ਇਰਾਨ ਦੇ ਹਮਲੇ ਦਾ ਢੁਕਵਾਂ ਜੁਆਬ ਦਿਆਂਗੇ: ਇਜ਼ਰਾਈਲ

ਯੇਰੂਸ਼ਲਮ, 16 ਅਪ੍ਰੈਲ (ਸ.ਬ.) ਇਜ਼ਰਾਈਲ ਦੇ ਫ਼ੌਜ ਮੁਖੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਪਿਛਲੇ ਹਫ਼ਤੇ ਇਰਾਨ ਦੇ ਹਮਲੇ ਦਾ ਜਵਾਬ ਦੇਵੇਗਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਜ਼ਰਾਈਲ ਅਜਿਹਾ ਕਦੋਂ ਅਤੇ ਕਿਵੇਂ ਕਰੇਗਾ। ਇਜ਼ਰਾਈਲ ਨੇ ਦੋ ਹਫਤੇ ਪਹਿਲਾਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਇਰਾਨ ਕੌਂਸਲੇਟ ਦੀ ਇਮਾਰਤ ਤੇ ਕਥਿਤ ਤੌਰ ਤੇ ਹਮਲਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਇਰਾਨ ਨੇ ਬੀਤੇ ਸ਼ਨਿਚਰਵਾਰ ਨੂੰ ਇਜ਼ਰਾਈਲ ਤੇ ਹਮਲਾ ਕੀਤਾ ਸੀ।

ਦੋਹਾਂ ਦੇਸ਼ਾਂ ਵਿਚਾਲੇ ਦਹਾਕਿਆਂ ਤੋਂ ਚੱਲੀ ਆ ਰਹੀ ਦੁਸ਼ਮਣੀ ਦੌਰਾਨ ਪਹਿਲੀ ਵਾਰ ਇਰਾਨ ਨੇ ਇਜ਼ਰਾਈਲ ਤੇ ਸਿੱਧਾ ਫੌਜੀ ਹਮਲਾ ਕੀਤਾ। ਇਰਾਨ ਨੇ ਇਜ਼ਰਾਈਲ ਤੇ ਹਮਲੇ ਦੌਰਾਨ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਅਤੇ ਲੜਾਕੂ ਜਹਾਜ਼ਾਂ ਅਤੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਭਾਈਵਾਲਾਂ ਦੀ ਮਦਦ ਨਾਲ 99 ਪ੍ਰਤੀਸ਼ਤ ਡਰੋਨ ਅਤੇ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਹੈ।