ਮੁਹਾਲੀ ਪੁਲੀਸ ਵਲੋਂ ਅੰਤਰਰਾਸ਼ਟਰੀ ਮਨੁੱਖੀ ਤਸਕਰ ਅਤੇ ਕਿਡਨੈਪਰ ਕਾਬੂ ਸੀ ਆਈ ਸਟਾਫ ਨੇ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣਿਆ ਸਮੇਤ ਕੀਤਾ ਗ੍ਰਿਫਤਾਰ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਅਗਵਾ ਕਰਕੇ ਰੱਖਣ, ਉਹਨਾਂ ਤੇ ਤਸ਼ਦੱਦ ਢਾਹ ਕੇ ਸਰੀਰਕ ਸ਼ੋਸ਼ਣ ਕਰਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਨ ਵਾਲੇ ਗਿਰੋਹ ਦੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸੀ ਆਈ ਏ ਸਟਾਫ ਮੁਹਾਲੀ ਵਲੋਂ ਕਾਬੂ ਕੀਤੇ ਗਏ ਇਹਨਾਂ ਵਿਅਕਤੀਆਂ ਤੋਂ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਐਸ ਐਸ ਪੀ ਮੁਹਾਲੀ ਡਾ. ਸੰਦੀਪ ਕੁਮਾਰ ਗਰਗ ਨੇ ਬਾਅਦ ਦੁਪਹਿਰ ਸੱਦੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾ ਕਰਕੇ ਰੱਖਦੇ ਹਨ ਅਤੇ ਇਹਨਾਂ ਵਿਅਕਤੀਆਂ ਦੇ ਤਸ਼ਦੱਦ ਢਾਹ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਇਹਨਾਂ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆਂ ਪਾਸੋਂ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਸੰਬੰਧੀ 3 ਜਨਵਰੀ ਨੂੰ ਥਾਣਾ ਬਲੌਂਗੀ ਅਤੇ 6 ਜਨਵਰੀ ਨੂੰ ਥਾਣਾ ਸਦਰ ਖਰੜ ਵਿਖੇ ਮਾਮਲੇ ਦਰਜ ਕੀਤੇ ਗਏ ਸਨ।

ਉਹਨਾਂ ਦੱਸਿਆ ਕਿ ਮਾਮਲੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਅਮਨਦੀਪ ਸਿੰਘ ਬਰਾੜ, ਐਸ ਪੀ (ਇੰਨਵੈਸਟੀਗੇਸ਼ਨ) ਅਤੇ ਸ: ਗੁਰਸ਼ੇਰ ਸਿੰਘ, ਡੀ ਐਸ ਪੀ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇਸ ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੁਹਾਲੀ ਦੀ ਟੀਮ ਵੱਲੋਂ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਇਸ ਦੌਰਾਨ ਤਕਨੀਕੀ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਮਾਮਲੇ ਦੀ ਤਫਤੀਸ਼ ਟੈਕਨੀਕਲ ਕਰਦੇ ਹੋਏ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜਿਲ੍ਹਾ ਜਲੰਧਰ, ਗੁਰਜੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ, ਸਾਹਿਲ, ਸੋਮ ਰਾਜ ਅਤੇ ਵੀਨਾ (ਤਿੰਨੇ ਵਾਸੀ ਸਲੇਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸ ਐਸ ਪੀ ਨੇ ਦੱਸਿਆ ਕਿ ਇਹ ਵਿਅਕਤੀ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਬੈਠੇ ਮਨੁੱਖੀ ਤਸਕਰ ਅਤੇ ਕਿਡਨੈਪਰ ਸੰਨੀ ਕੁਮਾਰ ਉਰਫ ਸੰਨੀ ਵਾਸੀ ਪਿੰਡ ਸਲੇਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਇੰਡੋਨੇਸ਼ੀਆ ਅਤੇ ਜਸਵੀਰ ਸਿੰਘ ਉਰਫ ਸੰਜੇ ਹਾਲ ਵਾਸੀ ਸਿੰਘਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਦੀ ਟਿੱਕਟ ਕੱਟਵਾ ਕੇ ਭੇਜ ਦਿੰਦੇ ਸੀ ਅਤੇ ਉੱਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ ਸੰਜੋ (ਸਿੰਘਾਪੁਰ) ਇਹਨਾਂ ਵਿਅਕਤੀਆਂ ਨੂੰ ਬੰਦ ਕਮਰੇ ਵਿੱਚ ਰੱਖ ਕੇ ਅਤੇ ਤਸ਼ੱਦਦ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਅਗਵਾ ਕੀਤੇ ਹੋਏ ਵਿਅਕਤੀਆਂ ਤੋਂ ਘਰਦਿਆਂ ਨੂੰ ਫੋਨ ਕਰਵਾਉਂਦੇ ਸੀ ਕਿ ਉਹ ਮੈਕਸੀਕੋ ਪਹੁੰਚ ਗਏ ਹਨ ਅਤੇ 40 ਲੱਖ ਰੁਪਏ ਇਹਨਾਂ ਏਜੰਟਾਂ ਨੂੰ ਦੇ ਦੇਵੋ। ਇਸ ਤੋਂ ਬਾਅਦ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮ ਰਾਜ ਅਤੇ ਗੁਰਜੀਤ ਸਿੰਘ ਉਰਫ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ ਉਰਫ ਭਿੰਦਾ, ਸੰਦੀਪ ਆੜ੍ਹਤੀਆ ਅਤੇ ਸੁਮਨ ਵੱਲੋਂ ਇਹਨਾਂ ਪਰਿਵਾਰਾਂ ਨਾਲ ਤਾਲਮੇਲ ਕਰਕੇ ਦੱਸੀ ਜਗ੍ਹਾਂ ਤੇ ਪੈਸੇ ਵਸੂਲ ਕਰ ਲਏ ਜਾਂਦੇ ਸਨ ਅਤੇ ਹੁਣ ਤੱਕ ਦੀ ਤਫਤੀਸ਼ ਅਨੁਸਾਰ ਇਸ ਗਿਰੋਹ ਵਲੋਂ ਸੈਂਕੜੇ ਨੌਜਵਾਨਾ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਵਸੂਲ ਕੀਤੇ ਜਾ ਚੁੱਕੇ ਹਨ।

ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ 2 ਕਰੋੜ 13 ਲੱਖ ਰੁਪਏ ਦੀ ਭਾਰਤੀ ਕਰੰਸੀ, 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ), ਇੱਕ ਸਵਿਫਟ ਅਤੇ ਇੱਕ ਫਿਗੋ ਕਾਰ ਬਰਾਮਦ ਕੀਤੀ ਗਈ ਹੈ।