ਅਬੋਹਰ ਵਿੱਚ ਸਕੂਲੀ ਬੱਚਿਆਂ ਦਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖਮੀ

ਅਬੋਹਰ, 25 ਅਪ੍ਰੈਲ (ਸ.ਬ.) ਅਬੋਹਰ ਵਿੱਚ ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ਤੇ ਪਲਟ ਗਿਆ। ਇਸ ਘਟਨਾ ਵਿੱਚ ਸੱਤ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ। ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ ਵਿੱਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ ਜਿਸ ਨਾਲ ਰਿਕਸ਼ਾ ਸੜਕ ਤੇ ਪਲਟ ਗਿਆ। ਇਸ ਹਾਦਸੇ ਵਿੱਚ ਸੱਤ ਬੱਚੇ ਜ਼ਖਮੀ ਹੋਏ ਹਨ।

ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ਵਿੱਚ ਹੋਰ ਬੱਚੇ ਬੈਠਣ ਲਈ ਵੱਖ-ਵੱਖ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ। ਉਨ੍ਹਾਂ ਈ-ਰਿਕਸ਼ਾ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।