National
ਲਾਹੌਲ-ਸਪੀਤੀ ਅਤੇ ਰੋਹਤਾਂਗ ਵਿੱਚ ਤਾਜ਼ਾ ਬਰਫ਼ਬਾਰੀ, ਸੁਰੱਖਿਆ ਦੇ ਮੱਦੇਨਜ਼ਰ ਮੁੱਖ ਮਾਰਗਾਂ ਤੇ ਆਵਾਜਾਈ ਠੱਪ
ਲਾਹੌਲ, 13 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਬੀਤੀ ਰਾਤ ਤੋਂ ਹੋ ਰਹੀ ਲਗਾਤਾਰ ਬਰਫ਼ਬਾਰੀ ਤੋਂ ਬਾਅਦ ਸ਼ਿੰਕੁਲਾ ਦੱਰਾ, ਬਾਰਾਲਾਚਾ ਦੱਰਾ, ਕੁੰਜ਼ੁਮ ਟੌਪ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਸੜਕਾਂ ਦੀ ਅਸੁਰੱਖਿਅਤ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਈ ਉੱਚ-ਉਚਾਈ ਵਾਲੀਆਂ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ।
ਲਾਹੌਲ ਅਤੇ ਸਪੀਤੀ ਪੁਲੀਸ ਵੱਲੋਂ ਜਾਰੀ ਜਨਤਕ ਐਡਵਾਈਜ਼ਰੀ ਅਨੁਸਾਰ, ਸ਼ਿੰਕੁਲਾ ਟੌਪ ਅਤੇ ਬਾਰਾਲਾਚਾ ਟੌਪ ਵੱਲ ਜਾਣ ਵਾਲੇ ਸਾਰੇ ਵਾਹਨਾਂ ਨੂੰ ਦਾਰਚਾ ਪੁਲੀਸ ਚੌਕੀ ਤੇ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁੰਜ਼ੁਮ ਟੌਪ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਲੋਸਰ ਚੈਕ ਪੋਸਟ ਤੇ ਰੋਕ ਦਿੱਤਾ ਗਿਆ ਹੈ, ਜਦਕਿ ਗ੍ਰਾਮਫੂ ਤੋਂ ਛਤਰੂ ਅਤੇ ਕੁੰਜ਼ੁਮ ਟੌਪ ਵੱਲ ਜਾਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਪੁਲੀਸ ਨੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਵਿੱਚ, ਸੜਕ ਅਤੇ ਮੌਸਮ ਦੀ ਸਥਿਤੀ ਦੇ ਆਧਾਰ ਤੇ ਸਿਰਫ਼ ਸਹੀ ਸਨੋਅ ਚੇਨ (ਬਰਫ਼ ਵਾਲੀਆਂ ਜ਼ੰਜੀਰਾਂ) ਲੱਗੇ 4&4 ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੈਲਾਨੀਆਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਪੁਲੀਸ ਨੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਮੌਸਮ ਤੇ ਸੜਕਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਤੱਕ ਉੱਚ-ਉਚਾਈ ਵਾਲੇ ਇਲਾਕਿਆਂ ਦੀ ਯਾਤਰਾ ਕਰਨ ਤੋਂ ਬਚਣ ਦੀ ਤਾਕੀਦ ਕੀਤੀ ਹੈ।
ਐਡਵਾਈਜ਼ਰੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰੀ ਕਾਰਨਾਂ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਯਾਤਰਾ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਇਜਾਜ਼ਤ ਲੈਣੀ ਚਾਹੀਦੀ ਹੈ, ਸਿਰਫ਼ ਸਨੋਅ ਚੇਨ ਲੱਗੇ 4&4 ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੋੜੀਂਦੇ ਗਰਮ ਕੱਪੜੇ ਨਾਲ ਰੱਖਣੇ ਚਾਹੀਦੇ ਹਨ।
ਇਸ ਦੌਰਾਨ ਅੱਜ ਤੜਕੇ ਰੋਹਤਾਂਗ ਦੱਰਾ ਅਤੇ ਮੜ੍ਹੀ ਵਿਖੇ ਵੀ ਤਾਜ਼ਾ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਵਿੱਚ ਰੋਹਤਾਂਗ ਦੱਰੇ ਤੇ ਲਗਪਗ 4-5 ਇੰਚ ਅਤੇ ਮੜ੍ਹੀ ਵਿਖੇ ਲਗਪਗ ਇੱਕ ਇੰਚ ਬਰਫ਼ ਰਿਕਾਰਡ ਕੀਤੀ ਗਈ। ਮਨਾਲੀ ਪੁਲੀਸ ਅਨੁਸਾਰ ਜਨਤਾ ਅਤੇ ਸੈਲਾਨੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਮੜ੍ਹੀ ਤੋਂ ਰੋਹਤਾਂਗ ਦੱਰੇ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਿਰਫ਼ ਐਮਰਜੈਂਸੀ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗੁਲਾਬਾ ਬੈਰੀਅਰ ਤੇ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਦਕਿ ਜਿਹੜੇ ਵਾਹਨ ਪਹਿਲਾਂ ਹੀ ਮੜ੍ਹੀ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਮਨਾਲੀ ਵੱਲ ਭੇਜਿਆ ਜਾ ਰਿਹਾ ਹੈ।
National
ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ
ਨਵੀਂ ਦਿੱਲੀ, 13 ਨਵੰਬਰ (ਸ.ਬ.) ਭਾਰਤ ਦੀ ਰਾਜਧਾਨੀ ਦਿੱਲੀ ਅੱਜ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਛਾੜਦਿਆਂ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ। ਲਗਭਗ ਦੋ ਕਰੋੜ ਦੀ ਆਬਾਦੀ ਵਾਲੇ ਇਸ ਮਹਾਨਗਰ ਵਿੱਚ ਹਵਾ ਦੀ ਗੁਣਵੱਤਾ ‘ਖ਼ਤਰਨਾਕ’ ਪੱਧਰ ਤੱਕ ਡਿੱਗ ਗਈ ਹੈ ਅਤੇ ਸੰਘਣੀ ਜ਼ਹਿਰੀਲੀ ਧੁੰਦ (ਸਮੌਗ) ਦੀ ਚਾਦਰ ਵਿਛ ਜਾਣ ਕਾਰਨ ਦਿਸਣ ਹੱਦ (ਵਿਜ਼ੀਬਿਲਟੀ) ਬੇਹੱਦ ਘਟ ਗਈ ਹੈ। ਸਵੇਰ ਵੇਲੇ ਮੁੱਖ ਸੜਕਾਂ ਤੇ ਗੱਡੀਆਂ ਅਤੇ ਮੋਟਰਸਾਈਕਲ ਸੰਘਣੇ ਧੂੰਏਂ ਵਿੱਚੋਂ ਨਿਕਲਦੇ ਦਿਖਾਈ ਦਿੱਤੇ, ਜਿੱਥੇ ਸਟਰੀਟ ਲਾਈਟਾਂ ਦੀ ਰੌਸ਼ਨੀ ਵੀ ਮੱਧਮ ਪੈ ਗਈ ਸੀ।
‘ਆਈਕਿਊਏਅਰ’ ਦੇ ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 334 ਦਰਜ ਕੀਤਾ ਗਿਆ, ਜੋ ਕਿ ‘ਖ਼ਤਰਨਾਕ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਪੱਧਰ ਨਾਲ ਦਿੱਲੀ ਨੇ ਆਲਮੀ ਪੱਧਰ ਤੇ ਪ੍ਰਮੁੱਖ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 50 ਤੱਕ ਦੇ ਏਕਿਊਆਈ ਪੱਧਰ ਨੂੰ ਹੀ ਸਿਹਤ ਲਈ ਸੁਰੱਖਿਅਤ ਅਤੇ ਚੰਗਾ ਮੰਨਿਆ ਜਾਂਦਾ ਹੈ।
ਦੂਜੇ ਪਾਸੇ, ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਦੀ ਹਵਾ ਦਾ ਪੱਧਰ ਇਸ ਤੋਂ ਵੀ ਵੱਧ 403 ਦਰਜ ਕਰਦਿਆਂ ਇਸ ਨੂੰ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਰੱਖਿਆ ਹੈ। ਮਾਹਿਰਾਂ ਅਨੁਸਾਰ ਸਵਿਸ ਅਤੇ ਭਾਰਤੀ ਮਾਪਦੰਡਾਂ ਦੇ ਅੰਕੜਿਆਂ ਵਿੱਚ ਇਹ ਅੰਤਰ ਹਵਾ ਪ੍ਰਦੂਸ਼ਣ ਨੂੰ ਮਾਪਣ ਅਤੇ ਵਰਗੀਕ੍ਰਿਤ ਕਰਨ ਲਈ ਵਰਤੇ ਜਾਂਦੇ ਵੱਖ-ਵੱਖ ਤਰੀਕਿਆਂ ਅਤੇ ਪੈਮਾਨਿਆਂ ਕਾਰਨ ਦੇਖਣ ਨੂੰ ਮਿਲਦਾ ਹੈ।
ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੀ ਆਮਦ ਨਾਲ ਹਵਾ ਪ੍ਰਦੂਸ਼ਣ ਇੱਕ ਗੰਭੀਰ ਮੌਸਮੀ ਸਮੱਸਿਆ ਬਣ ਜਾਂਦਾ ਹੈ। ਠੰਢੀ ਅਤੇ ਭਾਰੀ ਹਵਾ ਕਾਰਨ ਵਾਹਨਾਂ ਦਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਪਰਾਲੀ ਸਾੜਨ ਦਾ ਧੂੰਆਂ ਵਾਤਾਵਰਨ ਦੀ ਹੇਠਲੀ ਸਤਹਿ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
National
ਆਈ ਆਈ ਟੀ ਰੁੜਕੀ ਦੇ ਹੋਸਟਲ ਵਿੱਚ ਵਿਦਿਆਰਥੀ ਵੱਲੋਂ ਖੁਦਕੁਸ਼ੀ
ਰੁੜਕੀ, 13 ਨਵੰਬਰ (ਸ.ਬ.) ਭਾਰਤੀ ਤਕਨਾਲੋਜੀ ਸੰਸਥਾਨ ਰੁੜਕੀ ਵਿੱਚ ਬੈਚਲਰ ਆਫ਼ ਸਾਇੰਸ ਐਂਡ ਮਾਸਟਰ ਆਫ਼ ਸਾਇੰਸ ਦੇ ਦੂਜੇ ਸਾਲ ਦੇ ਇੱਕ ਵਿਦਿਆਰਥੀ ਨੇ ਬੀਤੀ ਦੇਰ ਰਾਤ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਪੁਲੀਸ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ। ਫਿਲਹਾਲ ਵਿਦਿਆਰਥੀ ਵੱਲੋਂ ਇਹ ਕਦਮ ਚੁੱਕਣ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਮ੍ਰਿਤਕ ਵਿਦਿਆਰਥੀ ਦੀ ਪਛਾਣ ਆਯੂਸ਼ ਰਾਜੋਰੀਆ ਵਜੋਂ ਹੋਈ ਹੈ। ਉਹ ਮਕਾਨ ਨੰਬਰ 410, ਬਾਂਕੇ ਬਿਹਾਰੀ ਸ਼ਰਨਮ, ਰਾਜਨਗਰ ਐਕਸਟੈਂਸ਼ਨ, ਗਾਜ਼ੀਆਬਾਦ ਦਾ ਰਹਿਣ ਵਾਲਾ ਸੀ। ਵਿਦਿਆਰਥੀ ਦੇ ਮਾਤਾ-ਪਿਤਾ ਵੀ ਸੰਸਥਾਨ ਦੇ ਕੈਂਪਸ ਵਿੱਚ ਪਹੁੰਚ ਗਏ ਹਨ। ਪੁਲੀਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
National
ਯੂ ਏ ਈ ਦੇ ਫੁਜੈਰਾਹ ਵਿੱਚ ਟਰੱਕ ਦੀ ਕਈ ਵਾਹਨਾਂ ਨਾਲ ਟੱਕਰ, 3 ਭਾਰਤੀਆਂ ਸਮੇਤ 14 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਫੁਜੈਰਾਹ, 13 ਨਵੰਬਰ (ਸ.ਬ.) ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਵਿੱਚ ਬੀਤੀ ਦੇਰ ਰਾਤ ਇੱਕ ਬੇਕਾਬੂ ਟਰੱਕ 23 ਵਾਹਨਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ, ਮ੍ਰਿਤਕਾਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਹਨ, ਜਦਕਿ 30 ਹੋਰ ਲੋਕ ਜ਼ਖਮੀ ਹੋ ਗਏ। ਮਾਰੇ ਗਏ ਭਾਰਤੀ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕੋ ਪਰਿਵਾਰ ਨਾਲ ਸਬੰਧਤ ਸਨ ਅਤੇ ਜੁੜਵਾਂ ਭੈਣ ਭਰਾ ਸਨ। ਟੱਕਰ ਤੋਂ ਬਾਅਦ ਕਈ ਵਾਹਨਾਂ ਨੂੰ ਅੱਗ ਲੱਗ ਗਈ। ਕੁਝ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਸਨ, ਇਸ ਲਈ, ਮ੍ਰਿਤਕਾਂ ਦੀ ਪਛਾਣ ਕਰਨ ਵਾਸਤੇ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ।
ਯੂ.ਏ.ਈ. ਦੇ ਗ੍ਰਹਿ ਮੰਤਰਾਲੇ ਅਨੁਸਾਰ, ਹਾਦਸੇ ਵਿਚ ਮਰਨ ਵਾਲਿਆਂ ਵਿੱਚ ਯੂ.ਏ.ਈ., ਓਮਾਨ, ਭਾਰਤ, ਬ੍ਰਾਜ਼ੀਲ, ਪਾਕਿਸਤਾਨ, ਜੌਰਡਨ ਅਤੇ ਮਿਸਰ ਦੇ ਨਾਗਰਿਕ ਸ਼ਾਮਲ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ 30 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਵਿੱਚੋਂ ਲਗਭਗ ਅੱਧਿਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀ ਅਜੇ ਵੀ ਡਾਕਟਰੀ ਦੇਖਰੇਖ ਹੇਠ ਹਨ।
ਯੂ.ਏ.ਈ. ਦੇ ਗ੍ਰਹਿ ਮੰਤਰਾਲੇ ਅਨੁਸਾਰ, ਇਹ ਹਾਦਸਾ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਫੁਜੈਰਾਹ ਸ਼ਹਿਰ ਵੱਲ ਜਾਣ ਵਾਲੇ ਰਸਤੇ ਤੇ ਵਾਪਰਿਆ, ਜਿੱਥੇ ਆਵਾਜਾਈ ਹੌਲੀ ਚੱਲ ਰਹੀ ਸੀ। ਇਸ ਦੌਰਾਨ, ਇੱਕ ਟਰੱਕ ਦੇ ਡਰਾਈਵਰ ਦਾ ਗੱਡੀ ਤੇ ਕਾਬੂ ਨਹੀਂ ਰਿਹਾ। ਟਰੱਕ ਪਹਿਲਾਂ ਇੱਕ ਹੋਰ ਵਾਹਨ ਨਾਲ ਟਕਰਾਇਆ, ਫਿਰ ਪਲਟ ਗਿਆ ਅਤੇ ਸੜਕ ਤੇ ਹੌਲੀ ਚੱਲ ਰਹੇ ਜਾਂ ਰੁਕੇ ਹੋਏ ਹੋਰ ਵਾਹਨਾਂ ਨਾਲ ਜਾ ਟਕਰਾਇਆ।
ਟੱਕਰ ਤੋਂ ਬਾਅਦ ਅੱਗ ਲੱਗ ਗਈ, ਜੋ ਤੇਜ਼ੀ ਨਾਲ ਨੇੜਲੇ ਵਾਹਨਾਂ ਤੱਕ ਫੈਲ ਗਈ। ਇਸ ਹਾਦਸੇ ਵਿੱਚ ਕੁੱਲ 23 ਵਾਹਨ ਜਿਨ੍ਹਾਂ ਵਿੱਚ 18 ਕਾਰਾਂ ਅਤੇ 5 ਟਰੱਕ ਸ਼ਾਮਲ ਸਨ ਪ੍ਰਭਾਵਿਤ ਹੋਏ। ਸੂਚਨਾ ਮਿਲਣ ਤੇ ਪੁਲੀਸ, ਐਂਬੂਲੈਂਸ ਸੇਵਾਵਾਂ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਬਚਾਅ ਕਰਮਚਾਰੀਆਂ ਨੇ ਅੱਗ ਬੁਝਾਉਣ, ਜ਼ਖਮੀਆਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਭਾਰਤੀਆਂ ਦੀ ਪਛਾਣ ਮੁਹੰਮਦ ਅਸਮਿਲ, ਉਸ ਦੀ ਜੁੜਵਾਂ ਭੈਣ ਮਿਸਨਾ ਜ਼ੁਬਿਨ ਅਤੇ ਮੁਹੰਮਦ ਫੈਜ਼ ਵਜੋਂ ਹੋਈ ਹੈ। ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸਨ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਹਦਾਇਤ ਦਿੱਤੀ ਹੈ ਕਿ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ।
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
