50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਸਮੇਤ ਤਿੰਨ ਵਿਅਕਤੀ ਕਾਬੂ

ਸੀ ਆਈ ਏ ਸਟਾਫ ਦੀ ਟੀਮ ਨੇ ਪਡਿਆਲਾ ਨੇੜਿਉਂ ਕੀਤਾ ਕਾਬੂ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਸੀ. ਆਈ. ਏ. ਸਟਾਫ ਮੁਹਾਲੀ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਸਵਿਫਟ ਕਾਰ ਵਿੱਚੋਂ 50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਜਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲ਼ੀ (ਕੈਂਪ ਐਂਟ ਖਰੜ) ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਐਸ. ਆਈ. ਬਲਜਿੰਦਰ ਕੌਰ ਅਤੇ ਪੁਲੀਸ ਪਾਰਟੀ ਵਲੋਂ ਚੋਣਾਂ ਦੇ ਸਬੰਧ ਵਿੱਚ ਖਰੜ ਕੁਰਾਲ਼ੀ ਰੋਡ (ਨੇੜੇ ਪਿੰਡ ਪਡਿਆਲ਼ਾ) ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਸ ਦੌਰਾਨ ਖਰੜ ਸਾਈਡ ਤੋਂ ਕੁਰਾਲ਼ੀ ਵੱਲ ਆ ਰਹੀ ਇੱਕ ਸਵਿਫਟ ਕਾਰ ਨੰ: ਪੀ ਬੀ 8-ਈਏ-2494 (ਜਿਸ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ) ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਦੇ ਡੈਸ਼ਬੋਰਡ ਵਿੱਚੋਂ 50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਬ੍ਰਾਮਦ ਹੋਈ।

ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਕਾਰ ਵਿੱਚ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਨਾਂ ਦੀ ਪਹਿਚਾਣ ਮਨਿਕ ਬੱਬਰ ਉਰਫ ਮਨੂ, ਸਾਗਰ ਬੱਬਰ ਅਤੇ ਦਰਮਿਆਨਸ਼ੂ (ਸਾਰੇ ਵਾਸੀ ਜਲੰਧਰ) ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਕੁਰਾਲ਼ੀ ਵਿਖੇ ਐਨਡੀਪੀਐਸ ਐਕਟ ਦੀ ਧਾਰਾ 29-61-85 ਮਾਮਲਾ ਦਰਜ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕੋਕੀਨ ਅਤੇ ਆਈਸ ਕਿਸ ਪਾਸੋਂ ਲੈਕੇ ਆਏ ਸੀ ਅਤੇ ਕਿਸਨੂੰ ਸਪਲਾਈ ਕਰਨੀ ਸੀ।