਲੀ ਸੂਚੀ ਦੇ ਵਿੱਚ ਹੀ ਉਹਨਾਂ ਦੇ ਨਾਮ ਦਾ ਐਲਾਨ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਹੁਣ ਹੋਰ ਵੀ ਜ਼ੋਰ ਦੇ ਨਾਲ ਕੰਮ ਕਰਣਗੇ। ਉਹਨਾਂ ਕਿਹਾ ਕਿ ਮੁਹਾਲੀ ਹੁਣ ਆਉਣ ਵਾਲੇ ਸਮੇਂ ਵਿੱਚ ਬਿਜਨਸ ਹਬ ਬਣਨ ਜਾ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਹਾਲੀ ਸ਼ਹਿਰ ਦੀ ਚਰਚਾ ਚੰਡੀਗੜ੍ਹ ਤੋਂ ਵੀ ਵੱਧ ਹੋਣ ਲੱਗ ਗਈ ਹੈ।
ਉਹਨਾਂ ਕਿਹਾ ਕਿ ਅੱਜ ਹਰ ਨਿਵੇਸ਼ਕਾਰ ਦੀ ਪਹਿਲੀ ਪਸੰਦ ਮੁਹਾਲੀ ਸ਼ਹਿਰ ਬਣਦੀ ਜਾ ਰਹੀ ਹੈ, ਕਿਉਂਕਿ ਮੁਹਾਲੀ ਵੈਲ ਪਲੈਨਡ ਸ਼ਹਿਰ ਹੈ ਅਤੇ ਅਮਨ- ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ।
ਉਹਨਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤੇਗੀ ਕਿਉਂਕਿ ਪਾਰਟੀ ਵਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜੋ ਵੀ ਵਾਅਦੇ ਕੀਤੇ ਸਨ, ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ- ਜੋ ਵੀ ਮੁੱਦੇ ਉਹਨਾਂ ਉਠਾਏ ਹਨ, ਉਹਨਾਂ ਦਾ ਇੱਕ-ਇੱਕ ਕਰਕੇ ਹੱਲ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੁਹਾਲੀ ਦੀ ਸਭਤੋਂ ਵੱਡੀ ਕੂੜੇ ਦੀ ਸਮੱਸਿਆ ਦੇ ਹਲ ਲਈ 70 ਕਰੋੜ ਰੁਪਏ ਦੇ ਟੈਂਡਰ ਖੁੱਲ ਚੁੱਕੇ ਹਨ ਅਤੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਕੂੜੇ ਦੇ ਮਸਲੇ ਦਾ ਵੀ ਸਥਾਈ ਹੱਲ ਹੋ ਜਾਵੇਗਾ।
Mohali
ਮੁਹਾਲੀ ਵਿੱਚ ਐਨ ਕੇ ਫਾਰਮਾ ਕੈਮਿਸਟ ਦਾ ਡਰੱਗ ਲਾਇਸੈਂਸ ਰੱਦ ਕਰਕੇ ਦੁਕਾਨ ਸੀਲ ਕੀਤੀ
ਪ੍ਰੈਗਾਬਾਲਿਨ ਸਮੇਤ ਕਈ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੋਂ ਬਾਅਦ ਡਰੱਗ ਵਿਭਾਗ ਨੇ ਕੀਤੀ ਕਾਰਵਾਈ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਮੁਹਾਲੀ ਵਿੱਚ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਡਰੱਗ ਵਿਭਾਗ ਵੱਲੋਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਮਿਸਟ ਦੀ ਦੁਕਾਨ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਡਰੱਗ ਇੰਸਪੈਕਟਰ ਅਤੇ ਥਾਣਾ ਫੇਜ਼ 11 ਦੇ ਮੁਖੀ ਅਮਨ ਬੈਦਵਾਣ ਦੀ ਟੀਮ ਵੱਲੋਂ ਉਕਤ ਕੈਮਿਸਟ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਪ੍ਰੈਗਾਬਾਲਿਨ ਸਮੇਤ ਕਈ ਹੋਰ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਸਨ।
ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੱਗ ਇੰਸਪੈਕਟਰ ਵੱਲੋਂ ਕੈਮਿਸਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਲਾਇਸੈਂਸ ਮੁਅੱਤਲ ਜਾਂ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਹੁਣ ਵਿਭਾਗ ਵੱਲੋਂ ਅਗਲੀ ਕਾਰਵਾਈ ਕਰਦਿਆਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਸੀਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਡਰੱਗ ਮਾਫੀਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
Mohali
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਪੂਰੀ ਤਰ੍ਹਾਂ ਤਿਆਰ
ਵਰੁਣ ਰੂਜਮ, ਨਿਤਿਨ ਕੋਹਲੀ, ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਮੁਹਾਲੀ ਦੇ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ 4 ਅਤੇ 5 ਨਵੰਬਰ ਨੂੰ ਹੋਣ ਵਾਲੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਤਿਆਰੀਆਂ ਲਗਭਗ ਮੁਕੰਮਲ ਹੋਣ ਦੇ ਨਾਲ ਸਟੇਡੀਅਮ ਵਿੱਚ ਕਰੀਬ 13 ਹਜ਼ਾਰ ਹਾਕੀ ਅਤੇ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ।
ਖੇਡ ਸਕੱਤਰ ਵਰੁਣ ਰੂਜਮ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਸਟੇਡੀਅਮ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਤਿਆਰੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਇਸ ਦੌਰਾਨ ਸਟੇਡੀਅਮ ਦੇ ਬੁਨਿਆਦੀ ਢਾਂਚੇ, ਦਰਸ਼ਕਾਂ ਨਾਲ ਸਬੰਧਤ ਸਹੂਲਤਾਂ, ਸੁਰੱਖਿਆ ਪ੍ਰਬੰਧਾਂ, ਆਵਾਜਾਈ ਪ੍ਰਬੰਧਨ, ਤਕਨੀਕੀ ਲੋੜਾਂ ਅਤੇ ਹੋਰ ਪ੍ਰਬੰਧਕੀ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਤਾਂ ਜੋ ਮੁਕਾਬਲਿਆਂ ਦਾ ਸੁਚਾਰੂ ਆਯੋਜਨ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਮੌਕਾ ਖੇਡ ਪ੍ਰੇਮੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਹਾਕੀ ਦੇਖਣ ਦੇ ਨਾਲ-ਨਾਲ ਖੇਡ ਭਾਵਨਾ ਅਤੇ ਹਾਕੀ ਪ੍ਰਤੀ ਉਤਸ਼ਾਹ ਭਰਪੂਰ ਜਨੂੰਨ ਦਾ ਜਸ਼ਨ ਮਨਾਉਣ ਦਾ ਵੀ ਮੌਕਾ ਪ੍ਰਦਾਨ ਕਰੇਗਾ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਸਟੇਡੀਅਮ ਵਿੱਚ ਸਾਰੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ। ਦਰਸ਼ਕ ਆਪਣੀਆਂ ਮੁਫ਼ਤ ਡਿਜੀਟਲ ਦਾਖ਼ਲਾ ਟਿਕਟਾਂ ਰਾਹੀਂ ਜਾਂ ਅਧਿਕਾਰਤ ਕਿਊ. ਆਰ. ਕੋਡ ਸਕੈਨ ਕਰਕੇ ਰਜਿਸਟ੍ਰੇਸ਼ਨ ਕਰਨ ਅਤੇ ਆਪਣੀ ਪਸੰਦ ਦੇ ਮੈਚ ਚੁਣ ਕੇ ਪ੍ਰਾਪਤ ਕਰ ਸਕਦੇ ਹਨ।
ਮੀਟਿੰਗ ਵਿੱਚ ਡਾ. ਐਸ. ਪੀ. ਆਨੰਦ ਕੁਮਾਰ, ਵਿਸ਼ੇਸ਼ ਸਕੱਤਰ, ਖੇਡ ਵਿਭਾਗ, ਅਭਿਜੀਤ ਕਪਲਿਸ਼, ਡਾਇਰੈਕਟਰ, ਖੇਡ ਵਿਭਾਗ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ. ਵਰੁਣ ਸ਼ਰਮਾ, ਸੰਦੀਪ ਸਿੰਘ ਗਾੜ੍ਹਾ, ਕਮਿਸ਼ਨਰ, ਨਗਰ ਨਿਗਮ ਮੁਹਾਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਮੈਦਾਨ ਵਿੱਚ ਹੋਣ ਵਾਲੇ ਰੋਮਾਂਚਕ ਹਾਕੀ ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਸਿੱਧ ਗਾਇਕਾਂ ਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ‘ਸਾਡਾ ਪਿੰਡ’ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੀ ਫੂਡ ਕੋਰਟ ਵੀ ਬਣਾਏ ਗਏ ਹਨ।
ਮੁਹਾਲੀ ਵਿਖੇ 4 ਨਵੰਬਰ ਨੂੰ ਦੁਪਹਿਰ 2:00 ਵਜੇ ਪੂਲ ਵਿੱਚ ਪੰਜਵੇਂ ਸਥਾਨ ਦੀ ਟੀਮ ਬਨਾਮ ਛੇਵੇਂ ਸਥਾਨ ਦੀ ਟੀਮ ਵਿਚਾਲੇ ਮੈਚ ਹੋਵੇਗਾ। ਸ਼ਾਮ 4:30 ਵਜੇ ਪਹਿਲਾ ਸੈਮੀਫਾਈਨਲ ਹੋਵੇਗਾ ਅਤੇ ਸ਼ਾਮ 7:00 ਵਜੇ ਦੂਜਾ ਸੈਮੀਫਾਈਨਲ ਹੋਵੇਗਾ।
5 ਨਵੰਬਰ, 2026 ਨੂੰ ਸ਼ਾਮ 4:30 ਵਜੇ ਕਾਂਸੀ ਤਮਗੇ ਲਈ ਮੁਕਾਬਲਾ ਹੋਵੇਗਾ ਅਤੇ ਸ਼ਾਮ 7:00 ਵਜੇ ਫਾਈਨਲ ਮੈਚ ਖਡਿਆ ਜਾਵੇਗਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁਫ਼ਤ ਦਾਖ਼ਲੇ, ਉਚ ਪੱਧਰੀ ਹਾਕੀ ਮੁਕਾਬਲਿਆਂ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਵਿਰਾਸਤ ਨਾਲ ਜੁੜੀਆਂ ਵਿਸ਼ੇਸ਼ ਖਿੱਚਾਂ ਅਤੇ ਵੱਖ-ਵੱਖ ਪਕਵਾਨਾਂ ਦੇ ਪ੍ਰਬੰਧਾਂ ਨਾਲ ਮੁਹਾਲੀ 4 ਅਤੇ 5 ਨਵੰਬਰ ਨੂੰ ਹਾਕੀ ਤੇ ਖੇਡ ਪ੍ਰੇਮੀਆਂ ਲਈ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
