ਨਹੀਂ ਫੜਿਆ ਗਿਆ ਬੇਅਦਬੀ ਕਾਂਡ ਦਾ ਮੁੱਖ ਸਾਜਿਸ਼ਘਾੜਾ ਸੰਦੀਪ ਬਰੇਟਾ ਦੱਸ ਕੇ ਹਿਰਾਸਤ ਵਿੱਚ ਲਿਆ ਵਿਅਕਤੀ ਨਿਕਲਿਆ ਕੋਈ ਹੋਰ

ਚੰਡੀਗੜ੍ਹ, 24 ਮਈ (ਸ.ਬ.) ਬੈਂਗਲੁਰੂ ਏਅਰਪੋਰਟ ਤੇ ਹਿਰਾਸਤ ਵਿੱਚ ਲਿਆ ਗਿਆ ਵਿਅਕਤੀ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਸੰਦੀਪ ਬਰੇਟਾ ਨਹੀਂ ਬਲਕਿ ਕੋਈ ਹੈ। ਇਸਦਾ ਨਾਮ ਜਰੂਰ ਸੰਦੀਪ ਹੈ ਪਰੰਤੂ ਕੋਈ ਹੋਰ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲੀਸ ਦੀ ਟੀਮ ਨੂੰ ਬੇਰੰਗ ਵਾਪਸ ਮੁੜਨਾ ਪਿਆ ਹੈ। ਐਸ. ਐਸ. ਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਨਾਲ ਮਿਲਦੇ ਹਨ ਜਿਸ ਕਾਰਣ ਇਹ ਗ਼ਲਤ ਵਹਿਮੀ ਹੋਈ ਹੈ। ਐਸ. ਐਸ. ਪੀ. ਨੇ ਕਿਹਾ ਕਿ ਸਾਡੀ ਟੀਮ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਵਾਪਸ ਪਰਤ ਰਹੀ ਹੈ।

ਜਿਕਰਯੋਗ ਹੈ ਕਿ ਇਸ ਵਿਅਕਤੀ ਨੂੰ ਬੈਂਗਲੁਰੂ ਏਅਰਪੋਰਟ ਤੇ ਸੁਰੱਖਿਆ ਕਰਮਚਾਰੀਆਂ ਵਲੋਂ ਆਪਣੀ ਹਿਰਾਸਤ ਵਿਚ ਲੈ ਲਏ ਜਾਣ ਦੀ ਖ਼ਬਰ ਤੋਂ ਬਾਅਦ ਸਥਾਨਕ ਪੁਲੀਸ ਸੰਦੀਪ ਬਰੇਟਾ ਨੂੰ ਫਰੀਦਕੋਟ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਸੀ ਅਤੇ ਪੁਲੀਸ ਦੀ ਇਕ ਟੀਮ ਬੈਂਗਲੁਰੂ ਲਈ ਰਵਾਨਾ ਵੀ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੈਂਗਲੁਰੂ ਪਹੁੰਚਣ ਤੋਂ ਬਾਅਦ ਫ਼ਰੀਦਕੋਟ ਪੁਲੀਸ ਦੀ ਟੀਮ ਨੇ ਰਾਤ ਭਰ ਇਸ ਵਿਅਕਤੀ ਬਾਰੇ ਪੜਤਾਲ ਕੀਤੀ ਪਰ ਜਾਂਚ ਦੌਰਾਨ ਇਹ ਵਿਅਕਤੀ ਸੰਦੀਪ ਬਰੇਟਾ ਨਹੀਂ ਨਿਕਲਿਆ।