ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਪਿੰਡ ਕੁੰਭੜਾ ਦੇ ਵਸਨੀਕ ਪਿੰਡ ਵਿੱਚ ਲੱਗੇ ਹਨ ਗੰਦਗੀ ਦੇ ਢੇਰ, ਨਾਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਗੰਦਾ ਪਾਣੀ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਪਿੰਡ ਕੁੰਭੜਾ ਵਿੱਚ ਗੰਦਗੀ ਦੀ ਭਰਮਾਰ ਹੋਣ ਕਾਰਨ ਲੋਕ ਨਰਕਮਮਈ ਜਿੰਦਗੀ ਜੀਣ ਲਈ ਮਜਬੂਰ ਹਨ। ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸ ਵਾਲੀਆਂ ਨਾਲੀਆਂ ਅਤੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਹੁੰਦੇ ਗੰਦੇ ਪਾਣੀ ਕਾਰਨ ਲੋਕਾਂ ਦਾ ਜੀਵਨ ਨਰਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਈ ਲੋਕ ਘਰਾਂ ਵਿਚ ਬਿਮਾਰ ਪਏ ਹਨ ਅਤੇ ਹਸਪਤਾਲਾਂ ਤੋਂ ਦਵਾਈਆਂ ਲੈ ਰਹੇ ਹਨ।

ਪਿੰਡ ਦੇ ਵਸਨੀਕ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਪਿੰਡਾਂ ਦੀ ਅਸਲ ਹਾਲਤ ਮਾੜੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਦੀ ਬਦਹਾਲੀ, ਥਾਂ ਥਾਂ ਤੇ ਪਏ ਗੰਦਗੀ ਦੇ ਢੇਰ ਅਤੇ ਗੰਦੇ ਪਾਣੀ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੋ ਜਿਹਾ ਰੰਗਲਾ ਪੰਜਾਬ ਬਣਾ ਰਹੀ ਹੈ।

ਸz. ਕੁੰਭੜਾ ਅਤੇ ਪਿੰਡ ਦੇ ਹੋਰਨਾਂ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸਿਵਲ ਸਰਜਨ ਮੁਹਾਲੀ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਵਾਰ ਖੁਦ ਪਿੰਡ ਦਾ ਦੌਰਾ ਕਰਕੇ ਸਥਿਤੀ ਨੂੰ ਆਪਣੀਆਂ ਅੱਖਾਂ ਨਾਲ ਦੇਖਣ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਾਫ ਸਫਾਈ ਦੇ ਪ੍ਰਬੰਧ ਕਰਵਾ ਕੇ ਵਸਨੀਕਾਂ ਨੂੰ ਲੋੜੀਂਦੀ ਰਾਹਤ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਮੁਹੱਲਾ ਵਾਸੀ ਦੇਸ ਰਾਜ, ਰਾਮ ਮੂਰਤੀ, ਬਿਮਲਾ ਦੇਵੀ, ਸਲੋਚਨਾ ਦੇਵੀ, ਕਰਮਜੀਤ ਕੌਰ, ਆਸ਼ੂ, ਬਹਾਦਰ ਸਿੰਘ, ਮਾਲਤੀ, ਸੋਨੀਆ ਰਾਣੀ ਅਤੇ ਆਸਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।