ਖਾਣ ਪੀਣ ਦੇ ਗੈਰਮਿਆਰੀ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ

ਮੌਸਮ ਬਦਲਣ ਲੱਗ ਗਿਆ ਹੈ ਅਤੇ ਗਰਮੀ ਕਾਫੀ ਵੱਧ ਗਈ ਹੈ। ਦੁਪਹਿਰ ਵੇਲੇ ਜਿੱਥੇ ਗਰਮੀ ਦਾ ਜੋਰ ਬਹੁਤ ਵੱਧ ਜਾਂਦਾ ਹੈ ਉੱਥੇ ਦਿਨ ਢਲਣਸਾਰ ਮੌਸਮ ਵਿੱਚ ਥੋੜ੍ਹੀ ਠੰਡਕ ਵੀ ਹੋ ਜਾਂਦੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਮੌਸਮ ਵਿੱਚ ਤੇਜੀ ਨਾਲ ਆਉਣ ਵਾਲਾ ਇਹ ਬਦਲਾਓ ਆਮ ਲੋਕਾਂ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਘੱਟ ਕਰ ਦਿੰਦਾ ਹੈ ਜਿਸ ਕਾਰਨ ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਅਤੇ ਡਾਕਟਰ ਲੋਕਾਂ ਨੂੰ ਖਾਣ ਪੀਣ ਸੰਬੰਧੀ ਕਈ ਤਰ੍ਹਾਂ ਦੇ ਪਰਹੇਜ ਦੱਸਦੇ ਹਨ ਅਤੇ ਲੋਕਾਂ ਨੂੰ ਬਾਹਰ ਖੁੱਲੇ ਵਿੱਚ ਵਿਕਣ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਨਾ ਖਾਣ ਦੀ ਸਲਾਹ ਵੀ ਦਿੰਦੇ ਹਨ।

ਦੂਜੇ ਪਾਸੇ ਸ਼ਹਿਰ ਦੇ ਬਾਜਾਰਾਂ ਵਿੱਚ ਖਾਣਪੀਣ ਦੇ ਗੈਰਮਿਆਰੀ ਸਾਮਾਨ ਦੀ ਵਿਕਰੀ ਖੁੱਲੇਆਮ ਹੁੰਦੀ ਹੈ ਅਤੇ ਇਸਤੇ ਕਾਬੂ ਕਰਨ ਲਈ ਪ੍ਰਸ਼ਾਸ਼ਨ ਵਲੋਂ ਵੀ ਕੋਈ ਵਿਸ਼ੇਸ਼ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ। ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ, ਕੋਈ ਨਾ ਕੋਈ ਰੇਹੜੀ ਫੜੀ ਵਾਲਾ ਨਜਰ ਆ ਹੀ ਜਾਂਦਾ ਹੈ ਜਿਹੜਾ ਖਾਣ ਪੀਣ ਦਾ ਤਿਆਰ ਸਾਮਾਨ ਵੇਚ ਰਿਹਾ ਹੁੰਦਾ ਹੈ। ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਹੋਣ ਜਾਂ ਰਿਹਾਇਸ਼ੀ ਮਕਾਨਾਂ ਦੀਆਂ ਅੰਦਰੂਨੀ ਗਲੀਆਂ, ਇਹ ਰੇਹੜੀਆਂ ਵਾਲੇ ਹਰ ਥਾਂ ਪਹੁੰਚਦੇ ਹਨ ਅਤੇ ਆਪਣੇ ਗ੍ਰਾਹਕਾਂ ਨੂੰ ਤਰ੍ਹਾਂ ਤਰ੍ਹਾਂ ਦਾ ਖਾਣ ਪੀਣ ਦਾ ਤਿਆਰ ਸਾਮਾਨ ਵੇਚਦੇ ਹਨ। ਰੇਹੜੀਆਂ ਤੇ ਵਿਕਣ ਵਾਲਾ ਇਹ ਸਾਮਾਨ ਸ਼ੋਰੂਮਾਂ ਅਤੇ ਬੂਥਾਂ ਦੇ ਮੁਕਾਬਲੇ ਕਾਫੀ ਸਸਤਾ ਹੁੰਦਾ ਹੈ ਅਤੇ ਅਕਸਰ ਲੋਕ ਸਸਤੇ ਦੇ ਲਾਲਚ ਵਿੱਚ ਵੀ ਇਹ ਸਾਮਾਨ ਖਰੀਦ ਕੇ ਖਾਂਦੇ ਹਨ।

ਅੱਜ ਕੱਲ ਦੇ ਮੌਸਮ ਵਿੱਚ ਜਦੋਂ ਲੋਕਾਂ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਹੋਰ ਵੀ ਘੱਟ ਹੋ ਜਾਂਦੀ ਹੈ, ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਹੋ ਵੀ ਵੱਧ ਜਾਂਦਾ ਹੈ। ਇਹਨਾਂ ਵਿੱਚੋਂ ਜਿਆਦਾਤਰ ਰੇਹੜੀਆਂ ਫੜੀਆਂ ਵਾਲੇ ਇਹ ਸਾਮਾਨ ਆਪਣੇ ਘਰ ਤੋਂ ਜਾਂ ਕਿਸੇ ਹੋਰ ਥਾਂ ਤੋਂ ਤਿਆਰ ਕਰਕੇ ਲਿਆਉਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਵਲੋਂ ਇਹ ਸਾਮਾਨ ਆਪਣੇ ਠੀਏ ਉੱਪਰ ਲਿਆ ਕੇ ਵੇਚਿਆ ਜਾਂਦਾ ਹੈ। ਆਮ ਲੋਕ ਵੀ ਸੁਆਦ ਅਤੇ ਸਸਤੇ ਦੇ ਚੱਕਰ ਵਿੱਚ ਇਹਨਾਂ ਰੇਹੜੀਆਂ ਵਾਲਿਆਂ ਤੋਂ ਸਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ ਅਤੇ ਅਕਸਰ ਬਿਮਾਰ ਵੀ ਹੁੰਦੇ ਹਨ।

ਇਸ ਤਰੀਕੇ ਦਾ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਵਿੱਚ ਕੁੱਝ ਤਾਂ ਅਜਿਹੇ ਵੀ ਹਨ ਜਿਹਨਾਂ ਵਲੋਂ ਵੇਚਿਆ ਜਾਣ ਵਾਲਾ ਇਹ ਖਾਣ ਪੀਣ ਦਾ ਸਾਮਾਨ ਉਹਨਾਂ ਵਲੋਂ ਖੁਦ ਤਿਆਰ ਤਕ ਨਹੀਂ ਕੀਤਾ ਜਾਂਦਾ ਬਲਕਿ ਇਹ ਸਾਮਾਨ ਕਿਸੇ ਹੋਰ ਥਾਂ ਤੋਂ ਤਿਆਰ ਕਰ ਕੇ ਉਹਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਸ਼ਹਿਰ ਵਿੱਚ ਮੋਮੋ ਵੇਚਣ ਵਾਲੇ ਜਿਆਦਾਤਰ ਫੜੀਆਂ ਵਾਲਿਆਂ ਨੂੰ ਇਹ ਮੋਮੇ ਉਹਨਾਂ ਦੇ ਠੀਏ ਤੇ ਹੀ ਸਪਲਾਈ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਜਿਹੜੀ ਸੋਇਆ ਚਾਪ ਆਮ ਲੋਕ ਬਹੁਤ ਸਵਾਦ ਨਾਲ ਖਾਂਦੇ ਹਨ ਉਹ ਵੀ ਕਿਸੇ ਹੋਰ ਥਾਂ ਤੇ ਤਿਆਰ ਕਰਕੇ ਦੁਕਾਨਦਾਰਾਂ ਨੂੰ ਸਪਲਾਈ ਕੀਤੀ ਜਾਂਦੀ ਹੈ।

ਜਿਹਨਾਂ ਥਾਵਾਂ ਤੇ ਅਜਿਹਾ ਸਾਮਾਨ ਥੋਕ ਵਿੱਚ ਤਿਆਰ ਕੀਤਾ ਜਾਂਦਾ ਹੈ ਉੱਥੇ ਇਹ ਸਾਮਾਨ ਬਣਾਉਣ ਵੇਲੇ ਵਰਤੀ ਜਾਂਦੀ ਲਾਪਰਵਾਹੀ ਅਤੇ ਸਾਫ ਸਫਾਈ ਦੀ ਮਾੜੀ ਹਾਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਹਾਲਾਂਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਆਮ ਵੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਇਸ ਸਾਰੇ ਕੁੱਝ ਦਾ ਖੁਲਾਸਾ ਕੀਤਾ ਜਾਂਦਾ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਇਹ ਕੰਮ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ।

ਇਸ ਤਰੀਕੇ ਨਾਲ ਖੁੱਲੇਆਮ ਵਿਕਣ ਵਾਲਾ ਹਲਕੀ ਕੁਆਲਟੀ ਦਾ ਅਜਿਹਾ ਸਾਮਾਨ ਆਮ ਲੋਕਾਂ ਦੀ ਸਿਹਤ ਲਈ ਭਾਰੀ ਨੁਕਸਾਨ ਦਾ ਕਾਰਨ ਬਣਦਾ ਹੈ ਇਸ ਲਈ ਅਜਿਹੇ ਸਮਾਨ ਦੀ ਵਿਕਰੀ ਤੇ ਮੁਕੰਮਲ ਰੋਕ ਲਗਾਈ ਜਾਣੀ ਚਾਹੀਦੀ ਹੈ। ਇਸ ਵਾਸਤੇ ਜਰੂਰੀ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਸਰੋਤਾਂ ਤੋਂ ਵਿਕਣ ਵਾਲੇ ਖਾਣ ਪੀਣ ਦੇ ਅਜਿਹੇ ਹਰ ਤਰ੍ਹਾਂ ਦੇ ਸਾਮਾਨ ਦੀ ਜਾਂਚ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ ਅਤੇ ਇਸ ਸੰਬੰਧੀ ਮਿਲਾਵਟੀ ਅਤੇ ਘਟੀਆ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਉਹਨਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਜਿਲ੍ਹੇ ਵਿੱਚ ਵਿਕਦੇ ਖਾਣ ਪੀਣ ਦੇ ਗੈਰਮਿਆਰੀ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਿੰਮਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਬਾਜਾਰ ਵਿੱਚ ਵਿਕਦੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਕੰਮਲ ਜਾਂਚ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ।