ਡਾ. ਇਕਬਾਲ ਕੌਰ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਡਾ. ਇਕਬਾਲ ਕੌਰ (ਜਿਹਨਾਂ ਦਾ ਪਿਛਲੇ ਸਾਲ ਸਵਰਗਵਾਸ ਹੋ ਗਿਆ ਸੀ) ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ, ਫੇਜ਼-2 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਮੁਹਾਲੀ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਮੁਹਾਲੀ ਅਤੇ ਸਮਾਜ ਸੇਵੀ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਵੀ ਹਾਜ਼ਰੀ ਲਗਵਾਈ ਅਤੇ ਖੂਨਦਾਨੀਆਂ ਦਾ ਉਤਸ਼ਾਹ ਵਧਾਇਆ।

ਇਸ ਮੌਕੇ ਸz. ਬੇਦੀ ਨੇ ਕਿਹਾ ਕਿ ਨੇ ਕਿਹਾ ਕਿ ਡਾ. ਇਕਬਾਲ ਕੌਰ ਨੇ ਖੁਦ ਵੀ ਸਾਰੀ ਜਿੰਦਗੀ ਮਰੀਜਾਂ ਦੀ ਸੇਵਾ ਕੀਤੀ ਅਤੇ ਹੁਣ ਉਹਨਾਂ ਦੇ ਪਰਿਵਾਰ ਵਲੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਕੇ ਮਨੁੱਖੀ ਜਿੰਦਗੀਆਂ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਕ ਖੂਨਦਾਨੀ ਪੰਜ ਲੋਕਾਂ ਦੀ ਜਾਨ ਬਚਾਉਂਦਾ ਹੈ, ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਖੂਨਦਾਨ ਕਰਨਾ ਚਾਹੀਦਾ ਹੈ।

ਜਥੇਦਾਰ ਅਮਰੀਕ ਸਿੰਘ ਮੁਹਾਲੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋ ਸਕਦਾ ਕਿਉਂਕਿ ਇਹ ਜ਼ਿੰਦਗੀ ਬਚਾਉਣ ਵਾਲਾ ਦਾਨ ਹੈ। ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਖੂਨਦਾਨ ਕਰਨ ਵਾਲਾ ਹੋਰ ਵੀ ਜਿਆਦਾ ਸਿਹਤਮੰਦ ਰਹਿੰਦਾ ਹੈ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸz. ਜੋਗਿੰਦਰ ਸਿੰਘ ਸੋਂਧੀ ਨੇ ਕਿਹਾ ਕਿ ਡਾਕਟਰ ਇਕਬਾਲ ਕੌਰ ਇਸ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਰਹੇ ਹਨ, ਪਿਛਲੇ ਸਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦ ਵਿਚ ਪਰਿਵਾਰ ਵਲੋਂ ਇਹ ਖੂਨਦਾਨ ਕੈਂਪ ਲਗਾ ਕੇ ਬਹੁਤ ਵੱਡੀ ਸੇਵਾ ਦਾ ਕੰਮ ਕੀਤਾ ਗਿਆ ਹੈ।

ਇਸ ਮੌਕੇ 30 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਆਈ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਡਾਕਟਰ ਇਕਬਾਲ ਕੌਰ ਦੇ ਪਤੀ ਇਕਬਾਲ ਇੰਦਰ ਸਿੰਘ ਨੇ ਸਾਰੇ ਖੂਨਦਾਨੀਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਖੂਨਦਾਨੀਆਂ ਨੂੰ ਸਰਕਾਰੀ ਹਸਪਤਾਲ ਦੇ ਬਲੱਡ ਸੈਂਟਰ ਵਲੋਂ ਸਰਟੀਫਿਕੇਟ ਦਿਤੇ ਗਏ।