ਵੱਧ ਪੈਸੇ ਵਸੂਲਣ ਦੇ ਦੋਸ਼ਾਂ ਉਪਰੰਤ ਜ਼ਿਲ੍ਹਾ ਹਸਪਤਾਲ ਵਿਚਲਾ ਜੂਸ-ਕਮ-ਸਨੈਕਸ ਬਾਰ ਬੰਦ ਕਰਵਾਇਆ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਨੇ ਕੰਪਲੈਕਸ ਵਿਚ ਚੱਲ ਰਹੇ ਜੂਸ-ਕਮ-ਸਨੈਕਸ ਬਾਰ ਨੂੰ ਹਾਲ ਦੀ ਘੜੀ ਬੰਦ ਕਰਵਾ ਦਿਤਾ ਹੈ। ਜ਼ਿਕਰਯੋਗ ਹੈ ਕਿ ਇਸ ਬਾਰੇ ਖ਼ਬਰ ਆਈ ਸੀ ਕਿ ਸਬੰਧਤ ਦੁਕਾਨਦਾਰ ਗਾਹਕਾਂ ਕੋਲੋਂ ਵੱਧ ਤੋਂ ਵੱਧ ਪਰਚੂਨ ਕੀਮਤ (ਐਮ. ਆਰ. ਪੀ.) ਤੋਂ ਵੱਧ ਪੈਸੇ ਵਸੂਲ ਰਿਹਾ ਹੈ।

ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਐਸ.ਐਮ.ਓ. ਡਾ. ਐਚ.ਐਸ. ਚੀਮਾ ਨੇ ਦਸਿਆ ਕਿ ਵੀਡੀਉ ਵਿੱਚ ਦੋਸ਼ ਲਗਾਏ ਗਏ ਸਨ ਕਿ ਸਬੰਧਤ ਦੁਕਾਨਦਾਰ ਜੂਸ, ਪਾਣੀ ਆਦਿ ਦੀ ਬੋਤਲ ਤੇ ਗਾਹਕਾਂ ਕੋਲੋਂ ਤੈਅ ਕੀਮਤ ਨਾਲੋਂ ਵੱਧ ਪੈਸੇ ਵਸੂਲ ਰਿਹਾ ਹੈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵਲੋਂ ਆਪਣੇ ਤੌਰ ਤੇ ਕਰਵਾਈ ਗਈ ਮੁੱਢਲੀ ਪੜਤਾਲ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਦੁਕਾਨ ਪੰਜਾਬ ਐਗਰੋ ਜੂਸਜ਼ ਲਿਮਟਿਡ ਵਲੋਂ ਦੁਕਾਨਦਾਰ ਨਾਲ ਕੀਤੇ ਗਏ ਇਕਰਾਰਨਾਮੇ ਅਧੀਨ ਖੋਲ੍ਹੀ ਗਈ ਹੈ ਅਤੇ ਹਸਪਤਾਲ ਪ੍ਰਸ਼ਾਸਨ ਨੇ ਸਿਰਫ਼ ਜਗ੍ਹਾ ਉਪਲਭਧ ਕਰਵਾਈ ਹੋਈ ਹੈ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵਲੋਂ ਪੰਜਾਬ ਐਗਰੋ ਜੂਸਜ਼ ਲਿਮਟਿਡ ਨੂੰ ਵੀ ਸੂਚਨਾ ਦਿੰਦੇ ਹੋਏ ਆਪਣੇ ਤੌਰ ਤੇ ਪੜਤਾਲ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।