ਸਕੂਲ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਤਰਨਤਾਰਨ, 18 ਅਪ੍ਰੈਲ (ਸ.ਬ.) ਤਰਨਤਾਰਨ ਵਿੱਚ 17 ਸਾਲਾ ਨੌਜਵਾਨ ਜਗਮੀਤ ਸਿੰਘ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਨਿਵਾਸੀ ਪਿੰਡ ਐਮਾ ਕਲਾਂ ਵਜੋਂ ਹੋਈ ਹੈ ਜੋ ਤਰਨ ਤਰਨ ਵਿਖੇ ਨਿੱਜੀ ਸਕੂਲ ਦਾ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਅੱਜ ਸਵੇਰੇ ਸਕੂਲ ਜਾਣ ਸਮੇਂ ਜਗਮੀਤ ਹਾਦਸੇ ਦਾ ਸ਼ਿਕਾਰ ਹੋ ਗਿਆ।

ਰਿਸ਼ਤੇਦਾਰਾਂ ਦੇ ਦੱਸਿਆ ਕਿ ਜਗਮੀਤ ਸਿੰਘ ਜਦੋਂ ਅੱਜ ਸਵੇਰੇ ਮੋਟਰਸਾਈਕਲ ਤੇ ਸਵਾਰ ਹੋ ਤਰਨਤਾਰਨ ਸਕੂਲ ਪੜਨ ਲਈ ਆ ਰਿਹਾ ਸੀ ਤਾਂ ਉਸਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਸ ਬਾਰੇ ਅਜੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਸੜਕ ਤੇ ਡਿੱਗਣ ਦੌਰਾਨ ਜਗਮੀਤ ਸਿੰਘ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਰਕੇ ਉਸਨੂੰ ਸਿਵਲ ਹਸਪਤਾਲ ਤਰਨ ਧਾਮ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।