ਪੰਜਾਬ ਵਿੱਚ ਚੱਲ ਰਿਹਾ ਜੰਗਲ ਰਾਜ : ਬਲਵਿੰਦਰ ਕੁੰਭੜਾ

ਮੁਕਤਸਰ ਸਾਹਿਬ ਦਾ ਬਾਲਮੀਕੀ ਪਰਿਵਾਰ ਇਨਸਾਫ ਲੈਣ ਲਈ ਐਸ ਸੀ ਬੀ ਸੀ ਮਹਾ ਪੰਚਾਇਤ ਦੇ ਮੋਰਚੇ ਤੇ ਪਹੁੰਚਿਆ

ਐਸ ਏ ਐਸ ਨਗਰ, 2 ਮਈ (ਸ.ਬ.) ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸੀਨੀਅਰ ਆਗੂ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਚਲ ਰਿਹਾ ਹੈ ਅਤੇ ਲੋਕਾਂ ਨੂੰ ਇਨਸਾਫ ਵਾਸਤੇ ਦਰ ਦਰ ਭਟਕਣਾ ਪੈ ਰਿਹਾ ਹੈ।

ਅੱਜ ਐਸਸੀ ਬੀਸੀ ਮਹਾ ਪੰਚਾਇਤ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਦਲਿਤ ਪਰਿਵਾਰ ਦੀ ਮਹਿਲਾ (ਜਿਸਦੇ ਪਤੀ ਦੀ ਮੌਤ ਹੋ ਚੁੱਕੀ ਹੈ) ਨੂੰ ਆਪਣੀ ਬੇਟੀ ਨਾਲ ਹੋਏ ਗੈਂਗਰੇਪ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਉਹਨਾਂ ਦੀ ਗ੍ਰਿਫਤ ਵਿੱਚੋਂ ਆਪਣੀ ਬੇਟੀ (ਜੋ ਸ਼ਾਦੀਸ਼ੁਦਾ ਹੈ) ਨੂੰ ਛੁਡਵਾਉਣ ਲਈ ਦਰ ਦਰ ਭਟਕਨਾ ਪੈ ਰਿਹਾ ਹੈ ਅਤੇ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਗਰੀਬਾਂ ਨੂੰ ਇਨਸਾਫ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਪਰ ਉਪਰੋਕਤ ਪਰਿਵਾਰ ਜੋ ਵਾਲਮੀਕੀ ਜਾਤੀ ਨਾਲ ਸਬੰਧ ਰੱਖਦਾ ਹੈ, ਪਿਛਲੇ ਛੇ ਮਹੀਨਿਆਂ ਤੋਂ ਇਨਸਾਫ ਲੈਣ ਲਈ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਪੁਲੀਸ ਦੇ ਦਫਤਰਾਂ ਦੇ ਚੱਕਰ ਕੱਟ ਕੱਟ ਥੱਕ ਗਿਆ ਹੈ ਤੇ ਅਖੀਰ ਮੋਰਚੇ ਤੇ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਮੋਰਚੇ ਦੇ ਆਗੂਆਂ ਨੇ ਇਸ ਪੀੜਿਤ ਮਹਿਲਾ ਦੇ ਮਾਮਲੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਦਾ ਦਰਵਾਜ਼ਾ ਖੜਕਾ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੇਸ ਦਾਇਰ ਕਰਵਾਇਆ ਹੈ। ਉਹਨਾਂ ਦੱਸਿਆ ਕਿ ਪਰਿਵਾਰ ਦਾ ਇਹ ਵੀ ਇਲਜਾਮ ਹੈ ਕਿ ਦੋਸ਼ੀਆਂ ਵਲੋਂ ਪਹਿਲਾਂ ਪੀੜਿਤ ਮਹਿਲਾ ਦੇ ਪਤੀ ਨੂੰ ਜਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ ਗਿਆ ਸੀ ਅਤੇ ਫਿਰ ਪੀੜਿਤ ਮਹਿਲਾ ਦੀ ਧੀ ਨੂੰ ਅਗਵਾ ਕੀਤਾ ਹੋਇਆ ਹੈ ਅਤੇ ਪੁਲੀਸ ਵਲੋਂ ਪਰਿਵਾਰ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।

ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਅਤੇ ਨਰੇਗਾ ਵਰਕਰ ਫਰੰਟ ਇੰਡੀਆ ਦੇ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਉਪਰੋਕਤ ਮਾਮਲੇ ਦੀ ਐਫ ਆਈ ਆਰ 30-10-2023 ਨੂੰ ਥਾਣਾ ਬੀਰਾਵਾਲਾ (ਜ਼ਿਲਾ ਮੁਕਤਸਰ ਸਾਹਿਬ) ਵਿੱਚ ਦਰਜ ਹੋਈ ਸੀ। ਜਿਸ ਤੋਂ ਬਾਅਦ ਉਸ ਲੜਕੀ ਦੀ ਮਾਤਾ ਨੇ ਆਪਣੀ ਬੇਟੀ ਦੇ ਇਨਸਾਫ ਲੈਣ ਲਈ ਮਿਤੀ 26 ਫਰਵਰੀ ਨੂੰ ਐਸ ਐਸ ਪੀ ਮੁਕਤਸਰ ਸਾਹਿਬ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਪੁਲੀਸ ਵਲੋਂ ਇਸ ਪੀੜਤ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸਮੂਹ ਐਸ ਸੀ ਬੀ ਸੀ ਮਹਾਂ ਪੰਚਾਇਤ ਐਸ ਐਸ ਪੀ ਮੁਕਤਸਰ ਸਾਹਿਬ ਦੇ ਦਫਤਰ ਦਾ ਘਿਰਾਓ ਕਰੇਗੀ। ਇਸ ਮੌਕੇ ਯੂਥ ਆਗੂ ਸਿਮਰਨਜੀਤ ਸ਼ੈਂਕੀ, ਬਾਬੂ ਵੇਦ ਪ੍ਰਕਾਸ਼, ਬਲਵਿੰਦਰ ਸਿੰਘ ਗਿੱਲ, ਦਿਲਪ੍ਰੀਤ ਸਿੰਘ ਖਾਲਸਾ, ਸੋਨੂੰ ਕੁਮਾਰ , ਸੁਨੀਤਾ ਗਿੱਲ, ਕੋਮਲ, ਰਘੂ ਲਵਲੀ, ਕਰਮਜੀਤ ਸਿੰਘ ਐਨੋ, ਬਲਜੀਤ ਸਿੰਘ ਕਕਰਾਲੀ, ਅਮਰੀਕ ਸਿੰਘ ਆਦਿ ਹਾਜ਼ਰ ਸਨ।