Mohali
ਮੁਹਾਲੀ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਨਹੀਂ ਹੁੰਦੀ ਸੁਣਵਾਈ, ਸਿਆਸੀ ਇਸ਼ਾਰਿਆਂ ਤੇ ਹੁੰਦੇ ਹਨ ਲੋਕਾਂ ਦੇ ਕੰਮ : ਆਭਾ ਬਾਂਸਲ
ਐਸ ਏ ਐਸ ਨਗਰ, 18 ਨਵੰਬਰ (ਸ.ਬ.) ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਆਭਾ ਬਾਂਸਲ ਨੇ ਕਿਹਾ ਹੈ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਦੀ ਸਿਆਸਤ ਹੁਣ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਅਣਦੇਖੀ, ਟੈਂਡਰ ਅਤੇ ਵਰਕ ਆਰਡਰ ਲਟਕਾਉਣ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਵਿੱਚ ਕਥਿਤ ਪੱਖਪਾਤ ਦੇ ਦੋਸ਼ਾਂ ਨੇ ਨਿਗਮ ਦੀ ਕਾਰਜਪ੍ਰਣਾਲੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਦੀ ਪਿਛਲੀ ਹਾਊਸ ਮੀਟਿੰਗ ਵਿੱਚ ਅਧਿਕਾਰੀਆਂ ਦੇ ਨਾਂ ਤੇ ਬਕਾਇਦਾ ‘ਲਾਹਨਤ ਪੱਤਰ’ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਅਧਿਕਾਰੀਆਂ ਤੇ ਸਿਆਸੀ ਦਬਾਅ ਹੇਠ ਕੰਮ ਕਰਨ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਨਾਲ ਬਰਾਬਰ ਦਾ ਵਿਹਾਰ ਨਾ ਕਰਨ ਦੇ ਦੋਸ਼ ਲਗਾਏ ਗਏ।
ਨਗਰ ਨਿਗਮ ਦੇ ਮੇਅਰ ਅਤੇ ਹਲਕਾ ਵਿਧਾਇਕ ਦੀ ਕਾਰਗੁਜਾਰੀ ਤੇ ਕਿੰਤੂ ਕਰਦਿਆਂ ਉਹਨਾਂ ਕਿਹਾ ਕਿ ਆਖਿਰ ਅਜਿਹੀ ਕਿਹੜੀ ਸਥਿਤੀ ਪੈਦਾ ਹੋ ਗਈ ਕਿ ਨਗਰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਧਿਕਾਰੀਆਂ ਖ਼ਿਲਾਫ਼ ਇਸ ਤਰ੍ਹਾਂ ਦਾ ਪੱਤਰ ਦੇਣਾ ਪਿਆ। ਉਨ੍ਹਾਂ ਕਿਹਾ ਕਿ ਇਹ ਸਥਿਤੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਅਤੇ ਪ੍ਰਸ਼ਾਸਨਿਕ ਵਿਵਸਥਾ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜਾਵੇ ਕਿ ਉਹ ਲੋਕਾਂ ਦੇ ਚੁਣੇ ਹੋੲ ਨੁਮਾਇੰਦਿਆਂ ਦੀ ਅਣਦੇਖੀ ਨਾ ਕਰਨ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Mohali
ਮੁਹਾਲੀ ਪੁਲੀਸ ਵੱਲੋਂ ਜ਼ੀਰਕਪੁਰ ਗੁਦਾਮ ਚੋਰੀ ਮਾਮਲੇ ਵਿੱਚ ਗਿਰੋਹ ਦੇ 3 ਮੈਂਬਰ ਕਾਬੂ
42.14 ਲੱਖ ਦੇ 98 ਐਲ ਈ ਡੀ ਟੀ ਵੀ ਬਰਾਮਦ, ਚੋਰੀ ਦਾ ਕੈਂਟਰ ਵੀ ਬਰਾਮਦ ਕੀਤਾ
ਐਸ ਏ ਐਸ ਨਗਰ, 18 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਜ਼ੀਰਕਪੁਰ ਦੇ ਇਕ ਗੁਦਾਮ ਵਿੱਚੋਂ ਲੱਖਾਂ ਰੁਪਏ ਦੇ ਐਲਈਡੀ ਟੀਵੀ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ 98 ਐਲਈਡੀ ਟੀਵੀ (43 ਇੰਚ) ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 42 ਲੱਖ 14 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਗਿਆ ਚੋਰੀ ਦਾ ਕੈਂਟਰ ਵੀ ਬਰਾਮਦ ਕਰ ਲਿਆ ਗਿਆ ਹੈ।
ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਪੁਲੀਸ ਦੀ ਜਾਂਚ ਵਿੱਚ ਸਾਮ੍ਹਣੇ ਆਇਆ ਹੈ ਕਿ ਇਹ ਕੁਲ 5 ਵਿਅਕਤੀਆਂ ਦਾ ਗਿਰੋਹ ਹੈ ਜਿਸਦੇ ਤਿੰਨ ਮੈਂਬਰਾਂ ਸਾਹਿਲ ਉਰਫ਼ ਸੋਨੂੰ ਵਾਸੀ ਪਿੰਡ ਜੰਡੋਲੀ, ਹਾਲ ਵਾਸੀ ਰਾਜਪੁਰਾ, ਦੀਪਕ ਵਾਸੀ ਕੁਰੂਕਸ਼ੇਤਰ, ਹਾਲ ਵਾਸੀ ਰਾਜਪੁਰਾ ਅਤੇ ਰਵਿੰਦਰ ਸਿੰਘ ਉਰਫ਼ ਬਹਾਦਰ ਵਾਸੀ ਬਨੂੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਇਹਨਾਂ ਦੇ ਦੋ ਸਾਥੀ ਮਨਜੀਤ ਸਿੰਘ ਅਤੇ ਸ਼ਲੀਨ ਸਿੰਗਲਾ ਫਰਾਰ ਹਨ ਅਤੇ ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੁਮਿਤ (ਵਾਸੀ ਨਰਾਇਣਗੜ੍ਹ, ਅੰਬਾਲਾ) ਨੇ ਥਾਣਾ ਜ਼ੀਰਕਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮੋਦੀਕੁੰਜ ਜ਼ੀਰਕਪੁਰ ਨੇੜੇ ‘ਸ਼ਿਵਾਲਿਕ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਲਿਮਟਿਡ’ ਦੇ ਗੁਦਾਮ ਵਿੱਚ ਨੌਕਰੀ ਕਰਦਾ ਹੈ। ਬੀਤੀ 6 ਨਵੰਬਰ ਦੀ ਸ਼ਾਮ ਨੂੰ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਟਾਫ਼ ਗੁਦਾਮ ਬੰਦ ਕਰਕੇ ਚਲਾ ਗਿਆ ਸੀ। ਜਦੋਂ 10 ਨਵੰਬਰ ਦੀ ਸਵੇਰ ਨੂੰ ਗੁਦਾਮ ਖੋਲ੍ਹਿਆ ਗਿਆ ਤਾਂ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰੋਂ 133 ਐਲਈਡੀ ਟੀਵੀ ਗਾਇਬ ਸਨ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਜਿਲ੍ਹੇ ਦੇ ਐਸ ਐਸ ਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਐਸਪੀ (ਆਪ੍ਰੇਸ਼ਨ) ਅਕਾਸ਼ਦੀਪ ਸਿੰਘ ਔਲਖ, ਐਸ ਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਅਤੇ ਡੀ ਐਸ ਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਸੈਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਨੇ ਤਕਨੀਕੀ ਅਤੇ ਖੁਫ਼ੀਆ ਸੋਰਸਾਂ ਦੀ ਮਦਦ ਨਾਲ 17 ਨਵੰਬਰ ਨੂੰ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਪਹਿਲਾਂ ਸਾਹਿਲ ਅਤੇ ਦੀਪਕ ਨੂੰ ਰਾਜਪੁਰਾ ਤੋਂ ਕਾਬੂ ਕੀਤਾ ਗਿਆ ਅਤੇ ਫਿਰ ਰਵਿੰਦਰ ਸਿੰਘ ਉਰਫ਼ ਬਹਾਦਰ ਨੂੰ ਬਨੂੜ ਸਥਿਤ ਉਸ ਦੀ ਕੌਸਮੈਟਿਕਸ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਹਨਾਂ ਦੱਸਿਆ ਕਿ ਪੁਲੀਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਦੋ ਹੋਰ ਸਾਥੀਆਂ ਮਨਜੀਤ ਸਿੰਘ ਉਰਫ਼ ਮਨੀ ਵਾਸੀ ਖਰੜ ਅਤੇ ਸ਼ਲੀਨ ਸਿੰਗਲਾ ਵਾਸੀ ਪਟਿਆਲਾ ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਸੀ। ਮੁਲਜ਼ਮਾਂ ਨੇ ਪਹਿਲਾਂ ਜ਼ੀਰਕਪੁਰ ਦੇ ਗੁਦਾਮ ਏਰੀਆ ਵਿੱਚੋਂ ਇਕ ਕੈਂਟਰ ਚੋਰੀ ਕੀਤਾ ਅਤੇ ਫਿਰ 7 ਨਵੰਬਰ ਨੂੰ ਗੁਦਾਮ ਦਾ ਸ਼ਟਰ ਤੋੜ ਕੇ ਐਲ ਈ ਡੀ ਟੀਵੀ ਚੋਰੀ ਕੀਤੇ। ਚੋਰੀ ਕੀਤੇ ਟੀਵੀ ਅੱਗੇ ਵੇਚਣ ਲਈ ਬਨੂੜ ਇਲਾਕੇ ਵਿੱਚ ਲੁਕਾਏ ਗਏ ਸਨ ਅਤੇ ਕੈਂਟਰ ਨੂੰ ਸੈਕਟਰ-82 ਮੁਹਾਲੀ ਵਿਖੇ ਲਾਵਾਰਿਸ ਹਾਲਤ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਫ਼ਰਾਰ ਚੱਲ ਰਹੇ ਦੋ ਮੁਲਜ਼ਮਾਂ ਮਨਜੀਤ ਸਿੰਘ ਅਤੇ ਸ਼ਲੀਨ ਸਿੰਗਲਾ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਕੀ ਰਹਿੰਦੇ ਟੀਵੀ ਵੀ ਬਰਾਮਦ ਕਰ ਲਏ ਜਾਣਗੇ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਸਾਹਿਲ ਉਰਫ਼ ਸੋਨੂੰ ਖ਼ਿਲਾਫ਼ ਪਹਿਲਾਂ ਵੀ ਥਾਣਾ ਮਟੌਰ ਅਤੇ ਜ਼ੀਰਕਪੁਰ ਵਿੱਚ ਚੋਰੀ ਦੇ ਦੋ ਮਾਮਲੇ ਦਰਜ ਹਨ। ਦੂਜਾ ਮੁਲਜਮ ਦੀਪਕ ਜ਼ੀਰਕਪੁਰ ਵਿਖੇ ਇਕ ਡਰਾਈ ਫਰੂਟ ਦੀ ਦੁਕਾਨ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ।
ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
Mohali
ਫੇਜ਼ 9 ਵਿੱਚ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਮੁਲਜਮ ਨੌਜਵਾਨ ਅਤੇ ਉਸਦਾ ਪਿਤਾ ਗ੍ਰਿਫ਼ਤਾਰ
ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ਵਿੱਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਠਹਿਰਾਇਆ ਸੀ ਆਪਣੀ ਮੌਤ ਲਈ ਜ਼ਿੰਮੇਵਾਰ
ਐਸ ਏ ਐਸ ਨਗਰ, 18 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਸਥਾਨਕ ਫੇਜ਼-9 ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ 19 ਸਾਲਾ ਲੜਕੀ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਸ ਦੇ ਪ੍ਰੇਮੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੁਲਜ਼ਮ ਨੌਜਵਾਨ ਅਤੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ਵਿੱਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਸੰਬੰਧੀ ਥਾਣਾ ਫੇਜ਼-8 ਵਿਖੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਪਿਤਾ ਜੱਗਾ ਸਿੰਘ ਵਾਸੀ ਮਾਨਸਾ ਨੇ ਦੱਸਿਆ ਸੀ ਕਿ ਉਸ ਦੀ ਛੋਟੀ ਧੀ ਕਰੀਬ 10 ਮਹੀਨੇ ਪਹਿਲਾਂ ਰੁਜ਼ਗਾਰ ਲਈ ਮੁਹਾਲੀ ਆਈ ਸੀ ਅਤੇ ਉਹ ਆਪਣੀ ਵੱਡੀ ਭੈਣ ਨਾਲ ਫੇਜ਼-9 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਸ਼ਿਕਾਇਤਕਰਤਾ ਅਨੁਸਾਰ ਫੇਜ਼ 8 ਸਥਿਤ ਡੀ ਮਾਰਟ ਵਿੱਚ ਕੰਮ ਕਰਦਿਆਂ ਉਸ ਦੀ ਜਾਣ-ਪਛਾਣ ਚੰਡੀਗੜ੍ਹ ਦੇ ਸੈਕਟਰ-37 ਸੀ ਦੇ ਰਹਿਣ ਵਾਲੇ ਤੁਸ਼ਾਰ ਨਾਲ ਹੋਈ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।
ਸ਼ਿਕਾਇਤ ਕਰਤਾ ਅਨੁਸਾਰ ਇਸ ਸੰਬੰਧੀ ਪਹਿਲਾਂ ਨੌਜਵਾਨ ਦੇ ਪਰਿਵਾਰ ਨੇ ਵੀ ਸਹਿਮਤੀ ਦਿੱਤੀ ਸੀ। ਪਰੰਤੂ ਕੁਝ ਸਮੇਂ ਬਾਅਦ ਤੁਸ਼ਾਰ ਅਤੇ ਉਸ ਦੇ ਮਾਪਿਆਂ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਇਸ ਤੋਂ ਬਾਅਦ ਉਹਨਾਂ ਦੀ ਧੀ ਮਾਨਸਿਕ ਤਣਾਅ ਵਿੱਚ ਰਹਿਣ ਲੱਗੀ ਅਤੇ ਉਸਨੇ 14 ਨਵੰਬਰ ਦੀ ਰਾਤ ਕੋਮਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਿਤਾ ਅਨੁਸਾਰ ਕਮਰੇ ਵਿੱਚ ਪਏ ਫੋਨ ਵਿੱਚ ਮਿਲੀ ਵੀਡੀਓ ਵਿੱਚ ਉਹਨਾਂ ਦੀ ਬੇਟੀ ਨੇ ਤੁਸ਼ਾਰ ਦੇ ਪਰਿਵਾਰ ਵੱਲੋਂ ਰਿਸ਼ਤੇ ਤੋਂ ਇਨਕਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ।
ਸz. ਬੱਲ ਨੇ ਦੱਸਿਆ ਕਿ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤੁਸ਼ਾਰ, ਉਸ ਦੇ ਪਿਤਾ ਸੰਤੋਸ਼ ਕੁਮਾਰ ਅਤੇ ਮਾਤਾ ਰੰਜਨਾ ਖ਼ਿਲਾਫ਼ ਬੀ ਐਨ ਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਸੰਤੋਸ਼ ਕੁਮਾਰ ਨੂੰ 15 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ 16 ਨਵੰਬਰ ਨੂੰ ਤੁਸ਼ਾਰ ਨੂੰ ਗ੍ਰਿਫਤਾਰ ਕਰਕੇ 1 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਦੋਂਕਿ ਤੁਸ਼ਾਰ ਦੀ ਮਾਂ ਰੰਜਨਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
Mohali
ਪੂਰੀ ਤਰ੍ਹਾਂ ਸਫਲ ਰਹੀ ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦੀ ਹਾਜ਼ਰੀ ਵਿੱਚ ਕਰਵਾਈ ਗਈ ਇੰਡਸਟਰੀ ਮੀਟ : ਸੰਜੀਵ ਵਸ਼ਿਸ਼ਟ
ਐਸ ਏ ਐਸ ਨਗਰ, 18 ਨਵੰਬਰ (ਸ.ਬ.) ਭਾਜਪਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਨੇ ਕਿਹਾ ਹੈ ਕਿ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਮਾਣਯੋਗ ਸ਼੍ਰੀ ਸੀ.ਆਰ. ਪਾਟਿਲ ਦੀ ਹਾਜ਼ਰੀ ਵਿੱਚ ਕਰਵਾਈ ਗਈ ਇੰਡਸਟਰੀ ਮੀਟ ਬੇਹੱਦ ਸਫ਼ਲ ਰਹੀ। ਇਸ ਸਮਾਗਮ ਵਿੱਚ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਉਦਯੋਗਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਗਮ ਤੋਂ ਬਾਅਦ ਗੱਲ ਕਰਦਿਆਂ ਸ਼੍ਰੀ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਹਨ। ਸਹੀ ਨੀਤੀਆਂ, ਸਿਆਸੀ ਇੱਛਾ ਸ਼ਕਤੀ ਅਤੇ ਵਿਕਾਸ ਪੱਖੀ ਸਰਕਾਰ ਦੇ ਨਾਲ ਪੰਜਾਬ ਮੁੜ ਦੇਸ਼ ਦੇ ਮੋਹਰੀ ਉਦਯੋਗਿਕ ਸੂਬਿਆਂ ਵਿੱਚ ਆਪਣੀ ਪਛਾਣ ਸਥਾਪਿਤ ਕਰ ਸਕਦਾ ਹੈ। ਸਾਡੀ ਪਹਿਲ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨਾ, ਮੌਜੂਦਾ ਉਦਯੋਗਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਉਦਯੋਗਪਤੀ ਸੂਬੇ ਵਿੱਚ ਅਜਿਹੀ ਭਾਜਪਾ ਸਰਕਾਰ ਚਾਹੁੰਦੇ ਹਨ, ਜੋ ਪਾਰਦਰਸ਼ੀ ਪ੍ਰਸ਼ਾਸਨ, ਨਿਵੇਸ਼ ਪੱਖੀ ਨੀਤੀਆਂ, ਬਿਹਤਰ ਬੁਨਿਆਦੀ ਢਾਂਚਾ ਅਤੇ ਉਦਯੋਗਾਂ ਨੂੰ ਸਹਿਯੋਗ ਦੇਣ ਵਾਲਾ ਮਾਹੌਲ ਪ੍ਰਦਾਨ ਕਰੇ।
ਉਹਨਾਂ ਕਿਹਾ ਕਿ ਉੱਦਮੀਆਂ ਅਤੇ ਉਦਯੋਗਪਤੀਆਂ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਭਾਜਪਾ ਦੀ ਅਗਵਾਈ ਹੇਠ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਅਤੇ ਆਰਥਿਕ ਵਿਕਾਸ ਦੇ ਨਵੇਂ ਰਾਹ ਤੇ ਲਿਜਾਇਆ ਜਾ ਸਕਦਾ ਹੈ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
